ਬਹੁਪਖੀ ਕਲਾਵਾਂ ਦਾ ਸੁਮੇਲ ਦਾ ਨਾਮ ਹੈ ਗੁਰਦਾਸ ਮਾਨ। ਜੇਕਰ ਗੁਰਦਾਸ ਮਾਨ ਨੂੰ ਗਾਇਕੀ ਦੇ ਵਿਚ ਬਾਬਾ ਬੋਹੜ ਕਹਿ ਲਿਆ ਜਾਵੇ ਅਤੇ ਗੀਤਕਾਰੀ ਵਿਚ ਅਲੰਬਰਦਾਰ, ਅਦਾਕਾਰੀ ਵਿਚ ਬਹੁਪੱਖੀ ਕਲਾਵਾ ਦਾ ਸੁਮੇਲ, ਸਟੇਜਾਂ ਦਾ ਬਾਦਸ਼ਾਹ ਅਤੇ ਪੰਜਾਬੀ ਮਾਂ-ਬੋਲੀ ਦਾ ਸਰਵਣ ਪੁੱਤ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਕਿਉਂਕਿ ਉਸ ਨੇ ਆਪਣੇ ਗੀਤਾਂ ਜਰੀਏ ਪੰਜਾਬੀਆਂ ਨੂੰ ਹੀ ਪ੍ਰਭਾਵਿਤ ਨਹੀ ਕੀਤਾ ਬਲਕਿ ਗੋਰੇ ਵੀ ਉਸ ਦੇ ਗੀਤਾਂ ਤੇ ਖੂਬ ਠੁਮਕੇ ਲਾਉਂਦੇ ਵੇਖੇ ਗਏ ਹਨ। ਬਿਨਾਂ ਸ਼ਕ ਗੁਰਦਾਸ ਮਾਨ ਨੇ ਪੰਜਾਬੀ ਮਾਂ ਬੋਲੀ ਦਾ ਹਮੇਸਾ ਅਦਬ ਕੀਤਾ ਹੈ ਅਤੇ ਉਹ ਪੰਜਾਬੀ ਮਾਂ ਬੋਲੀ ਨੂੰ ਹੀ ਪਰਨਾਇਆ ਗਾਇਕ ਹੈ ਇਨ੍ਹਾਂ ਗਲਾਂ ਦੀ ਮਿਸਾਲ ਉਸ ਦੇ ਅਨੇਕਾਂ ਗੀਤਾਂ ਤੋਂ ਮਿਲਦੀ ਹੈ ਜਿਸ ਨੇ ਨਵੇਂ ਦਿਸਹਦੇ ਕਾਇਮ ਕਰਕੇ ਆਪਣੇ ਸਰੋਤਿਆਂ ਦੀ ਗਿਣਤੀ ਵਿਚ ਵੀ ਵਾਧਾ ਕੀਤਾ ਹੈ। ਉਸ ਦੇ ਕਈ ਪ੍ਰਸ਼ੰਸਕ ਗੁਰਦਾਸ ਨੂੰ ਗਾਇਕ ਵੱਜੋ ਤਾਂ ਪਸੰਦ ਕਰਦੇ ਹੀ ਹਨ ਨਾਲ ਉਸ ਨੂੰ ਫਕਰ, ਫਕੀਰ, ਡਫਲੀ ਵਾਲਾ ਬਾਬਾ, ਸਾਈਂ, ਆਦਿ ਦਾ ਰੁਤਬਾ ਦਿੰਦੇ ਹਨ। ਕਿਉਂਕਿ ਗੁਰਦਾਸ ਮਾਨ ਦੀ ਸ਼ਖ਼ਸੀਅਤ ਦਾ ਪ੍ਰਭਾਵ ਅਤੇ ਲਾਈਵ ਪ੍ਰੋਗਰਾਮਾਂ ਵਿਚ ਦਰਸ਼ਕਾਂ ਨੂੰ ਧਾਰਮਿਕਤਾ ਦੇ ਰੰਗ ਵਿਚ ਰੰਗ ਦੇਣਾ ਉਸਦੀ ਖਾਸੀਅਤ ਹੈ। ਮਾਨ ਵਾਹਿਗੁਰੂ ਕੋਲੋਂ ਉਹ ਆਪਣੇ ਦਰਸ਼ਕਾਂ ਸਰੋਤਿਆਂ ਦਾ ਭਲਾ ਮੰਗਦਾ ਨਹੀ ਭੁੱਲਦਾ। ਗੁਰਦਾਸ ਮਾਨ ਦੀ ਪੰਜਾਬ ਐਲਬਮ ਦੇ ਗੀਤਾਂ ਨੇ ਉਸਦੇ ਗੀਤਾ ਦੀ ਲੜੀ ਵਿੱਚ ਇੱਕ ਕਾਮਯਾਬ ਮੀਲ ਪੱਥਰ ਗੱਢ ਦਿੱਤਾ ਹੈ। ਸਮੁੱਚੀ ਐਲਬਮ ਦੇ ਗੀਤ ਲੋਕਾਂ ਵੱਲੋਂ ਖੂਬ ਪਸੰਦ ਕੀਤੇ ਜਾ ਰਹੇ ਹਨ। ਗੁਰਦਾਸ ਦੇ ਗੀਤ ਸਰੋਤਿਆਂ/ਦਰਸ਼ਕਾਂ ਲਈ ਵੀ ਫਾਇਦੇਮੰਦ ਸਾਬਤ ਹੁੰਦੇ ਹਨ ਕਿਉਂਕਿ ਇਹ ਗੀਤ ਇਨਸਾਨ ਦੀ ਰੋਜ਼ਮਰਾ ਜ਼ਿੰਦਗੀ ਵਿਚ ਬਤੀਤ ਹੋ ਰਹੇ ਸਮੇਂ ਦੀ ਗਲ ਕਰਦੇ ਹਨ। ਜਿਸ ਕਾਰਨ ਗੀਤ ਨੂੰ ਸੁਣ ਕੇ ਹਰ ਵਿਅਕਤੀ ਇੰਝ ਮਹਿਸੂਸ ਕਰਦਾ ਹੈ ਕਿ ਇਹ ਗੀਤ ਸਿਰਫ ਮੇਰੇ ਲਈ ਲਿਖਿਆ ਤੇ ਗਾਇਆ ਗਿਆ ਹੈ । ਪੰਜਾਬੀ ਮਾਂ-ਬੋਲੀ ਦੇ ਇਸ ਸਰਵਣ ਪੁੱਤ ਦਾ ਅਜ (4 ਜਨਵਰੀ) ਨੂੰ ਜਨਮ ਦਿਨ ਹੈ। ਪੰਜਾਬ ਦੇ ਜੀਰਕਪੁਰ, ਸੁਨਾਮ ਅਤੇ ਹੋਰ ਸ਼ਹਿਰਾਂ ਦੇ ਪ੍ਰਸੰਸਕ ਅੱਜ ਉਸ ਦਾ ਜਨਮ ਦਿਨ ਵੱਖਰੇ ਢੰਗ ਨਾਲ ਮਨਾ ਰਹੇ ਹਨ। ਨਵੇਂ ਵਰੇ ਦੀ ਆਮਦ ਤੇ ਗੁਰਦਾਸ ਤੋਂ ਪੰਜਾਬ ਦੇ ਲੋਕਾਂ ਅਤੇ ਬਾਹਰਲੇ ਦਰਸ਼ਕਾਂ ਨੂੰ ਉਮੀਦਾਂ ਹਨ ਕਿ ਉਹ 2019 ਵਿੱਚ ਆਪਣੇ ਸਰੋਤਿਆਂ/ ਦਰਸ਼ਕਾਂ ਨੂੰ ਆਪਣੀ ਸੁਰੀਲੀ ਆਵਾਜ ਰਾਹੀ ਤੋਹਫਾ ਦੇਣਗੇ।