Skip to content
Independent perspectives. Global stories.
BREAKING

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜੀਵਨ, ਸ਼ਖ਼ਸੀਅਤ ਤੇ ਪਰਉਪਕਾਰ

Share this story

ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ 1682 ਈ. ਨੂੰ ਪੋਹੂਵਿੰਡ (ਜਿਲ੍ਹਾ ਅੰਮ੍ਰਿਤਸਰ, ਜੋ ਉਸ ਸਮੇਂ ਜ਼ਿਲ੍ਹਾ ਲਾਹੌਰ ਵਿਚ ਸੀ) ਵਿਖੇ ਪਿਤਾ ਭਗਤਾ ਜੀ ਦੇ ਘਰ ਮਾਤਾ ਜੀਉਣੀ ਜੀ ਦੀ ਕੁਖੋਂ ਹੋਇਆ। ਆਪ ਜੀ ਦੇ ਮਾਤਾ-ਪਿਤਾ, ਗੁਰੂ-ਘਰ ਦੇ ਸ਼ਰਧਾਲੂ ਸੇਵਕ ਸਨ। ਉਹ ਬਾਲਕ ਦੀਪ ਸਿੰਘ ਸਮੇਤ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਗਏ। ਉਥੇ 4 ਸਾਲ ਦੇ ਕਰੀਬ ਰਹੇ, ਗੁਰੂ-ਘਰ ਸੇਵਾ ਕੀਤੀ ਅਤੇ ਵਾਪਸ ਆਉਣ ਲਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਬਾਲਕ ਦੀਪ ਸਿੰਘ ਦੀ ਸੇਵਾ-ਭਾਵਨਾ ਨੂੰ ਦੇਖ ਕੇ ਉਸਨੂੰ ਆਪਣੇ ਕੋਲ ਰਹਿਣ ਲਈ ਕਿਹਾ। ਮਾਤਾ-ਪਿਤਾ ਦੀਪ ਸਿੰਘ ਨੂੰ ਅਨੰਦਪੁਰ ਸਾਹਿਬ ਛੱਡ ਆਏ। ਕਰੀਬਨ ਅੱਠ ਸਾਲ ਦੀ ਉਮਰ ਤੋਂ ਲੈ ਕੇ 22 ਸਾਲ ਦੀ ਉਮਰ (1704 ਈ. ਤਕ) ਬਾਬਾ ਦੀਪ ਸਿੰਘ ਅਨੰਦਪੁਰ ਸਾਹਿਬ ਰਹੇ। ਇਥੇ ਹੀ ਉਸਨੇ ਗੁਰੂ-ਚਰਨਾਂ ਵਿਚ ਰਹਿ ਕੇ ਭਾਸ਼ਾਵਾਂ ਦਾ ਗਿਆਨ, ਗੁਰਮਤਿ ਗਿਆਨ ਅਤੇ ਸ਼ਸਤਰ ਵਿਦਿਆ ਵਿਚ ਨਿਪੁੰਨਤਾ ਹਾਸਲ ਕੀਤੀ। ਇਥੇ ਰਹਿੰਦਿਆਂ ਹੀ ਉਨ੍ਹਾਂ ਨੇ ਅਨੰਦਪੁਰ ਸਾਹਿਬ ਦੀਆਂ ਜੰਗਾਂ ਵਿਚ ਭਾਗ ਲਿਆ। ਗੁਰੂ ਸਾਹਿਬ, ਬਾਬਾ ਦੀਪ ਸਿੰਘ ਨੂੰ ਜਿਆਦਾ ਸਮਾਂ ਆਪਣੇ ਨਾਲ ਰਖਦੇ ਸਨ।
ਪਰਿਵਾਰ ਵਿਛੋੜੇ ਦੀ ਘਟਨਾ ਉਪਰੰਤ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾ ਜੀ ਦੇ ਨਾਲ ਦਿੱਲੀ ਗਏ। ਕੁਝ ਦਿਨਾਂ ਬਾਅਦ ਬਾਬਾ ਦੀਪ ਸਿੰਘ ਜੀ ਆਪਣੇ ਪਿੰਡ ਪੋਹੂਵਿੰਡ ਵਾਪਸ ਆ ਗਏ। ਇਥੇ ਰਹਿ ਕੇ ਬਾਬਾ ਜੀ ਨੇ ਸਿੱਖੀ-ਪ੍ਰਚਾਰ ਆਰੰਭ ਕੀਤਾ। ਸਿੱਖਾਂ ਵਿਚ ਗੁਰਬਾਣੀ, ਸਿੱਖ ਇਤਿਹਾਸ, ਗੁਰੂ ਗੋਬਿੰਦ ਸਿੰਘ ਜੀ ਦੀਆਂ ਜੰਗਾਂ ਬਾਰੇ ਲਾਸਾਨੀ ਕਥਾਵਾਂ ਦਾ ਪ੍ਰਚਾਰ ਕੀਤਾ ਜਿਸਦੇ ਫਲਸਰੂਪ ਸਿੱਖ ਸੰਗਤਾਂ ਜੁੜਨ ਲਗੀਆਂ। ਇਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਸਾਹਿਬ ਦੀ ਜੰਗ ਫ਼ਤਹਿ ਕਰਨ ਉਪਰੰਤ ਤਲਵੰਡੀ ਸਾਬੋ ਕੀ ਆ ਬਿਰਾਜੇ। ਇਥੇ ਹੀ ਉਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨ ਹਿਤ ਭਾਈ ਮਨੀ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਦੀ ਸੇਵਾ ਕਰਨ ਲਈ ਕਿਹਾ। ਭਾਈ ਮਨੀ ਸਿੰਘ ਨੇ ਬਾਬਾ ਦੀਪ ਸਿੰਘ ਨੂੰ ਬੁਲਾਉਣ ਲਈ ਬੇਨਤੀ ਕੀਤੀ। ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਅਨੰਦਪੁਰ ਸਾਹਿਬ ਇਕਠੇ ਰਹੇ ਸਨ। ਬਾਬਾ ਦੀਪ ਸਿੰਘ ਜੀ ਭਾਈ ਸਾਹਿਬ ਤੋਂ ਪੜ੍ਹਦੇ ਵੀ ਰਹੇ ਸਨ। ਗੁਰੂ-ਹੁਕਮ ਮੰਨ ਕੇ ਬਾਬਾ ਦੀਪ ਸਿੰਘ ਤਲਵੰਡੀ ਸਾਬੋ ਆ ਗਏ। ਗੁਰੂ ਹੁਕਮ ਅਨੁਸਾਰੀ ਬਾਬਾ ਜੀ ਕਲਮਾਂ ਘੜ੍ਹਨ ਤੇ ਸਿਆਹੀ ਬਣਾਉਣ ਦਾ ਕਾਰਜ ਕਰਨ ਲਗੇ ਅਤੇ ਭਾਈ ਮਨੀ ਸਿੰਘ ਜੀ ਬੀੜ ਦੀ ਲਿਖਾਈ ਦਾ ਕਾਰਜ ਕਰਨ ਲਗੇ। ਕਰੀਬਨ 9 ਮਹੀਨੇ 9 ਦਿਨ 9 ਘੜੀਆਂ ਵਿਚ ਦਸਮ ਪਿਤਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬੀੜ ਤਿਆਰ ਕਰਵਾਈ। ਉਪਰੰਤ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਚਾਰ ਉਤਾਰੇ ਕੀਤੇ ਅਤੇ ਚਾਰ ਤਖ਼ਤਾਂ ’ਤੇ ਸੁਸ਼ੋਭਿਤ ਕੀਤੇ। ਜੋ ਪਵਿਤਰ ਗ੍ਰੰਥ ਤੁਹਾਡੇ ਧਰਮ ਦਾ ਧਰਮ-ਗ੍ਰੰਥ/ ਸ਼ਬਦ-ਗੁਰੂ ਹੋਵੇ, ਉਸਦੀ ਸੰਪੂਰਨਤਾ ਵਿਚ ਤੁਹਾਡਾ ਕਿਣਕਾ ਮਾਤਰ ਵੀ ਯੋਗਦਾਨ ਹੋਵੇ, ਇਸ ਤੋਂ ਵੱਡੀ ਸੇਵਾ ਕੀ ਹੋ ਸਕਦੀ ਹੈ। ਬਾਬਾ ਦੀਪ ਸਿੰਘ ਹੋਰਾਂ ਨੇ ਦੇ ਹਿੱਸੇ ਤਾਂ ਉਹ ਕਲਮਾਂ ਘੜਨ ਦੀ ਸਫਲ ਸੇਵਾ ਆਈ ਜਿਨ੍ਹਾਂ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਖਰਾਂ ਨੇ ਆਕਾਰ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਜ਼ਿਕਰ ਕਰਦਿਆਂ ਕੋਈ ਵੀ ਸਿੱਖ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਦਾ ਜ਼ਿਕਰ ਕਰਨਾ ਨਹੀਂ ਭੁੱਲ ਸਕਦਾ। ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਨਿਵਾਸ ਦੌਰਾਨ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੁਨਰ ਸੰਪਾਦਨਾ ਕੀਤੀ ਉਥੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਅਤੇ 46 ਹੋਰ ਸਿੰਘਾਂ ਨੂੰ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਸ੍ਰਵਣ ਕਰਵਾਈ। ਉਕਤ ਦੋਵੇਂ ਕਾਰਜਾਂ ਦੌਰਾਨ ਬਾਬਾ ਦੀਪ ਸਿੰਘ ਜੀ ਦਿਨ-ਰਾਤ ਗੁਰੂ-ਸੇਵਾ ਵਿਚ ਜੁਟੇ ਰਹਿੰਦੇ ਸਨ। ਇਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਨੂੰ ‘ਗੁਰੂ ਕੀ ਕਾਸ਼ੀ’ ਦਾ ਵਰਦਾਨ ਦਿਤਾ। 1706 ਈ. ਵਿਚ ਤਲਵੰਡੀ ਸਾਬੋ ਤੋਂ ਦੱਖਣ ਵਲ ਰਵਾਨਾ ਹੋਣ ਸਮੇਂ ਗੁਰੂ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਤਲਵੰਡੀ ਸਾਬੋ ਵਿਖੇ ਰਹਿਣ, ਗੁਰਧਾਮਾਂ ਦੀ ਸੇਵਾ-ਸੰਭਾਲ ਤੇ ਸਿੱਖੀ-ਪ੍ਰਚਾਰ ਦਾ ਕਾਰਜ ਸੌਂਪਿਆ। ਉਸ ਸਮੇਂ ਤੋਂ ਲੈ ਕੇ ਬਾਬਾ ਦੀਪ ਸਿੰਘ ਜੀ ਨੇ ਸ਼ਹਾਦਤ ਦੇਣ ਜਾਣ ਸਮੇਂ ਤਕ ਲਗਪਗ ਅੱਧੀ ਸਦੀ ਦਾ ਸਮਾਂ ਤਲਵੰਡੀ ਸਾਬੋ ਵਿਖੇ ਰਹਿ ਕੇ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਇਨ੍ਹਾਂ 50 ਸਾਲਾਂ ਦੌਰਾਨ ਬਾਬਾ ਦੀਪ ਸਿੰਘ ਜੀ ਨੇ ਅਣਗਿਣਤ ਸਿੱਖਾਂ/ਸਿੱਖ ਵਿਦਿਆਰਥੀ ਨੂੰ ਸੰਥਿਆ ਕਰਵਾਈ, ਗੁਰਬਾਣੀ ਦੇ ਅਰਥ-ਵਿਚਾਰ ਸੰਗਤਾਂ ਨੂੰ ਕਰਵਾਏ, ਇਲਾਕੇ ਦੇ ਲੋਕਾਂ ਨੂੰ ਸਿੱਖੀ ਨਾਲ ਜੋੜਿਆ। ਇਸ ਸਮੇਂ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਕਰਨ ਦੀ ਸਿਖਲਾਈ ਸਿੱਖਾਂ ਨੂੰ ਦਿਤੀ ਹੋਵੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਉਪਲਬਧ ਹਥਲਿਖਤ ਦਮਦਮੀ ਬੀੜਾਂ ਬਾਬਾ ਦੀਪ ਸਿੰਘ ਜੀ ਦੁਆਰਾ ਕੀਤੇ ਚਾਰ ਉਤਾਰਿਆਂ ਤੋਂ ਬਾਅਦ ਵਿਚ ਹਥਲਿਖਤਾਂ ਦਾ ਰੂਪ ਧਾਰਨ ਕਰਦੀਆਂ ਹਨ। ਤਲਵੰਡੀ ਸਾਬੋ ਤੋਂ ਹੀ ਦਮਦਮੀ ਟਕਸਾਲ ਦਾ ਮੁਢ ਬੱਝਾ। ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਨੇ ‘ਗੁਰੂ ਕੀ ਕਾਸ਼ੀ’ ਦੀ ਸਿੱਖ ਵਿਦਿਅਕ ਪਰੰਪਰਾ ਦਾ ਇਤਿਹਾਸਕ ਵਿਹਾਰਕ ਵਿਕਾਸ ਵਿਚ ਪਰਉਪਕਾਰੀ ਯੋਗਦਾਨ ਪਾਇਆ। ਉਸ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਸਿੱਖਾਂ ਦੇ ਪ੍ਰਮੁਖ ਕੇਂਦਰਾਂ ਵਿਚੋਂ ਸੀ। ਬਾਬਾ ਦੀਪ ਸਿੰਘ ਜੀ ਇਥੋਂ ਕਈ ਸਿੱਖ ਪੰਥ ਦੇ ਮਸਲਿਆਂ ਨੂੰ ਨਜਿਠਦੇ ਰਹੇ। ਭਾਈ ਸੁਖਾ ਸਿੰਘ ਭਾਈ ਮਹਿਤਾਬ ਸਿੰਘ, ਤਲਵੰਡੀ ਸਾਬੋ ਤੋਂ ਅਰਦਾਸ ਕਰਕੇ ਹੀ ਮੱਸੇ ਰੰਘੜ ਦਾ ਸਿਰ ਵੱਢ ਕੇ ਲਿਆਏ ਸਨ।
ਬਾਬਾ ਦੀਪ ਸਿੰਘ ਜੀ ਨੇ ਉਸ ਸਮੇਂ ਦੇ ਤਲਵੰਡੀ ਸਾਬੋ ਦੇ ਮਾਰੂ ਇਲਾਕੇ ਵਿਚ ਖੂਹ ਲਵਾਇਆ ਜਿਸਦੇ ਫਲਸਰੂਪ ਇਥੋਂ ਦੀਆਂ ਸੰਗਤਾਂ ਦੀ ਪਾਣੀ ਦੀ ਸਮਸਿਆ ਖਤਮ ਹੋ ਗਈ ਕਿਉਂਕਿ ਇਥੇ ਪੀਣਯੋਗ ਪਾਣੀ ਦੀ ਘਾਟ ਸੀ ਅਤੇ ਪਾਣੀ ਖਾਰਾ ਹੁੰਦਾ ਸੀ। ਉਹ ਖੂਹ ਅਜ ਵੀ ਮੌਜੂਦ ਹੈ। ਇਥੇ ਹੀ ਬਸ ਨਹੀਂ, ਬਾਬਾ ਜੀ ਸੇਵਾ-ਸਿਮਰਨ ਦੇ ਪੁੰਜ ਸਨ। ਉਨ੍ਹਾਂ ਦਾ ਭੋਰਾ ਸਾਹਿਬ ਅਜ ਵੀ ਸ਼ੁਸ਼ੋਭਿਤ ਹੈ ਜਿਥੇ ਬਾਬਾ ਜੀ ਭਗਤੀ/ਸਿਮਰਨ ਕਰਦੇ ਸਨ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਨਾਲ ਸੰਬੰਧਿਤ ਨਿਸ਼ਾਨੀਆਂ ਵੀ ਮੌਜੂਦ ਹਨ ਜਿਨ੍ਹਾਂ ਵਿਚ ਉਨ੍ਹਾਂ ਦਾ ਤੇਗਾ ਸਾਹਿਬ, ਬੁਰਜ, ਹਥਲਿਖਤ ਦਮਦਮੀ ਬੀੜ, ਆਦਿ। ਉਪਰ ਦਸੇ ਅਨੁਸਾਰ, ਬਾਬਾ ਜੀ ਨੇ 50 ਸਾਲ ਸਿੱਖੀ ਜੀਵਨ ਦੀ ਸਾਧਨਾ ਕੀਤੀ, ਗੁਰਧਾਮਾਂ ਦੀ ਸੇਵਾ-ਸੰਭਾਲ ਗੁਰ-ਮਰਯਾਦਾ ਅਨੁਸਾਰ ਨਿਭਾਈ।
ਜਿਸ ਸਿਦਕੀ ਸਿੱਖ ਨੇ ਆਪਣੀ ਉਮਰ ਦਾ ਵੱਡਾ ਹਿਸਾ ਸਿੱਖੀ ਪ੍ਰਚਾਰ ਅਤੇ ਗੁਰਧਾਮਾਂ ਦੀ ਸੇਵਾ-ਸੰਭਾਲ ਲਈ ਗੁਰੂ-ਘਰ ਨੂੰ ਸਮਰਪਿਤ ਕਰ ਦਿਤਾ ਹੋਵੇ, ਉਹ ਸਿੱਖ ਗੁਰਧਾਮਾਂ ਦੀ ਬੇਅਦਬੀ ਕਿਵੇਂ ਸਹਾਰ ਸਕਦਾ ਸੀ? ਇਹੀ ਹੋਇਆ, ਜਦੋਂ ਬਾਬਾ ਦੀਪ ਸਿੰਘ ਜੀ ਨੂੰ ਖ਼ਬਰ ਮਿਲਦੀ ਹੈ ਕਿ ਮੁਗਲ ਹਕੂਮਤ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਕੇ ਸਰੋਵਰ ਨੂੰ ਪੂਰ ਦਿਤਾ ਹੈ ਤਾਂ ਬਾਬਾ ਜੀ ਨੇ ਦੁਖਦਾਈ ਖ਼ਬਰ ਸਣਦਿਆਂ ਗੁਰੂ ਦੇ ਸਨਮੁਖ ਅਰਦਾਸ ਕੀਤੀ ਅਤੇ ਸਿੱਖਾਂ ਨੂੰ ਕਿਹਾ ਕਿ ਪਵਿਤਰ ਗੁਰਧਾਮ ਦੀ ਹੋਈ ਬੇਅਦਬੀ ਅਤੇ ਮਰਯਾਦਾ ਦੀ ਬਹਾਲੀ ਲਈ ਅੰਮ੍ਰਿਤਸਰ ਸਾਹਿਬ ਵਲ ਚਾਲੇ ਪਾਉਣੇ ਹਨ। ਨਾਲ ਹੀ ਉਨ੍ਹਾਂ ਨੇ ਇਕ ਲਕੀਰ ਖਿੱਚ ਕੇ ਕਿਹਾ ਕਿ ਧਰਮ ਲਈ ਸਹਾਦਤ ਦੇਣ ਲਈ ਤਿਆਰ-ਬਰ-ਤਿਆਰ ਸਿੱਖ ਹੀ ਮੇਰੇ ਨਾਲ ਆਉਣ। ਚੇਤੇ ਰਹੇ ਕਿ ਬਾਬਾ ਦੀਪ ਸਿੰਘ ਦਾ ਸਮਕਾਲ ਸਿੱਖਾਂ ਲਈ ਸੁਖਾਵਾਂ ਸਮਾਂ ਨਹੀਂ ਸੀ। ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਅਨੰਦਪੁਰ ਸਾਹਿਬ ਦੀਆਂ ਜੰਗਾਂ ਲੜੀਆਂ, ਬਾਬਾ ਬੰਦਾ ਸਿੰਘ ਬਹਾਦੁਰ ਨਾਲ ਸਮਾਣਾ, ਸਢੌਰਾ ਦੀਆਂ ਜਿਤਾਂ ਸਮੇਂ ਉਨ੍ਹਾਂ ਦੇ ਨਾਲ ਸਨ। ਬਾਬਾ ਦੀਪ ਸਿੰਘ ਜੀ ਦੇ ਸਮਕਾਲ ਵਿਚ ਹੀ ਬਾਬਾ ਬੰਦਾ ਸਿੰਘ ਬਹਾਦੁਰ ਦੀ ਸ਼ਹਾਦਤ (1716 ਈ.) ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ (1737 ਈ.) ਹੋਈ, ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ (1745) ਹੋਈ, ਛੋਟਾ ਘਲੂਘਾਰਾ (1746 ਈ.) ਹੋਇਆ। ਉਨ੍ਹਾਂ ਦੇ ਸਮਕਾਲ ਵਿਚ ਹੀ ਅਤਿ ਨਿਰਦਈ ਮੁਗਲ ਸੂਬੇਦਾਰ ਜ਼ਕਰੀਆ ਖਾਨ, ਯਹੀਆ ਖਾਨ, ਮੀਰ ਮੰਨੂੰ ਤੇ ਤੈਮੂਰ (ਅਬਦਾਲੀ ਦਾ ਲੜਕਾ) ਹੋਏ। ਇਹ ਉਹੀ ਸਮਾਂ ਸੀ ਜਦੋਂ ਸਿੰਘ ਘੋੜਿਆਂ ਦੀਆਂ ਕਾਠੀਆਂ ’ਤੇ ਨਿਵਾਸ ਕਰਦੇ ਰਹੇ। ਇਹ ਉਹੀ ਸਮਾਂ ਸੀ ਜਦੋਂ ‘ਪੱਤਾ-ਪੱਤਾ ਸਿੰਘਾਂ ਦਾ ਵੈਰੀ’ ਹੋ ਗਿਆ ਸੀ। ਇਸ ਲਈ ਬਾਬਾ ਦੀਪ ਸਿੰਘ ਜੀ ਨੇ ਸਿੱਖਾਂ ਵਿਚ ‘ਅਤ ਹੀ ਰਣ ਮੈ ਤਬ ਜੂਝ ਮਰੋਂ’ ਦਾ ਜ਼ਜ਼ਬਾ, ਸ੍ਰੀ ਅੰਮ੍ਰਿਤਸਰ ਸਾਹਿਬ ਵਲ ਜਾਣ ਤੋਂ ਪਹਿਲਾਂ ਹੀ ਭਰ ਦਿਤਾ ਸੀ। ਅਰਦਾਸਾ ਸੋਧ ਕੇ ਬਾਬਾ ਦੀਪ ਸਿੰਘ ਜੀ ਨੇ ਸਿੰਘਾਂ ਨੂੰ ਨਾਲ ਲੈ ਕੇ ਗੁਰੂ ਕੀ ਨਗਰੀ ਵਲ ਚਾਲੇ ਪਾ ਦਿਤੇ। ਉਹ ਮਾਲਵੇ ਦੇ ਪਿੰਡਾਂ ਵਿਚੋਂ ਹੁੰਦੇ ਹੋਏ ਤਰਨਤਾਰਨ ਸਾਹਿਬ ਪਹੁੰਚੇ। ਰਸਤੇ ਵਿਚ ਉਨ੍ਹਾਂ ਨਾਲ ਹੋਰ ਸਿੰਘ ਨਾਲ ਰਲਦੇ ਗਏ। ਤਰਨਤਾਰਨ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਅੱਗੇ ਅਰਦਾਸਾ ਕੀਤਾ ਕਿ ਹੇ ਸੱਚੇ ਪਾਤਸ਼ਾਹ, ਕਿਰਪਾ ਕਰੀਂ ਮੈਂ ਆਪਣਾ ਕੀਤਾ ਪ੍ਰਣ ਨਿਭਾਵਾਂ, ਮੇਰਾ ਸੀਸ ਗੁਰੂ ਚਰਨਾਂ ਵਿਚ ਨਿਵਾਸ ਪਾਵੇ। ਅਰਦਾਸਾ ਕਰਨ ਉਪਰੰਤ ਉਹ ਉਥੋਂ ਚਲ ਪਏ। ਉਧਰ ਮੁਗਲ ਹਕੂਮਤ ਪੱਕੀ ਸੂਹ ਦੇ ਅਧਾਰ ‘ਤੇ ਸਿੱਖਾਂ ਨੂੰ ਰੋਕਣ ਲਈ ਆਪਣੀ ਫੌਜ ਲੈ ਕੇ ਤੁਰ ਪਈ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕਰੀਬਨ 8 ਕਿ.ਮੀ. ਦੂਰ ਗੋਹਲਵੜ ਦੇ ਮੈਦਾਨ ‘ਤੇ ਸਿੱਖਾਂ ਤੇ ਮੁਗਲ ਫੌਜਾਂ ਦਾ ਟਾਕਰਾ ਹੁੰਦਾ ਹੈ। ਇਸ ਸਮੇਂ ਬਾਬਾ ਦੀਪ ਸਿੰਘ ਜੀ ਦੇ ਨਾਲ ਕਰੀਬਨ 5 ਹਜ਼ਾਰ ਸਿੱਖ ਸਨ ਅਤੇ ਮੁਗਲ ਫੌਜਾਂ ਦੀ ਗਿਣਤੀ ਬਹੁਤ ਜ਼ਿਆਦਾ (25 ਹਜ਼ਾਰ ਤੋਂ ਵੀ ਵੱਧ) ਸੀ। ਉਥੇ ਘਮਸਾਨ ਯੁਧ ਹੁੰਦਾ ਹੈ। ਸਿੱਖ, ਮੁਗਲ ਫੌਜਾਂ ਨੂੰ ਤੰਗ ਘੇਰਾ ਪਾ ਲੈਂਦੇ ਹਨ ਅਤੇ ਦੁਸਮਣਾਂ ਦੇ ਆਹੂ ਲਾਉਂਦੇ ਹਨ। ਤਹਿਮਾਸ ਖਾਂ (ਇਹ ਮੀਰ ਮੰਨੂੰ ਦਾ ਨੌਕਰ ਰਿਹਾ ਹੈ, ਮੰਨੂ ਦੀ ਮੌਤ ਤੋਂ ਬਾਅਦ ਇਹ ਉਸਦੀ ਮੁਗਲਾਣੀ ਬੇਗਮ ਦਾ ਨੌਕਰ ਰਿਹਾ ਹੈ, ਉਸ ਤੋਂ ਬਾਅਦ ਇਹ ਤੈਮੂਰ ਦਾ ਨੌਕਰ ਰਿਹਾ ਹੈ, ਗੋਹਲਵੜ ਦੇ ਯੁਧ ਵਿਚ ਇਹ ਆਪ ਸ਼ਾਮਲ ਸੀ, ਸ਼ਾਇਦ ਭੱਜਣ ਵਾਲਿਆਂ ਵਿਚੋਂ ਹੋਵੇਗਾ) ਆਪਣੀ ਰਚਨਾ ‘ਤਹਿਮਾਸਨਾਮਾ’ ਵਿਚ ਲਿਖਦਾ ਹੈ ਕਿ ਸਿੱਖ ਇੰਨੀ ਬਹਾਦਰੀ ਨਾਲ ਲੜਦੇ ਸਨ ਅਤੇ ਮਾਰਦੇ ਸਨ ਕਿ ਮੁਗਲ ਸੈਨਿਕ ਮੈਦਾਨ ਵਿਚੋਂ ਭੱਜਣ ਲੱਗੇ। ਉਹ ਲਿਖਦਾ ਹੈ ਕਿ ਸਿੰਘ, ਭੱਜੇ ਜਾਂਦੇ ਮੁਗਲ ਸਿਪਾਹੀ ਨੂੰ ਵੀ ਭੱਜਣ ਨਹੀਂ ਦਿੰਦੇ ਸਨ। ਯੁਧ ਦੌਰਾਨ ਬਾਬਾ ਦੀਪ ਸਿੰਘ ਜਿਥੇ ਸਿੰਘਾਂ ਦੀ ਅਗਵਾਈ ਕਰਦੇ ਹਨ ਉਥੇ ਆਪ ਵੀ ਖੰਡੇ ਨਾਲ ਦੁਸ਼ਮਣਾਂ ਨੂੰ ਦੋ-ਖੰਡ ਕਰ ਰਹੇ ਸਨ। ਇਸ ਧਰਮ-ਯੁਧ ਵਿਚ ਬਾਬਾ ਦੀਪ ਸਿੰਘ ਦਾ ਮੁਕਾਬਲਾ ਮੁਗਲ ਜਰਨੈਲਾਂ ਨਾਲ ਹੁੰਦਾ ਹੈ। ਜੰਗੇ-ਮੈਦਾਨ ਵਿਚ ਬਾਬਾ ਦੀਪ ਸਿੰਘ ਮੁਗਲ ਜਰਨੈਲ ਦਾ ਸਿਰ ਧੜ ਤੋਂ ਅਲਗ ਕਰ ਦਿੰਦੇ ਹਨ ਅਤੇ ਬਾਬਾ ਜੀ ਦਾ ਸੀਸ ਵੀ ਧੜ ਤੋਂ ਅਲਗ ਹੋ ਜਾਂਦਾ ਹੈ। ਬਾਬਾ ਜੀ ਨੇ ਮੌਤ ਦਾ ਡਰ ਤਾਂ ਸਿੱਖੀ ਧਾਰਨ ਕਰਨ ਸਮੇਂ ਹੀ ਤਿਆਗ ਦਿਤਾ ਸੀ। ਬਾਬਾ ਦੀਪ ਸਿੰਘ ਨੇ ‘ਮਰਣ ਕਬੂਲ’ ਤਾਂ ਪਹਿਲਾਂ ਹੀ ਕੀਤਾ ਹੋਇਆ ਸੀ। ਉਨ੍ਹਾਂ ਨੇ ਤਾਂ ਆਪਣਾ ਪ੍ਰਣ ਨਿਭਾਉਣਾ ਸੀ। ਇਸ ਲਈ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਖੱਬੇ ਹੱਥ ’ਤੇ ਰਖਿਆ ਅਤੇ ਸੱਜੇ ਹੱਥ ਨਾਲ ਖੰਡਾ ਵਾਹੁੰਦੇ ਹੋਏ ਗੁਰੂ ਕੀ ਨਗਰੀ ਵਲ ਚਲੇ। ਸ਼ਾਇਦ ਇਹ ਰਹਸਮਈ ਵਰਤਾਰਾ ਦੇਖ ਕੇ ਹੀ ਮੁਗਲ ਸੈਨਿਕ ਮੈਦਾਨ ਵਿਚੋਂ ਭੱਜਣ ਲੱਗੇ ਹੋਣ। ਬਾਬਾ ਦੀਪ ਸਿੰਘ ਨੇ ਆਪਣਾ ਸੀਸ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਚਰਨਾਂ ਵਿਚ ਜਾ ਮੱਥਾ ਟੇਕਿਆ ਅਤੇ ‘ਸੂਰਬੀਰ ਵਚਨ ਕੇ ਬਲੀ’ ਨੇ ਸਿੱਖੀ ਸੁਆਸਾਂ ਸੰਗ ਨਿਭਾਈ। ਉਸ ਅਸਥਾਨ ‘ਤੇ ਬਾਬਾ ਦੀਪ ਸਿੰਘ ਜੀ ਯਾਦਗਾਰ ਸ਼ੁਸ਼ੋਭਿਤ ਹੈ। ਇਥੇ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ, ਭਗਤੀ ਦਾ ਸੋਮਾ ਹਨ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਸ਼ਕਤੀ/ਵੀਰਤਾ ਦਾ ਪ੍ਰਤੀਕ ਹੈ। ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ, ਗੁਰੂ-ਘਰ ਦੀ ਭਗਤੀ ਤੋਂ ਪੈਦਾ ਹੋਈ ਨਿਰਭੈਤਾ, ਵੀਰਤਾ ਦੀ ਵਿਹਾਰਕ ਸਿਖਰ ਹੈ। ਕਹਿਣ ਤੋਂ ਭਾਵ ਸਿੱਖੀ, ਸ਼ਹੀਦ ਬਾਬਾ ਦੀਪ ਸਿੰਘ ਜਿਹੇ ਸਿੱਖ ਪੈਦਾ ਕਰਦੀ ਹੈ।
