ਅੱਜ ਹਰ ਇੱਕ ਸ਼ਹਿਰ ਜਾ ਕਸਬੇ ਵਿੱਚ ਆਪਣੀਆਂ ਹੀ ਜੜ੍ਹਾਂ ਤੋਂ ਦੂਰ ਹੋਣ ਵਾਲੇ ਇਸ਼ਤਿਹਾਰ ਲੱਗੇ ਮਿਲਦੇ ਹਨ, ਨਗਰ-ਨਗਰ ਵਿੱਚ ਬਿਰਧ-ਆਸ਼ਰਮ ਖੁੱਲ ਰਹੇ ਹਨ, ਜਗ੍ਹਾ-ਜਗ੍ਹਾ ਬੋਰਡ ਤੇ ਲਿਖਿਆ ਮਿਲਦਾ ਕਿ ਫਲਾਣੀ ਜਗ੍ਹਾ ਬਿਰਧ-ਆਸ਼ਰਮ ਦਾ ਉਦਘਾਟਨ ਹੋ ਰਿਹਾ ਹੈ, ਫਲਾਣੇ ਮੰਤਰੀ ਜੀ ਆਪਣੇ ਕਰ ਕਮਲਾਂ ਨਾਲ ਬਿਰਧ-ਆਸ਼ਰਮ ਦਾ ਨੀਂਹ ਪੱਥਰ ਰੱਖਣਗੇ, ਉਹ ਬਹੁਤ ਹੀ ਸਮਾਜ ਸੇਵਕ ਹਨ! ਫਲਾਣਾ ਫਲਾਣਾ …. ਦੇਖ ਸੁਣ ਕੇ ਹੈਰਾਨੀ ਹੁੰਦੀ ਕਿ ਸਾਡੇ ਬਜ਼ੁਰਗ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ, ਪਾਲਿਆ, ਪੜ੍ਹਾਇਆ-ਲਿਖਾਇਆ, ਕੀ ਹੁਣ ਸਾਡੇ ਪਾਸ ਇਹਨਾ ਲਈ ਕੋਈ ਥਾਂ ਨਹੀਂ ? ਕਿ ਅਸੀਂ ਇਨ੍ਹਾਂ ਨੂੰ ਰੋਟੀ-ਕੱਪੜਾ ਦੇਣ ਜੋਗੇ ਵੀ ਨਹੀਂ ਰਹੇ? ਕੀ ਇਹਨਾ ਦਾ ਸਾਡੇ ਉਤੇ ਕੋਈ ਹੱਕ ਨਹੀਂ ? ਕੀ ਅਸੀਂ ਮਾਂ-ਬਾਪ ਨੂੰ ਘਰ ਵਿੱਚ ਰੱਖ ਕੇ ਉਹਨਾਂ ਦੀ ਸੇਵਾ ਨਹੀਂ ਕਰ ਸਕਦੇ ? ਅਸੀਂ ਮਾਂ-ਬਾਪ ਦਾ ਕਰਜ ਤਾਂ ਕਦੇ ਵੀ ਨਹੀ ਲਾਹ ਸਕਦੇ। ਸਾਡੇ ਮਾਤਾ-ਪਿਤਾ ਨੇ ਜੋ ਸਾਨੂੰ ਦੇਣ ਦਿੱਤੀ ਹੈ, ਉਹਨੂੰ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ। ਪਰ ਅੱਜ ਦੀ ਨਵੀਂ ਪੀੜ੍ਹੀ ਆਪਣੇ ਬਜੁਰਗਾਂ ਨੂੰ ਆਪਣੇ ਰਾਹ ਦਾ ਰੋੜਾ ਸਮਝਦੀ ਹੈ, ਉਹਨਾਂ ਦੀ ਕਿਸੇ ਗੱਲ ਨੂੰ ਸੁਣਨ ਲਈ ਤਿਆਰ ਨਹੀਂ। ਪੱਛਮੀ ਪ੍ਰਭਾਵ ਹੇਠਾਂ ਉਹਨਾਂ ਨੂੰ ਇਹ ਕਹਿ ਕੇ ਛੁਟਕਾਰਾ ਪਾਉਣ ਦਾ ਯਤਨ ਕਰਦੀ ਹੈ ਕਿ ਤੁਹਾਨੂੰ ਕੀ ਪਤਾ ਹੈ? ਤੁਸੀ ਸਾਡੇ ਕੰਮ ਵਿੱਖ ਦਖਲਅੰਦਾਜੀ ਨਾ ਕਰੋ, ਸਾਨੂੰ ਤੁਹਾਡੇ ਨਾਲੋ ਜਿਆਦਾ ਪਤਾ ਹੈ।
