June 27, 2026 9:12 am

ਭਾਜਪਾ ਦਾ ਫਿਰਕੂ ਏਜੰਡਾ

ਦੇਸ਼ ’ਚ ਲੋਕ ਸਭਾ ਚੋਣਾਂ ਦੌਰਾਨ ਸੱਤਾ ਦੀ ਪ੍ਰਮੁੱਖ ਦਾਅਵੇਦਾਰ ਭਾਰਤੀ ਜਨਤਾ ਪਾਰਟੀ ਵੱਲੋਂ ਜਾਰੀ ਕੀਤਾ ਗਿਆ ਚੋਣ ਮੈਨੀਫੈਸਟੋ ਫਿਰਕੂ ਨਜ਼ਰੀਏ ਨਾਲ ਤਿਆਰ ਕੀਤਾ ਗਿਆ ਹੈ। ਬੇਸ਼ੱਕ ਇਸ ਚੋਣ ਪੱਤਰ ਵਿੱਚ ਦੇਸ਼ ਦੀ ਆਰਥਿਕਤਾ ਅਤੇ ਭ੍ਰਿਸ਼ਟਾਚਾਰ ਨਾਲ ਸਬੰਧਤ ਮੁੱਦਿਆਂ ਉਪਰ ਵੀ ਚਰਚਾ ਕੀਤੀ ਗਈ ਪਰੰਤੂ ਇਸ ਦੀ ਮੁਖ ਸੁਰ ਫਿਰਕੂ ਏਜੰਡੇ ਨਾਲ ਹੀ ਸੇਧਿਤ ਹੈ।  ਚੋਣ ਪੱਤਰ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਹੁਣ ਵੀ ਦੇਸ਼ ਵਿਚ ਫਿਰਕੂ ਵੰਡ ਪਾ ਕੇ ਸੱਤਾ ’ਤੇ ਕਾਬਜ਼ ਹੋਣਾ ਚਾਹੁੰਦੀ ਹੈ। ਉਸ ਦੇ ਇਰਾਦੇ ਦੇਸ਼ ਨੂੰ ਤੋੜਣ ਵਾਲੇ ਹਨ। ਨੀਤੀ ਖੜੋਤ ਤੋੜਨ, ਭ੍ਰਿਸ਼ਟਾਚਾਰ ਤੇ ‘ਟੈਕਸ ਦਹਿਸ਼ਤਗਰਦੀ’ ਦੇ ਖਾਤਮੇ ਅਤੇ ਬਹੁ-ਬਰਾਂਡ ਰਿਟੇਲ ਖੇਤਰ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ‘ਤੇ ਰੋਕ ਲਾਉਣ ਦੇ ਅਹਿਦ ਦੇ ਨਾਲ-ਨਾਲ ਭਾਜਪਾ ਨੇ  ਰਾਮ ਮੰਦਰ ਦੀ ਉਸਾਰੀ, ਇਕਸਾਰ ਸਿਵਲ ਕੋਡ ਤੇ ਆਰਟੀਕਲ 370 ਖਤਮ ਕਰਨ ਦੇ ਆਪਣੇ ਮੁੱਖ ਏਜੰਡੇ ਨੂੰ ਮੁੜ ਅੱਗੇ ਲੈ ਆਂਦਾ ਹੈ। ਚੋਣ ਮਨੋਰਥ ਪੱਤਰ ਵਿੱਚ ਚੰਗੇ ਸ਼ਾਸਨ ਰਾਹੀਂ ਆਰਥਿਕ ਉਭਾਰ ਦਾ ਖ਼ਾਕਾ ਪੇਸ਼ ਕੀਤਾ ਹੈ।42 ਸਫ਼ਿਆਂ ਦੇ ਚੋਣ ਮਨੋਰਥ ਪੱਤਰ ਵਿੱਚ ਭਾਜਪਾ ਨੇ ਕਿਹਾ ਹੈ ਕਿ ਇਸ ਦੀ ਸਰਕਾਰ ਰਣਨੀਤਕ ਤੌਰ ‘ਤੇ ਕਿਰਤੀ ਪੱਖੀ ਮੈਨੂਫੈਕਚਰਿੰਗ ਤੇ ਟੁਰਿਜ਼ਮ ਜਿਹੇ ਪੱਖਾਂ ‘ਤੇ ਜ਼ੋਰ ਦੇਵੇਗੀ। ਹਿੰਦੁਤਵ ਵਾਲੇ ਮੁੱਦੇ ਇਸ ਮਨੋਰਥ ਪੱਤਰ ਵਿੱਚ ਸ਼ਾਮਲ ਕਰਨ ਨੂੰ ਲੈ ਕੇ ਛਿੜੇ ਮੱਤਭੇਦਾਂ ਸਦਕਾ ਇਕ ਹਫਤਾ ਪਛੜ ਕੇ ਆਏ ਮੈਨੀਫੈਸਟੋ ਲਈ ਕਰਾਏ ਸਮਾਗਮ ਵਿੱਚ ਪਾਰਟੀ ਦੇ ਸੀਨੀਅਰ ਆਗੂ ਐਲ.ਕੇ. ਅਡਵਾਨੀ, ਨਰਿੰਦਰ ਮੋਦੀ, ਰਾਜਨਾਥ ਸਿੰਘ, ਸੁਸ਼ਮਾ ਸਵਰਾਜ ਤੇ ਮੁਰਲੀ ਮਨੋਹਰ ਜੋਸ਼ੀ ਹਾਜ਼ਰ ਸਨ। ਇਸ ਵਿੱਚ ਕਿਹਾ ਗਿਆ ਹੈ ਕਿ ਦੇਸ਼ ਨੇ ਇਕ ਦਹਾਕਾ ਕੁਪ੍ਰਬੰਧ ਅਤੇ ਘੁਟਾਲੇ ਝੱਲੇ ਹਨ। ਯੂਪੀਏ ਦੇ ਸ਼ਾਸਨ ਅਧੀਨ ਫੈਸਲੇ ਲੈਣ ਤੇ ਨੀਤੀਆਂ ਘੜਨ ਵਿੱਚ ਖੜੋਤ ਆਈ ਰਹੀ, ਹੁਣ ਇਹ ਸਥਿਤੀ ਬਦਲਣੀ ਹੋਵੇਗੀ ਤੇ ਸਰਕਾਰ ਦੇ ਇੰਜਣ ਨੂੰ ਮੁੜ ਜਾਨਦਾਰ ਢੰਗ ਨਾਲ ਚਲਾਇਆ ਜਾਏਗਾ। ‘ਨਿਜ਼ਾਮ ਵਿੱਚ ਸੁਧਾਰ‘ ਅਧਿਆਏ ਵਿੱਚ ਭਾਜਪਾ ਨੇ ਚੰਗਾ ਸ਼ਾਸਨ ਦੇਣ ਦਾ ਵਾਅਦਾ ਕਰਦਿਆਂ ਇਸ ਨੂੰ ਪਾਰਦਰਸ਼ੀ, ਅਸਰਦਾਰੀ, ਸਮੁੱਚ ਵਿੱਚ ਸ਼ਮੂਲੀਅਤ ਵਾਲਾ ਰੱਖਣ ਤੇ ਪ੍ਰਸ਼ਾਸਕੀ, ਨਿਆਂਇਕ, ਪੁਲਿਸ ਤੇ  ਚੋਣ ਸੁਧਾਰਾਂ ਦਾ ਵਾਅਦਾ ਕੀਤਾ ਹੈ। ਭਾਜਪਾ ਨੇ  ਜਨਤਕ ਜਾਗਰੂਕਤਾ, ਟੈਕਨਾਲੋਜੀ, ਈ-ਗਵਰਨੈਸਾਂ ਰਾਹੀਂ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਖਤਮ ਕਰਨ, ਤਰਕ ਆਧਾਰਤ ਤੇ ਸਰਲ ਕਰਨ ਦਾ ਵਾਅਦਾ ਕੀਤਾ ਹੈ। ਯੂਪੀਏ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੀ ਰੱਜ ਕੇ ਨਿੰਦਾ ਕੀਤੀ ਗਈ ਹੈ।‘ਕਲਚਰਲ ਹੈਰੀਟੇਜ‘ ਸਿਰਲੇਖ ਹੇਠ ਭਾਜਪਾ ਨੇ ਕਿਹਾ ਹੈ ਕਿ ਇਹ ਸੰਵਿਧਾਨਕ ਦੇ ਘੇਰੇ ਵਿੱਚ ਰਹਿ ਕੇ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਕਰਨ ਦਾ ਹੀਲਾ ਕਰੇਗੀ। ਪਾਰਟੀ ਨੇ ਸਾਰੀਆਂ ਧਿਰਾਂ ਨਾਲ ਵਿਚਾਰ ਕਰਕੇ ਧਾਰਾ 370 ਖਤਮ ਕਰਨ ਦਾ ਵੀ ਸਟੈਂਡ ਦੁਹਰਾਇਆ ਹੈ।