Skip to content
Independent perspectives. Global stories.
BREAKING

ਅਵਾਰਾ ਡੰਗਰਾਂ ਤੋਂ ਪ੍ਰੇਸ਼ਾਨ ਕਿਸਾਨਾਂ ਦੀ ਕੌਣ ਸੁਣੇ ?

Share this story

ਪਸ਼ੂ ਧਨ ਕਿਸੇ ਦੇਸ਼ ਦੀ ਖੇਤੀਬਾੜੀ ਅਤੇ ਆਰਥਿਕ ਸਥਿਤੀ ਲਈ ਅਹਿਮ ਸਥਾਨ ਰੱਖਦਾ ਹੈ।ਪੰਜਾਬ ਖੇਤੀਬਾੜੀ ਪੈਦਾਵਾਰ ਲਈ ਮੋਹਰੀ ਸੂਬਾ ਹੈ ਪਰ ਅਵਾਰਾ ਡੰਗਰਾਂ ਅਤੇ ਜੰਗਲੀ ਜੀਵ ਜੰਤੂਆਂ ਦੀ ਵੱਧ ਰਹੀ ਭਰਮਾਰ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ।ਕੁਦਰਤੀ ਬਨਸਪਤੀ ਦੀ ਮਨੁੱਖ ਦੇ ਜੀਵਨ ਵਿੱਚ ਬਹੁਤ ਮਹੱਤਤਾ ਹੈ।ਜੰਗਲੀ ਜੀਵਾਂ ਦੇ ਨਾਲ ਇਸ ਦਾ ਡੂੰਘਾ ਰਿਸ਼ਤਾ ਹੈ।ਪੰਜਾਬ ਅੰਦਰ ਬਹੁਤ ਥਾਵਾਂ ਤੇ ਬੀੜਾਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ।ਇਤਿਹਤਸਕ ਸ਼ਹਿਰ ਨਾਭਾ ਦੇ ਪੂਰਬ ਵੱਲ ਬੀੜ ਦੁਸਾਂਝ ਹੈ ।ਇਸ ਵਿੱਚ ਰੋਜ,ਨੀਲ ਗਊ,ਗਿੱਦੜ,ਬਾਂਦਰ ਅਤੇ ਹੋਰ ਜੰਗਲੀ ਜਾਨਵਰ ਰਹਿੰਦੇ ਹਨ।ਅਵਾਰਾ ਤਿੱਖੇ ਤਿੱਖੇ ਸਿੰਗਾਂ ਵਾਲੀਆਂ ਗਊਆਂ,ਸਾਨ੍ਹ ਵੀ ਜੰਗਲੀ ਬਣ ਚੁੱਕੇ ਹਨ।ਜੌੜੇਪੁਲਾਂ ਘਣੀਵਾਲ,ਭੋੜੇ ਆਦਿ ਪਿੰਡਾਂ ਨੂੰ ਮਿਲਾਉਂਦੀ ਸੜਕ ਇਸ ਬੀੜ ਵਿੱਚੋਂ ਲੰਘਦੀ ਹੈ।ਇਸੇ ਰੋਡ ਤੇ ਨਾਭੇ ਦੇ ਰਾਜੇ ਵਲੋਂ ਬੀੜ’ਚ ਸ਼ਿਕਾਰ ਕਰਨ ਸਮੇਂ ਠਹਿਰ ਲਈ ਬਣਾਈ ਸ਼ਾਨਦਾਰ ਕਲਾਤਮਿਕ ਕੋਠੀ ‘ਚ ਅੱਜਕੱਲ਼੍ਹ ਫਿਲਮਾਂ ਅਤੇ ਪ੍ਰੀ-ਵੈਡਿੰਗ ਸੂਟਿੰਗ ਹੁੰਦੀ ਰਹਿੰਦੀ ਹੈ।ਇਸ ਕਰਕੇ ਆਵਾਜਾਈ ਹੋਰ ਵੀ ਵੱਧ ਗਈ ਹੈ।