ਜਦੋਂ ਆਦਮੀ ਵੀ ਧਾਰਮਿਕ ਬਿਰਤੀ ਦਾ ਮਾਲਕ ਅਤੇ ਵਿਦਵਾਨ ਹੋਵੇ ਤਾਂ ਉਸਦੀ ਸਫਲਤਾ ਨੂੰ ਚਾਰ ਚੰਨ ਲੱਗ ਜਾਂਦੇ ਹਨ। ਇਹ ਵੀ ਇਤਫਾਕ ਦੀ ਗੱਲ ਹੈ ਕਿ ਗਿਆਨੀ ਗੁਰਦਿਤ ਸਿੰਘ ਅਤੇ ਪ੍ਰੋ.ਇੰਦਰਜੀਤ ਕੌਰ ਦੋਵੇਂ ਵਿਦਵਤਾ, ਪ੍ਰਬੰਧਕੀ ਕਾਰਜਕੁਸ਼ਲਤਾ ਅਤੇ ਸਿਆਣਪ ਦਾ ਮੁਜੱਸਮਾ ਸਨ, ਜਿਸ ਕਰਕੇ ਦੋਵੇਂ ਇੱਕ ਦੂਜੇ ਦੇ ਪੂਰਕ ਬਣਦੇ ਰਹੇ ਹਨ। ਦੋਵੇਂ ਇੱਕ ਦੂਜੇ ਦੀ ਸਫਲਤਾ ਵਿਚ ਸਹਾਈ ਹੁੰਦੇ ਰਹੇ ਹਨ। ਪ੍ਰੋ.ਇੰਦਰਜੀਤ ਕੌਰ ਦੀ ਵਿਰਾਸਤ ਵੀ ਸਮਾਜਿਕ, ਆਰਥਿਕ ਅਤੇ ਵਿਦਵਤਾ ਦੇ ਤੌਰ ਤੇ ਅਮੀਰ ਸੀ, ਜਿਸ ਕਰਕੇ ਉਨ੍ਹਾਂ ਦੀ ਸ਼ਖ਼ਸੀਅਤ ਵਿਚ ਨਿਖ਼ਾਰ ਆਉਣਾ ਕੁਦਰਤੀ ਸੀ। ਪੋ.ਇੰਦਰਜੀਤ ਕੌਰ ਇੱਕ ਸੁਲਝੇ ਹੋਏ ਵਿਦਿਅਕ ਮਾਹਿਰ ਅਤੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਹਨ। ਹਸਮੁੱਖ ਸੁਭਾਅ, ਵਧੀਆ ਕਾਰਗੁਜ਼ਾਰੀ ਅਤੇ ਪ੍ਰਬੰਧਕੀ ਨਿਪੁੰਨਤਾ ਨੇ ਉਨ੍ਹਾਂ ਦੇ ਵਿਅਕਤਿਵ ਨੂੰ ਨਿਖ਼ਾਰਨ ਵਿਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਆਪਣਾ ਸਾਰਾ ਜੀਵਨ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਤੇ ਲਾ ਦਿੱਤਾ। ਆਪ ਨੇ 21 ਸਾਲ ਵੱਖ ਵੱਖ ਵਿਦਿਅਕ ਸੰਸਥਾਵਾਂ ਵਿਚ ਪੜ੍ਹਾਇਆ ਅਤੇ 20 ਸਾਲ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪ੍ਰਬੰਧਕੀ ਕੰਮ ਕਰਦੇ ਰਹੇ। ਆਪ ਇੱਕ ਸਫਲ ਅਧਿਆਪਕਾ ਅਤੇ ਕੁਸ਼ਲ ਪ੍ਰਬੰਧਕ ਦੇ ਤੌਰ ਤੇ ਨਾਮਣਾ ਖੱਟ ਚੁੱਕੇ ਹਨ। ਆਪ ਦਾ ਜਨਮ ਕਰਨਲ ਸ਼ੇਰ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਘਰ 1 ਸਤੰਬਰ 1923 ਨੂੰ ਹੋਇਆ। ਆਪਦੇ ਮਾਪਿਆਂ ਨੇ ਆਪਦੀ ਪਾਲਣ ਪੋਸ਼ਣ ਇੱਕ ਲੜਕੇ ਦੀ ਤਰ੍ਹਾਂ ਕੀਤੀ ਸੀ। ਉਸ ਜ਼ਮਾਨੇ ਵਿਚ ਜਦੋਂ ਲੜਕੀਆਂ ਨੂੰ ਜੰਮਦਿਆਂ ਹੀ ਮਾਰ ਦਿੱਤਾ ਜਾਂਦਾ ਸੀ ਆਪ ਦੇ ਜਨਮ ਨੂੰ ਵੱਡੇ ਪੱਧਰ ਤੇ ਮਨਾ ਕੇ ਲੜਕੇ ਅਤੇ ਲੜਕੀ ਦੇ ਫਰਕ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਵਿਕਟੋਰੀਆ ਗਰਲਜ਼ ਸਕੂਲ ਪਟਿਆਲਾ ਤੋਂ ਪਾਸ ਕੀਤੀ। ਫਿਰ ਆਪ ਨੇ ਬੀ.ਟੀ.ਸੋਹਨ ਲਾਲ ਟਰੇਨਿੰਗ ਕਾਲਜ ਲਾਹੌਰ ਤੋਂ ਪਾਸ ਕੀਤੀ। ਸਰਕਾਰੀ ਕਾਲਜ ਲਾਹੌਰ ਤੋਂ ਹੀ ਆਪ ਨੇ ਐਮ.ਏ.ਫਿਲਾਸਫੀ ਦੀ ਡਿਗਰੀ ਹੋਸਟਲ ਵਿਚ ਰਹਿੰਦਿਆਂ ਪ੍ਰਾਪਤ ਕੀਤੀ। ਪਟਿਅਲਾ ਦੀ ਆਪ ਪਹਿਲੀ ਲੜਕੀ ਸੀ, ਜਿਹੜੀ ਲਾਹੌਰ ਪੜ੍ਹਨ ਲਈ ਗਈ ਸੀ। ਇਹ ਕਾਲਜ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਅਧੀਨ ਸੀ। ਜਦੋਂ ਪਹਿਲੀ ਵਾਰ ਮਹਿੰਦਰਾ ਕਾਲਜ ਪਟਿਆਲਾ ਵਿਚ ਐਮ.ਏ. ਪੰਜਾਬੀ ਦੀਆਂ ਕਲਾਸਾਂ ਸ਼ੁਰੂ ਹੋਈਆਂ ਤਾਂ ਆਪ ਨੇ ਆਪਣੀ ਐਮ.ਏ. ਪੰਜਾਬੀ ਇਥੋਂ ਪਾਸ ਕੀਤੀ, ਉਦੋਂ ਇਹ ਕਾਲਜ ਪੰਜਾਬ ਯੂਨੀਵਰਸਿਟੀ ਸੋਲਨ ਨਾਲ ਸੰਬੰਧਤ ਸੀ। ਉਨ੍ਹਾਂ ਦਿਨਾ ਵਿਚ ਲੜਕੀਆਂ ਦੀ ਪੜ੍ਹਾਈ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਸੀ, ਇਥੋਂ ਤੱਕ ਕਿ ਲੜਕੀਆਂ ਦਾ ਘਰੋਂ ਬਾਹਰ ਨਿਕਲਣਾ ਵੀ ਚੰਗਾ ਨਹੀਂ ਸਮਝਿਆ ਜਾਂਦਾ ਸੀ। ਆਪ ਨੇ ਵਿਕਟੋਰੀਆ ਇੰਟਰਮੀਡੀਏਟ ਕਾਲਜ ਵਿਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਆਪ ਅੰਗਰੇਜ਼ੀ, ਉਰਦੂ ਅਤੇ ਹਿੰਦੀ ਦੇ ਵੀ ਵਿਦਵਾਨ ਹਨ। ਆਪ 16 ਦਸੰਬਰ 1940 ਵਿਚ ਹੀ ਲੜਕੀਆਂ ਦੇ ਸਰਕਾਰੀ ਕਾਲਜ ਪਟਿਆਲਾ ਵਿਚ ਲੈਕਚਰਾਰ ਲੱਗ ਗਏ ਅਤੇ ਇਥੇ 11 ਅਕਤੂਬਰ 1955 ਤੱਕ ਪੜ੍ਹਾਉਂਦੇ ਰਹੇ। ਇਸ ਤੋਂ ਬਾਅਦ 12 ਅਕਤੂਬਰ 1955 ਤੋਂ 16 ਸਤੰਬਰ 1958 ਤੱਕ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵਿਚ ਪ੍ਰੋਫੈਸਰ ਲੱਗ ਗਏ। ਆਪ 17 ਸਤੰਬਰ 1959 ਤੋਂ 30 ਮਈ 1967 