ਫਿਰਕੂ ਏਜੰਡੇ ਨੂੰ ਲੁਕਵੇਂ ਤਰੀਕੇ ਨਾਲ ਪੇਸ਼ ਕਰਦਿਆਂ ਪਾਰਟੀ ਨੇ ਰਾਮ ਮੰਦਰ ਦਾ ਮੁੱਦਾ ‘ਸੱਭਿਆਚਾਰਕ ਵਿਰਾਸਤ‘ ਅਧਿਆਏ ਵਿੱਚ ਰੱਖਿਆ ਹੈ । ਇਕਸਾਰ ਸਿਵਲ ਕੋਡ ਬਾਰੇ ਵੀ ਭਾਜਪਾ ਦੀ ਪਹੁੰਚ ਸੰਤੁਲਤ ਨਹੀਂ ਹੈ। ਭਾਜਪਾ ਭਾਰਤ ਵਿੱਚ ਜੈਂਡਰ ਬਰਾਬਰਤਾ ਦੇ ਨਾਂ ਉਪਰ ਇਕਸਾਰ ਸਿਵਲ ਕੋਡ ਲਾਗੂ ਕਰਨ ਦੀ ਗੱਲ ਕਰਦੀ ਹੈ। ਪਰ ਇਸ ਦਾ ਸਿੱਧਾ ਨਿਸ਼ਾਨਾ ਘੱਟ ਗਿਣਤੀਆਂ ਹਨ। ਇਕਸਾਰ ਸਿਵਲ ਕੋਡ ਦੇ ਨਾਂ ਉਪਰ ਘੱਟ ਗਿਣਤੀਆਂ ਦੀ ਨਿਆਰੀ ਹਸਤੀ ਨੂੰ ਖਤਮ ਕਰਨਾ ਹੀ ਭਾਜਪਾ ਦਾ ਮਕਸਦ ਹੈ। ਇਸ ਮਕਸਦ ਨਾਲ ਭਾਜਪਾ ਜੰਮੂ ਕਸ਼ਮੀਰ ਵਿੱਚ ਲਾਗੂ ਧਾਰਾ 370 ਨੂੰ ਖਤਮ ਕਰਨ ਦਾ ਮਨਰੋਥ ਉਭਾਰ ਰਹੀ ਹੈ। ਭਾਜਪਾ ਅਸਲ ਵਿੱਚ ਬਹੁ-ਗਿਣਤੀ ਦੀ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਰਾਜ ਭਾਗ ਹਾਸਲ ਕਰਨਾ ਚਾਹੁੰਦੀ ਹੈ। ਬੀਤੇ ਵਿਚ ਵੀ ਭਾਜਪਾ ਵੱਲੋਂ ਇਸ ਦੇ ਤਰ੍ਹਾਂ ਯਤਨ ਕੀਤੇ ਗਏ ਹਨ ਪਰੰਤੂ ਉਨ੍ਹਾਂ ਨੂੰ ਯੋਗ ਹੁੰਗਾਰਾ ਨਹੀਂ ਮਿਲਿਆ। ਭਾਜਪਾ ਦਾ ਇੱਕ ਹਿੱਸਾ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਸੋਚ ਰੱਖਦਾ ਹੈ। ਭਾਜਪਾ ਦਾ ਚੋਣ ਮਨੋਰਥ ਪੱਤਰ ਇਸ ਸੋਚ ਦਾ ਹੀ ਇਕ ਸੰਕੇਤਕ ਸਰੂਪ ਹੈ। ਦੇਸ਼ ਦੇ ਮੌਜੂਦਾ ਸਰੂਪ ਨੂੰ ਬਣਾਈ ਰੱਖਣ ਅਤੇ ਘੱਟ ਗਿਣਤੀਆਂ ਨੂੰ ਨਿਆਰੀ ਹਸਤੀ ਦੀ ਰਖਵਾਲੀ ਲਈ ਭਾਜਪਾ ਦੇ ਇਸ ਸਿਆਸੀ ਪ੍ਰੋਗਰਾਮ ਦਾ ਹਰ ਦੇਸ਼ ਵਾਸੀ ਨੂੰ ਵਿਰੋਧ ਕਰਨਾ ਹੋਵੇਗਾ। ਜੇਕਰ ਭਾਜਪਾ ਆਪਣੇ ਇਰਾਦਿਆਂ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਦੇਸ਼ ਵਿੱਚ ਘੱਟ ਗਿਣਤੀਆਂ ਦਾ ਜਿਊਣਾ ਮੁਸ਼ਕਲ ਹੋ ਜਾਵੇਗਾ। ਭਾਜਪਾ ਦੀਆਂ ਨੀਤੀਆਂ ਉਤੇ ਚੱਲ ਕੇ ਦੇਸ਼ ਕਈ ਟੁਕੜਿਆਂ ਵਿਚ ਵੰਡਿਆ ਜਾ ਸਕਦਾ ਹੈ। ਦੇਸ਼ ਨੂੰ ਵੱਡੇ ਖੂਨਖਰਾਬੇ ਤੋਂ ਬਚਾਉਣ ਲਈ ਫਿਰਕੂ ਰਾਜਨੀਤੀ ਨੂੰ ਰੱਦ ਕਰਨ ਦੀ ਜ਼ਰੂਰਤ ਹੈ।
ਬਲਜੀਤ ਸਿੰਘ ਬਰਾੜ

Send this to a friend