ਸੈਂਕੜੇ ਲੋਕ ਸਵੇਰੇ ਸ਼ਾਮ ਸਰਕਾਰੀ ਮੱਝ ਫਾਰਮ ਜੋ ਇਸੇ ਸੜਕ ਤੇ ਸਥਿਤ ਹੈ ਤੋਂ ਦੁੱਧ ਲੈਣ ਜਾਂਦੇ ਹਨ ਜਿਨ੍ਹਾਂ ਨੂੰ ਡੰਗਰਾਂ ਅਤੇ ਬਾਂਦਰਾਂ ਦੇ ਝੁੰਡਾਂ ’ਚੋਂ ਲੰਘਣਾ ਮੁਸ਼ਕਲ ਹੁੰਦਾ ਹੈ।ਇਸੇ ਤਰ੍ਹਾਂ ਇਸ ਸੜਕ ਤੇ ਸੈਰ ਕਰਨ ਵਾਲਿਆਂ ਲਈ ਵੀ ਰਸਤਾ ਸੁਰੱਖਿਅਤ ਨਹੀਂ ਹੈ।ਇਸ ਸੜਕ ਤੋਂ ਲੰਘਣ ਵਾਲਿਆਂ ਦੇ ਇਨ੍ਹਾਂ ਅਵਾਰਾ ਡੰਗਰਾਂ,ਬਾਂਦਰਾਂ ਆਦਿ ਨਾਲ ਅਨੇਕਾਂ ਵਾਰੀ ਐਕਸੀਡੈਂਟ ਹੋ ਚੁੱਕੇ ਹਨ ।ਕਈ ਜਾਨਾਂ ਵੀ ਜਾ ਚੁੱਕੀਆਂ ਹਨ।ਸਕੂਲਾਂ,ਕਾਲਜਾਂ ਵਿੱਚ ਪੜ੍ਹਦੇ ਬੱਚੇ ਮਜਬੂਰੀਵਸ਼ ਰੋਜ਼ਾਨਾ ਇਥੋਂ ਦੀ ਡਰ ਡਰ ਕੇ ਲੰਘਦੇ ਹਨ। ਸਕੂਲ,ਕਾਲਜ ਟਿਊਸ਼ਨ ਜਾਣ ਵਾਲੀਆਂ ਇੱਕਲੀਆਂ ਲੜਕੀਆਂ ਲਈ ਇਥੋਂ ਦੀ ਲੰਘਣਾ ਹੋਰ ਵੀ ਮੁਸ਼ਕਲ ਹੈ।ਮਾਪਿਆਂ ਦੇ ਆਪਣੇ ਬੱਚਿਆਂ ਦੇ ਸਹੀ ਸਲਾਮਤ ਘਰ ਆਉਣ ਤੱਕ ਸਾਹ ਸੂਤੇ ਰਹਿੰਦੇ ਹਨ।ਭੂਸਰੇ ਸਾਨ੍ਹ ਅਤੇ ਭੁੱਖੇ ਬਾਂਦਰ ਕਈ ਵਾਰ ਲੰਘ ਰਹੇ ਰਾਹੀਆਂ ਤੇ ਹਮਲਾ ਕਰਕੇ ਜਖ਼ਮੀ ਕਰ ਦਿੰਦੇ ਹਨ।ਬਾਂਦਰਾਂ ਨੂੰ ਖਾਣ ਲਈ ਵਸਤਾਂ ਅਤੇ ਡੰਗਰਾਂ ਲਈ ਚਾਰਾ ਅਕਸਰ ਹੀ ਲੋਕ ਸੜਕ ਦੇ ਕਿਨਾਰਿਆਂ ਤੇ ਸੁੱਟ ਜਾਂਦੇ ਹਨ ਜਿਸ ਨਾਲ ਕਈ ਵਾਰੀ ਲੰਘ ਰਹੇ ਰਾਹੀਆਂ ਦੇ ਐਕਸੀਡੈਂਟ ਹੋ ਜਾਂਦੇ ਹਨ ਕਿਉਂਕਿ ਦੂਸਰੀ ਸਾਈਡ ਤੋਂ ਭੁੱਖੇ ਬਾਂਦਰ ਅਤੇ ਡੰਗਰ ਦੌੜ ਕੇ ਖਾਣ ਲਈ ਆਉਂਦੇ ਹਨ।ਲੋਕ ਸ਼ਾਇਦ ਦਾਨ ਪੁੰਨ ਦੀ ਭਾਵਨਾ ਨਾਲ ਖਾਣ ਵਾਲੀਆਂ ਵਸਤਾਂ ਪਾ ਕੇ ਜਾਂਦੇ ਹਨ ਪਰ ਉਹ ਇਹ ਨਹੀਂ ਸੋਚਦੇ ਕਿ ਇਸ ਤਰ੍ਹਾਂ ਸੜਕ ਤੇ ਗੰਦ ਅਤੇ ਆਵਾਜਾਈ ’ਚ ਵਿਘਣ ਵੀ ਪੈਂਦਾ ਹੈ ।ਇਸ ਤਰ੍ਹਾਂ ਅਣਜਾਣ ਰਾਹਗੀਰਾਂ ਲਈ ਇਥੋਂ ਲੰਘਣਾ ਖਤਰੇ ਤੋਂ ਬਾਹਰ ਨਹੀਂ। ਬੀੜ ਦੇ ਨਾਲ ਲਗਦੇ ਖੇਤਾਂ ਵਿੱਚ ਜੇਕਰ ਇਨ੍ਹਾਂ ਡੰਗਰਾਂ ਦੇ ਝੁੰਡ ਵੜ ਜਾਣ ਤਾਂ ਫਸਲ ਦੀ ਬਰਬਾਦੀ ਹੋ ਜਾਂਦੀ ਹੈ।ਇਸ ਦੀ ਭਰਪਾਈ ਕੌਣ ਕਰੇਗਾ ਇਸ ਬਾਰੇ ਕੋਈ ਚਿੰਤਤ ਨਹੀਂ। ਪਿੰਡ ਚੋਧਰੀ ਮਾਜਰਾ ਦੇ ਕਿਸਾਨ ਰਲ ਕੇ ਦਿਨ-ਰਾਤ ਡੰਗਰਾਂ ਦੀ ਰਾਖੀ ਤੋਂ ਅੱਤ ਦੀ ਗਰਮੀ ਅਤੇ ਸਰਦੀ ਦੇ ਬਾਵਜੂਦ ਆਪਣੇ ਖੇਤਾਂ ਦੁਆਲੇ ਪਹਿਰਾ ਦਿੰਦੇ ਹਨ।ਪਿਛਲੇ ਸਾਲ ਖੇਤ ਦੀ ਵਾੜ ਦੀ ਰਾਖੀ ਕਰ ਰਹੇ ਇੱਕ ਮਜਦੂਰ ਦੀ ਇੱਕ ਹਿੰਸਕ ਹੋਏ ਸਾਨ੍ਹ ਨੇ ਟੱਕਰਾਂ ਮਾਰ ਕੇ ਜਾਨ ਲੈ ਲਈ ਸੀ।ਪਰ ਪ੍ਰਸ਼ਾਸ਼ਨ ਨੇ ਇਹੋ ਜਿਹੀਆਂ ਘਟਨਾਵਾਂ ਬਾਰੇ ਕਦੇ ਕੋਈ ਚਿੰਤਾ ਨਹੀਂ ਕੀਤੀ।ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਕਿ ਡੰਗਰਾਂ ਨੂੰ ਫੜ੍ਹ ਕੇ ਨੇੜੇ ਦੀਆਂ ਗਊਸ਼ਾਲਾਵਾਂ ਵਿੱਚ ਭੇਜੇ।ਬਾਂਦਰਾਂ ਲਈ ਵੀ ਬੀੜ ਅੰਦਰ ਮੇਨ ਸੜਕ ਤੋਂ ਰਸਤਾ ਦੇ ਕੇ ਸੁਰੱਖਿਅਤ ਥਾਂ ਬਣਾਈ ਜਾਵੇ ਜਿਥੇ ਲੋਕ ਆਸਾਨੀ ਨਾਲ ਬੇਖੋਫ਼ ਖਾਣ ਵਾਲੀਆਂ ਵਸ਼ਤਾਂ ਪਾ ਸਕਣ। ਭਾਵੇਂ ਸਰਕਾਰ ਨੇ ਪੰਜਾਬ ਗਊ ਸੇਵਾ ਕਮਿਸ਼ਨ ਐਕਟ,2014 ਅਧੀਨ ‘ਪੰਜਾਬ ਗਊ ਸੇਵਾ ਕਮਿਸ਼ਨ’ ਦੀ ਸਥਾਪਨਾ ਕੀਤੀ ਗਈ ਹੈ ਜਿਸ ਵਿੱਚ ਗਊ,ਸਾਨ੍ਹ, ਬਲਦ,ਵੱਛੇ-ਵੱਛੜੀਆਂ ਦੀ ਸੁਰੱਖਿਆ ਅਤੇ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸ਼ੌਂਪੀ ਗਈ ਹੈ।ਇਸ ਲਈ ਫੰਡ ਲਈ ਬਜਟ ਦੀ ਵਿਵਸਥਾ ਕੀਤੀ ਗਈ ਹੈ ਜਿਸ ਨਾਲ ਗਊ-ਪਰਿਵਾਰ ਦੀ ਸੰਭਾਲ ਕਰਨੀ ਹੈ ਅਤੇ ਮੱਨੁਖੀ ਅੱਤਿਆਚਾਰ ਤੋਂ ਬਚਾਉਣਾ ਹੈ।ਵਧੇਰੇ ਫੰਡ ਲਈ ਸਥਾਨਕ ਸਰਕਾਰਾਂ ਵਲੋਂ ਗਊ ਸੈਸ ਵੀ ਲਾ ਰੱਖਿਆ ਹੈ।ਪਰ ਗਊਧਨ ਦੀ ਸੰਭਾਲ ਲਈ ਕੋਈ ਠੋਸ ਨੀਤੀ ਸਾਹਮਣੇ ਨਹੀਂ ਆਈ।ਹਿੰਦੂ ਸੰਗਠਨ ਵੀ ਇਸ ਮਸਲੇ ਪ੍ਰਤੀ ਗੰਭੀਰ ਨਹੀਂ ,ਉਨ੍ਹਾਂ ਨੂੰ ਵੀ ਸਰਕਾਰ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ। ।ਬਾਜ਼ਾਰਾਂ ਵਿੱਚ ਆਮ ਆਵਾਰਾ ਡੰਗਰ ਘੁੰਮ ਰਹੇ ਹਨ ਜੋ ਲੋਕਾਂ ਦਾ ਜਾਨ ਅਤੇ ਮਾਲ ਦਾ ਨੁਕਸਾਨ ਅਕਸਰ ਕਰਦੇ ਰਹਿੰਦੇ ਹਨ।ਸ਼ੋਸ਼ਲ ਮੀਡੀਆ ਤੇ ਲੜਦੇ ਭਿੜਦੇ ਡੰਗਰਾਂ ਨਾਲ ਰਾਹਗੀਰਾਂ ਦੇ ਹੋਏ ਐਕਸ਼ੀਡੈਂਟਾਂ ਕਾਰਣ ਹੋਈਆਂ ਮੌਤਾਂ ਦੀਆਂ ਵੀਡੀਉਜ਼ ਅਕਸਰ ਦੇਖਣ ਨੂੰ ਮਿਲਦੀਆਂ ਹਨ।ਇਨ੍ਹਾਂ ਮੌਤਾਂ ਲਈ ਸਰਕਾਰ ਵਲੋਂ ਪਰਿਵਾਰਾਂ ਨੂੰ ਨਾ ਤਾਂ ਦੋ ਸ਼ਬਦ ਹਮਦਰਦੀ ਦੇ ਅਤੇ ਨਾ ਹੀ ਕੋਈ ਮੁਆਵਜ਼ਾ ਦਿੱਤਾ ਜਾਂਦਾ ਹੈ। ਲੋਕਾਂ ਦੀ ਸੁਰੱਖਿਆ ਯਕੀਨੀ ਬਨਾਉਣਾ ਸਰਕਾਰ ਦੀ ਮੁਢਲੀ ਜ਼ਿੰਮੇਵਾਰੀ ਹੈ।ਲੋਕਤੰਤਰੀ ਸਰਕਾਰ ਦਾ ਫਰਜ ਹੈ ਕਿ ਉਹ ਲੋਕਾਂ ਦੀਆਂ ਗੰਭੀਰ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੇ।ਜੇ ਸਰਕਾਰ ਸੁਹਿਰਦਤਾ ਨਾਲ ਲੋਕਾਂ ਦੀ ਆਵਾਜ਼ ਸੁਣੇਗੀ ਤਾਂ ਹੀ ਉਹ ਲੋਕਾਂ ‘ਚ ਲੋਕਪ੍ਰਿਆ ਹੋ ਸਕਦੀ ਹੈ। ਸੋ ਇਸ ਤਰ੍ਹਾਂ ਇਨ੍ਹਾਂ ਜੰਗਲੀ ਜੀਵਾਂ ਅਤੇ ਅਵਾਰਾ ਡੰਗਰਾਂ ਦੁਆਰਾ ਆਮ ਲੋਕਾਂ ਦੇ ਜਾਨੀ-ਮਾਲੀ ਨੁਕਸਾਨ ਅਤੇ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਨੂੰ ਤੁਰੰਤ ਰੋਕਣਾ ਚਾਹੀਦਾ ਹੈ ।

WRITTEN BY