ਦੇਸ਼ ਵਿੱਚ ਇਕ ਵਾਰ ਫਿਰ ਕੇਂਦਰੀਕਰਨ ਵਿਰੁੱਧ ਸੂਬਿਆਂ ਵਿੱਚੋਂ ਆਵਾਜ਼ ਉਠ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਇਸ ਵਿੱਚ ਪੰਜਾਬ ਦੀ ਆਵਾਜ਼ ਸ਼ਾਮਿਲ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਲਗਾਤਾਰ ਰਾਜਾਂ ਦੇ ਅਧਿਕਾਰਾਂ ਨੂੰ ਖੋਰਾ ਲਗਾਇਆ ਜਾ ਰਿਹਾ ਹੈ। ਪਹਿਲਾਂ ਜੀ.ਐਸ.ਟੀ. ਦੇ ਨਾਮ ਉਪਰ ਰਾਜਾਂ ਦੇ ਆਰਥਿਕ ਅਧਿਕਾਰਾਂ ’ਚ ਕਟੌਤੀ ਕੀਤੀ ਗਈ। ਹੁਣ ਸਰਕਾਰ ਸੀ.ਬੀ.ਆਈ. ਰਾਹੀਂ ਰਾਜਾਂ ਦੇ ਕੰਮਕਾਜ ਵਿੱਚ ਦਖਲ ਦੇ ਰਹੀ ਹੈ। ਇਹੋ ਕਾਰਨ ਹੈ ਕਿ ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੀਆਂ ਸੂਬਾ ਸਰਕਾਰਾਂ ਨੇ ਕੇਂਦਰੀ ਦਖਲ ਖਿਲਾਫ ਆਵਾਜ਼ ਉਠਾਈ ਹੈ। ਆਂਧਰਾ ਪ੍ਰਦੇਸ਼ ਨੇ ਇਸ ਮਾਮਲੇ ਵਿੱਚ ਪਹਿਲ ਕਰਦੇ ਹੋਏ ਸੀ.ਬੀ.ਆਈ. ਦਾ ਸੂਬੇ ਵਿੱਚ ਦਾਖਲਾ ਬੰਦ ਕਰ ਦਿੱਤਾ ਹੈ। ਹੁਣ ਸੀ.ਬੀ.ਆਈ. ਨੂੰ ਆਂਧਰਾ ਪ੍ਰਦੇਸ਼ ਵਿੱਚ ਕਿਸੇ ਵੀ ਜਾਂਚ ਲਈ ਪਹਿਲਾਂ ਸੂਬਾ ਸਰਕਾਰ ਤੋਂ ਮਨਜ਼ੂਰੀ ਲੈਣੀ ਹੋਵੇਗੀ। ਇਸੇ ਤਰ੍ਹਾਂ ਪੱਛਮੀ ਬੰਗਾਲ ਦੀ ਸਰਕਾਰ ਵੀ ਇਸ ਤਰ੍ਹਾਂ ਦਾ ਨਿਰਣਾ ਕਰਨ ਜਾ ਰਹੀ ਹੈ। ਇਹ ਮੌਜੂਦਾ ਹਾਲਾਤਾਂ ਵਿੱਚ ਇਕ ਤਰ੍ਹਾਂ ਨਾਲ ਸੂਬਿਆਂ ਦੀ ਕੇਂਦਰ ਵਿਰੁੱਧ ਬਗਾਵਤ ਹੀ ਹੈ। ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਸੂਬੇ ਵੀ ਅਜਿਹੇ ਫੈਸਲੇ ਲੈ ਸਕਦੇ ਹਨ। ਕੇਂਦਰੀਕਰਨ ਦੀਆਂ ਨੀਤੀਆਂ ਵਿਰੁੱਧ ਰਾਜਾਂ ਦੀ ਇਸ ਆਵਾਜ਼ ਦਾ ਵੱਡਾ ਮਹੱਤਵ ਹੈ। ਇਸ ਨੂੰ ਮਹਿਜ਼ ਇਕ ਪ੍ਰਬੰਧਕੀ ਫੈਸਲਾ ਨਹੀਂ ਸਮਝਿਆ ਜਾਣਾ ਚਾਹੀਦਾ। ਅਸਲ ਵਿੱਚ ਇਹ ਫੈਸਲੇ ਇਕ ਰਾਜਸੀ ਨੀਤੀ ਦਾ ਹਿੱਸਾ ਹਨ। ਰਾਜ ਸਰਕਾਰਾਂ ਵਧੇਰੇ ਖੁਦ ਮੁਖਤਿਆਰੀ ਚਾਹੁੰਦੀਆਂ ਹਨ। ਦੂਸਰੇ ਪਾਸੇ ਕੇਂਦਰ ਵਿੱਚ ਅਜਿਹੀਆਂ ਤਾਕਤਾਂ ਸਰਗਰਮ ਹਨ ਜਿਹੜੀਆਂ ਆਨੇ-ਬਹਾਨੇ ਰਾਜਾਂ ਦੇ ਅਧਿਕਾਰਾਂ ਨੂੰ ਖੋਰਾ ਲਾ ਰਹੀਆਂ ਹਨ। ਸੀ.ਬੀ.ਆਈ. ਦੇ ਬਹਾਨੇ ਰਾਜਾਂ ਵਿੱਚ ਦਿੱਤਾ ਜਾ ਰਿਹਾ ਦਖਲ ਬਹੁਤ ਗੰਭੀਰ ਮਾਮਲਾ ਹੈ। ਕੇਂਦਰ ਸਰਕਾਰ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਉਹ ਸੀ.ਬੀ.ਆਈ. ਵਰਗੇ ਹਥਿਆਰ ਵਰਤਕੇ ਰਾਜ ਸਰਕਾਰਾਂ ਨੂੰ ਝੁਕਾਉਣ ਦਾ ਯਤਨ ਕਰੇ। ਇਹ ਚੰਗੀ ਗੱਲ ਹੈ ਕਿ 2 ਸੂਬਿਆਂ ਨੇ ਕੇਂਦਰ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦਾ ਯਤਨ ਕੀਤਾ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੂੰ ਕੇਂਦਰੀਕਰਨ ਨਾਲ ਕੋਈ ਸ਼ਿਕਾਇਤ ਨਹੀਂ ਹੈ। ਮੁੱਖ ਮੰਤਰੀ ਨੇ ਇਨ੍ਹਾਂ ਕਿਆਸ ਅਰਾਈਆਂ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਵੀ ਸੀ.ਬੀ.ਆਈ. ਨੂੰ ਦਿੱਤੀ ਗਈ ਸਹਿਮਤੀ ਵਾਪਸ ਲੈਣ ’ਤੇ ਵਿਚਾਰ ਕਰ ਰਹੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਰਾਜ ਨੂੰ ਵਧੇਰੇ ਅਧਿਕਾਰਾਂ ਦੀ ਗੱਲ ਨੂੰ ਅੱਗੇ ਤੋਰੇ ਅਤੇ ਕੇਂਦਰ ਦਾ ਸੂਬੇ ਵਿੱਚ ਦਖਲ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ।