ਇੱਕ ਬਜ਼ੁਰਗ ਆਪਣੀ ਗੱਲ ਦੱਸਦਾ ਕਿ ਜਦੋਂ ਮੇਰੇ ਤੇ ਜਆਨੀ ਸੀ ਤੇ ਕਮਾਈ ਕਰਦਾ ਸੀ ਤਾਂ ਘਰ ਦੇ ਸਾਰੇ ਜੀਅ ਮੇਰੇ ਨਾਲ ਪਿਆਰ ਕਰਦੇ ਸਨ। ਹੁਣ ਬੁਢਾਪਾ ਆ ਗਿਆ ਤਾਂ ਸਾਰੇ ਵਿਰੋਧੀ ਬਣ ਬੈਠੇ ਹਨ। ਜੇਕਰ ਘਰ ਵਿੱਚ ਕਿਤੇ ਉਹਨਾਂ ਦੀ ਗੱਲ ਵਿੱਚ ਬੋਲਦਾ ਹਾਂ ਤਾਂ ਅੱਗੋ ਮੈਨੂੰ ਕਹਿੰਦੇ ਨੇ ਬਈ ਬਾਪ੍ਯੂ! ਤੇਰੀ ਤੇਰੇ ਨਾਲ ਬੀਤ ਗਈ, ਹੁਣ ਸਾਡੀ ਵਾਰੀ ਹੈ। ਸਾਨੂੰ ਚੰਗੇ ਮਾੜੇ ਦਾ ਸਭ ਗਿਆਨ ਹੈ। ਤੂੰ ਤਾਂ ਇੱਕ ਕੰਮ ਕਰ ਕਿ ਸੋਟੀ ਫੜ ਕੇ ਦਰਵਾਜੇ ਅੱਗੇ ਬੈਠ ਜਾਹ ਤੇ ਧਿਆਨ ਰੱਖ ਕਿ ਕੋਈ ਕੁੱਤਾ-ਬਿੱਲੀ ਅੰਦਰ ਨਾ ਆ ਜਾਵੇ।
ਏਥੇ ਹੀ ਬੱਸ ਨਹੀਂ, ਅਸੀਂ ਆਪਣੇ ਬਜ਼ੁਰਗਾਂ ਨੂੰ ਚੰਗੀ ਰੋਟੀ ਦੇਣ ਦੀ ਬਜਾਇ ਜੋ ਕੁੱਝ ਬੱਚੀ-ਖੁਚੀ ਹੁੰਦੀ ਹੈ, ਉਹ ਅਸੀਂ ਅੱਗੇ ਰੱਖ ਦੇਂਦੇ ਹਾਂ। ਜੇ ਕੋਈ ਕਪੜਾ ਦੇਂਦੇ ਹਾਂ ਤਾਂ ਉਹ ਵੀ ਮਾੜੇ ਤੋਂ ਮਾੜਾ। ਜੇਕਰ ਕੋਈ ਚੀਜ ਦੇਂਦੇ ਹਾਂ ਤਾਂ ਉਹ ਵੀ ਮਾੜੀ ਤੋਂ ਮਾੜੀ। ਰੋਟੀ ਪਾਣੀ ਦੇਣ ਵੇਲੇ ਵੀ ਅਸੀਂ ਉਹੀ ਦੇਂਦੇ ਹਾਂ ਜਿਹੜੀ ਸਾਨੂੰ ਚੰਗੀ ਨਾ ਲੱਗੇ। ਸਾਡੇ ਗੁਰੂਆਂ, ਪੀਰਾਂ, ਅਵਤਾਰਾਂ-ਪੈਗੰਬਰਾਂ ਨੇ ਸਾਨੂੰ ਵੱਡਿਆਂ ਦਾ ਸਤਿਕਾਰ ਕਰਨ ਵਾਸਤੇ ਆਖਿਆ। ਮਾਂ ਬਾਪ ਦਾ ਸਤਿਕਾਰ ਕਰਨਾ ਸਾਡਾ ਹਰੇਕ ਦਾ ਫਰਜ਼ ਬਣਦਾ ਹੈ।
ਇੱਕ ਛੋਟੀ ਜਿਹੀ ਕਹਾਣੀ ਹੈ ਕਿ ਇੱਕ ਆਦਮੀ ਆਪਣੀ ਘਰਵਾਲੀ ਦੇ ਮਗਰ ਲੱਗ ਆਪਣੇ ਬਜੁਰਗ ਪਿਤਾ ਨੂੰ ਮੋਢੇ ਤੇ ਚੁੱਕ ਕੇ ਨਦੀ ਵਿੱਚ ਸੁੱਟਣ ਵਾਸਤੇ ਜਾ ਰਿਹਾ ਸੀ। ਜਦੋਂ ਸੁੱਟਣ ਲੱਗਾ ਤਾਂ ਬਜੁ ਨੇ ਕਿਹਾ,ੌਪੁੱਤਰ! ਏਥੇ ਤਾਂ ਮੈਂ ਆਪਣੇ ਬਾਪੂ ਨੂੰ ਸੁੱਟ ਕੇ ਗਿਆ ਸੀ, ਤੂੰ ਥੋੜਾ ਅੱਗੇ ਕਰ ਕੇ ਸੁੱਟ। ਕੱਲ ਤੇਰੀ ਵਾਰੀ ਵੀ ਆਉਣੀ ਏ।