Skip to content
Independent perspectives. Global stories.
BREAKING

ਪਿਆਰ, ਪਰਿਵਾਰ, ਜ਼ਿੰਦਗੀ ਅਤੇ ਮੈਂ

Share this story

ਪਿਆਰ ਕੀ ਹੈ – ਇਸ ਨੂੰ ਸਮਝਣਾ ਸੁਖਾਲਾ ਕਾਰਜ ਨਹੀਂ, ਪਰ ਮੁਸ਼ਕਿਲ ਵੀ ਨਹੀਂ। ਪਰ ਫਿਰ ਵੀ ਪਿਆਰ ਅਜਿਹੀ ਕਮਾਲ ਦੀ ਧਾਰਨਾ ਹੈ, ਜੋ ਸਾਨੂੰ ਜਿਉਣਾ ਸਿਖਾਉਂਦੀ ਹੈ ਅਤੇ ਜਿਉਂਦੇ ਰੱਖਦੀ ਹੈ। ਇਸ ਕਾਰਣ ਹੀ ਅਸੀਂ ਇਕ-ਦੂਜੇ ਨਾਲ ਜੁੜੇ ਹੋਏ ਹਾਂ, ਇਕ ਦੂਜੇ ਪ੍ਰਤੀ ਪ੍ਰਤੀਬੱਧਤਾ ਰੱਖਦੇ ਹਾਂ, ਇਕ-ਦੂਜੇ ਨਾਲ ਲਗਾਅ ਰੱਖਦੇ ਹਾਂ ਅਤੇ ਇਸ ਕਾਰਣ ਹੀ ਵੱਖ-ਵੱਖ ਰਿਸ਼ਤਿਆਂ ਦਾ ਜਨਮ ਹੁੰਦਾ ਹੈ। ਮੈਂ ਜਦੋਂ ਪਿਆਰ ਨੂੰ ਦੇਖਦੀ ਹਾਂ ਤਾਂ ਮੈਨੂੰ ਇਸ ਵਿਚ ਦੂਜੇ ਦਾ ਧਿਆਨ ਦਿਖਾਈ ਦਿੰਦਾ ਹੈ, ਚਿੰਤਾ ਦਿਖਾਈ ਦਿੰਦੀ ਹੈ, ਸਤਿਕਾਰ ਦਿਖਾਈ ਦਿੰਦਾ ਹੈ, ਤਿਆਗ ਦੀ ਭਾਵਨਾ ਦਿਖਾਈ ਦਿੰਦੀ ਹੈ, ਸਮਝੌਤਿਆਂ ਦੀ ਸ਼ਕਤੀ ਦਿਖਾਈ ਦਿੰਦੀ ਹੈ, ਦੂਸਰਿਆਂ ਦੀ ਖ਼ੁਸ਼ੀ ਵਿਚ ਖ਼ੁਸ਼ੀ ਦਿਖਾਈ ਦਿੰਦੀ ਹੈ ਅਤੇ ਦੂਸਰਿਆਂ ਦੀ ਤਕਲੀਫ਼ ਅਤੇ ਦੁੱਖ ਵਿਚ ਆਪਣੀ ਅੱਖ ਵਿਚ ਆਇਆ ਹੋਇਆ ਅੱਥਰੂ ਦਿਖਾਈ ਦਿੰਦਾ ਹੈ। ਮੈਨੂੰ ਇਸ ਨਾਲ ਇਹ ਵਿਸ਼ਵਾਸ ਹੁੰਦਾ ਹੈ ਕਿ ਪਿਆਰ ਦੀ ਭਾਵਨਾ ਤੋਂ ਸ਼ੁੱਧ ਹੋਰ ਕੁਝ ਹੋ ਹੀ ਨਹੀਂ ਸਕਦਾ ਅਤੇ ਇਸ ਭਾਵਨਾ ਵਿਚੋਂ ਜੋ ਊਰਜਾ ਅਤੇ ਸ਼ਕਤੀ ਮਿਲਦੀ ਹੈ, ਯਕੀਨਨ ਤੌਰ ’ਤੇ ਉਸ ਨੂੰ ਪਿਆਰ ਕਿਹਾ ਜਾ ਸਕਦਾ ਹੈ। ਪਿਆਰ ਦੇ ਰਿਸ਼ਤਿਆਂ ਵਿਚ ਸਭ ਕੁਝ ਇੰਨਾ ਸੁਖਾਲਾ ਅਤੇ ਆਸਾਨ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਜਾਪਦਾ ਹੈ, ਜਿਵੇਂ ਜੀਵਨ ਦਾ ਹਰ ਕਾਰਜ ਆਪਣੇ ਆਪ ਹੀ ਹੋ ਰਿਹਾ ਹੋਵੇ।
ਪਿਆਰ ਦੀ ਇਸ ਭਾਵਨਾ ਵਿਚੋਂ ਹੀ ਪਰਿਵਾਰ ਦੀ ਸਿਰਜਣਾ ਹੁੰਦੀ ਹੈ। ਅਸਲ ਵਿਚ, ਪਰਿਵਾਰ ਸਿਰਫ਼ ਤੇ ਸਿਰਫ਼ ਵਿਅਕਤੀਆਂ ਦੇ ਸਮੂਹ ਨੂੰ ਹੀ ਨਹੀਂ ਕਿਹਾ ਜਾਂਦਾ, ਬਲਕਿ ਪਰਿਵਾਰ ਦਾ ਅਰਥ ਇਕ ਛੱਤ ਥੱਲੇ ਰਹਿ ਰਹੇ ਉਨ੍ਹਾਂ ਵਿਅਕਤੀਆਂ ਤੋਂ ਹੁੰਦਾ ਹੈ, ਜਿਨ੍ਹਾਂ ਅੰਦਰ ਪਿਆਰ ਦੇ ਚਸ਼ਮੇ ਫ਼ੁਟਦੇ ਹੋਣ, ਜਿੱਥੇ ਇਕ-ਦੂਜੇ ਦਾ ਸਤਿਕਾਰ ਹੋਵੇ ਅਤੇ ਹਰ ਕੋਈ ਇਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਵਾਲਾ ਹੋਵੇ। ਇਸ ਪੱਖ ਤੋਂ ਮੈਂ ਬਹੁਤ ਭਾਗਾਂ ਵਾਲੀ ਹਾਂ ਕਿ ਮੇਰਾ ਸਬੰਧ ਇਕ ਅਜਿਹੇ ਪਰਿਵਾਰ ਨਾਲ ਹੈ, ਜਿੱਥੇ ਪਰਿਵਾਰ ਦਾ ਹਰ ਮੈਂਬਰ ਇਕ-ਦੂਜੇ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਹੈ, ਇਕ-ਦੂਜੇ ਨੂੰ ਸਮਝਦਾ ਹੈ, ਪਿਆਰ ਕਰਦਾ ਹੈ ਅਤੇ ਇਕ-ਦੂਜੇ ਦਾ ਸਤਿਕਾਰ ਕਰਦਾ ਹੈ। ਮੇਰੇ ਪਰਿਵਾਰ ਦੇ ਸਾਰੇ ਮੈਂਬਰ ਇਕ-ਦੂਜੇ ਦਾ ਇੰਨਾ ਧਿਆਨ ਰੱਖਦੇ ਹਨ ਕਿ ਮੈਂ ਸ਼ਾਇਦ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ। ਵਿਸ਼ਵਾਸ ਕਰੋ, ਜਦ ਮੈਂ ਇਹ ਗੱਲ ਕਹਿ ਰਹੀ ਹਾਂ, ਤਾਂ ਸੱਚਮੁੱਚ ਇਕ-ਦੂਜੇ ਨੇ, ਇਕ-ਦੂਜੇ ਲਈ ਅਜਿਹਾ ਤਿਆਗ ਜਾਂ ਕੁਰਬਾਨੀ ਕੀਤੀ ਹੈ, ਜੋ ਲਾਮਿਸਾਲ ਹੈ ਅਤੇ ਉਸ ਤੋਂ ਬਾਅਦ ਉਹ ਅਜਿਹਾ ਕਰਕੇ ਬਹੁਤ ਖ਼ੁਸ਼ ਹੋਇਆ ਹੈ। ਭਾਵੇਂ ਮੇਰਾ ਪੂਰਾ ਪਰਿਵਾਰ ਅਰਥਾਤ ਮੇਰੇ ਪੜਦਾਦਾ ਜੀ ਦਾ ਪੂਰਾ ਖ਼ਾਨਦਾਨ ਹੀ ‘ਗੁਣਾਂ ਦੀ ਖ਼ਾਣ’ ਹੈ ਅਤੇ ਮੈਂ ਸਭ ਤੋਂ ਹੀ ਬਹੁਤ ਪ੍ਰਭਾਵਿਤ ਹੁੰਦੀ ਹਾਂ, ਪਰ ਆਪਣੇ ਪੂਰੇ ਪਰਿਵਾਰ ਬਾਰੇ ਕੁਝ ਲਿਖਣਾ ਮੇਰੇ ਵਸ ਤੋਂ ਬਾਹਰ ਦੀ ਗੱਲ ਹੈ। ਇਸ ਲਈ ਮੈਂ ਆਪਣੇ ਦਾਦਾ ਜੀ ਦੇ ਪਰਿਵਾਰ, ਜਿਸ ਨਾਲ ਮੇਰਾ ਸਿੱਧਾ ਸਬੰਧ ਹੈ, ਬਾਰੇ ਹੀ ਕੁਝ ਲਿਖਣ ਦੀ ਕੋਸ਼ਿਸ਼ ਕਰ ਰਹੀ ਹਾਂ।
ਗੱਲ ਸਾਡੇ ਪਰਿਵਾਰ ਦੇ ਮਜ਼ਬੂਤ ਥੰਮ੍ਹ ਮੇਰੇ ਦਾਦਾ ਜੀ, ਪ੍ਰੋਫ਼ੈਸਰ ਅੱਛਰੂ ਸਿੰਘ ਜੀ ਤੋਂ ਸ਼ੁਰੂ ਕਰਦੇ ਹਾਂ। ਜੇਕਰ ਮੈਂ ਉਨ੍ਹਾਂ ਦੁਆਰਾ ਪਰਿਵਾਰ ਲਈ ਕੀਤੀ ਘਾਲ਼ਣਾ ਦੀ ਗੱਲ ਕਰਾਂ ਤਾਂ ਸ਼ਾਇਦ ਇਸ ਲਈ ਸ਼ਬਦ ਥੋੜ੍ਹੇ ਪੈ ਜਾਣਗੇ। ਉਹ ਬਹੁਤ ਮਿਹਨਤੀ ਕਿਸਮ ਦੇ ਵਿਅਕਤੀ ਹਨ ਅਤੇ ਹਮੇਸ਼ਾ ਹੀ ਅਨੁਸ਼ਾਸਨ ਵਿਚ ਰਹਿਣਾ ਪਸੰਦ ਕਰਦੇ ਹਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਬਹੁਤ ਅਸੂਲਾਂ ਉਪਰ ਨਿਭਾਈ ਹੈ। ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਅਤੇ ਸੰਸਕਾਰ ਦੇਣ ਤੋਂ ਬਾਅਦ ਉਹ ਆਪਣੇ ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਨੂੰ ਵੀ ਚੰਗੇ ਸੰਸਕਾਰ ਅਤੇ ਸਿੱਖਿਆ ਦੇਣ ਲਈ ਨਿਰੰਤਰ ਯਤਨਸ਼ੀਲ ਹਨ। ਪੜ੍ਹਨਾ, ਲਿਖਣਾ, ਸਮਾਜ-ਸੇਵਾ ਅਤੇ ਹਰ ਇਕ ਨੂੰ ਚੜ੍ਹਦੀ ਕਲਾ ਵਿਚ ਰੱਖਣ ਦਾ ਯਤਨ ਕਰਦੇ ਰਹਿਣਾ ਉਨ੍ਹਾਂ ਦੇ ਪ੍ਰਮੁੱਖ ਸ਼ੌਕ ਹਨ। ਮੈਂ ਇਹ ਦਿਲੋਂ ਮਹਿਸੂਸ ਕਰਦੀ ਹਾਂ ਕੇ ਮੇਰੀ ਲਿਖਣ-ਕਲਾ ਵਿਚ ਉਨ੍ਹਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਉਹ ਸਾਰੇ ਹੀ ਪਰਿਵਾਰ ਦੀ ਨਿਰੰਤਰ ਅਗਵਾਈ ਅਤੇ ਸਹਾਇਤਾ ਕਰਦੇ ਹਨ ਅਤੇ ਹਰ ਕਾਰਜ ਵਿਚ ਡਟ ਕੇ ਸਭ ਦੇ ਨਾਲ ਖੜ੍ਹਦੇ ਹਨ। ਮੇਰੀ ਦਾਦੀ ਮਾਂ ਸਰਦਾਰਨੀ ਗੁਰਸ਼ਰਨ ਕੌਰ ਉਹ ਰੌਸ਼ਨੀ ਹੈ, ਜੋ ਸਾਨੂੰ ਪ੍ਰਮਾਤਮਾ ਵੱਲੋਂ ਬਖ਼ਸ਼ੀ ਗਈ ਹੈ। ਪਰਿਵਾਰ ਵਿਚ ਉਸ ਤੋ ਬਿਨਾਂ ਕੁਝ ਵੀ ਸੰਭਵ ਨਹੀਂ ਹੈ। ਉਹ ਪਰਿਵਾਰ ਦੀ ਚੁੱਪ ਰਹਿਣ ਵਾਲੀ ਉਹ ਮੈਂਬਰ ਹੈ, ਜੋ ਸਾਡੇ ਪਰਿਵਾਰ ਦੀ ਖ਼ੁਸ਼ੀ ਲਈ ਸ਼ਾਇਦ ਸਭ ਤੋਂ ਵੱਧ ਯੋਗਦਾਨ ਪਾ ਰਹੀ ਹੈ। ਇਹ ਯਕੀਨੀ ਬਣਾਉਣ ਤੋਂ ਲੈ ਕੇ ਕਿ ਪਰਿਵਾਰ ਦੇ ਹਰ ਮੈਂਬਰ ਨੇ ਸਹੀ ਖਾ-ਪੀ ਲਿਆ ਹੈ, ਉਹ ਪਰਿਵਾਰ ਦੀ ਹਰ ਨਿੱਕੀ ਤੋਂ ਨਿੱਕੀ ਲੋੜ ਦਾ ਧਿਆਨ ਰੱਖਦੀ ਹੈ ਅਤੇ ਸਾਰਿਆਂ ਨੂੰ ਜੋੜ ਕੇ ਰੱਖਦੀ ਹੈ। ਉਹ ਕਦੇ ਗੁੱਸੇ ਨਹੀਂ ਹੁੰਦੀ, ਕਦੀ ਮੱਥੇ ਵੱਟ ਨਹੀਂ ਪਾਉਂਦੀ ਅਤੇ ਹਮੇਸ਼ਾ ਖ਼ੁਸ਼ੀ-ਖ਼ੁਸ਼ੀ ਸਭ ਦੀ ਸੇਵਾ ਕਰਕੇ ਉਸ ਵਿਚ ਖ਼ੁਸ਼ੀ ਹਾਸਿਲ ਕਰਦੀ ਹੈ।
