Skip to content
Independent perspectives. Global stories.
BREAKING

ਸ਼ਰੀਕਾਂ ਦੀ ਬਰਾਤ

Share this story

‘ਲੈ ਬਈ ਭਤੀਜ ਨਵੇਂ ਲੀੜੇ ਸਿਲਾ ਲੋ ਸਾਰਾ ਟੱਬਰ, ਵਿਆਹ ਆ ਗਿਆ ਅਪਣੇ ਮੀਤੇ ਦਾ , ਜੰਨ ਚੱਲਣਾ ਹੋਊ’, ਅਪਣੇ ਮੁੰਡੇ ਦੇ ਵਿਆਹ ਦਾ ਸੱਦਾ ਪੱਤਰ ਦੇਣ ਆਏ ਚਾਚੇ ਪਾਲੇ ਨੇ ਕੁਰਸੀ ’ਤੇ ਬਹਿੰਦਿਆਂ ਇੱਕ ਤਰ੍ਹਾਂ ਹੁੱਕਮ ਹੀ ਸੁਣਾ ਦਿੱਤਾ। ਚਾਚਾ ਪਾਲਾ ਪੰਜ ਭਰਾਵਾਂ ’ਚੋਂ ਸਭ ਤੋਂ ਛੋਟਾ ਸੀ। ਜੱਟਾਂ ਨਾਲ ਸੀਰੀ ਰਲਦੇ ਪੰਜੇ ਪੁੱਤਾਂ ਦੀ ਕਮਾਈ ਦੇ ਸਿਰ ’ਤੇ ਉਸ ਦੇ ਬਾਪ ਬਿਸਨੇ ਬੁੱੜ੍ਹੇ ਨੇ ਕਦੇ ਡੱਕਾ ਦੂਹਰਾ ਨਹੀਂ ਸੀ ਕੀਤਾ।
‘ਲੈ ਐਹਨਾ ਦੇ ਜੰਮਣ ਆਲਿਆਂ ਨੂੰ ਸ਼ਰਮ ਨ੍ਹੀ ਆਉਂਦੀ, ਆਪ ਸਾਰਾ ਟੱਬਰ ਜੱਟਾਂ ਦੇ ਗੋਹੇ ਕੂੜੇ ਕਰਦਾ ਫਿਰਦਾ, ਜੁਆਕਾਂ ਨੂੰ ਪੜ੍ਹਾ ਕੇ ਬਣਾਉਣਗੇ ਠਾਣੇਦਾਰ; ਬਈ ਇਹਨਾਂ ਨੂੰ ਭੇਡਾਂ ਚਾਰਨ ਲਾਓ, ਨਾਲੇ ਕਮਾਉਣਗੇ ਨਾਲੇ ਅਗਲਿਆਂ ਦੇ ਘਰੋਂ ਖਾਣਗੇ’, ਉਹ ਸਵੇਰੇ ਹੀ ਹੁੱਕੇ ਦੀ ਚਿਲਮ ਭਰ ਕੇ ਗਲੀ ਦੇ ਮੋੜ ’ਤੇ ਬਣੇ ਪੱਕੇ ਥੜ੍ਹੇ ’ਤੇ ਬੈਠਾ ਸਕੂਲ ਜਾਂਦੇ ਵਿਹੜੇ ਦੇ ਜੁਆਕਾਂ ਨੂੰ ਵੇਖ ਕੇ ਬੁੜ ਬੁੜ ਕਰਦਾ ਰਹਿੰਦਾ। ਪੇਟ ਘਰੋੜੀ ਦਾ ਹੋਣ ਕਰਕੇ ਮਾਂ ਗੁਲਾਬੋ ਤੇ ਪਿਓ ਬਿਸ਼ਨੇ ਨੇ ਚਾਚੇ ਪਾਲੇ ਨੂੰ ਪੂਰੇ ਲਾਡਾਂ ਨਾਲ ਪਾਲਿਆ। ਸੀਰੀ ਰਲਦੇ ਚਾਰੇ ਭਾਈਆਂ ਤੇ ਮਾਂ ਪਿਓ ਦੇ ਸਿਰ ’ਤੇ ਪਾਲੇ ਨੇ ਪੂਰੀ ਐਸ਼ ਕੀਤੀ ਸੀ।
