ਅਜ ਇਕਵੀਂ ਸਦੀ ਵਿਚ ਹਰ ਦੇਸ਼ ਨੇ ਬਹੁਤ ਹੀ ਤਰਕੀ ਕਰ ਲਈ ਹੈ । ਜਾਪਾਨ, ਚਾਇਨਾ, ਅਮਰੀਕਾ ਤੇ ਕੈਨੇਡਾ ਵਰਗੇ ਦੇਸ਼ਾਂ ਨੇ ਕਈ ਆਧੁਨਿਕ ਕਾਂਡਾ ਕਢ ਸਾਡੇ ਮਨੁਖੀ ਜੀਵਨ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਅਜ ਅਸੀਂ ਗਲ ਕਰਾਂਗੇ ਆਪਣੇ ਪਿਆਰੇ ਭਾਰਤ ਦੇ ਇਕ ਛੋਟੇ ਜਿਹੇ ਰਾਜ ਪੰਜਾਬ ਦੀ।
ਪੰਜਾਬ ਜਿਸ ਨੂੰ ਕਿ ਕਦੇ ਸੋਨੇ ਦੀ ਚਿੜੀਆਂ ਵੀ ਆਖਿਆ ਜਾਂਦਾ ਸੀ। ਅਜ ਹਨੇਰੇ ਵਿਚ ਡੁਬ ਚੁਕਾ ਹੈ । ਹਰ ਛੋਟਾ- ਵਡਾ ਖਾਸ ਤੌਰ ਤੇ ਨੌਜਵਾਨ ਵਰਗ ਹੁਣ ਇਸਨੂੰ ਛਡ ਵਿਦੇਸ਼ਾਂ ਵਿਚ ਜਾਣਾ ਚਾਹੁੰਦਾ ਹੈ। ਅਜ ਪੰਜਾਬ ਵਿਚ ਨਸ਼ਿਆਂ ਦਾ ਕੰਮ ਜ਼ੋਰਾਂ ਤੇ ਹੈ । ਹਰ ਦੂਸਰਾ ਨੌਜਵਾਨ ਕੋਈ ਨਾ ਕੋਈ ਨਸ਼ਾ ਕਰਦਾ ਹੈ । ਕਿਸਾਨੀ ਜੋ ਕਿ ਪੰਜਾਬ ਦਾ ਮੂਲ ਆਧਾਰ ਸੀ। ਅਜ ਕਿਸਾਨ ਖੁਦਕੁਸ਼ੀਆਂ ਕਰਨ ਤੇ ਮਜਬੂਰ ਹੋ ਗਿਆ ਹੈ । ਨਿਤ ਅਖਬਾਰਾਂ ਤੇ ਟੀਵੀ ਚੈਨਲਾਂ ਤੇ ਰੇਪ ਚੋਰੀ ਚਕਾਰੀ ਤੇ ਕਤਲੇਆਮ ਦੀਆਂ ਦੁਖਦ ਘਟਨਾਵਾਂ ਸੁਣਨ ਨੂੰ ਮਿਲਦੀਆਂ ਹਨ । ਇਸ ਲਈ ਸਾਨੂੰ ਜੇਕਰ ਆਪਣੇ ਪਿਆਰੇ ਪੰਜਾਬ ਨੂੰ ਫਿਰ ਤੋਂ ਸੁਰਜੀਤ ਕਰਨਾ ਹੈ ਤਾਂ ਇਨ੍ਹਾਂ ਸਭ ਸਮਸਿਆਵਾਂ ਦੇ ਕਾਰਨ ਨੂੰ ਸਮਝਦੇ ਹੋਏ ਚੰਗੇ ਹਲ ਕਢਣ ਆਪਣੇ ਪੰਜਾਬ ਅਤੇ ਦੇਸ਼ ਦੀ ਰਖਿਆ ਕਰਨੀ ਪਵੇਗੀ ।
ਰਾਜਨੀਤਿਕ ਸਿਸਟਮ ਹਰ ਦੇਸ਼ ਦੀ ਅਰਥ ਵਿਵਸਥਾ, ਸਮਾਜਿਕ ਵਿਵਸਥਾ ਅਤੇ ਸਭਿਆਚਾਰ ਵਿਵਸਥਾ ਤੇ ਗਹਿਰਾ ਅਸਰ ਪਾਉਂਦਾ ਹੈ । ਪਰ ਜੇਕਰ ਰਾਜਨੈਤਿਕ ਸਿਸਟਮ ਵਿਚ ਹੀ ਭ੍ਰਿਸ਼ਟਾਚਾਰੀ ਗੈਰ ਜ਼ਿੰਮੇਦਾਰੀ, ਲੜਾਈਆਂ ਅਤੇ ਝੂਠ ਤੇ ਫਰੇਬੀ ਹੋਈ ਤਾਂ ਸਾਰੇ ਦੇਸ਼ ਦਾ ਸਿਸਟਮ ਹੀ ਖਰਾਬ ਹੋ ਜਾਂਦਾ ਹੈ । ਕੁਝ ਅਜਿਹੀਆਂ ਹੀ ਸਮਸਿਆਵਾਂ ਆ ਗਈਆਂ ਹਨ ਸਾਡੇ ਰਾਜ ਦੀ ਸਰਕਾਰ ਵਿਚ ।ਨੇਤਾ ਅਤੇ ਉਚ ਪਦਵੀਆਂ ਤੇ ਬੈਠੇ ਅਧਿਕਾਰੀ ਆਪਣੀ ਤਾਕਤ ਤੇ ਅਧਿਕਾਰਾਂ ਦਾ ਗਲਤ ਉਪਯੋਗ ਕਰਨ ਲਗ ਗਏ ਹਨ ਅਜ ਜਿਸ ਕੋਲ ਵੀ ਥੋੜ੍ਹੀ ਬਹੁਤ ਰਾਜਨੀਤਿਕ ਜਾਂ ਸਮਾਜਿਕ ਤਾਕਤ ਮਿਲ ਰਹੀ ਹੈ ਉਹ ਉਸ ਦੀ ਜ਼ਿਆਦਾਤਰ ਗ਼ਲਤ ਵਰਤੋਂ ਕਰ ਰਿਹਾ ਹੈ। ਮਿਸਾਲ ਦੇ ਤੌਰ ਤੇ ਦੇਖਿਆ ਜਾਏ ਤਾਂ ਇਕ ਭ੍ਰਿਸ਼ਟ ਪੁਲਿਸ ਕਰਮੀ ਸਮਾਜ ਲਈ ਕਿੰਨਾ ਹਾਨੀਕਾਰਕ ਹੋ ਸਕਦਾ ਹੈ। ਅਜ ਅਸੀਂ ਆਮ ਦੇਖਦੇ ਹਾਂ ਆਮ ਜਨਤਾ ਖ਼ਾਸ ਕਰ ਨੌਜਵਾਨ ਪੀੜ੍ਹੀ ਸੜਕ ਨਿਯਮਾਂ ਦੀ ਕੋਈ ਵੀ ਪਾਲਣਾ ਨਹੀਂ ਕਰਦਾ। ਕਈ ਵਾਰ ਪੁਲਿਸ ਵੀ ਚੌਕਾਂ ਤੇ ਖੜ੍ਹੀ ਆਪਣੀ ਡਿਊਟੀ ਨਿਭਾ ਰਹੀ ਹੁੰਦੀ ਹੈ। ਪਰ ਰਿਸ਼ਵਤ ਲੈ ਮੁਲਾਜ਼ਮ ਨੂੰ ਛਡ ਦਿਤਾ ਜਾਂਦਾ ਹੈ । ਫਿਰ ਚਾਹੇ ਇਹ ਗਲ ਸੜਕ ਨਿਯਮਾਂ ਦੀ ਹੋਈ ਜਾਂ ਕਿਸੇ ਕਤਲ ਇਲਜ਼ਾਮ ਜਾਂ ਹੋਰ ਅਪਰਾਧ ਦੀ । ਇਕ ਭ੍ਰਿਸ਼ਟ ਇਨਸਾਨ ਜਦੋਂ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰਦਾ ਹੈ ਤਾਂ ਇਸ ਦਾ ਸਿਧਾ ਅਸਰ ਆਮ ਜਨਤਾ ਤੇ ਹੁੰਦਾ ਹੈ । ਦੇਸ਼ ਦਾ ਸਿਸਟਮ ਵਿਗੜਦਾ ਹੈ ਅਤੇ ਇਕ ਦੇ ਨਾਲ ਨਾਲ ਹੋਰ ਸਮਸਿਆਵਾਂ ਪੈਦਾ ਹੁੰਦੀਆਂ ਹਨ। ਇਹ ਤਾਂ ਬਸ ਇਕ ਛੋਟੀ ਜਿਹੀ ਉਦਾਹਰਣ ਸੀ । ਜੋ ਕਿ ਅਸੀਂ ਪੁਲਿਸ ਦੇ ਨਾਮ ਤੇ ਲਈ । ਪਰ ਅਜ ਲਖਾਂ ਹੀ ਉਦਾਹਰਣਾਂ ਨੇ ਜਿਸ ਵਿਚ ਅਸੀਂ ਦੇਖਦੇ ਹਾਂ ਕਿ ਕਿਵੇਂ ਉਚੇਆਂ ਅਹੁਦਿਆਂ ਤੇ ਬੈਠੇ ਲੋਕ ਆਪਣੀ ਤਾਕਤ ਦੀ ਗਲਤ ਵਰਤੋਂ ਕਰ ਆਮ ਜਨਤਾ ਨੂੰ ਪ੍ਰੇਸ਼ਾਨ ਕਰ ਰਹੇ ਹਨ । ਇਸ ਲਈ ਸਿਸਟਮ ਵਿਚ ਸੁਧਾਰ ਕਰਨ ਦੀ ਬਹੁਤ ਜ਼ਰੂਰਤ ਹੈ ।
ਇਸ ਦੇ ਲਈ ਸਾਡਾ ਆਮ ਜਨਤਾ ਦਾ ਸੁਚੇਤ ਹੋਣਾ ਵੀ ਬਹੁਤ ਜਰੂਰੀ ਹੈ ।
ਸਾਨੂੰ ਸਾਡੇ ਹਕਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਸਾਨੂੰ ਸਭ ਤੋਂ ਪਹਿਲਾਂ ਆਪਣੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਚਾਹੀਦੀਆਂ ਹਨ ।
ਆਓ ਆਪਣੀ ਜ਼ਿੰਮੇਵਾਰੀ ਨੂੰ ਸਮਝੀਏ : ਜੇਕਰ ਆਮ ਇਨਸਾਨ ਚਾਹੁੰਦਾ ਹੈ ਕਿ ਉਸ ਦਾ ਦੇਸ਼ ਤਰਕੀ ਕਰੇ ਅਤੇ ਉਹ ਆਪਣੇ ਹੀ ਦੇਸ਼ ਵਿਚ ਅਮਨ, ਸ਼ਾਂਤੀ ,ਭਾਈਚਾਰੇ ਅਤੇ ਸੁਖਦ ਜ਼ਿੰਦਗੀ ਨੂੰ ਮਾਣ ਸਕੇ ਤਾਂ ਉਸ ਨੂੰ ਵੀ ਆਪਣੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਚਾਹੀਦਾ ਹੈ । ਅਜ ਹਰ ਕੋਈ ਚਾਹੁੰਦਾ ਹੈ ਕਿ ਰਿਸ਼ਵਤਖੋਰੀ ਖਤਮ ਹੋ ਜਾਵੇ। ਪਰ ਜਦੋਂ ਖੁਦ ਨੂੰ ਕੋਈ ਸਮਸਿਆ ਆਉਂਦੀ ਹੈ ਤਾਂ ਬਹੁਤੇ ਲੋਕ ਝਟ ਰਿਸ਼ਵਤ ਦੇ ਕੇ ਉਸ ਤੋਂ ਨਿਕਲਣ ਦੀ ਕੋਸ਼ਿਸ਼ ਕਰਦੇ ਹਨ ਇਕ ਪਾਸੇ ਤਾਂ ਅਸੀਂ ਕਈ ਧੰਨੇ ਪ੍ਰਦਰਸ਼ਨ ਕਰ ਰਿਸ਼ਵਤਖੋਰੀ ਜਾਂ ਹੋਰ ਸਮਾਜਿਕ ਮੁਦਿਆਂ ਤੇ ਬੋਲਦੇ ਹਾਂ । ਸਰਕਾਰਾਂ ਨੂੰ ਦੋਸ਼ ਦਿੰਦੇ ਹਾਂ। ਪਰ ਦੂਸਰੇ ਹੀ ਪਾਸੇ ਅਸੀਂ ਆਪ ਹੀ ਉਸ ਨੂੰ ਵਧਾਵਾ ਵੀ ਦੇ ਰਹੇ ਹੁੰਦੇ ਹਾਂ । ਇਸ ਲਈ ਸਭ ਤੋਂ ਪਹਿਲਾਂ ਜ਼ਰੂਰਤ ਹੈ ਸਾਨੂੰ ਆਪਣੀ ਜ਼ਿੰਮੇਵਾਰੀ ਸਮਝ ਸਮਸਿਆਵਾਂ ਪ੍ਰਤੀ ਲੜਨ ਦੀ।ਜੇਕਰ ਅਸੀਂ ਆਮ ਇਨਸਾਨ ਸੜਕਾਂ ਦੇ ਨਿਯਮਾਂ ਦੀ ਸਹੀ ਵਰਤੋਂ ਕਰੀਏ ,ਰਿਸ਼ਵਤ ਦੇਣ ਤੋਂ ਬਚੀਏ, ਟੈਕਸ ਪੂਰਾ ਭਰੀਏ ,ਸਫ਼ਾਈ ਇਤ ਆਦਿ ਦਾ ਪੂਰਾ ਧਿਆਨ ਰਖੀਏ ਤਾਂ ਸਾਡਾ ਵੀ ਦੇਸ਼ ਬਣ ਸਕਦਾ ਹੈ ਠਕੈਨੇਡਾਠ। ਇਹ ਮੇਰਾ ਨਿਜੀ ਅਨੁਭਵ ਹੈ । ਬਾਹਰਲੇ ਦੇਸ਼ਾਂ ਦੇ ਆਮ ਲੋਕ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹਨ । ਉਹ ਆਪਣੀ ਸਰਕਾਰ ਦੁਆਰਾ ਬਣਾਏ ਨਿਯਮਾਂ ਤੇ ਕਾਨੂੰਨ ਦੀ ਸਹੀ ਵਰਤੋਂ ਕਰ ਆਪਣੇ ਦੇਸ਼ ਦੀ ਤਰਕੀ ਵਲ ਹਥ ਅਗੇ ਲੈ ਜਾਂਦੇ ਹਨ । ਆਖਿਰ ਇਹ ਸਰਕਾਰਾਂ ਅਸੀਂ ਆਮ ਜਨਤਾ ਨੇ ਮਿਲ ਕੇ ਹੀ ਬਣਾਈਆਂ ਹਨ। ਪਰ ਜਦੋਂ ਅਸੀਂ ਖੁਦ ਹੀ ਆਪਣੀ ਜ਼ਿੰਮੇਵਾਰੀ ਤੋਂ ਭਟਕ ਗਲਤ ਢੰਗ ਅਪਣਾ ਲਿਆ ਹੈ ਤਾਂ ਸਿਸਟਮ ਦਾ ਖਰਾਬ ਹੋ ਜਾਣਾ ਲਾਜਮੀ ਗਲ ਹੈ । ਮਿਸਾਲ ਦੇ ਤੌਰ ਤੇ ਵੋਟਾਂ ਦੇ ਵੇਲੇ ਕੁਝ ਪਾਰਟੀਆਂ ਪੈਸੇ ਤੇ ਸ਼ਰਾਬ ਆਦਿ ਰਿਸ਼ਵਤ ਦੇ ਤੌਰ ਤੇ ਵੰਡ ਚੁਨਾਅ ਵਿਚ ਆਉਂਦੀਆਂ ਹਨ । ਅਸੀਂ ਕਿਉਂ ਫਿਰ ਕੁਝ ਲਾਲਚ ਦੇ ਕਾਰਨ ਅਜਿਹੇ ਭ੍ਰਿਸ਼ਟ ਲੋਕਾਂ ਨੂੰ ਵੋਟਾਂ ਪਾ ਰਹੇ ਹਾਂ ? ਇਸ ਲਈ ਆਮ ਜਨਤਾ ਦਾ ਸੁਚਜੇ ਢੰਗ ਨਾਲ ਆਪਣੀ ਵੋਟ ਦਾ ਇਸਤੇਮਾਲ ਕਰਨਾ ਬਹੁਤ ਜਰੂਰੀ ਹੈ । ਇਸ ਤਰ੍ਹਾਂ ਅਸੀਂ ਆਪਣੇ ਦੇਸ਼ ਨੂੰ ਤਰਕੀ ਵਲ ਲੈ ਜਾਵਾਂਗੇ ਅਤੇ ਇਕ ਚੰਗੇ ਸਮਾਜ ਦੀ ਸਿਰਜ਼ਨਾ ਕਰ ਸਕਾਗੇ।
ਲੋੜ ਹੈ ਸਿਸਟਮ ਵਿੱਚ ਸੁਧਾਰ ਕਰਨ ਦੀ