ਮੇਰੇ ਪਾਪਾ ਅਤੇ ਮੰਮੀ ਦੋਨੋਂ ਸਿਖ਼ਰ ਦੀ ਕਮਾਲ ਦੇ ਵਿਅਕਤੀ ਹਨ। ਮੇਰੇ ਪਾਪਾ ਅਜਿਹੇ ਨਿਰਸਵਾਰਥ ਵਿਅਕਤੀ ਹਨ, ਜੋ ਹਮੇਸ਼ਾ ਦੂਜਿਆਂ ਦੀ ਖ਼ੁਸ਼ੀ ਨੂੰ ਤਰਜ਼ੀਹ ਦਿੰਦੇ ਹਨ। ਉਹ ਮੇਰੀ ਹਰ ਸਫ਼ਲਤਾ ਵਿਚ ਅਤੇ ਮੇਰੀ ਜ਼ਿੰਦਗੀ ਦੇ ਹਰ ਪੜਾਅ ’ਤੇ ਮੇਰਾ ਮਾਰਗ-ਦਰਸ਼ਨ ਕਰਦੇ ਰਹੇ ਹਨ। ਉਹ ਮੈਨੂੰ ਅਤੇ ਹਰ ਇਕ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਹਨ ਕਿ ਅਸੀਂ ਜ਼ਿੰਦਗੀ ਦੀਆਂ ਸਿਖ਼ਰਾਂ ਨੂੰ ਪ੍ਰਾਪਤ ਕਰੀਏ ਅਤੇ ਕਦੇ ਵੀ ਹਾਰ ਨਾ ਮੰਨੀਏਂ। ਉਹ ਇਹ ਵੀ ਯਕੀਨੀ ਬਣਾਉਂਦੇ ਹਨ ਕਿ ਮੈਂ ਸਦਾ ਖ਼ੁਸ਼ ਰਹਾਂ ਅਤੇ ਉਹ ਪ੍ਰਾਪਤ ਕਰਾਂ, ਜੋ ਚਾਹੁੰਦੀ ਹਾਂ। ਉਨ੍ਹਾਂ ਨੇ ਮੇਰੇ ਅਤੇ ਮੇਰੇ ਭਰਾ ਵਿਚਕਾਰ ਕਦੇ ਵੀ ਕੋਈ ਭੇਦਭਾਵ ਨਹੀਂ ਕੀਤਾ ਅਤੇ ਸਾਨੂੰ ਦੋਹਾਂ ਨੂੰ ਸ਼ਰਤ-ਰਹਿਤ ਪਿਆਰ ਕੀਤਾ ਹੈ। ਜੇ ਮੈਂ ਇਹ ਕਹਾਂ ਕਿ ਮੇਰੇ ਪਾਪਾ ਨੇ ਮੈਨੂੰ ਮੇਰੇ ਭਰਾ ਨਾਲੋਂ ਵੀ ਵੱਧ ਸੁੱਖ-ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹ ਗ਼ਲਤ ਨਹੀਂ ਹੋਵੇਗਾ। ਮੇਰੀ ਮਾਂ ਸ਼ਾਇਦ ਦੁਨੀਆਂ ਦੀ ਬਿਹਤਰੀਨ ਮਾਂ ਹੈ, ਬਹੁਤ ਹੀ ਪਿਆਰ ਅਤੇ ਬਹੁਤ ਹੀ ਮਿਠਾਸ ਨਾਲ ਭਰੀ ਹੋਈ, ਸਾਨੂੰ ਰੱਜ-ਰੱਜ ਪਿਆਰ ਕਰਨ ਵਾਲੀ। ਉਹ ਬਿਨਾਂ ਨਾਗਾ ਸਾਡੇ ਲਈ ਪ੍ਰਾਰਥਨਾ ਕਰਦੇ ਹਨ। ਉਹ ਸਾਡੇ ਵਿਕਾਸ, ਸਾਡੀ ਸਫ਼ਲਤਾ, ਸਾਡੀ ਖ਼ੁਸ਼ੀ, ਸਾਡੀ ਤਾਕਤ, ਬਲਕਿ ਸਾਡਾ ਸਭ ਕੁਝ ਹੈ। ਮੈਂ ਸੋਚਦੀ ਹਾਂ ਕਿ ਮੇਰੀ ਮੰਮੀ ਨੇ ਸਾਨੂੰ ਪਿਆਰ ਕਰਨਾ ਸਿਖਾਇਆ ਹੈ।