‘ਚਾਚਾ ਕਿਵੇਂ ਬਹੁਤਾ ਈ ਬੀਤਿਆ ਪਿਐਂ’, ਮੈਂ ਚਾਚੇ ਪਾਲੇ ਦੇ ਮਾੜਕੂ ਜਿਹੇ ਸਰੀਰ ਵੱਲ ਵੇਖਦਿਆਂ ਪੁੱਛਿਆ।
‘ਬੱਸ ਭਤੀਜ, ਭੱਠੇ ’ਤੇ ਇੱਟਾਂ ਦੀ ਪਥੇਰ ਕਰਨੀ ਕਿਹੜਾ ਸੁਖਾਲੀ ਆ, ਉਪਰੋਂ ਕਬੀਲਦਾਰੀ ਦਾ ਬੋਝ ਸਰੀਰ ਨੂੰ ਸਾਰਾ ਦਿਨ ਖਾਈ ਜਾਂਦਾ, ਮੈਂ ਤਾਂ ਜੁਆਕਾਂ ਨੂੰ ਬਥੇਰਾ ਜੋਰ ਲਾਇਆ ਬਈ ਚਾਰ ਜਮਾਤਾਂ ਪੜ੍ਹ ਲਿਖ ਕੇ ਰੋਜੀ ਰੋਟੀ ਜੋਗੇ ਹੋ ਜਾਣ ਪਰ ਕੰਜਰਾਂ ਦੀ ਕਿਸਮਤ ਈ ਮਾੜੀ ਨਿਕਲੀ। ਹੁਣ ਫਿਰ ਸੋਚਿਆ ਵੱਡੇ ਮੀਤੇ ਦਾ ਤਾਂ ਵਿਆਹ ਈ ਕਰ ਦਿੰਨੇ ਆਂ’। ਉਹ ਕੁਰਸੀ ’ਤੇ ਦੋਵੇਂ ਪੈਰ ਰੱਖ ਕੇ ਬਹਿ ਗਿਆ।
‘ਚਾਚਾ ਅੱਜ ਕੱਲ੍ਹ ਮੀਤਾ ਕੀ ਕਰਦਾ ?
‘ਕਰਨਾ ਕੀ ਆ, ਸੁਆਹ, ਮੇਰੇ ਨਾਲ ਈ ਭੱਠੇ ’ਤੇ ਧੱਕੇ ਖਾਂਦਾ’, ਉਹ ਚਾਹ ਦਾ ਕੱਪ ਦੋ ਤਿੰਨ ਛੜ੍ਹਾਕਿਆਂ ’ਚ ਵਿਹਲਾ ਕਰਕੇ ਖੜ੍ਹਾ ਹੋ ਗਿਆ।
‘ ਸਾਰੇ ਟੱਬਰ ਨੇ ਤਿੰਨੇ ਦਿਨ ਰਹਿਣੈ ਵਿਆਹ ’ਚ, ਚੁੱਲ੍ਹੇ ਨਿਉਂਦਾ ਥੋਨੂੰ, ਵਿਆਹ ਸਾਦੀਆਂ ਤਾਂ ਆਪਦਿਆਂ ਨਾਲ ਈ ਚੰਗੀਆਂ ਲਗਦੀਆਂ’। ਪਾਲਾ ਜਾਂਦਾ ਹੋਇਆ ਕਈ ਪੀੜ੍ਹੀਆਂ ਤੋਂ ਨਿਭਦੇ ਆਏ ਪਰਿਵਾਰਕ ਰਿਸਤਿਆਂ ਨੂੰ ਯਾਦ ਕਰਵਾ ਗਿਆ।
ਮੇਰੀਆਂ ਅੱਖਾਂ ਸਾਹਮਣੇ ਕਈ ਦਹਾਕੇ ਪਹਿਲਾਂ ਪਾਲੇ ਦੀ ਬਰਾਤ ਦਾ ਦ੍ਰਿਸ਼ ਘੁੰਮਣ ਲੱਗਿਆ। ਉਦੋਂ ਮੈਂ ਨੌਂਵੀਂ ਜਮਾਤ ’ਚ ਪੜ੍ਹਦਾ ਸਾਂ। ਹਾੜ ਮਹੀਨੇ ਪਾਲੇ ਦੀ ਬਰਾਤ ਧੂਰੀ ਨੇੜਲੇ ਪਿੰਡ ਘਨੌਰੀ ਜਾਣੀ ਸੀ। ਉਸ ਦੀ ਮਾਂ ਗੁਲਾਬੋ ਸਾਰੇ ਵਿਹੜੇ ਵਿੱਚ ਹੁੱਬ ਹੁੱਬ ਕੇ ਦਸਦੀ ਕਿ ਪਾਲੇ ਦੇ ਸਹੁਰਿਆਂ ਨੇ ਜੰਨ ਨੂੰ ਮੇਜ ਕੁਰਸੀਆਂ ’ਤੇ ਬਿਠਾ ਕੇ ਰੋਟੀ ਖਵਾਉਣੀ ਹੈ। ਚੁੱਲ੍ਹੇ ਨਿਉਂਦਾ ਹੋਣ ਕਰਕੇ ਸਾਡਾ ਸਾਰਾ ਟੱਬਰ ਤਿੰਨ ਦਿਨ ਪਾਲੇ ਦੇ ਵਿਆਹ ’ਚ ਕੰਮ ਕਰਵਾਉਂਦਾ ਰਿਹਾ। ਜੰਨ ਜਾਣ ਦੇ ਲਾਲਚ ਵਿੱਚ ਮੈਂ ਉਨ੍ਹਾਂ ਦੇ ਘਰ ਕੜਾਹੇ ਕੜਾਹੀਆਂ ਮਾਂਜਣ, ਭਾਂਡੇ ਧੋਂਣ, ਮੇਲ ਆਏ ਪ੍ਰਾਹੁਣਿਆਂ ਨੂੰ ਨਹੁਣ ਵਾਸਤੇ ਨਲਕਾ ਗੇੜਨ ਤੇ ਰੋਟੀ ਖਵਾਉਣ ਵਰਗੇ ਸਾਰੇ ਕੰਮ ਭੱਜ ਭੱਜ ਕਰਦਾ ਰਿਹਾ। ਰਾਤ ਨੂੰ ਪਾਲੇ ਦੀ ਜੰਨ ’ਚ ਮੇਜ ਕੁਰਸੀਆਂ ’ਤੇ ਬਹਿ ਕੇ ਰੋਟੀ ਖਾਣ ਦੇ ਸੁਪਨੇ ਆਉਂਦੇ ਰਹੇ। ਸਵੇਰੇ ਜੰਨ ਚੜ੍ਹਨ ਵੇਲੇ ਲਾੜੇ ਵਾਸਤੇ ਕਿਰਾਏ ’ਤੇ ਅੰਬੈਸਡਰ ਕਾਰ ਮੰਗਵਾਈ ਗਈ ਸੀ। ਬਾਕੀ ਜੰਨ ਲਈ ਪਿੰਡ ’ਚੋਂ ਇੱਕ ਜਿਮੀਂਦਾਰ ਡੀ.ਟੀ. ਚੌਦਾਂ ਟਰੈਕਟਰ ਪਿੱਛੇ ਪਾਈ ਟਰਾਲੀ ਨਾਲ ਤਿਆਰ ਖੜ੍ਹਾ ਸੀ। ਜਦੋਂ ਜੰਨ ਤੁਰਨ ਲੱਗੀ ਤਾਂ ਮੈਂ ਵੀ ਟਰਾਲੀ ਦੇ ਡਾਲੇ ਨਾਲ ਲਮਕ ਗਿਆ। ਕੱਚੇ ਰਾਹ ਜਾਂਦਿਆਂ ਹਾਲੇ ਤਿੰਨ ਕੁ ਮੀਲ ਦੂਰ ਅਲੀਪੁਰ ਪਿੰਂਡ ਹੀ ਲੰਘੇ ਹੋਵਾਂਗੇ ਟਰਾਲੀ ਨਾਲ ਲਮਕਦਿਆਂ ਮੇਰੇ ਹੱਥ ਝੂਠੇ ਪੈਣ ਲੱਗੇ। ਡਰਦਾ ਡਰਦਾ ਟਰਾਲੀ ਵਿੱਚ ਚੜ੍ਹ ਗਿਆ।
