ਸਾਥੀ ਕੋਂਸਲਰਾਂ ਵੱਲੋਂ ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ’ਤੇ ਵਿਕਾਸ ਕਾਰਜਾਂ ਅਤੇ ਸਫ਼ਾਈ ਪ੍ਰਬੰਧਾਂ ’ਚ ਭੇਦਭਾਵ ਦੇ ਦੋਸ਼

ਮੋਰਿੰਡਾ- ਕਾਂਗਰਸ ਪਾਰਟੀ ਦੇ ਬੁਲਾਰਿਆਂ ਵੱਲੋਂ ਅਕਸਰ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਿਨ੍ਹਾਂ ਪੱਖ਼ਪਾਤ ਵਿਕਾਸ ਕਾਰਜ ਕੀਤੇ ਜਾਣ ਦੇ ਬਿਆਨ ਦਿੱਤੇ ਜਾਂਦੇ ਹਨ। ਪ੍ਰੰਤੂ ਸਥਾਨਕ ਸ਼ਹਿਰ ਦੇ ਅਕਾਲੀ ਦਲ ਨਾਲ ਸਬੰਧਿਤ ਕੌਂਸਲਰਾਂ ਅਤੇ ਸ਼ਹਿਰ ਨਿਵਾਸੀਆਂ ਨੇ ਅਕਾਲੀ ਕੋਂਸਲਰਾਂ ਦੇ ਵਾਰਡਾਂ ਵਿੱਚ ਵਿਕਾਸ ਕਾਰਜਾਂ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਨੂੰ ਲੈ ਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਅਤੇ ਨਗਰ ਕੋਂਸਲ ਮੋਰਿੰਡਾ ਦੇ ਅਧਿਕਾਰੀਆਂ ’ਤੇ ਪੱਖ਼ਪਾਤ ਕਰਨ ਦੇ ਆਰੌਪ ਲਗਾ ਕੇ ਰੋਸ ਵੱਜੋਂ ਨਗਰ ਕੋਂਸਲ ਦਫ਼ਤਰ ਦੇ ਅਹਾਤੇ ’ਚ ਨ੍ਹਾਹਰੇਬਾਜ਼ੀ ਕੀਤੀ। ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਾਰਡ ਨੰਬਰ 15 ਦੇ ਕੌਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ ਸਮੇਤ ਨਵਦੀਪ ਸਿੰਘ ਟੋਨੀ, ਮਨਜੀਤ ਸਿੰਘ, ਇਕਬਾਲਜੀਤ ਸਿੰਘ, ਗੁਰਮੇਲ ਸਿੰਘ, ਭਿੰਦਰ ਕੁਮਾਰ, ਬਿਕਰਮਜੀਤ ਸਿੰਘ, ਸੰਜੇ ਕੁਮਾਰ ਸਿੰਗਲਾ, ਸਪਿੰਦਰ ਸਿੰਘ, ਜਗਜੀਤ ਸਿੰਘ ਰਾਮਗੜ੍ਹੀਆ, ਸੰਦੀਪ ਕੌਰ, ਜਸਵੰਤ ਕੌਰ, ਕੁਲਵਿੰਦਰ ਕੌਰ, ਮਨਜੀਤ ਕੌਰ, ਉਰਮਿਲਾ ਦੇਵੀ, ਦਲਬੀਰ ਕੌਰ ਅਤੇ ਚਰਨਜੀਤ ਕੌਰ ਆਦਿ ਵਾਰਡ ਵਾਸੀਆਂ ਨੇ ਦੱਸਿਆ ਕਿ ਨਗਰ ਕੌਂਸਲ ਮੋਰਿੰਡਾ ਵੱਲੋਂ ਵਿਕਾਸ ਕਾਰਜਾਂ ਨੂੰ ਲੈ ਕੇ ਵੱਖ ਵੱਖ ਵਾਰਡਾਂ ਵਿੱਚ ਕਰੀਬ ਸਵਾ 2 ਕਰੋੜ ਰੁਪਏ ਦੇ ਟੈਂਡਰ ਲਗਾਏ ਗਏ ਹਨ। ਪ੍ਰੰਤੂ ਵਾਰਡ ਨੰਬਰ 15 ਵਾਸੀਆਂ ਨਾਲ ਪੱਖ਼ਪਾਤ ਕਰਦਿਆਂ ਵਿਕਾਸ ਕਾਰਜਾਂ ਦਾ ਕੋਈ ਵੀ ਟੈਂਡਰ ਨਹੀ ਲਗਾਇਆ ਗਿਆ। ਉਪਰੋਕਤ ਵਾਰਡ ਵਾਸੀਆਂ ਨੇ ਦੱਸਿਆ ਕਿ ਸਿਰਫ ਐਮ. ਪੀ. ਕੋਟੇ ਵਿੱਚੋਂ ਡੇਢ ਲੱਖ ਰੁਪਏ ਦੀ ਗ੍ਰਾਂਟ ਜੋ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਇੱਕ ਗਲੀ ਲਈ ਦਿੱਤੀ ਗਈ ਸੀ ਉਸਦਾ ਹੀ ਟੈਂਡਰ ਲਗਾਇਆ ਗਿਆ ਹੈ। ਵਾਰਡ ਵਾਸੀਆਂ ਨੇ ਵਾਰਡ ਵਿੱਚ ਸਫਾਈ ਪ੍ਰਬੰਧਾਂ ਨੂੰ ਲੈ ਕੇ ਵੀ ਅਪਣਾ ਰੋਸ ਜਾਹਿਰ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਜਿਨ੍ਹੇ ਵੀ ਅਕਾਲੀ ਦਲ ਨਾਲ ਸਬੰਧਿਤ ਕੋਂਸਲਰ ਹਨ ਉਨ੍ਹਾਂ ਦੇ ਵਾਰਡਾਂ ਵਿੱਚ ਸਾਫ਼ ਸਫ਼ਾਈ ਕਰਵਾਉਣ ਨੂੰ ਲੈ ਕੇ ਪੂਰੀ ਤਰ੍ਹਾਂ ਵਿਤਕਰਾ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਬਾਬਤ ਨਗਰ ਕੌਂਸਲ ਦੀ ਮੀਟਿੰਗਾਂ ਅਤੇ ਕੌਂਸਲ ਅਧਿਕਾਰੀਆਂ ਦੇ ਧਿਆਨ ਵਿੱਚ ਲਿਖ਼ਤੀ ਸ਼ਿਕਾਇਤਾਂ ਦੇ ਕੇ ਸਮੇਂ ਸਮੇਂ ਲਿਆਂਦਾ ਜਾਂਦਾ ਹੈ। ਕੌਂਸਲਰ ਅੰਮ੍ਰਿਤਪਾਲ ਸਿੰਘ ਖੱਟੜਾ ਨੇ ਦੱਸਿਆ ਕਿ ਮੇਰੇ ਵਾਰਡ ਨਾਲ ਹੋ ਰਹੇ ਪੱਖ਼ਪਾਤ ਬਾਰੇ ਜਦੋ ਮੈਂ ਨਗਰ ਕੌਂਸਲ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਚੰਨੀ ਅਤੇ ਕਾਂਗਰਸੀ ਕੌਸਲਰਾਂ ਵੱਲੋਂ ਮੇਰੇ ’ਤੇ ਇਹ ਦਬਾਅ ਪਾਇਆ ਜਾ ਰਿਹਾ ਹੈ ਕਿ ਅਕਾਲੀ ਦਲ ਨਾਲ ਸਬੰਧਿਤ ਕੌਸਲਰਾਂ ਦੇ ਵਾਰਡਾਂ ਵਿੱਚ ਕੋਈ ਵਿਕਾਸ ਕਾਰਜ ਨਾ ਕਰਵਾਏ ਜਾਣ।
– ਹਰਜਿੰਦਰ ਸਿੰਘ ਛਿੱਬਰ
ਪੱਤਰਕਾਰ ‘ਪੰਜਾਬ ਟਾਇਮਜ਼’ ਮੋਰਿੰਡਾ
ਸੰਪਰਕ : 98558-73037

Send this to a friend