ਇਸ ਪਰਿਵਾਰ ਦੀ ਸੂਚੀ ਵਿਚ ਅੱਗੇ ਮੇਰੇ ਵੱਡੇ ਭਰਾ ਸੁਹਜਬੀਰ ਦਾ ਨਾਮ ਆਉਂਦਾ ਹੈ, ਜੋ ਸਾਡੇ ਪਰਿਵਾਰ ਦਾ ਇਕ ਬਹੁਤ ਮਹੱਤਵਪੂਰਨ ਮੈਂਬਰ ਹੈ। ਮੈਂ ਸੋਚਦੀ ਹਾਂ ਕਿ ਸੁਹਜ ਤੋਂ ਬਿਨਾਂ ਮੇਰਾ ਸੰਸਾਰ ਅਧੂਰਾ ਹੈ। ਅਸੀਂ ਇਕ-ਦੂਜੇ ਨਾਲ ਦੋਸਤਾਂ ਵਾਂਗ ਵਿਚਰਦੇ ਹਾਂ ਅਤੇ ਦਿਲ ਖੋਲ੍ਹ ਕੇ ਗੱਲਾਂ ਕਰ ਸਕਦੇ ਹਾਂ। ਉਹ ਮੇਰੇ ਹਾਸਿਆਂ, ਮੇਰੀਆਂ ਤਕਲੀਫ਼ਾਂ, ਮੇਰੀਆਂ ਖ਼ੁਸ਼ੀਆਂ – ਗੱਲ ਕੀ ਹਮੇਸ਼ਾ ਹੀ ਮੇਰੇ ਨਾਲ ਰਿਹਾ ਹੈ। ਉਹ ਮੇਰਾ ਮਾਪਿਆਂ ਵਾਂਗੂੰ ਧਿਆਨ ਰੱਖਦਾ ਹੈ ਅਤੇ ਦੋਸਤਾਂ ਵਾਂਗੂੰ ਮੇਰੇ ਨਾਲ ਮਸਤੀ ਕਰਦਾ ਹੈ। ਮੈਨੂੰ ਇਹ ਲਗਦਾ ਹੈ ਕਿ ਸੁਹਜ ਦਾ ਮੇਰੇ ਨਾਲ ਹੋਣਾ ਪ੍ਰਮਾਤਮਾ ਦਾ ਅਸ਼ੀਰਵਾਦ ਹੈ।
ਸਾਡੇ ਪਰਿਵਾਰ ਦੇ ਚਾਰ ਖ਼ੂਬਸੂਰਤ ਮੈਂਬਰ ਨਿਊਜ਼ੀਲੈਂਡ ਵਿਚ ਰਹਿੰਦੇ ਹਨ। ਮੇਰੇ ਚਾਚਾ ਲਖਮਿੰਦਰ ਸਿੰਘ ਸ਼ਾਇਦ ਸਭ ਤੋਂ ਸਹਿਜ ਵਾਲੇ ਵਿਅਕਤੀ ਹਨ, ਜਿਨ੍ਹਾਂ ਨੂੰ ਮੈਂ ਜਾਣਦੀ ਹਾਂ। ਉਹ ਸਾਡੇ ਦੋਸਤ ਹਨ, ਬਹੁਤ ਹੀ ਪਵਿੱਤਰ ਰੂਹ ਅਤੇ ਦਿਲ ਦੇ ਮਾਲਕ। ਜੇਕਰ ਕੋਈ ਇਸ ਤਰ੍ਹਾਂ ਦਾ ‘ਸਨਮਾਨ’ ਰੱਖਿਆ ਜਾਵੇ ਕਿ ਇਸ ਸੰਸਾਰ ਵਿਚ ਸਭ ਤੋਂ ਖ਼ੂਬਸੂਰਤ ਰੂਹ ਵਾਲਾ ਵਿਅਕਤੀ ਕੌਣ ਹੈ, ਤਾਂ ਸ਼ਾਇਦ ਇਹ ਇਨਾਮ ਮੇਰੇ ਚਾਚਾ ਜੀ ਨੂੰ ਚਲਾ ਜਾਵੇ। ਉਹ ਸਾਨੂੰ ਇੰਨਾ ਪਿਆਰ ਕਰਦੇ ਹਨ ਕਿ ਇਹ ਜਾਪਦਾ ਹੈ ਕਿ ਪ੍ਰਮਾਤਮਾ ਸਾਡੇ ਸਾਰਿਆਂ ’ਤੇ ਬਹੁਤ ਮਿਹਰਬਾਨ ਹੈ। ਮੇਰੀ ਗਗਨ ਮਾਸੀ – ਮੇਰੀ ਪਾਰੋ – ਬਹੁਤ ਕਮਾਲ ਹੈ। ਉਹ ਪੂਰੀ ਤਰ੍ਹਾਂ ਤਾਕਤਵਰ ਹੈ ਅਤੇ ਹਮੇਸ਼ਾ ਹੀ ਮੇਰੇ ਨਾਲ ਮੌਜ-ਮਸਤੀ ਕਰਨ ਲਈ ਤਿਆਰ ਰਹਿੰਦੀ ਹੈ। ਨਿਊਜ਼ੀਲੈਂਡ ਵਿਚ ਉਸਨੇ ਪਰਿਵਾਰ ਦਾ ਸਮੁੱਚਾ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੋਇਆ ਹੈ ਅਤੇ ਜਿਸ ਤਰੀਕੇ ਨਾਲ ਉਹ ਸਾਰੇ ਪਰਿਵਾਰ ਦਾ ਧਿਆਨ ਰੱਖ ਰਹੀ ਹੈ, ਉਹ ਬਹੁਤ ਹੀ ਪ੍ਰਸ਼ੰਸਾਯੋਗ ਹੈ। ਨਿਊਜ਼ੀਲੈਂਡ ਵਿਚ ਰਹਿ ਰਹੇ ਮੇਰੇ ਦੋ ਛੋਟੇ ਭੈਣ-ਭਰਾ, ਸੁਖਨ ਅਤੇ ਸੁਕਰਾਤ, ਮੇਰੇ ਕੀਮਤੀ ਸਿਤਾਰੇ ਹਨ। ਸੁਖਨ ਮੇਰੇ ਅਨੁਸਾਰ ਸਾਡੇ ਸਾਰੇ ਪਰਿਵਾਰ ਦੀ ਸਭ ਤੋਂ ਨਰਮ-ਦਿਲ ਵਿਅਕਤੀ ਹੈ। ਉਹ ਪਰਿਵਾਰ ਦੇ ਇਕੱਲੇ-ਇਕੱਲੇ ਮੈਂਬਰ ਦਾ ਪੂਰਾ ਧਿਆਨ ਰੱਖਦੀ ਹੈ ਅਤੇ ਸਭ ਨੂੰ ਬਹੁਤ ਹੀ ਮਿੱਠਾ ਬੋਲਦੀ ਹੈ। ਆਪਣੇ ਭਰਾ ਸੁਕਰਾਤ ਦਾ ਉਹ ਜਿੰਨਾ ਧਿਆਨ ਰੱਖਦੀ ਹੈ, ਮੈਂ ਉਸਦੀ ਸੱਚਮੁੱਚ ਪ੍ਰਸ਼ੰਸਾ ਕਰਦੀ ਹਾਂ। ਉਹ ਸਾਡੇ ਪਰਿਵਾਰ ਦੀ ਇਕ ਬਹੁਤ ਹੀ ਆਗਿਆਕਾਰੀ ਬੱਚੀ ਹੈ। ਤੇ ਦੂਜੇ ਪਾਸੇ, ਸੁਕਰਾਤ ਸਿਖ਼ਰ ਦੀ ਮੌਜ-ਮਸਤੀ ਵਾਲਾ ਮੁੰਡਾ ਹੈ। ਸੱਚਾ-ਸੁੱਚਾ, ਪਰ ਪੂਰੀ ਤਰ੍ਹਾਂ ਬੇਪ੍ਰਵਾਹ ਰਹਿਣ ਵਾਲਾ। ਹਮੇਸ਼ਾ ਹੀ ਚਿਲ ਮੂਡ ਵਿਚ ਰਹਿੰਦਾ ਹੈ। ਉਹ ਆਪਣੇ ਹੀ ਸੰਸਾਰ ਵਿਚ ਰਹਿੰਦਾ ਹੈ, ਪਰ ਹਰ-ਇਕ ਨੂੰ ਰੱਜਵਾਂ ਪਿਆਰ ਕਰਦਾ ਹੈ। ਮੇਰਾ ਸਭ ਤੋਂ ਵੱਧ ਲਾਡਲਾ ਤੇ ਪਿਆਰਾ ਹੈ ਸੁਕਰਾਤ!
