Skip to content
Independent perspectives. Global stories.
BREAKING

ਸਿਆਸੀ ਨੇਤਾਵਾਂ ਦੀ ਗੁੰਡਾਗਰਦੀ

Share this story

ਪੰਜਾਬ ਵਿੱਚ ਸਿਆਸੀ ਨੇਤਾਵਾਂ ਦਾ ਗੁੰਡਾਗਰਦੀ ਵਾਲਾ ਵਿਵਹਾਰ ਬਹੁਤ ਹੀ ਚਿੰਤਾਜਨਕ ਹੈ। ਕਾਨੂੰਨ ਘਾੜੇ ਖੁਦ ਹੀ ਕਾਨੂੰਨ ਦਾ ਸਤਿਕਾਰ ਨਹੀਂ ਕਰਦੇ। ਸਿਆਸੀ ਨੇਤਾਵਾਂ ਨੂੰ ਆਪਣੇ ਮਾਤਹਿੱਤ ਅਫਸਰਾਂ ਅਤੇ ਆਮ ਲੋਕਾਂ ਨਾਲ ਬੁਰਾ ਵਰਤਾਓ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਸਿਆਸੀ ਨੇਤਾ ਕੋਈ ਰੱਬ ਨਹੀਂ ਹਨ। ਕਾਨੂੰਨ ਮੁਤਾਬਿਕ ਇਸ ਦੇਸ਼ ਦੇ ਸਾਰੇ ਨਾਗਰਿਕ ਬਰਾਬਰ ਹਨ। ਇਹ ਦੁਖ ਦੀ ਗੱਲ ਹੈ ਕਿ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਵਿਧਾਇਕ ਬੇਟੇ ਦਵਿੰਦਰ ਸਿੰਘ ਘੁਬਾਇਆ ਵੱਲੋਂ ਥਾਣਾ ਸਿਟੀ ਫਾਜ਼ਿਲਕਾ ਦੀ ਇੰਚਾਰਜ ਸਬ-ਇੰਸਪੈਕਟਰ ਬੀਬੀ ਲਵਮੀਤ ਕੌਰ ਨਾਲ ਬੁਰਾ ਵਰਤਾਓ ਕੀਤਾ ਗਿਆ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਆਡੀਓ ਵਿੱਚ ਵਿਧਾਇਕ ਪੁਲਿਸ ਮੁਲਾਜ਼ਮ ਨਾਲ ਬਹੁਤ ਬੁਰੇ ਤਰੀਕੇ ਨਾਲ ਗੱਲ ਕਰ ਰਿਹਾ ਹੈ। ਮੌਕੇ ਦੀ ਪੁਲਿਸ ਅਫਸਰ ਨੂੰ ਇਕ ਛੋਟੀ ਜਿਹੀ ਗੱਲ ਪਿੱਛੇ ਧਮਕਾਇਆ ਜਾ ਰਿਹਾ ਹੈ। ਮੋਟਰ ਗੱਡੀਆਂ ਦੇ ਚਲਾਨ ਕਰਨਾ ਪੁਲਿਸ ਦੀ ਡਿਊਟੀ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਵਿਧਾਇਕ ਅਜਿਹੇ ਮਾਮਲਿਆਂ ਵਿੱਚ ਵੀ ਦਖਲ ਦੇ ਰਹੇ ਹਨ। ਕਿਸ ਦਾ ਚਲਾਨ ਕੱਟਿਆ ਜਾਣਾ ਹੈ ਜਾਂ ਜਿਸ ਦਾ ਨਹੀਂ ਕੱਟਿਆ ਜਾਣਾ ਇਸ ਗੱਲ ਦਾ ਨਿਰਣਾ ਮੌਕੇ ਦੇ ਅਧਿਕਾਰੀ ਨੇ ਕਰਨਾ ਹੁੰਦਾ ਹੈ। ਵਿਧਾਇਕਾਂ ਦਾ ਅਜਿਹੇ ਪ੍ਰਸ਼ਾਸਨਿਕ ਮਾਮਲਿਆਂ ਵਿੱਚ ਦਖਲ ਗੈਰ ਕਾਨੂੰਨੀ ਅਤੇ ਅਫਸੋਸਨਾਕ ਹੈ। ਇਸ ਤੋਂ ਪਹਿਲਾਂ ਇਕ ਮੰਤਰੀ ਵੱਲੋਂ ਵੀ ਆਪਣੇ ਵਿਭਾਗ ਦੀ ਇਕ ਮਹਿਲਾ ਅਧਿਕਾਰੀ ਨਾਲ ਇਸੇ ਤਰ੍ਹਾਂ ਬੁਰਾ ਵਰਤਾਓ ਕੀਤਾ ਗਿਆ। ਇਕ ਹੋਰ ਨੇਤਾ ਵੱਲੋਂ ਸੀਨੀਅਰ ਆਈ.ਐਸ. ਅਧਿਕਾਰੀ ਮਹਿਲਾ ਨੂੰ ਅਸ਼ਲੀਲ ਸੁਨੇਹੇ ਭੇਜੇ ਗਏ। ਕੁੱਲ ਮਿਲਾ ਕੇ ਇਹ ਵਰਤਾਰਾ ਬਹੁਤ ਬੁਰਾ ਹੈ। ਅਜਿਹੇ ਨੇਤਾਵਾਂ ਖਿਲਾਫ ਕਾਨੂੰਨੀ ਤੌਰ ’ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਅਮਨ ਕਾਨੂੰਨ ਨੂੰ ਹੱਥ ਵਿੱਚ ਲੈਣ ਵਾਲੇ ਨੇਤਾਵਾਂ ਖਿਲਾਫ ਤੁਰੰਤ ਅਪਰਾਧਕ ਕਾਰਵਾਈ ਕਰਨ ਤਾਂ ਜੋ ਪ੍ਰਸ਼ਾਸਨਿਕ ਅਫਸਰਾਂ ਦੇ ਮਾਣ ਸਤਿਕਾਰ ਨੂੰ ਕਾਇਮ ਰੱਖਿਆ ਜਾ ਸਕੇ। ਵਿਧਾਇਕ ਦਵਿੰਦਰ ਸਿੰਘ ਨੇ ਇਕ ਨਾ-ਮੁਆਫੀਯੋਗ ਗੁਨਾਹ ਕੀਤਾ ਹੈ। ਉਸ ਨੇ ਸਰਕਾਰੀ ਕੰਮਕਾਜ ਵਿੱਚ ਦਖਲ ਦਿੱਤਾ ਹੈ। ਇਸ ਦੇ ਨਾਲ ਹੀ ਇਕ ਮਹਿਲਾ ਅਧਿਕਾਰੀ ਨਾਲ ਬੁਰਾ ਵਰਤਾਓ ਕੀਤਾ ਹੈ। ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ। ਇਸ ਕਰਕੇ ਇਸ ਵਿਧਾਇਕ ਖਿਲਾਫ ਤੁਰੰਤ ਕੇਸ ਦਰਜ ਹੋਣਾ ਚਾਹੀਦਾ ਹੈ। ਇਨਸਾਫ ਦਾ ਇਹੋ ਤਕਾਜ਼ਾ ਹੈ।

WRITTEN BY