ਸਾਫ-ਸੁਥਰੀਆਂ ਹੋਣ ਪੰਚਾਇਤ ਚੋਣਾਂ

ਪੰਜਾਬ ਵਿਚ 30 ਦਸੰਬਰ 2018 ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਸਾਫ-ਸੁਥਰੇ ਢੰਗ ਨਾਲ ਨੇਪਰੇ ਚਾੜ੍ਹੀਆਂ ਜਾਣੀਆਂ ਚਾਹੀਦੀਆਂ ਹਨ। ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ। ਸਾਰੇ ਅਧਿਕਾਰੀਆਂ ਅਤੇ ਨੇਤਾਵਾਂ ਦੀ ਇਹ ਸਾਂਝੀ ਜ਼ਿੰਮੇਵਾਰੀ ਹੈ ਕਿ ਉਹ ਪੰਚਾਇਤ ਚੋਣਾਂ ਨੂੰ ਦੂਸ਼ਿਤ ਨਾ ਕਰਨ। ਸੱਤਾਧਾਰੀ ਧਿਰ ਨੂੰ ਪੰਚਾਇਤ ਚੋਣਾਂ ਵਿੱਚ ਜਿੱਤ ਲਈ ਲੋਕਤੰਤਰੀ ਅਸੂਲ ਛਿੱਕੇ ਨਹੀਂ ਟੰਗਣੇ ਚਾਹੀਦੇ। ਇਨ੍ਹਾਂ ਚੋਣਾਂ ਵਿੱਚ ਜਿੱਤ ਹਾਰ ਦਾ ਪੰਜਾਬ ਦੀ ਹੁਕਮਰਾਨ ਧਿਰ ਉਪਰ ਕੋਈ ਬਹੁਤਾ ਵੱਡਾ ਅਸਰ ਨਹੀਂ ਪੈਣਾ ਇਸ ਲਈ ਪੰਚਾਇਤ ਚੋਣਾਂ ਨੂੰ ਰਾਜਸੀ ਨਜ਼ਰੀਆ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ। ਚੋਣ ਕਮਿਸ਼ਨ ਅਤੇ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਹੈ ਕਿ ਚੋਣਾਂ ਸਾਫ-ਸੁਥਰੇ ਅਤੇ ਆਜ਼ਾਦਾਨਾ ਢੰਗ ਨਾਲ ਕਰਵਾਈਆਂ ਜਾਣ। ਆਮ ਲੋਕਾਂ ਨੂੰ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਨ ਲਈ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੋਣਾ ਚਾਹੀਦਾ। ਚੋਣਾਂ ਦੇ ਆਖਰੀ ਦੌਰ ਵਿੱਚ ਨਸ਼ਿਆਂ ਅਤੇ ਪੈਸੇ ਦੇ ਦਖਲ ਨੂੰ ਸਖਤੀ ਨਾਲ ਰੋਕਿਆ ਜਾਵੇ। ਪਿੰਡਾਂ ਦੇ ਮਾਹੌਲ ਨੂੰ ਬਣਾਏ ਰੱਖਣਾ ਵੀ ਬੇਹਦ ਜ਼ਰੂਰੀ ਹੈ। ਕਿਸੇ ਵੀ ਧਿਰ ਨੂੰ ਇਸ ਚੋਣ ਵਿੱਚ ਅਮਨ-ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਨਾਮਜ਼ਦਗੀਆਂ ਦੇ ਦਾਖਲੇ ਸਮੇਂ ਵਿਰੋਧੀ ਧਿਰ ਦੀਆਂ ਕਾਫੀ ਸ਼ਿਕਾਇਤਾਂ ਮਿਲੀਆਂ ਹਨ। ਕੁਝ ਪਿੰਡਾਂ ਵਿੱਚ ਜ਼ਬਰੀ ਸਰਬ ਸੰਮਤੀ ਦੇ ਦੋਸ਼ ਵੀ ਲਗਾਏ ਜਾ ਰਹੇ ਹਨ। ਅਜਿਹੀਆਂ ਸ਼ਿਕਾਇਤਾਂ ਦੀ ਸੁਣਵਾਈ ਪੰਜਾਬ-ਹਰਿਆਣਾ ਹਾਈਕੋਰਟ ਵੀ ਕਰ ਰਿਹਾ ਹੈ। ਜੇਕਰ ਅਦਾਲਤ ਇਸ ਸਬੰਧੀ ਸ਼ਿਕਾਇਤ ਕਰਨ ਵਾਲਿਆਂ ਦੇ ਪੱਖ ਵਿੱਚ ਕੋਈ ਫੈਸਲਾ ਦਿੰਦੀ ਹੈ ਤਾਂ ਇਹ ਪੰਜਾਬ ਸਰਕਾਰ ਅਤੇ ਕਾਂਗਰਸ ਲਈ ਬਹੁਤ ਨਾਮੋਸ਼ੀ ਵਾਲੇ ਹਾਲਾਤ ਹੋਣਗੇ। 30 ਦਸੰਬਰ ਨੂੰ ਵੋਟਾਂ ਵਾਲੇ ਦਿਨ ਵੀ ਇਸ ਪੱਖ ਤੋਂ ਵਿਸ਼ੇਸ਼ ਚੌਕਸੀ ਵਰਤੀ ਜਾਵੇ ਤਾਂ ਜੋ ਸਰਕਾਰ ਅਤੇ ਹੁਕਮਰਾਨ ਧਿਰ ਉਪਰ ਕੋਈ ਇਲਜ਼ਾਮ ਨਾ ਆਵੇ। ਪੰਚਾਇਤ ਚੋਣਾਂ ਵਿੱਚ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਬਚਾਉਣਾ ਅਤੇ ਕਾਇਮ ਰੱਖਣਾ ਬੇਹੱਦ ਜ਼ਰੂਰੀ ਹੈ। ਹੇਠਲੇ ਪੱਧਰ ਦੀਆਂ ਇਹ ਚੋਣਾਂ ਹੀ ਲੋਕਾਂ ਨੂੰ ਲੋਕਤੰਤਰੀ ਪ੍ਰਕਿਰਿਆ ਨਾਲ ਜੋੜਦੀਆਂ ਹਨ। ਅਸਲ ਵਿੱਚ ਪਿੰਡ ਲੋਕਤੰਤਰ ਦੀ ਮੁੱਢਲੀ ਇਕਾਈ ਹਨ। ਪਿੰਡਾਂ ਦੀ ਸਮੁੱਚੀ ਸਮਾਜਿਕ, ਆਰਥਿਕ ਅਤੇ ਰਾਜਸੀ ਜ਼ਿੰਦਗੀ ਪੰਚਾਇਤਾਂ ਦੁਆਲੇ ਹੀ ਘੁੰਮਦੀ ਹੈ। ਇਸ ਕਰਕੇ ਸਾਰੇ ਪਿੰਡਾਂ ਵਿੱਚ ਬਹੁਤ ਜ਼ਿੰਮੇਵਾਰ ਸਰਪੰਚ-ਪੰਚ ਚੁਣੇ ਜਾਣੇ ਚਾਹੀਦੇ ਹਨ। ਦਾਗੀ ਉਮੀਦਵਾਰਾਂ ਨੂੰ ਇਨ੍ਹਾਂ ਚੋਣਾਂ ਵਿੱਚ ਹਾਰ ਦੇਣੀ ਬੇਹਦ ਜ਼ਰੂਰੀ ਹੈ। ਪਿੰਡਾਂ ਦੇ ਵਿਕਾਸ ਨਾਲ ਜੁੜੇ ਮੁੱਦੇ ਬੇਹਦ ਅਹਿਮ ਹਨ। ਇਨ੍ਹਾਂ ਮੁੱਦਿਆਂ ਉਪਰ ਫਿਰ ਹੀ ਯੋਗ ਸਰਗਰਮੀ ਕੀਤੀ ਜਾ ਸਕਦੀ ਹੈ ਜੇਕਰ ਉਸਾਰੂ ਸੋਚ ਵਾਲੇ ਅਤੇ ਤਜ਼ਰਬੇਕਾਰ ਪੰਚ-ਸਰਪੰਚ ਬਣਾਏ ਜਾਣ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਪਿੰਡਾਂ ਦੇ ਵੋਟਰ ਇਨ੍ਹਾਂ ਚੋਣਾਂ ਵਿੱਚ ਬਹੁਤ ਸਿਆਣਪ ਨਾਲ ਫੈਸਲੇ ਲੈਣਗੇ। ਪਿੰਡ ਦੇਸ਼ ਲਈ ਚਾਨਣ ਹਨ। ਪਿੰਡਾਂ ਦੇ ਲੋਕਾਂ ਵੱਲੋਂ ਕੀਤੀ ਗਈ ਮਿਹਨਤ ਨਾਲ ਹੀ ਇਹ ਦੇਸ਼ ਅੱਗੇ ਵਧਿਆ ਹੈ। ਲਾਜ਼ਮੀ ਤੌਰ ’ਤੇ ਪੰਜਾਬ ਦੇ ਪਿੰਡ ਇਸ ਪੱਖ ਤੋਂ ਇਕ ਵੱਡੀ ਮਿਸਾਲ ਬਣਨਗੇ।
– ਬਲਜੀਤ ਸਿੰਘ ਬਰਾੜ

Send this to a friend