ਤੱਕ ਚੰਡੀਗੜ੍ਹ ਵਿਖੇ ਟ੍ਰ੍ਰੇਨਿੰਗ ਕਾਲਜ ਦੇ ਵਾਈਸ ਪ੍ਰ੍ਰਿੰਸੀਪਲ ਰਹੇ। ਆਪ 31 ਮਈ 1965 ਤੋਂ 1972 ਤੱਕ ਲੜਕੀਆਂ ਦੇ ਸਰਕਾਰੀ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਰਹੇ। ਆਪ ਨੇ ਇਸ ਕਾਲਜ ਦੀ ਨੁਹਾਰ ਬਦਲ ਦਿੱਤੀ ਅਤੇ ਜਲਦੀ ਹੀ ਇਹ ਕਾਲਜ ਲੜਕੀਆਂ ਲਈ ਖਿੱਚ ਦਾ ਕੇਂਦਰ ਬਣ ਗਿਆ। ਆਪ ਮਈ 1972 ਤੋਂ 1977 ਤੱਕ ਸਰਕਾਰੀ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਵੀ ਰਹੇ। ਆਪ ਇੱਕ ਕੁਸ਼ਲ ਪ੍ਰਬੰਧਕ, ਅਨੁਭਵੀ ਅਤੇ ਸੁਲਝੇ ਹੋਏ ਅਧਿਆਪਕ ਹੋਣ ਕਰਕੇ ਆਪ ਨੂੰ 6 ਮਈ 1975 ਨੂੰ ਪੰਜਾਬੀ ਯੂਨੀਵਰਸਿਟੀ ਦਾ ਉਪ ਕੁਲਪਤੀ ਲਗਾਇਆ ਗਿਆ, ਜਿਸ ਅਹੁਦੇ ਤੇ ਅਕਤੂਬਰ 1977 ਤੱਕ ਰਹੇ। ਉਤਰੀ ਭਾਰਤ ਵਿਚ ਕਿਸੇ ਵੀ ਯੂਨੀਵਰਸਿਟੀ ਦੇ ਆਪ ਪਹਿਲੇ ਇਸਤਰੀ ਉਪ ਕੁਲਪਤੀ ਸਨ। ਆਪ ਜੁਲਾਈ 1980 ਤੋਂ 1985 ਤੱਕ ਕੇਂਦਰ ਸਰਕਾਰ ਦੇ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਚੇਅਰਪਰਸਨ ਰਹੇ। ਆਪ ਨੇ ਬੋਰਡ ਦੀ ਚੋਣ ਪ੍ਰਣਾਲੀ ਨੂੰ ਪਾਰਦਰਸ਼ੀ ਬਣਾਕੇ ਵੀ ਨਾਮਣਾ ਖੱਟਿਆ। ਪ੍ਰੋ.ਇੰਦਰਜੀਤ ਕੌਰ ਸਰਵਪੱਖ਼ੀ ਸ਼ਖ਼ਸ਼ੀਅਤ ਦੀ ਮਾਲਕ ਹਨ। ਸਕੂਲ ਅਤੇ ਕਾਲਜ ਦੇ ਵਿਦਿਆਰਥੀ ਜੀਵਨ ਵਿਚ ਉਹ ਗਿੱਧੇ ਦੀ ਟੀਮ ਦੇ ਮੈਂਬਰ ਸਨ। ਇਸੇ ਕਰਕੇ ਆਪ ਨੇ ਸਰਕਾਰੀ ਲੜਕੀਆਂ ਦੇ ਕਾਲਜ ਪਟਿਆਲਾ ਵਿਚ ਲੜਕੀਆਂ ਦੀ ਗਿੱਧਾ ਟੀਮ ਦੀ ਹਮੇਸ਼ਾ ਸਰਪਰਤੀ ਕੀਤੀ। ਇਸ ਦੇ ਨਾਲ ਹੀ ਅਕਾਦਮਿਕ ਖ਼ੇਤਰ ਵਿਚ ਆਪ ਨੇ ਦੇਸ਼ ਵਿਦੇਸ਼ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ ਵਿਚ ਖੋਜ ਪੇਪਰ ਪੜ੍ਹੇ। ਅਮਰੀਕਾ, ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚ ਵੱਖ ਵੱਖ ਸਮੇਂ ਕਾਨਫਰੰਸ ਆਫ਼ ਐਸੋਸੀਏਸ਼ਨ ਆਫ ਕਾਮਨਵੈਲਥ ਯੂਨੀਵਰਸਿਟੀ, ਵੈ¦ਿਗਟਨ ਨਿਊਜ਼ੀਲੈਂਡ, ਬੋਸਟਨ, ਯੂਨੀਵਰਸਿਟੀ ਆਫ਼ ਰੋਜ਼ ਇੰਜਲੈਂਡ ਅਤੇ ਯੂਨੀਵਰਸਿਟੀ ਆਫ਼ ਹਲ, ਯੂ.