ਸੰਨ 1966 ਵਿੱਚ ਪੰਜਾਬ ਵਿੱਚੋਂ ਹਰਿਆਣੇ ਨੂੰ ਵੱਖਰਾ ਸੂਬਾ ਬਣਾਉਣ ਤੋਂ ਬਾਅਦ ਚੰਡੀਗੜ੍ਹ ਦਾ ਰੇੜਕਾ ਹਾਲੇ ਵੀ ਜਿਉਂ ਦਾ ਤਿਉਂ ਹੈ। ਚੰਡੀਗੜ੍ਹ ਨੂੰ ਉਸ ਸਮੇਂ ਕੇਂਦਰੀ ਪ੍ਰਸ਼ਾਸਿਤ ਪ੍ਰਦੇਸ਼ ਬਣਾ ਕੇ ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਬਣਾ ਦਿੱਤਾ ਗਿਆ ਸੀ। ਬੇਸ਼ੱਕ ਪੰਜਾਬ ਚੰਡੀਗੜ੍ਹ ’ਤੇ ਲਗਾਤਾਰ ਦਾਅਵੇ ਜਤਾ ਰਿਹਾ ਹੈ ਪ੍ਰੰਤੂ ਹਾਲੇ ਤੱਕ ਕੇਂਦਰ ਦੀ ਕੋਈ ਵੀ ਸਰਕਾਰ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਕੋਈ ਪਹਿਲਕਦਮੀ ਨਹੀਂ ਲਈ। 1985 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸ੍ਰੀ ਹਰਚੰਦ ਸਿੰਘ ਲੌਂਗੋਵਾਲ ਦਰਮਿਆਨ ਹੋਏ ਪੰਜਾਬ ਸਮਝੌਤੇ ਵਿੱਚ ਵੀ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਕਹੀ ਗਈ ਸੀ, ਪ੍ਰੰਤ ਇਸ ਸਮਝੌਤੇ ’ਤੇ ਕੋਈ ਅਮਲ ਨਹੀਂ ਹੋਇਆ। ਪਿਛਲੇ 3 ਦਹਾਕਿਆਂ ਦੌਰਾਨ ਉਲਟਾ ਚੰਡੀਗੜ੍ਹ ਉਪਰ ਪੰਜਾਬ ਦਾ ਦਾਅਵਾ ਕਮਜ਼ੋਰ ਹੁੰਦਾ ਚਲਾ ਗਿਆ ਹੈ। ਹੁਣ ਤਾਂ ਪੰਜਾਬ ਵਿੱਚ ਵੀ ਕੋਈ ਚੰਡੀਗੜ੍ਹ ਮੰਗਣ ਵਾਲਾ ਨਹੀਂ ਹੈ। ਬਸ ਕਦੇ ਕਦਾਈਂ ਕੋਈ ਸਿਆਸੀ ਨੇਤਾ ਦਿਲ ਬਹਿਲਾਉਣ ਲਈ ਚੰਡੀਗੜ੍ਹ ਦਾ ਜ਼ਿਕਰ ਛੇੜ ਲੈਂਦਾ ਹੈ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਚੰਡੀਗੜ੍ਹ ’ਤੇ ਦਾਅਵਾ ਕਰਨਾ ਹੀ ਛੱਡ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਸ ਹਫਤੇ ਲਿਖੀ ਚਿੱਠੀ ਵਿੱਚ ਸਿਰਫ ਇਹੋ ਮੰਗ ਕੀਤੀ ਹੈ ਕਿ ਉਹ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਪ੍ਰਸ਼ਾਸਕੀ ਅਸਾਮੀਆਂ ਲਈ ਪੰਜਾਬ ਅਤੇ ਹਰਿਆਣਾ ਵਿਚ ਸਥਿਤੀ ਜਿਉਂ ਦੀ ਤਿਉਂ ਬਣਾਈ ਰਖਣ ਨੂੰ ਯਕੀਨੀ ਬਣਾਉਣ। ਪੱਤਰ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਉਹ ਨਿੱਜੀ ਦਖਲ ਦੇ ਕੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਯੂਟੀ ਵਿਚ ਸਿਵਲ ਅਸਾਮੀਆਂ ਪੁਰ ਕਰਨ ਲਈ ਪੰਜਾਬ ਤੇ ਹਰਿਆਣਾ ਵਿਚਕਾਰ 60:40 ਦਾ ਅਨੁਪਾਤ ਬਣਾਈ ਰਖਣ ਲਈ ਜਲਦੀ ਕਦਮ ਚੁਕਣ ਵਾਸਤੇ ਅਧਿਕਾਰੀਆਂ ਨੂੰ ਸਲਾਹ ਦੇਣ ਕਿਉਂਕਿ ਇਹ ਸਥਿਤੀ ਲੰਬੇ ਸਮੇਂ ਤੋਂ ਚਲੀ ਆ ਰਹੀ ਹੈ। ਇਸ ਸਮੇਂ ਚੰਡੀਗੜ੍ਹ ਪ੍ਰਸ਼ਾਸਨ ਵਿਚ 14 ਆਈਏਐਸ ਅਫਸਰ ਤਾਇਨਾਤ ਹਨ ਅਤੇ ਇਨ੍ਹਾਂ ਵਿਚੋਂ ਸਿਰਫ ਤਿੰਨ ਪੰਜਾਬ ਨਾਲ ਅਤੇ ਦੋ ਹਰਿਆਣਾ ਨਾਲ ਸਬੰਧਤ ਹਨ ਜਦਕਿ ਬਾਕੀ ਅਧਿਕਾਰੀ ਯੂਟੀ ਕਾਡਰ ਦੇ ਹਨ। ਇਸ ਤਰ੍ਹਾਂ ਹੀ ਚੰਡੀਗੜ੍ਹ ਵਿਚ 7 ਆਈਪੀਐਸ ਅਧਿਕਾਰੀ ਤਾਇਨਾਤ ਹਨ ਇਨ੍ਹਾਂ ਵਿਚੋਂ ਸਿਰਫ 1-1 ਅਧਿਕਾਰੀ ਪੰਜਾਬ ਅਤੇ ਹਰਿਆਣਾ ਨਾਲ ਸਬੰਧਤ ਹੈ ਜਦਕਿ ਬਾਕੀ 5 ਅਧਿਕਾਰੀ ਯੂ.ਟੀ ਕਾਡਰ ਦੇ ਹਨ।ਕਹਿਣ ਦਾ ਭਾਵ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਵਿਚ ਅਧਿਕਾਰੀਆਂ ਨੂੰ ਲਾਉਣ ਵਾਸਤੇ 60:40 ਦੇ ਅਨੁਪਾਤ ਨੂੰ ਬਰਕਰਾਰ ਨਹੀਂ ਰਖਿਆ ਜਾ ਰਿਹਾ। ਇਹੋ ਸਥਿਤੀ ਹੋਰ ਸ਼੍ਰੇਣੀਆਂ ਦੇ ਮੁਲਾਜ਼ਮਾਂ ਬਾਰੇ ਵੀ ਹੈ ਜਿਨ੍ਹਾਂ ਵਿਚ ਅਧਿਆਪਕ, ਡਾਕਟਰ ਅਤੇ ਹੋਰ ਸਿਵਲ ਅਧਿਕਾਰੀ ਸ਼ਾਮਲ ਹਨ। ਚਿੱਠੀ ਵਿੱਚ ਮੁੱਖ ਮੰਤਰੀ ਨੇ ਸਰਸਰੀ ਤੌਰ ’ਤੇ ਹੀ ਚੰਡੀਗੜ੍ਹ ’ਤੇ ਕੋਈ ਦਾਅਵਾ ਨਹੀਂ ਜਤਾਇਆ। ਇਸ ਤੋਂ ਪਤਾ ਲਗਦਾ ਹੈ ਕਿ ਪੰਜਾਬ ਦੇ ਸਿਆਸੀ ਨੇਤਾ ਇੱਕ ਤਰ੍ਹਾਂ ਨਾਲ ਚੰਡੀਗੜ੍ਹ ਤੋਂ ਪੰਜਾਬ ਦਾ ਦਾਅਵਾ ਪੂਰੀ ਤਰ੍ਹਾਂ ਛੱਡ ਚੁੱਕੇ ਹਨ। ਹੁਣ ਸਿਰਫ ਇਸ ਸਬੰਧੀ ਖਾਨਾਪੂਰਤੀ ਹੀ ਬਾਕੀ ਹੈ। ਉਹ ਸਮਾਂ ਸ਼ਾਇਦ ਛੇਤੀ ਹੀ ਆ ਜਾਵੇ ਕਿ ਚੰਡੀਗੜ੍ਹ ਨੂੰ ਪੱਕੇ ਤੌਰ ’ਤੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਜਾਵੇ। ਪੰਜਾਬ ਦੇ ਲੋਕ ਅਤੇ ਸਿਆਸੀ ਪਾਰਟੀਆਂ ਸੁੱਤੇ ਪਏ ਹਨ, ਇਸ ਲਈ ਕੇਂਦਰ ਨੂੰ ਅਜਿਹਾ ਫੈਸਲਾ ਲੈਣ ’ਚ ਸ਼ਾਇਦ ਕੋਈ ਮੁਸ਼ਕਿਲ ਨਹੀਂ ਆਏਗੀ।
-ਬਲਜੀਤ ਸਿੰਘ ਬਰਾੜ



