ਦੁਨੀਆਂ ਦੇ ਸਮੂਹ ਇਨਸਾਫ਼ ਪਸੰਦ ਲੋਕਾਂ ਅਤੇ ਸਿੱਖ ਭਾਈਚਾਰੇ ਲਈ ਇਹ ਬੇਹਦ ਖੁਸ਼ੀ ਦਾ ਮੁਕਾਮ ਹੈ ਕਿ ਆਖਰ 34 ਸਾਲਾਂ ਬਾਅਦ ਦਿੱਲੀ ਵਿੱਚ ਸਿੱਖ ਕਤਲੇਆਮ ਦੇ ਇਕ ਵੱਡੇ ਦੋਸ਼ੀ ਸੱਜਣ ਕੁਮਾਰ ਨੂੰ 5 ਸਿੱਖਾਂ ਦੇ ਕਤਲ ਦੇ ਦੋਸ਼ ਵਿੱਚ ਦਿੱਲੀ ਹਾਈਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਉਸ ਦੇ ਨਾਲ-ਨਾਲ ਅਦਾਲਤ ਨੇ ਕੈਪਟਨ ਭਾਗਮਲ, ਗਿਰਧਾਰੀ ਲਾਲ ਤੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ।ਇਸ ਤੋਂ ਇਲਾਵਾ ਅਦਾਲਤ ਨੇ ਦੋ ਹੋਰ ਦੋਸ਼ੀਆਂ ਕਿਸ਼ਨ ਖੋਖਰ ਤੇ ਸਾਬਕਾ ਵਕੀਲ ਮਹਿੰਦਰ ਯਾਦਵ ਦੀ ਸਜ਼ਾ 3 ਸਾਲ ਤੋਂ ਵਧਾ ਕੇ 10 ਸਾਲ ਕਰ ਦਿੱਤੀ ਹੈ।ਇਹ ਸਾਰੇ ਦੋਸ਼ੀ ਦਿੱਲੀ ਵਿੱਚ ਇਕ ਸਿੱਖ ਪਰਿਵਾਰ ਦੇ ਪੰਜ ਮੈਂਬਰਾਂ ਦੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਏ ਗਏ ਹਨ। ਪਹਿਲੀ ਨਵੰਬਰ 1984 ਵਿਚ ਭੀੜ ਨੇ ਦਿੱਲੀ ਕੈਂਟ ਦੇ ਰਾਜ ਨਗਰ ਇਲਾਕੇ ਵਿਚ ਬੀਬੀ ਜਗਦੀਸ਼ ਕੌਰ ਦੇ ਘਰ ’ਤੇ ਹਮਲਾ ਕੀਤਾ ਸੀ।ਸੱਜਣ ਕੁਮਾਰ ’ਤੇ ਇਲਜ਼ਾਮ ਸੀ ਕਿ ਉਹ ਹਮਲਾਵਰ ਭੀੜ ਦੀ ਅਗਵਾਈ ਕਰ ਰਿਹਾ ਸੀ।30 ਅਪ੍ਰੈਲ 2013 ਨੂੰ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਇਸ ਕਤਲੇਆਮ ਲਈ 5 ਜਣਿਆਂ ਨੂੰ ਦੋਸ਼ੀ ਠਹਿਰਾਇਆ ਸੀ।ਇਸ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਮਹਿੰਦਰ ਯਾਦਵ ਨੂੰ ਉਮਰ ਕੈਦ ਤੇ ਕੌਂਸਲਰ ਬਲਵਾਨ ਖੋਖਰ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਈ ਸੀ।ਸੱਜਣ ਕੁਮਾਰ ਨੂੰ ਅਦਾਲਤ ਨੇ ਬਰੀ ਕਰ ਦਿਤਾ ਸੀ।ਹੇਠਲੀ ਅਦਾਲਤ ਦੇ ਇਸ ਫੈਸਲੇ ਨੂੰ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ। ਇਸ ਕੇਸ ਨੂੰ ਲੜਨ ਲਈ ਸਿੱਖ ਭਾਈਚਾਰੇ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕੇਸ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਦੋਸ਼ੀਆਂ ਦੇ ਵਕੀਲਾਂ ਵੱਲੋਂ ਕੇਸ ਨੂੰ ਲਗਾਤਾਰ ਲੰਬਾ ਖਿੱਚਣ ਦੀ ਕੋਸ਼ਿਸ਼ ਕੀਤੀ ਗਈ। ਇਸ ਸਭ ਕੁੱਝ ਦੇ ਬਾਵਜੂਦ ਸਿੱਖ ਭਾਈਚਾਰੇ ਨੇ ਆਸ ਨਹੀਂ ਛੱਡੀ ਅਤੇ ਉਹ ਲਗਾਤਾਰ ਲੜਾਈ ਲੜਦਾ ਰਿਹਾ। ਬੇਸ਼ਕ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਦੌਰਾਨ ਦਿੱਲੀ ਸਣੇ ਭਾਰਤ ਦੇ ਕਈ ਸ਼ਹਿਰਾਂ ਵਿਚ ਹੋਏ ਸਿੱਖ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਹਾਲੇ ਤੱਕ ਸਜ਼ਾ ਨਹੀਂ ਮਿਲ ਸਕੀ ਪਰ ਇਕ ਵੱਡੇ ਦੋਸ਼ੀ ਨੂੰ ਸਜ਼ਾ ਮਿਲਣਾ ਕੁੱਝ ਕੁ ਰਾਹਤ ਵਾਲੀ ਗੱਲ ਹੈ। ਇਹ ਕਤਲੇਆਮ ਕਾਂਗਰਸ ਦੇ ਵੱਡੇ ਨੇਤਾਵਾਂ ਅਤੇ ਸਰਪ੍ਰਸਤੀ ਹੇਠ ਕੀਤਾ ਗਿਆ। ਬਾਅਦ ਵਿੱਚ ਕਾਂਗਰਸ ਸਰਕਾਰ ਦੇ ਦਬਾਅ ਕਾਰਨ ਹੀ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਮਿਲ ਸਕੀ। ਹੁਣ ਵੀ ਜੇਕਰ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਸ਼ਾਇਦ ਸੱਜਣ ਕੁਮਾਰ ਤੇ ਉਸ ਦੇ ਸਾਥੀ ਦਿੱਲੀ ਹਾਈਕੋਰਟ ਤੋਂ ਵੀ ਬਰੀ ਹੋ ਜਾਂਦੇ, ਪ੍ਰੰਤੂ ਬਦਲੇ ਹੋਏ ਹਾਲਾਤਾਂ ਕਾਰਨ ਹੀ ਦੋਸ਼ੀਆਂ ਨੂੰ ਸਜ਼ਾ ਮਿਲੀ ਹੈ। ਉਂਝ ਇਹ ਸਾਰੇ ਦੋਸ਼ੀ ਫਾਂਸੀ ਦੀ ਸਜ਼ਾ ਦੇ ਹੱਕਦਾਰ ਹਨ। ਸਿੱਖ ਕਤਲੇਆਮ ਇਕ ਵੱਡਾ ਅਪਰਾਧ ਸੀ। ਇਸ ਦੇ ਸਾਰੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਦਹਾਕਿਆਂ ਬਾਅਦ ਸਿੱਖ ਭਾਈਚਾਰੇ ਨੂੰ ਜੇਕਰ ਕੁਝ ਨਾ ਕੁਝ ਰਾਹਤ ਮਿਲੀ ਹੈ ਤਦ ਇਹ ਕਿਸੇ ਵੱਲੋਂ ਦਿੱਤੀ ਗਈ ਸੌਗਾਤ ਨਹੀਂ ਹੈ, ਸਗੋਂ ਸਿੱਖ ਭਾਈਚਾਰੇ ਵੱਲੋਂ ਲੜੀ ਗਈ ਕਾਨੂੰਨੀ ਲੜਾਈ ਦੀ ਬਦੌਲਤ ਹੀ ਇਕ ਵੱਡਾ ਦੋਸ਼ੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾ ਰਿਹਾ ਹੈ। ਅਦਾਲਤਾਂ ਵੱਲੋਂ ਜੇਕਰ ਅਜਿਹਾ ਹੀ ਵਤੀਰਾ ਅਪਣਾਇਆ ਜਾਵੇ ਤਦ ਦੂਸਰੇ ਦੋਸ਼ੀਆਂ ਨੂੰ ਵੀ ਇਸੇ ਤਰ੍ਹਾਂ ਸਜ਼ਾ ਮਿਲ ਸਕਦੀ ਹੈ। ਉਮੀਦ ਕਰਦੇ ਹਾਂ ਕਿ ਦੇਸ਼ ਦਾ ਨਿਆ ਪ੍ਰਬੰਧ ਸਿੱਖ ਭਾਈਚਾਰੇ ਨੂੰ ਮੁਕੰਮਲ ਇਨਸਾਫ ਪ੍ਰਦਾਨ ਕਰੇਗਾ।
– ਬਲਜੀਤ ਸਿੰਘ ਬਰਾੜ