ਇਥੇ ਦਸਣਾ ਜ਼ਰੂਰੀ ਹੈ ਕਿ ਬਾਬਾ ਦੀਪ ਸਿੰਘ ਜੀ ਨਿਹੰਗ ਸਿੰਘ ਸੰਪ੍ਰਦਾਇ (ਤਰਨਾ ਦਲ) ਦੇ ਵੀ ਮੋਢੀ ਸਿੱਖ ਸਨ। ਸ਼ਹੀਦੀ ਮਿਸਲ ਦੇ ਪਹਿਲੇ ਜਥੇਦਾਰ ਸਨ। ਤਲਵੰਡੀ ਸਾਬੋ ਨਿਹੰਗ ਸਿੰਘਾਂ ਦਾ ਮੁਖ ਅਸਥਾਨ ਹੈ। ਇਥੇ ਨਿਹੰਗ ਸਿੰਘਾਂ ਦੀਆਂ ਬੇਸ਼ਕੀਮਤੀ ਇਤਿਹਾਸਕ ਨਿਸ਼ਾਨੀਆਂ ਮੌਜੂਦ ਸਨ।ਅਜ ਵੀ ਨਿਹੰਗ ਸਿੰਘ ਦਲ ਪੰਥ ਇਥੇ ਮੌਜੂਦ ਰਹਿੰਦਾ ਹੈ।
ਉਪਰੋਕਤ ਵਿਚਾਰ ਤੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਬਹੁਪੱਖੀ ਰੂਹਾਨੀ ਸ਼ਖ਼ਸੀਅਤ ਦੇ ਦਰਸ਼ਨ ਹੁੰਦੇ ਹਨ।ਉਹ ਸੇਵਾ-ਸਿਮਰਨ ਦੇ ਪੁੰਜ, ਕਹਿਣੀ-ਕਰਣੀ ਦੇ ਪੂਰੇ-ਸੂਰੇ, ਦਮਦਮੀ ਟਕਸਾਲ ਦੇ ਮੋਢੀ ਸਿੱਖ, ਨਿਹੰਗ ਸਿੰਘ ਸੰਪ੍ਰਦਾਇ ਦੇ ਮੋਢੀ ਸਿੱਖ, ਗੁਰਬਾਣੀ ਦੇ ਵਿਆਖਿਆਕਾਰ, ਪਾਵਨ ਬੀੜਾਂ ਦੇ ਉਤਾਰਾਕਾਰ, ਬਾਣੀ-ਲਿਖਣ ਵਾਲੀਆਂ ਕਲਮਾਂ ਦੇ ਘੜਨਹਾਰ, ਬਾਣੀ-ਲਿਖਣ ਲਈ ਸਿਆਹੀ ਬਣਾਉਣ ਵਾਲੇ, ਜੀਵਨ-ਮੁਕਤ, ਗੁਰੂ ਦਾ ਖ਼ਾਸ ਰੂਪ ਖ਼ਾਲਸਾ ਹਨ। ਸ਼ਹੀਦ ਬਾਬਾ ਦੀਪ ਸਿੰਘ ਦਾ ਜੀਵਨ, ਸ਼ਖ਼ਸੀਅਤ ਤੇ ਉਨ੍ਹਾਂ ਦੇ ਪਰਉਪਕਾਰ ਤੋਂ ਸਾਨੂੰ ਸਿੱਖੀ-ਜੀਵਨ ਧਾਰਨ ਕਰਨ ਦੀ ਪ੍ਰੇਰਨਾ ਲੈਣੀ ਮਿਲਦੀ ਹੈ। ਸਾਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਹੇ ਸਿਦਕੀ ਸਿੱਖਾਂ ਨੂੰ ਨਾਲ ਲਾ ਕੇ ਕਿੰਨ੍ਹਾਂ ਔਖੇ ਸਮਿਆਂ ਵਿਚ, ਸੀਮਤ ਸਾਧਨਾਂ ਤੇ ਅਣਥੱਕ ਮਿਹਨਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ-ਕਾਰਜ ਕੀਤਾ। ਇਸ ਲਈ ਸਾਨੂੰ ਅਕਿਰਤਘਣਤਾ ਤੇ ਅਗਿਆਨਤਾ ਨੂੰ ਤਿਆਗ ਕੇ ਆਪ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਅਤੇ ਸਮਾਜ ਭਲਾਈ ਹਿਤ ਕਾਰਜਸ਼ੀਲ ਹੋਣਾ ਚਾਹੀਦਾ ਹੈ।

WRITTEN BY