ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਫੌਜੀ ਸਾਜੋ-ਸਮਾਨ ਅਤੇ ਹਥਿਆਰਾਂ ਦੀ ਖਰੀਦ ਨੂੰ ਕੌਮੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਸਿਆਸੀ ਰੈਲੀਆਂ ਵਿੱਚ ਵੀ ਇਸ ਮੁੱਦੇ ਉਪਰ ਲਗਾਤਾਰ ਬੋਲ ਰਹੇ ਹਨ। ਉਹ ਭਾਰਤ ਦੀ ਵਧ ਰਹੀ ਫੌਜੀ ਤਾਕਤ ਦਾ ਹਵਾਲਾ ਦਿੰਦੇ ਹੋਏ ਕਹਿ ਰਹੇ ਹਨ ਕਿ ਸਰਕਾਰ ਰਾਸ਼ਟਰੀ ਸੁਰੱਖਿਆ ਲਈ ਕੋਈ ਵੀ ਕਦਮ ਚੁੱਕਣ ’ਚ ਪਿੱਛੇ ਨਹੀਂ ਹਟੇਗੀ।ਦਿੱਲੀ ਦੇ ਕਰੀਯਪਾ ਮੈਦਾਨ ’ਚ ਐਨ. ਸੀ. ਸੀ. ਰੈਲੀ ਨੂੰ ਸੰਬੋਧਨ ਕਰਦਿਆਂ ਤਾਂ ਉਨ੍ਹਾਂ ਨੇ ਇਥੋਂ ਤੱਕ ਆਖ ਦਿੱਤਾ ਕਿ ਸਾਡੀ ਫੌਜ ਛੇੜਦੀ ਨਹੀਂ, ਪਰ ਜੇਕਰ ਕਿਸੇ ਨੇ ਛੇੜਿਆ ਤਾਂ ਅਸੀਂ ਉਸ ਨੂੰ ਛੱਡਦੀ ਨਹੀਂ।ਸਪੱਸ਼ਟ ਤੌਰ ’ਤੇ ਉਹ ਅਜਿਹਾ ਆਖ ਕੇ ਦੱਖਣੀ ਏਸ਼ੀਆਈ ਖੇਤਰ ’ਚ ਜੰਗੀ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਰਕਾਰ ਦੀਆਂ ਪ੍ਰਾਪਤੀਆਂ ਦਸਦੇ ਸਮੇਂ ਵੀ ਉਹ ਆਖਦੇ ਹਨ ਕਿ ਉਨ੍ਹਾਂ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਦਹਾਕਿਆਂ ਤੋਂ ਲਟਕੇ ਹੋਏ ਲੜਾਕੂ ਜਹਾਜ਼ਾਂ ਅਤੇ ਆਧੁਨਿਕ ਤੋਪਾਂ ਦੀ ਖਰੀਦ ਨਾਲ ਜੁੜੇ ਹੋਏ ਸਮਝੌਤਿਆਂ ਨੂੰ ਸਿਰੇ ਚਾੜ੍ਹਿਆ ਹੈ ਅਤੇ ਹੁਣ ਦੇਸ਼ ’ਚ ਹੀ ਮਿਜ਼ਾਈਲ ਤੋਂ ਲੈ ਕੇ ਟੈਂਕ, ਗੋਲਾ ਬਾਰੂਦ ਅਤੇ ਹੈਲੀਕਾਪਟਰ ਬਣਾਏ ਜਾ ਰਹੇ ਹਨ। ਕੇਂਦਰ ਸਰਕਾਰ ਨੇ ਹੁਣ ਅੰਤ੍ਰਿਮ ਬਜਟ ਵਿੱਚ ਵੀ ਰੱਖਿਆ ਬਜਟ ਨੂੰ ਪਹਿਲੀ ਵਾਰ 3 ਲਖ ਕਰੋੜ ਰੁਪਏ ਦੇ ਅੰਕੜੇ ਤੋਂ ਉਪਰ ਲਿਜਾਂਦਿਆਂ 3,18,931 ਕਰੋੜ ਰੁਪਏ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਵਿੱਚ ਇਸ ਮੁੱਦੇ ਨੂੰ ਵੀ ਪ੍ਰਮੁੱਖਤਾ ਨਾਲ ਉਠਾਏਗੀ। ਅਸਲ ਵਿੱਚ ਸਰਕਾਰ ਪਾਕਿਸਤਾਨ ਅਤੇ ਹੋਰ ਗੁਆਂਢੀ ਦੇਸ਼ਾਂ ਖਿਲਾਫ ਪ੍ਰਚਾਰ ਰਾਹੀਂ ਦੇਸ਼ ਵਿੱਚ ਰਾਸ਼ਟਰਵਾਦ ਨੂੰ ਉਭਾਰਨਾ ਚਾਹੁੰਦੀ ਹੈ। ਇਸ ਉਭਾਰ ਦੇ ਆਧਾਰ ਉਪਰ ਹੀ ਭਾਜਪਾ ਲਈ ਵੋਟਾਂ ਦੀ ਤਵੱਕੋ ਰੱਖੀ ਜਾ ਰਹੀ ਹੈ। ਫੌਜ ਨਾਲ ਸਬੰਧਤ ਮੁੱਦਿਆਂ ਉਪਰ ਸਿਆਸੀ ਰੈਲੀਆਂ ਵਿੱਚ ਬਿਆਨਬਾਜ਼ੀ ਕਿਸੇ ਵੀ ਤਰ੍ਹਾਂ ਸਹੀ ਨਹੀਂ ਹੈ। ਬੇਸ਼ਕ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਉਹ ਦੇਸ਼ ਦੀ ਸੁਰੱਖਿਆ ਲਈ ਸਾਰੇ ਕਦਮ ਚੁੱਕੇ ਪ੍ਰੰਤੂ ਇਸ ਨੂੰ ਸਿਆਸੀ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ। ਇਕ ਪਾਸੇ ਫੌਜੀ ਬਜਟ ਵਿੱਚ ਕਟੌਤੀ ਕਰਨ ਅਤੇ ਬੇਲੋੜੇ ਖਰਚਿਆਂ ਨੂੰ ਘਟਾਉਣ ਲਈ ਨਾਅਰੇ ਲਗਾਏ ਜਾ ਰਹੇ ਹਨ, ਦੂਜੇ ਪਾਸੇ ਸਰਕਾਰ ਸਿਆਸੀ ਲਾਲਸਾਵਾਂ ਤਹਿਤ ਰੱਖਿਆ ਬਜਟ ਵਿੱਚ ਬੇਲੋੜਾ ਵਾਧਾ ਕਰ ਰਹੀ ਹੈ। ਸਰਕਾਰ ਦੀ ਮਨਸ਼ਾ ਦੇਸ਼ ਦੀ ਸੁਰੱਖਿਆ ਨਾਲੋਂ ਵੱਧ ਸਿਆਸੀ ਹਿੱਤਾਂ ਨਾਲ ਜੁੜੀ ਹੋਈ ਹੈ। ਇਸ ਪਹੁੰਚ ਦਾ ਦੇਸ਼ ਭਗਤਾਂ ਨੂੰ ਵਿਰੋਧ ਕਰਨਾ ਹੋਵੇਗਾ।
– ਬਲਜੀਤ ਸਿੰਘ ਬਰਾੜ