ਭਵਾਨੀਗੜ੍ਹ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਦੁਨਿਆਂ ਭਰ ਵਿਚ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਣ ਦੀਆਂ ਤਿਆਰੀਆਂ ਚਲ ਰਹੀਆਂ ਹਨ ਉਥੇ ਹੀ ਪੰਜਾਬ ਸਰਕਾਰ ਵਲੋਂ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਭਵਾਨੀਗੜ੍ਹ ਸਬ ਡਵੀਜ਼ਨ ਦੇ ਇਤਿਹਾਸਕ ਪਿੰਡ ਗਹਿਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ,ਜਿਸ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਵਲੋਂ ਵੀ ਕੰਮਾਂ ਦੀ ਸ਼ੁਰੂਆਤ ਕਰਵਾ ਦਿਤੀ ਗਈ ਹੈ।ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਭਵਾਨੀਗੜ੍ਹ ਪ੍ਰਵੇਸ਼ ਗੋਇਲ ਨੇ ਦਸਿਆ ਕਿ ਸਾਡਾ ਲਈ ਅਤਿ ਖੁਸ਼ੀ ਦੀ ਗਲ ਹੈ ਕਿ ਸਿਖ ਕੌਮ ਦੇ ਮਹਾਨ ਗੁਰੂ ਨਾਨਕ ਦੇਵ ਜੀ ਦੇ ਗੋਰਵਮਈ ਇਤਿਹਾਸ ਨੂੰ ਯਾਦ ਰਖਦਿਆਂ ਪੰਜਾਬ ਸਰਕਾਰ ਵਿਸ਼ੇਸ਼ ਪ੍ਰੋਜੈਕਟ ਦੇ ਤਹਿਤ ਗ੍ਰਾਂਟ ਖਰਚ ਕੇ ਬਲਾਕ ਦੇ ਪਿੰਡ ਗਹਿਲਾਂ ਦੀ ਦਿਖ ਬਦਲਣ ਜਾ ਰਹੀ ਹੈ। ਗੋਇਲ ਨੇ ਦਸਿਆ ਕਿ ਇਥੇ ਵਖ ਵਖ ਵਿਕਾਸ ਕਾਰਜਾਂ ਦੇ ਤਹਿਤ ਸਾਫ ਸਫਾਈ, ਘਰਾਂ ਨੂੰ ਰੰਗ ਸਫ਼ੈਦੀ ਤੋਂ ਲੈ ਕੇ ਪਿੰਡ ਦੇ ਸਕੂਲ ‘ਚ ਆਰਟ ਵਰਕ,ਪਾਰਕ ਦੇ ਨਿਰਮਾਣ, ਚੌਗਿਰਦੇ ਨੂੰ ਰੰਗ ਬਿਰੰਗੇ ਫੁਲਾਂ ਤੇ ਦਰਖਤਾਂ ਨਾਲ ਹਰਿਆਵਲ ਕਰਨ ਸਮੇਤ ਦਰਜਨ ਤੋਂ ਵਧ ਕੰਮ ਕਰਵਾਏ ਜਾਣੇ ਹਨ। ਪਿੰਡ ਵਿਚ ਆਰਟ ਵਰਕ, ਫਿਰਨੀ ‘ਤੇ ਬੂਟੇ ਲਾਉਂਣ ਆਦਿ ਕੰਮਾਂ ਦੀ ਤਾਂ ਸ਼ੁਰੂਆਤ ਹੋ ਚੁਕੀ ਹੈ ਤੇ ਬਾਕੀ ਕੰਮਾਂ ਦੀ ਵੀ ਸ਼ੁਰੂਆਤ ਆਉਂਦੇ ਦਿਨਾਂ ਵਿਚ ਕਰ ਕੇ ਗੁਰੂਪੁਰਬ ਤਕ ਮੁਕੰਮਲ ਕਰਵਾ ਲੈਏ ਜਾਣਗੇ।
ਲੋਕਾਂ ‘ਚ ਖੁਸ਼ੀ…ਨਾਲ ਮਲਾਲ ਵੀ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਿੰਡ ਦੀ ਦਿਖ ਬਦਲਣ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਪਿੰਡ ਵਾਸੀਆਂ ਨੇ ਸ਼ਲਾਘਾ ਕੀਤੀ ਪਰੰਤੂ ਨਾਲ ਹੀ ਲੋਕਾਂ ਨੇ ਅਫਸੋਸ ਜ਼ਾਹਿਰ ਕੀਤਾ ਕਿ ਜਿਸ ਇਤਿਹਾਸ ਦੇ ਮਦੇਨਜ਼ਰ ਸਰਕਾਰ ਇਥੇ ਪੈਸੇ ਖਰਚ ਕਰਨ ਲਗੀ ਹੈ ਉਸੇ ਪਿੰਡ ਦੇ ਗੁਰੂ ਘਰ ਜਿਥੇ ਬਾਬਾ ਨਾਨਕ ਦੇਵ ਜੀ ਨੇ ਚਰਨ ਪਾਏ ਸਨ, ਲਈ ਫੰਡ ਦਾ ਇਕ ਵੀ ਪੈਸਾ ਖਰਚ ਨਹੀਂ ਹੋ ਰਿਹਾ ਜਿਸ ਦਾ ਉਨ੍ਹਾਂ ਨੂੰ ਮਲਾਲ ਹੈ। ਪਿੰਡ ਦੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਕੁਲਵਿੰਦਰ ਸਿੰਘ ਮੀਤ ਪ੍ਰਧਾਨ,ਜਗਪਾਲ ਸਿੰਘ ਖਜਾਨਚੀ, ਗੁਰਦੀਪ ਸਿੰਘ, ਕਰਨੈਲ ਸਿੰਘ,ਜੀਤ ਸਿੰਘ, ਬਲਵਿੰਦਰ ਸਿੰਘ ਆਦਿ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਗੁਰੂ ਘਰ ਲਈ ਵਿਸ਼ੇਸ਼ ਤੌਰ ‘ਤੇ ਗ੍ਰਾਂਟ ਦਾ ਪੈਸਾ ਖਰਚ ਕੀਤੇ ਜਾਣ ਦੀ ਮੰਗ ਕੀਤੀ।
ਕੀ ਹੈ ਇਤਿਹਾਸ- ਦਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਇਕ ਯਾਤਰਾ ਦੌਰਾਨ ਪਿੰਡ ਛੀਂਟਾਵਾਲਾ ਦੇ ਗੁਰਦੁਆਰਾ ਚੁਬਾਰਾ ਸਾਹਿਬ ਤੋਂ ਚਲ ਕੇ ਪਿੰਡ ਗਹਿਲਾਂ ਵਿਚ ਇਕ ਪਿਪਲ ਦੇ ਦਰਖਤ ਹੇਠਾਂ ਵਿਸ਼ਰਾਮ ਕਰਨ ਲਈ ਰੁਕੇ ਸਨ, ਕੁਝ ਦੇਰ ਆਰਾਮ ਕਰਨ ਉਪਰੰਤ ਆਪਣੀ ਅਗਲੀ ਮੰਜ਼ਿਲ ਵਲ ਰਵਾਨਾ ਹੋ ਗਏ।ਜੋ ਇਤਿਹਾਸ ਵਿਚ ਦਰਜ ਹੈ।
ਹੋਣ ਵਾਲੇ ਕੰਮਾਂ ਦਾ ਵੇਰਵਾ- * ਦਲਿਤ ਭਾਈਚਾਰੇ ਦੇ ਸ਼ਮਸ਼ਾਨ ਘਾਟ ਦੀ ਮੁਕੰਮਲ ਮੁਰੰਮਤ।* ਪਿੰਡ ਦੀ ਦਾਣਾ ਮੰਡੀ ਨੇੜੇ ਖੇਡ ਮੈਦਾਨ ਦਾ ਨਿਰਮਾਣ।* ਸਕੂਲ ‘ਚ ਆਰਟ ਵਰਕ ਤੇ ਸਮਾਰਟ ਬੋਰਡ।* ਪਬਲਿਕ ਪਾਰਕ ਦਾ ਨਿਰਮਾਣ।* ਫਿਰਨੀ ’ਤੇ ਬੂਟੇ ਲਾਉਣੇ।* ਜਰਨਲ ਧਰਮਸ਼ਾਲਾ ਦੀ ਮੁਰੰਮਤ।* ਜਰਨਲ ਸ਼ਮਸ਼ਾਨ ਘਾਟ ‘ਚ ਪੇਂਟ, ਸਫਾਈ ਤੇ ਰਸਤਾ ਪਕਾ।* ਪਿੰਡ ‘ਚ ਸੀਸੀਟੀਵੀ ਕੈਮਰੇ।* ਸੋਲਰ ਲਾਈਟਾਂ।* ਗੁਰੂ ਘਰ ਤਕ ਘਰਾਂ ‘ਤੇ ਸਫੈਦੀ।* ਗਲੀਆਂ, ਨਾਲੀਆਂ ਦਾ ਕੰਮ।* ਪਿੰਡ ਦੀਆਂ ਸਰਕਾਰੀ ਇਮਾਰਤਾਂ ‘ਤੇ ਪੇਂਟ।* ਛਪੜ ਦੀ ਰਿਟੇਨਿੰਗ ਵਾਲ, ਲਾਈਟਿੰਗ ਤੇ ਟ੍ਰੈਕ ਦਾ ਕੰਮ।
– ਇਕਬਾਲ ਬਾਲੀ
ਪੱਤਰਕਾਰ ਪੰਜਾਬ ਟਾਇਮਜ਼ (ਭਵਾਨੀਗੜ੍ਹ)
ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਿੰਡ ਗਹਿਲਾਂ ਦੀ ਸਰਕਾਰ ਬਦਲੇਗੀ ਨੁਹਾਰ