‘ਲੈ ਆਹ ਵੀ ਆ ਗਿਆ, ਸ਼ਰਮ ਨੀ ਆਉਂਦੀ ਭੇਜਣ ਆਲਿਆਂ ਨੂੰ , ਇਹਦੇ ਲੀੜੇ ਤਾਂ ਦੇਖ, ਹੁਣ ਘਨੌਰੀ ਜਾ ਕੇ ਜਾਤ ਦਿਖਾਊ’, ਟਰਾਲੀ ਵਿਚ ਬੈਠੇ ਬਰਾਤੀ ਮੈਨੂੰ ਵੇਖ ਕੇ ਤਰ੍ਹਾਂ ਤਰ੍ਹਾਂ ਦੇ ਸ਼ਬਦੀ ਬਾਣ ਛੱਡਣ ਲੱਗੇ। ਮੈਂ ਡਰਿਆ ਹੋਇਆ ਟਰਾਲੀ ਦੇ ਖੂੰਜੇ ਭਿੱਜੀ ਬਿੱਲੀ ਵਾਂਗ ਦੜਿਆ ਬੈਠਾ ਰਿਹਾ। ਘਨੌਰੀ ਪਹੁੰਚ ਕੇ ਬਰਾਤੀ ਟਰਾਲੀ ’ਚੋਂ ਉਤਰ ਕੇ ਧਰਮਸਾਲਾ ’ਚ ਡਾਹੇ ਮੰਜਿਆਂ ’ਤੇ ਜਾ ਬੈਠੇ। ਮੈਂ ਵੀ ਇੱਕ ਖੂੰਜੇ ਬੈਠੇ ਵਾਜੇ ਵਾਲਿਆਂ ਕੋਲ ਜਾ ਬੈਠਿਆ।
‘ਸੁਣ ਉਏ ਕੰਨਲਾ ਜਿਹਾ, ਐਥੈ ਈ ਬਹਿਣਾ , ਜੇ ਨਾਲ ਆਇਆਂ ਤੇਰੇ ਕੰਨ ਪੱਟ ਦੂੰ’। ਪਾਲੇ ਦਾ ਬਾਪ ਬਿਸ਼ਨਾ ਬੁੜ੍ਹਾ ਮੇਰੇ ਵੱਲ ਵੱਢ ਖਾਣਿਆਂ ਵਾਂਗੂ ਵੇਖਣ ਲੱਗਿਆ। ਜੰਨ ਚਾਹ ਪੀਣ ਲਈ ਕੁੜੀ ਵਾਲਿਆਂ ਦੇ ਘਰ ਵੱਲ ਤੁਰ ਪਈ। ਦੱਬਵੇਂ ਪੈਰੀਂ ਮੈਂ ਵੀ ਪਿਛੇ ਪਿੱਛੇ ਤੁਰ ਪਿਆ। ਕਨਾਤਾਂ ਦੀਆਂ ਝੀਥਾਂ ਵਿੱਚੋਂ ਮੇਜਾਂ ਦੁਆਲੇ ਖੜ੍ਹ ਕੇ ਗੁਲਾਬ ਜਾਮਣਾਂ ਤੇ ਰਸ਼ਗੁੱਲੇ ਖਾਂਦੇ ਨਾਲ ਦੇ ਬਰਾਤੀਆਂ ਨੂੰ ਵੇਖ ਕੇ ਮੂੰਹ ’ਚ ਪਾਣੀ ਦੇ ਨਾਲ ਨਾਲ ਅੱਖਾਂ ਵੀ ਭਰ ਆਈਆਂ। ਕੋਈ ਬਰਾਤੀ ਜਦੋਂ ਗੁਲਾਬ ਜਾਮਣ ਮੂੰਹ ’ਚ ਪਾਉਂਦਾ ਤਾਂ ਵੇਖ ਕੇ ਮੇਰਾ ਮੂੰਹ ਆਪੇ ਹੀ ਖੁੱਲ੍ਹ ਜਾਂਦਾ। ਇਹੀ ਹਾਲ ਦੁਪਹਿਰ ਦੀ ਰੋਟੀ ਵੇਲੇ ਹੋਇਆ। ਕਨਾਤਾਂ ਦੀਆਂ ਵਿਰਲਾਂ ਵਿੱਚੋਂ ਵੇਖਦਿਆਂ ਮੇਜਾਂ ਦੁਆਲੇ ਲੋਹੇ ਦੀਆਂ ਕੁਰਸੀਆਂ ’ਤੇ ਜਚੇ ਬੈਠੇ ਬਰਾਤੀ ਵੇਖਕੇ ਮੇਰੀ ਗੱਚ ਭਰ ਆਇਆ। ਕਾਸ਼ ਮੇਰੇ ਕੱਪੜੇ ਵੀ ਨਵੇਂ ਹੁੰਦੇ। ਮੇਜ ਕੁਰਸੀਆਂ ’ਤੇ ਬਹਿ ਕੇ ਰੋਟੀ ਖਾਣ ਦੇ ਲਾਲਚ ’ਚ ਘਰੋਂ ਵੀ ਕੁੱਛ ਨਹੀਂ ਸੀ ਖਾ ਕੇ ਆਇਆ। ਭੁੱਖਣ ਭਾਣਾ ਬਰਾਤ ਤੋਂ ਪਹਿਲਾਂ ਹੀ ਧਰਮਸਾਲਾ ’ਚ ਆ ਕੇ ਬਹੁਤ ਰੋਇਆ। ਜੰਨ ਰੋਟੀ ਖਾ ਕੇ ਪਰਤ ਆਈ। ਦੋ ਤਿੰਨ ਬੰਦੇ ਵਾਜੇ ਵਾਲਿਆਂ ਦੀ ਰੋਟੀ ਧਰਮਸਾਲਾ ’ਚ ਲੈ ਕੇ ਆ ਗਏ।
‘ਉਏ ਮੁੰਡਿਆ ਤੂੰ ਬਰਾਤ ਨਾਲ ਰੋਟੀ ਖਾਣ ਨੀ ਗਿਆ’, ਜਿਵੇਂ ਢੋਲ ਵਜਾਉਣ ਵਾਲੇ ਬਜੁੱਰਗ ਨੇ ਮੇਰੀ ਹਾਲਤ ਸਮਝ ਲਈ ਸੀ।
‘ਨਹੀਂ, ਮੈਨੂੰ ਬਿਸ਼ਨਾ ਬੁੜ੍ਹਾ ਕਹਿੰਦਾ ਤੇਰੇ ਲੀੜੇ ਵਧੀਆ ਨੀ, ਤੂੰ ਬਰਾਤ ਨਾਲ ਨੀ ਜਾਣਾ’, ਮੇਰਾ ਗੱਚ ਭਰ ਆਇਆ।
‘ਕੋਈ ਨੀ ਸ਼ੇਰਾ, ਆ ਜਾ ਸਾਡੇ ਨਾਲ ਖਾ ਲਾ’, ਉਸ ਨੇ ਇੱਕ ਥਾਲੀ ’ਚ ਲੱਡੂ ਜਲੇਬੀਆਂ ਤੇ ਦਾਲ ਰੋਟੀ ਪਾ ਕੇ ਮੇਰੇ ਵੱਲ ਕਰ ਦਿਤੀ।
‘ਤੇਰਾ ਬਾਪ ਕੀ ਕਰਦਾ ? ਢੋਲ ਵਾਲੇ ਬਜੁੱਰਗ ਨੇ ਪੁੱਛਿਆ।
‘ਉਹ ਤਾਂ ਪਿਛਲੇ ਸਾਲ ਮਰ ਗਿਆ ਸੀ’, ਮੇਰੀ ਫਿਰ ਭੁੱਬ ਨਿਕਲ ਗਈ।
‘ਕਿਹੜੀ ਜਮਾਤ ’ਚ ਪੜ੍ਹਦੈਂ’ ?
‘ਨੌਵੀਂ ’ਚ, ਐਤਕੀਂ ਅੱਠਵੀਂ ’ਚੋਂ ਸਾਰੇ ਸਕੂਲਾਂ ’ਚੋਂ ਫਸਟ ਆਇਆ ਸੀ’, ਮੈਂ ਆਪਣੇ ਆਪ ਨੂੰ ਸੰਭਾਲਦਿਆਂ ਜਵਾਬ ਦਿੱਤਾ।
‘ਸਾਬਾਸ਼ ਸ਼ੇਰਾ, ਬੱਸ ਪੜ੍ਹ ਲਾ ਜੋਰ ਲਾ ਕੇ, ਐਹੋ ਜਿਹੇ ਤਾਂ ਤੈਨੂੰ ਜੰਨ ਚੜ੍ਹਨ ਵਾਸਤੇ ਮਿਨਤਾਂ ਕਰਿਆ ਕਰਨਗੇ’। ਢੋਲ ਵਾਲੇ ਬਜੁੱਰਗ ਦੇ ਦਿੱਤੇ ਹੌਸਲੇ ਨਾਲ ਧਰਵਾਸ ਜਿਹਾ ਮਹਿਸੂਸ ਕਰਦਾ ਮੈਂ ਸਾਹਮਣੇ ਨਲਕੇ ਤੋਂ ਪਾਣੀ ਪੀਣ ਚਲਿਆ ਗਿਆ। ਬਰਾਤ ਵਿਦਾ ਹੋਣ ਲੱਗੀ। ਕੁੱੜੀ ਵਾਲਿਆਂ ਟਰਾਲੀ ਵਿਚ ਲੱਕੜ ਦੀ ਪੇਟੀ ਤੇ ਦਾਜ ਦਾ ਹੋਰ ਸਮਾਨ ਲੱਦ ਦਿੱਤਾ। ਬਿਸ਼ਨੇ ਬੁੜੇ ਤੋਂ ਡਰਦਾ ਮੈਂ ਪਹਿਲਾਂ ਹੀ ਟਰਾਲੀ ਵਿੱਚ ਖੂੰਜੇ ਲੱਗ ਕੇ ਬਹਿ ਗਿਆ। ਮੂੰਹ ਨ੍ਹੇਰਾ ਹੁੰਦਿਆਂ ਪਿੰਡ ਪਰਤ ਕੇ ਮਸਾਂ ਸੁੱਖ ਦਾ ਸਾਹ ਆਇਆ।
‘ਆ ਗਿਆ ਬਰਾਤੀ, ਅੱਜ ਤਾਂ ਮੇਜ ਕੁਰਸੀਆਂ ’ਤੇ ਬਹਿ ਕੇ ਗੁਲਾਬ ਜਾਮਣਾ ਖਾਧੀਆਂ ਹੋਣੀਆਂ ਮੇਰੇ ਪੁੱਤ ਨੇ ’, ਮਾਂ ਨੇ ਘਰ ਵੜਦਿਆਂ ਹੀ ਪਾਲੇ ਦੀ ਬਰਾਤ ਦਾ ਅੱਖੀਂ ਦੇਖਿਆ ਹਾਲ ਜਾਨਣ ਦੇ ਇਰਾਦੇ ਨਾਲ ਪੁੱਛਿਆ। ਮਾਂ ਦਾ ਸਵਾਲ ਧੁਰ ਅੰਦਰ ਤੱਕ ਝੰਜੋੜ ਗਿਆ। ਪਹਿਲਾਂ ਸੋਚਿਆ ਬਈ ਅਪਣੇ ਨਾਲ ਹੋਈ ਸਾਰੀ ਕੁੱਤੇ ਖਾਣੀ ਸੱਚੋ ਸੱਚ ਦੱਸ ਦਿਆਂ ਪਰ ਮਾਂ ਦੀ ਆਤਮਾ ਨੂੰ ਦੁੱਖੀ ਵੀ ਨਹੀਂ ਸੀ ਵੇਖਣਾ ਚਹੁੰਦਾ। ਕਨਾਤਾਂ ਦੀਆਂ ਵਿਰਲਾਂ ਵਿੱਚੋਂ ਰੋਟੀ ਖਾਂਦੀ ਦੇਖੀ ਬਰਾਤ ਦੀ ਸਾਰੀ ਕਥਾ ਅਪਣੇ ਨਾਲ ਝੂਠੀ ਜੋੜ ਕੇ ਮਾਂ ਨੂੰ ਸੁਣਾ ਦਿੱਤੀ। ਝੂਠੀ ਕਥਾ ਸੁਣ ਕੇ ਮਾਂ ਤਾਂ ਬਾਗੋ ਬਾਗ ਹੋ ਗਈ ਪਰ ਸ਼ਰੀਕਾਂ ਦੀ ਬਰਾਤ ਵਿੱਚ ਅਪਣੀ ਗਰੀਬੀ ਦਾ ਉਡਿਆ ਮਜ਼ਾਕ ਦਹਾਕਿਆਂ ਬਾਅਦ ਵੀ ਮੇਰੇ ਅੰਦਰ ਖੌਰੂ ਪਾਉਂਦਾ ਰਿਹਾ। ਅਪਣੇ ਅਨਪੜ੍ਹ ਮੁੱੰਡੇ ਦੀ ਜੰਨ ਚੜ੍ਹਨ ਵਾਸਤੇ ਅੱਜ ਚਾਚੇ ਪਾਲੇ ਨੂੰ ਬਾਰ ਬਾਰ ਜੋਰ ਪਾਉਂਦਾ ਵੇਖ ਕੇ ਮੈਨੂੰ ਢੋਲ ਵਾਲੇ ਬਜੁੱਰਗ ਵੱਲੋਂ ਜੋਰ ਲਾ ਕੇ ਪੜ੍ਹਨ ਦੇ ਕਹੇ ਬੋਲ ਸੋਲਾਂ ਆਨੇ ਸੱਚ ਲੱਗਣ ਲੱਗੇ।

WRITTEN BY