ਕੇ. ਵਿਚ ਹਿੱਸਾ ਲਿਆ। ਆਪ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੇ ਸਲਾਹਕਾਰ ਵੀ ਰਹੇ ਹਨ। ਆਪ ਖਾਲਸਾ ਕਾਲਜ ਅੰਮ੍ਰਿਤਸਰ ਦੀ ਗਵਰਨਿੰਗ ਬਾਡੀ ਦੇ 1950 ਤੋਂ 53 ਤੱਕ ਪਹਿਲੇ ਇੱਕੋ ਇੱਕ ਇਸਤਰੀ ਮੈਂਬਰ ਵੀ ਰਹੇ। ਆਪ ਦਾ ਵਿਆਹ ਸਿਖ ਸਕਾਲਰ ਅਤੇ ਜਾਣੇ ਪਛਾਣੇ ਵਿਦਵਾਨ ਸਾਹਿਤਕਾਰ ਗਿਆਨੀ ਗੁਰਦਿੱਤ ਸਿੰਘ ਨਾਲ ਹੋਇਆ। ਆਪ ਦੇ ਦੋ ਸਪੁਤਰ ਰੁਪਿੰਦਰ ਸਿੰਘ ਅਤੇ ਰਾਵਿੰਦਰ ਸਿੰਘ ਹਨ। ਰੁਪਿੰਦਰ ਸਿੰਘ ਦੀ ਟ੍ਰਿਬਿਊਨ ਅਖ਼ਬਾਰ ਵਿਚ ਕਾਰਜਕਾਰੀ ਸੰਪਾਦਕ ਹਨ। ਆਪ ਨੇ ਗਿਆਨੀ ਗੁਰਦਿੱਤ ਸਿੰਘ ਦੀ ਸ਼ਾਹਕਾਰ ਰਚਨਾ ‘ ਮੇਰਾ ਪਿੰਡ ’ ਦੀ ਸੰਪਾਦਨਾ ਵਿਚ ਪੂਰਾ ਸਹਿਯੋਗ ਦਿੱਤਾ। ਇਸੇ ਤਰ੍ਹਾਂ ਆਪ ਨੇ ਸਮਾਜ ਸੇਵਾ ਵਿਚ ਵੀ ਮਾਅਰਕੇ ਦਾ ਕੰਮ ਕੀਤਾ ਅਤੇ ਮਾਤਾ ਸਾਹਿਬ ਕੌਰ ਦੀ ਯਾਦ ਵਿਚ ‘ ਮਾਤਾ ਸਾਹਿਬ ਕੌਰ ਦਲ ’ ਨਾਂ ਦੀ ਸੰਸਥਾ ਸਥਾਪਤ ਕੀਤੀ। ਪੈਪਸੂ ਦੇ ਮੁਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਦੀ ਪਤਨੀ ਮਨਮੋਹਨ ਕੌਰ ਇਸ ਸੰਸਥਾ ਦੇ ਪ੍ਰਧਾਨ ਅਤੇ ਆਪ ਸਕੱਤਰ ਸਨ। ਇਸ ਸੰਸਥਾ ਨੇ 400 ਪਰਿਵਾਰਾਂ ਨੂੰ ਮੁੜ ਵਸੇਬੇ ਵਿਚ ਪੂਰੀ ਮਦਦ ਕੀਤੀ। ਇਸਤਰੀਆਂ ਖਾਸ ਤੌਰ ਤੇ ਨੌਜਵਾਨ ਲੜਕੀਆਂ ਲਈ ਆਪ ਇੱਕ ਰੋਲ ਮਾਡਲ ਹਨ ਕਿਉਂਕਿ ਆਪਦਾ ਸਮੁੱਚਾ ਵਿਦਿਅਕ ਕੈਰੀਅਰ ਵਿਲੱਖਣ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਵਿਚ ਆਪ ਦੇ ਸਮੇਂ ਸਭ ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਹੋਈਆਂ।
ਵਿਦਿਅਕ ਮਾਹਿਰ, ਸਫਲ ਪ੍ਰਬੰਧਕ ਅਤੇ ਸਮਾਜ ਸੇਵਕ : ਪ੍ਰੋ. ਇੰਦਰਜੀਤ ਕੌਰ ਸੰਧੂ



