ਸ਼੍ਰੋਮਣੀ ਕਮੇਟੀ ਕਰੇ ਮਾਣ-ਸਨਮਾਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1984 ਵਿੱਚ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਗਵਾਹਾਂ ਅਤੇ ਵਕੀਲਾਂ ਨੂੰ ਸਨਮਾਨਿਤ ਕਰਨ ਲਈ ਵਿਚਾਰ ਕੀਤਾ ਜਾ ਰਿਹਾ ਹੈ। ਪਹਿਲਾਂ ਇਸ ਮਾਮਲੇ ਵਿੱਚ ਸਿਰਫ ਐਡਵੋਕੇਟ ਸ਼੍ਰੀ ਐਚ.ਐਸ. ਫੂਲਕਾ ਨੂੰ ਸਨਮਾਨ ਦੇਣ ਦਾ ਐਲਾਨ ਕੀਤਾ ਗਿਆ ਸੀ ਪ੍ਰੰਤੂ ਬਾਅਦ ’ਚ ਸ਼੍ਰੀ ਫੂਲਕਾ ਵੱਲੋਂ ਸ਼੍ਰੋਮਣੀ ਕਮੇਟੀ ਖਿਲਾਫ ਹੀ ਮੋਰਚਾ ਖੋਲ੍ਹਣ ਕਾਰਨ ਕਮੇਟੀ ਇਸ ਗੱਲ ਤੋਂ ਪਿੱਛੇ ਹੱਟ ਗਈ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਨਤਕ ਤੌਰ ’ਤੇ ਬਿਆਨ ਦੇਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਸੱਜਣ ਕੇਸ ਵਿੱਚ ਪ੍ਰਮੁੱਖ ਗਵਾਹਾਂ ਦੇ ਨਾਲ-ਨਾਲ ਵਕੀਲਾਂ ਨੂੰ ਵੀ ਸਨਮਾਨਿਤ ਕਰਨ ਬਾਰੇ ਸੋਚ ਰਹੀ ਹੈ। ਪਾਰਟੀ ਪ੍ਰਧਾਨ ਨੇ ਇਹ ਆਖਿਆ ਸੀ ਕਿ ਸ਼੍ਰੋਮਣੀ ਕਮੇਟੀ ਨੂੰ ਗਵਾਹਾਂ ਦੇ ਨਾਲ-ਨਾਲ ਪਾਪੀ ਸੱਜਣ ਕੇਸ ਵਿੱਚ ਭੂਮਿਕਾ ਨਿਭਾਉਣ ਵਾਲੇ ਵਕੀਲ ਵੀ ਸਨਮਾਨਿਤ ਕਰਨੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਨੇ ਹਾਲੇ ਤੱਕ ਇਸ ਸਬੰਧੀ ਕੋਈ ਬਕਾਇਦਾ ਪ੍ਰੋਗਰਾਮ ਨਹੀਂ ਬਣਾਇਆ। ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਸਬੰਧੀ ਕੋਈ ਫੈਸਲਾ ਲਿਆ ਜਾਵੇਗਾ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਸੱਜਣ ਕੁਮਾਰ ਦੇ ਕੇਸ ਵਿੱਚ ਭੂਮਿਕਾ ਨਿਭਾਉਣ ਵਾਲੇ ਗਵਾਹਾਂ ਅਤੇ ਵਕੀਲਾਂ ਦੇ ਨਾਲ-ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਸਵਾਂਗ ਰਚਣ ਦੇ ਦੋਸ਼ੀ ਪਾਪੀ ਸਿਰਸਾ ਸਾਧ ਨੂੰ ਜੇਲ੍ਹ ਦੀਆਂ ਸਿਲਾਖਾਂ ਪਿੱਛੇ ਪਹੁੰਚਾਉਣ ਵਾਲੇ ਗਵਾਹਾਂ ਅਤੇ ਵਕੀਲਾਂ ਦਾ ਵੀ ਸਨਮਾਨ ਕੀਤਾ ਜਾਣਾ ਚਾਹੀਦਾ ਹੈ। ਸਿਆਸੀ ਸਰਪ੍ਰਸਤੀ ਕਾਰਨ ਪਾਪੀ ਸਿਰਸਾ ਸਾਧ ਨੂੰ ਜੇਲ੍ਹ ਦੀਆਂ ਸਿਲਾਖਾਂ ਪਿੱਛੇ ਪਹੁੰਚਾਉਣ ਲਈ ਗਵਾਹਾਂ ਅਤੇ ਵਕੀਲਾਂ ਨੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਇਹ ਕੇਸ ਲੜਨੇ ਪਏ ਹਨ। ਇਨਸਾਫ ਦੀ ਇਸ ਲੜਾਈ ਨੂੰ ਲੜਨ ਲਈ ਉਨ੍ਹਾਂ ਨੇ ਭਾਰੀ ਕੁਰਬਾਨੀ ਕੀਤੀ ਹੈ। ਸਮੁੱਚਾ ਸਿੱਖ ਪੰਥ ਪਾਪੀ ਸਿਰਸਾ ਸਾਧ ਨੂੰ ਤਿੰਨ ਕੇਸਾਂ ਵਿੱਚ ਸਜ਼ਾ ਸੁਣਾਏ ਜਾਣ ਤੋਂ ਬਾਅਦ ਖੁਦ ਨੂੰ ਰਾਹਤ ਮਹਿਸੂਸ ਕਰ ਰਿਹਾ ਹੈ। ਸਿੱਖ ਸੰਗਤਾਂ ਦੀਆਂ ਭਾਵਨਾਵਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਬੰਧੀ ਤੁਰੰਤ ਫੈਸਲਾ ਕਰੇ ਅਤੇ ਪਾਪੀ ਸਿਰਸਾ ਸਾਧ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਾਉਣ ਵਾਲੇ ਗਵਾਹਾਂ ਖਾਸ ਕਰਕੇ ਸ਼ਹੀਦ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪਰਿਵਾਰ ਅਤੇ ਵਕੀਲਾਂ ਦੀ ਟੀਮ ਨੂੰ ਯੋਗ ਤਰੀਕੇ ਨਾਲ ਸਨਮਾਨ ਦਿੱਤਾ ਜਾਵੇ। ਚੰਗਾ ਹੋਵੇਗਾ ਇਹ ਦੋਵੇਂ ਸਨਮਾਨ ਇਕੋ ਹੀ ਸਮਾਗਮ ਵਿੱਚ ਕੀਤੇ ਜਾਣ। ਇਸ ਨਾਲ ਇਕ ਚੰਗਾ ਸੰਦੇਸ਼ ਜਾਵੇਗਾ। ਸ਼੍ਰੋਮਣੀ ਕਮੇਟੀ ਕਿਉਂਕਿ ਧਾਰਮਿਕ ਸੰਸਥਾ ਹੈ ਇਸ ਲਈ ਉਸ ਦਾ ਫਰਜ਼ ਬਣਦਾ ਹੈ ਕਿ ਇਨ੍ਹਾਂ ਦੋਵਾਂ ਮਾਮਲਿਆਂ ਨੂੰ ਰਾਜਸੀ ਨਜ਼ਰ ਨਾਲ ਨਾ ਦੇਖੇ। ਦੋਨਾਂ ਹੀ ਮਾਮਲਿਆਂ ਵਿੱਚ ਇਨਸਾਨੀਅਤ ਅਤੇ ਇਨਸਾਫ ਦੀ ਜਿੱਤ ਹੋਈ ਹੈ। ਉਮੀਦ ਕਰਦੇ ਹਾਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਇਸ ਸਬੰਧੀ ਤੁਰੰਤ ਕੋਈ ਫੈਸਲਾ ਲੈ ਕੇ ਸਿੱਖ ਪੰਥ ਦੀਆਂ ਖੁਸ਼ੀਆਂ ਹਾਸਿਲ ਕਰਨਗੇ।
– ਬਲਜੀਤ ਸਿੰਘ ਬਰਾੜ

Send this to a friend