ੌ ਇਹ ਸੁਣ ਕੇ ਉਹਦੇ ਪੁੱਤਰ ਦੀਆਂ ਅੱਖਾਂ ਖੁੱਲ੍ਹ ਗਈਆਂ। ਉਹ ਆਪਣੇ ਬਾਪੂ ਨੂੰ ਘਰ ਵਾਪਸ ਲੈ ਕੇ ਆਇਆ ਤੇ ਮਾਫੀ ਮੰਗੀ। ਸੋ ਅੱਜ ਅਸੀਂ ਆਪਣੇ ਮਾਂ-ਬਾਪ ਨੂੰ ਆਸ਼ਰਮਾਂ ਵਿੱਚ ਭੇਜਦੇ ਹਾਂ ਜਾਂ ਜਾਣ ਲਈ ਮਜਬੂਰ ਕਰਦੇ ਹਾਂ ਤਾਂ ਆਉਣ ਵਾਲਾ ਸਮਾਂ ਸਾਡੇ ਵਾਸਤੇ ਵੀ ਤਿਆਰ ਹੈ। ਫਿਰ ਸਾਨੂੰ ਵੀ ਉਥੇ ਜਾਣ ਦੀ ਤਿਆਰੀ ਹੁਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ।
ਏਸ ਤੋਂ ਵੱਡਾ ਪਾਪ ਹੀ ਕੋਈ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਹਨ:
ਨਾ ਤਿਸ ਭਾਰੇ ਪਰਬਤਾਂ
ਅਸਮਾਨ ਖਹੰਦੇ।
ਨਾ ਤਿਸ ਭਾਰੇ ਕੋਟ ਗੜ੍ਹ
ਘਰ ਬਾਰ ਦਿਸੰਦੇ।
ਨਾ ਤਿਸ ਭਾਰੇ ਸ਼ਾਇਰਾਂਨਦ
ਵਾਹ ਵਹੰਦੇ।
ਨਾ ਤਿਸ ਭਾਰੇ ਤਰੁਵਰ ਫਲ
ਸੁਫਲ ਫਲੰਦੇ।
ਨਾ ਤਿਸ ਭਾਰੇ ਜੀਅ ਜੰਤ
ਅਣਗਣਤ ਫਿਰੰਦੇ।
ਭਾਰੇ ਭੁਈ ਅਕਿਰਤਘਣ
ਮੰਦੀ ਹੂੰ ਮੰਦੇ॥
ਭਾਵ- ਅਸਮਾਨ ਨਾਲ ਛੂੰਹਦੇ ਪਹਾੜ ਧਰਤੀ ਨੂੰ ਭਾਰੇ ਨਹੀਂ। ਅਨੇਕ ਕਿਲੇ ਤੇ ਧਰਤੀ ਤੇ ਬਣੇ ਘਰ-ਬਾਰ ਧਰਤੀ ਨੂੰ ਬੋਝ ਨਹੀਂ। ਅਨੇਕ ਵਗਦੇ ਨਦੀਆਂ-ਨਾਲੇ, ਦਰਿਆ ਵੀ ਧਰਤੀ ਤੇ ਭਾਰੂ ਨਹੀਂ। ਤਰ੍ਹਾਂ-ਤਰ੍ਹਾਂ ਦੇ ਫਲਾਂ ਤੇ ਫੁੱਲਾਂ ਨਾਲ ਲੱਦੇ ਦਰਖਤ ਵੀ ਭਾਰੀ ਨਹੀਂ ਲਗਦੇ। ਧਰਤੀ ਤੇ ਵਸਦੇ ਅਨੇਕ ਜੀਵ ਵੀ ਧਰਤੀ ਨੂੰ ਭਾਰੇ ਨਹੀ। ਪਰ ਇਹਨਾਂ ਸਭਨਾ ਨਾਲੋ ਭਾਰੀ ਬੋਝ ਧਰਤੀ ਨੂੰ ਅਕਿਰਤਘਣ ਲਗਦੇ ਹਨ।
