ਧੂਰੀ – ਮਨੁੱਖ ਦਾ ਜੀਵਨ ਜੰਗਲ ਤੋਂ ਸ਼ੁਰੂ ਹੋਇਆ ਹੈ। ਜੰਗਲ ਤੋਂ ਪਰੇ ਹਟ ਕੇ ਮਨੁੱਖ ਨੇ ਆਧੁਨਿਕ ਸਭਿਅਤਾ ਦਾ ਸੁਪਨਾ ਸਾਕਾਰ ਕੀਤਾ ਹੈ। ਮਨੁੱਖ ਦਾ ਜੀਵਨ ਚੱਕਰ ਅਸਲ ਵਿਚ ਵਾਤਾਵਰਨ, ਪ੍ਰਾਣੀ ਵਰਗ ਅਤੇ ਰੁੱਖਾਂ ਨਾਲ ਜੁੜਿਆ ਹੈ। ਮਨੁੱਖ ਹਰ ਚੀਜ਼ ਕੁਦਰਤ ਤੋਂ ਪ੍ਰਾਪਤ ਕਰਦਾ ਹੈ। ਪੁਰਾਤਨ ਸਮੇਂ ਤੋਂ ਹੁਣ ਤਕ ਮਨੁੱਖ ਨੇ ਰੁੱਖਾਂ ਤੋਂ ਹੀ ਹਰ ਚੀਜ਼ ਪ੍ਰਾਪਤ ਕੀਤੀ ਹੈ। ਮਨੁੱਖ ਦਾ ਜੀਵਨ ਵੀ ਰੁੱਖਾਂ ’ਤੇ ਨਿਰਭਰ ਹੈ। ਮਨੁੱਖ ਰੁੱਖਾਂ ਤੋਂ ਆਕਸੀਜਨ ਪ੍ਰਾਪਤ ਕਰ ਕੇ ਹੀ ਸਾਹ ਲੈਂਦਾ ਹੈ। ਜਦੋਂ ਦਾ ਮਨੁੱਖ ਦਾ ਧਰਤੀ ’ਤੇ ਪੈਰ ਪਿਆ ਹੈ। ਰੁੱਖ ਹੀ ਉਸ ਨੂੰ ਸਹਾਰਾ ਬਣ ਮਿਲਿਆ। ਰੁੱਖ ਦੀ ਛਾਂ,ਰੁੱਖ ਦੀ ਲੱਕੜ, ਰੁੱਖ ਤੋਂ ਪ੍ਰਾਪਤ ਫਲ,ਰੁੱਖ ਤੋਂ ਪ੍ਰਾਪਤ ਰਸ ਦਵਾਈਆਂ ਜਿਨ੍ਹਾਂ ਹਮੇਸ਼ਾ ਮਨੁੱਖ ਨੂੰ ਲਾਭ ਦਿੱਤਾ ਹੈ। ਸਮੇਂ-ਸਮੇਂ ਰੁੱਖਾਂ ਨੇ ਮਨੁੱਖ ਨੂੰ ਕੁਦਰਤੀ ਜੀਵਾਂ ਤੋਂ ਵੀ ਸੁਰੱਖਿਆ ਦਿੱਤੀ ਹੈ। ਰੁੱਖ ਧਰਤੀ ਦਾ ਸਰਮਾਇਆ ਹਨ। ਅੱਜ ਆਧੁਨਿਕ ਮਨੁੱਖ ਵੀ ਰੁੱਖਾਂ ’ਤੇ ਹੀ ਨਿਰਭਰ ਹੈ। ਰੁੱਖ ਧਰਤੀ ’ਤੇ ਸੁੰਦਰਤਾ ਤੇ ਸੁੰਦਰ ਵਾਤਾਵਰਨ ਬਣਾਈ ਰੱਖਦੇ ਹਨ। ਮਨੁੱਖ ਦੀ ਚੰਗੀ ਸਿਹਤ ਵੀ ਰੁੱਖਾਂ ’ਤੇ ਹੀ ਨਿਰਭਰ ਹੈ। ਮਨੁੱਖ ਨੂੰ ਰੁੱਖਾਂ ਤੋਂ ਕਈ ਲਾਭ ਤੇ ਦਾਤਾਂ ਪ੍ਰਾਪਤ ਹੁੰਦੀਆਂ ਹਨ। ਪਿੱਪਲ, ਬੋਹੜ ਤੇ ਹੋਰ ਵੱਡੇ ਆਕਾਰ ਵਾਲੇ ਰੁੱਖ ਮਨੁੱਖ ਨੂੰ ਅਤੇ ਹੋਰ ਜੀਵ ਜੰਤੂਆਂ ਨੂੰ ਛਾਂਅ, ਆਕਸੀਜਨ, ਲੱਕੜੀ, ਆਯੁਰਵੈਦਿਕ ਦਵਾਈ ਤੇ ਕਈ ਲਾਭ ਦਿੰਦੇ ਹਨ। ਨਿੰਮ ਦੇ ਰੁੱਖ ਦੇ ਪੱਤੇ ਟਾਹਣੀਆਂ, ਜੜ੍ਹਾਂ, ਫਲ ਮਨੁੱਖ ਦਵਾਈ ਦੇ ਤੌਰ ’ਤੇ ਵਰਤਦਾ ਹੈ। ਨਿੰਮ ਚਮੜੀ ਦੇ ਰੋਗ ਅਤੇ ਇਨਫੈਕਸ਼ਨ ਦੂਰ ਕਰਦਾ ਹੈ। ਨਿੰਮ ਦੀ ਛਾਂਅ ਹੇਠ ਬੈਠਣ ਨਾਲ ਵੀ ਕਈ ਬਿਮਾਰੀਆਂ ਦਾ ਇਲਾਜ ਹੁੰਦਾ ਹੈ। ਚੰਦਨ ਦੇ ਰੁੱਖ ਦੀ ਵਰਤੋਂ ਅਸੀਂ ਕਈ ਤਰ੍ਹਾਂ ਕਰਦੇ ਹਾਂ। ਇਹ ਲੱਕੜ ਬਹੁਤ ਮਹਿੰਗੀ ਹੈ ਤੇ ਧਾਰਮਿਕ ਭਾਵਨਾਵਾਂ ਨਾਲ ਵੀ ਜੁੜੀ ਹੈ। ਸਰੀਹ ਦੇ ਦਰਖ਼ਤ ਦੀ ਆਪਣੀ ਮਹੱਤਤਾ ਹੈ। ਜੰਗਲੀ ਸ਼ਰੀਂਹ ਦੇ ਪੱਤੇ ਦਾ ਰਸ ਖ਼ਾਸ ਦਵਾਈਆਂ ਦੇ ਗੁਣ ਰੱਖਦਾ ਹੈ। ਇਸ ਦੇ ਪੱਤਿਆਂ ਦਾ ਰਸ ਕੱਢ ਕੇ ਪਸ਼ੂ ਦੀ ਅੱਖ ਵਿਚ ਪਾਉਣ ਨਾਲ ਪਸ਼ੂ ਦਾ ਚਿੱਟਾ ਫੋਲਾ ਜਾਂ ਅੱਖ ਅੰਦਰ ਲੱਗੀ ਚੋਟ ਠੀਕ ਹੋ ਜਾਂਦੀ ਹੈ। ਕਿੱਕਰ,ਅੰਬ,ਰੂਬਲ,ਟਾਹਲੀ, ਸਫ਼ੈਦਾ,ਪਾਪੂਲਰ ਤੇ ਹੋਰ ਕਈ ਪ੍ਰਕਾਰ ਦੇ ਰੁੱਖ ਮਨੁੱਖ ਨੂੰ ਕਈ ਲਾਭ ਦੇ ਰਹੇ ਹਨ। ਮਨੁੱਖ ਨੇ ਘਰ ਦੇ ਬਾਹਰ ਹਰ ਥਾਂ ਲੱਕੜ ਦੀ ਵਰਤੋਂ ਕੀਤੀ ਹੈ। ਵੱਡੇ-ਵੱਡੇ ਭਵਨ ਦੀ ਲੱਕੜੀ ਦੀ ਵਰਤੋਂ ਕਰ ਕੇ ਬਣਾਏ ਹਨ। ਲੱਕੜੀ ਤੋਂ ਮਨੁੱਖ ਨੇ ਹਜ਼ਾਰਾਂ ਕੰਮ ਲਏ ਹਨ। ਮਨੁੱਖ ਨੇ ਰੁੱਖਾਂ ਨੂੰ ਕਈ ਰੂਪ ਵਿਚ ਵਰਤਿਆ ਹੈ। ਰੁੱਖਾਂ ਉਤੇ ਕਈ ਜੀਵ ਜੰਤੂ ਵੀ ਜਨਮ ਲੈਂਦੇ ਹਨ। ਰੁੱਖਾਂ ਨਾਲ ਜੀਵ ਜੰਤੂ ਚੱਕਰ ਵੀ ਜੁੜਿਆ ਹੈ। ਰੁੱਖਾਂ ਉਤੇ ਕਈ ਪ੍ਰਕਾਰ ਦੇ ਕੀੜੇ ਪ੍ਰਜਾਤੀ ਵੀ ਜਨਮ ਲੈਂਦੀ ਹੈ। ਰੁੱਖਾਂ ਕਰ ਕੇ ਹੀ ਵਾਤਾਵਰਨ ਸੰਤੁਲਨ ਬਣਿਆ ਹੋਇਆ ਹੈ। ਜੰਗਲਾਂ ਵਿਚ ਪਾਏ ਜਾਂਦੇ ਰੁੱਖ ਵੀ ਕਈ ਪ੍ਰਕਾਰ ਦੀਆਂ ਵਿਸ਼ੇਸ਼ਤਾਵਾਂ ਰੱਖਦੇ ਹਨ। ਜਿੱਥੇ ਵੱਧ ਰੁੱਖ ਹੋਣਗੇ,ਉਥੇ ਵਧ ਵਰਖਾ ਹੋਵੇਗੀ ਤੇ ਮੌਸਮ ਵੀ ਠੰਢਾ ਹੋਵੇਗਾ। ਰੁੱਖ ਧਰਤੀ ਹੇਠਲੇ ਪਾਣੀ ਦਾ ਸੰਤੁਲਨ ਬਣਾਈ ਰੱਖਣ ਵਿਚ ਵੀ ਸਹਾਇਕ ਹੁੰਦੇ ਹਨ। ਜਿੱਥੇ ਵੱਧ ਰੁੱਖ ਹੋਣਗੇ, ਉਥੇ ਪੰਛੀ,ਜੀਵ, ਕੀਟ ਵੀ ਵੱਧ ਹੋਣਗੇ। ਵੱਧ ਰੁੱਖ ਮਨੁੱਖ ਦੀ ਚੰਗੀ ਸਿਹਤ ਲਈ ਵੀ ਸਹਾਈ ਹੁੰਦੇ ਹਨ ਤੇ ਬਿਮਾਰੀਆਂ ’ਤੇ ਵੀ ਨਿਯੰਤਰਨ ਰੱਖਦੇ ਹਨ। ਜਿੰਨੇ ਦਰਖ਼ਤ ਵੱਧ ਹੋਣਗੇ, ਓਨੀ ਹੀ ਇਲਾਕੇ ਦੇ ਵਾਤਾਵਰਨ ਅਤੇ ਮਨੁੱਖ ਦੀ ਸੁੰਦਰਤਾ ਵਧੇਗੀ। ਪਰ ਮਨੁੱਖ ਨੇ ਧੜਾਧੜ ਜੰਗਲਾਂ ਦੀ ਕਟਾਈ ਕੀਤੀ ਹੈ ਜਿਸ ਕਰ ਕੇ ਮਨੁੱਖਤਾ ਤੇ ਜੀਵ ਜਗਤ ਨੂੰ ਵੱਡਾ ਨੁਕਸਾਨ ਤੇ ਖ਼ਤਰਾ ਉਤਪੰਨ ਹੋ ਗਿਆ ਹੈ। ਦਰਖ਼ਤਾਂ ਦੀ ਵੱਡੇ ਪੱਧਰ ’ਤੇ ਕਟਾਈ ਕਾਰਨ ਤੇ ਨਵੇਂ ਦਰਖ਼ਤ ਪੈਦਾ ਨਾ ਹੋਣ ਕਾਰਨ ਵਾਤਾਵਰਨ ਵਿਚ ਕਈ ਪ੍ਰਕਾਰ ਦੇ ਵਿਗਾੜ ਆਏ ਹਨ। ਵਰਖਾ ਘੱਟ ਰਹੀ ਹੈ। ਧਰਤੀ ਹੇਠਲਾ ਪਾਣੀ ਨੀਵਾਂ ਹੋ ਰਿਹਾ ਹੈ। ਗਰਮੀ ਵੱਧ ਰਹੀ ਹੈ। ਮਨੁੱਖ ਨੂੰ ਬਿਮਾਰੀਆਂ ਘੇਰ ਰਹੀਆਂ ਹਨ। ਕੀਟ-ਪੰਛੀ ਤੇ ਦਰਖਤਾਂ ’ਤੇ ਰਹਿਣ ਵਾਲੇ ਜੀਵਾਂ ਦੀ ਗਿਣਤੀ ਘਟਣ ਕਾਰਨ ਲੋਪ ਹੋ ਰਹੇ ਹਨ। ਲੱਕੜ ਦੀ ਜ਼ਰੂਰਤ ਪੂਰੀ ਨਹੀਂ ਹੋ ਰਹੀ ਹੈ। ਫਲ ਅਤੇ ਰੁੱਖਾਂ ਤੋਂ ਪ੍ਰਾਪਤ ਵਸਤਾਂ ਮਹਿੰਗੀਆਂ ਹੋ ਰਹੀਆਂ ਹਨ। ਇਸ ਲਈ ਹਰ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੀ ਜ਼ਿੰਦਗੀ ਵਾਂਗ ਹੀ ਆਲੇ-ਦੁਆਲੇ ਦੇ ਰੁੱਖਾਂ ਦੀ ਹਿਫ਼ਾਜ਼ਤ ਵੀ ਕਰੇ। ਰੁੱਖ ਵੱਡਾ ਕਰ ਕੇ ਵੇਚ ਕੇ ਪੈਸਾ ਵਟਣ ਦੀ ਭਾਵਨਾ ਨਾਲ ਪੈਦਾ ਕਰਨ ਦਾ ਰੁਝਾਨ ਖ਼ਤਮ ਹੋਣਾ ਚਾਹੀਦਾ ਹੈ। ਧਰਤੀ ਤੇ ਮਨੁੱਖ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਜੇਕਰ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਵੀ ਇੱਥੇ ਪੰਜਾਹ ਲੱਖ ਵੱਡੇ ਰੁੱਖ ਪੈਦਾ ਕਰ ਲਏ ਜਾਣ ਤਾਂ ਪੰਜਾਬ ਦੇ ਮੌਸਮ ਅਤੇ ਵਾਤਾਵਰਨ ਵਿਚ ਵੱਡੀ ਤਬਦੀਲੀ ਆ ਜਾਵੇਗੀ।
– ਸੰਜੀਵ ਸਿੰਗਲਾ
ਪੱਤਰਕਾਰ, ‘ਪੰਜਾਬ ਟਾਇਮਜ਼’ ਧੂਰੀ
ਮਨੁੱਖੀ ਜੀਵਨ ’ਚ ਰੁੱਖਾਂ ਦੀ ਵਿਸ਼ੇਸ਼ ਮਹੱਤਤਾ-ਘੱਟ ਰਹੇ ਰੁੱਖਾਂ ਦੇ ਨੁਕਸਾਨ