ਬੜੀਆਂ ਆਸਾਂ ਉਮੀਦਾ ਦਿਲ ਵਿੱਚ ਰੱਖ ਕੇ ਮਾਂ ਪੁੱਤਰ ਨੂੰ ਜਨਮ ਦਿੰਦੀ। ਉਸ ਨੂੰ ਪਾਲਦੀ ਹੈ, ਵੱਡਾ ਕਰਦੀ ਹੈ। ਸਮੇਂ-ਸਮੇਂ ਦਾ ਠੰਢਾ ਜਾਂ ਗਰਮ ਕੱਪੜਾ ਲੈ ਕੇ ਦਿੰਦੀ ਹੈ, ਵਧੀਆ ਤੋਂ ਵਧੀਆ ਖਾਣ ਨੂੰ ਦਿੰਦੀ ਹੈ। ਸਕੂਲ-ਕਾਲਜ ਭੇਜ ਕੇ ਚੰਗੇ ਤੋਂ ਚੰਗੇ ਅਧਿਆਪਕਾਂ ਪ੍ਰੋਫੈਸਰਾਂ ਤੋਂ ਸਿੱਖਿਆ ਦਿਵਾਉਂਦੀ ਹੈ। ਪੜ੍ਹਨ-ਪੜ੍ਹਾਉਂਣ ਤੋਂ ਬਾਅਦ ਮੰਗਣ ਵਿਆਹੁਣ ਦੀਆਂ ਸੋ-ਸੋ ਸੋਚਾਂ ਸੋਚਦੇ ਹਨ ਘਰ ਨੂੰਹ ਆਵੇਗੀ, ਸਾਡੀ ਸੇਵਾ ਕਰੇਗੀ। ਪਰ ਉਹਨਾਂ ਦੀਆਂ ਆਸਾਂ ਉਮੀਦਾਂ ਤੇ ਉਦੋਂ ਪਾਣੀ ਫਿਰ ਜਾਂਦਾ ਹੈ ਜਦੋਂ ਨੂੰਹ ਆਉਂਦਿਆਂ ਹੀ ਪੁੱਤਰ ਨੂੰ ਲੈ ਕੇ ਅੱਡ ਹੋ ਜਾਂਦੀ ਹੈ। ਕਹਿਣ ਤੋਂ ਭਾਵ ਜਿਸ ਮਨੁੱਖ ਦੇ ਮਨ ਵਿੱਚ ਮਾਂ ਬਾਪ ਦੇ ਕੀਤੇ ਉਪਕਾਰ ਦਾ ਅਹਿਸਾਸ ਨਹੀਂ, ਜਿਸ ਦੇ ਮਨ ਵਿੱਚ ਮਾਂ-ਬਾਪ ਦਾ ਨਿਰਛਲ ਮੋਹ ਪਿਆਰ ਨਹੀਂ ਰੱਖਦਾ, ਉਹ ਜੋ ਵੀ ਆਪਣੇ ਵੱਲੋਂ ਚੰਗੇ ਤੋਂ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਸ ਦੇ ਕਰਨ ਦਾ ਕੋਈ ਫਾਇਦਾ ਨਹੀਂ। ਉਸ ਦੇ ਸਭ ਕੰਮ ਬੇਕਾਰ ਜਾਂਦੇ ਹਨ ਜਦੋ ਤੱਕ ਉਸ ਦੇ ਮਾਂ-ਬਾਪ ਉਸ ਦੀ ਕੀਤੀ ਤੋਂ ਸੰਤੁਸ਼ਟ ਨਹੀਂ ਹੁੰਦੇ, ਸੋ ਮਾਂ-ਬਾਪ ਵੀ ਆਪਣੀ ਸੰਤਾਨ ਨਾਲ ਮਾਪਿਆ ਵਾਲਾ ਵਰਤਾਓ ਰੱਖਣ, ਆਪਣੀ ਔਲਾਦ ਵਿੱਚ ਕਿਸੇ ਕਿਸਮ ਦਾ ਫਰਕ ਨਾ ਰੱਖਣ, ਹਰ ਇੱਕ ਬੱਚੇ ਨੂੰ ਬਰਾਬਰ ਸਮਝਣ। ਜਿਥੇ ਬੱਚਿਆਂ ਦਾ ਫਰਜ਼ ਹੈ ਮਾਂ-ਬਾਪ ਦੀ ਸੇਵਾ ਕਰਨਾ, ਉਥੇ ਮਾਂ ਬਾਪ ਵੀ ਆਪਣੀ ਇਸ ਜਿੰਮੇਵਾਰੀ ਤੋਂ ਮੁਕਰ ਨਹੀਂ ਸਕਦੇ। ਸੋ ਮਾਂ ਬਾਪ ਵੀ ਆਪਣਾ ਫਰਜ਼ ਪਛਾਨਣ।
– ਨਿਸ਼ਾਨ ਸਿੰਘ