ਸਾਡੇ ਪਰਿਵਾਰ ਦੇ ਇਕ ਹੋਰ ਬਹੁਤ ਮਿੱਠ-ਬੋਲੜੇ ਮੈਂਬਰ ਅਤੇ ਸਭ ਨੂੰ ਪਿਆਰ ਕਰਨ ਵਾਲੀ ਮੇਰੀ ਕਰਾਂਤੀ ਭੂਆ ਜੀ ਹਨ। ਉਹ ਸਾਡੀ ਭੂਆ ਜੀ ਤੋਂ ਵਧ ਕੇ ਸਾਡੀ ਦੋਸਤ ਹੈ ਅਤੇ ਮੈਂ ਅਤੇ ਮੇਰਾ ਭਰਾ ਉਨ੍ਹਾਂ ਨਾਲ ਦਿਲ ਖੋਲ੍ਹ ਕੇ ਗੱਲਾਂ ਕਰ ਸਕਦੇ ਹਾਂ। ਉਹ ਹਮੇਸ਼ਾ ਸਾਨੂੰ ਰੱਜਵਾਂ ਪਿਆਰ ਕਰਦੇ ਹਨ ਅਤੇ ਸਾਡੇ ਲਈ ਕੁਝ ਨਾ ਕੁਝ ਲੈ ਕੇ ਆਉਂਦੇ ਹਨ। ਉਹ ਸਾਡੇ ਨਾਲ਼ ਬੱਚਿਆਂ ਵਾਂਗੂ ਹੀ ਰਹਿੰਦੇ ਹਨ ਅਤੇ ਕਈ ਵਾਰ ਸਾਡੇ ਕਾਰਣ ਮੇਰੇ ਪਾਪਾ ਤੋਂ ਥੋੜ੍ਹੀਆਂ-ਬਹੁਤੀਆਂ ਝਿੜਕਾਂ ਵੀ ਖਾ ਲੈਂਦੇ ਹਨ। ਉਹ ਸਾਡੇ ਸਮੁੱਚੇ ਪਰਿਵਾਰ ਦੇ ਬਹੁਤ ਹੀ ਲਾਡਲੇ ਮੈਂਬਰ ਹਨ, ਜਿਨ੍ਹਾਂ ਨੂੰ ਸਭ ਦਾ ਬਹੁਤ ਪਿਆਰ ਮਿਲਦਾ ਹੈ। ਮੇਰੀ ਮੰਮੀ ਅਤੇ ਮੇਰੀ ਭੂਆ, ਦੋਨੋਂ ਪੱਕੀਆਂ ਸਹੇਲੀਆਂ ਹਨ ਅਤੇ ਉਨ੍ਹਾਂ ਦਾ ਸਭ ਤੋਂ ਪ੍ਰਮੁੱਖ ਸ਼ੌਕ ਖ਼ਰੀਦਦਾਰੀ ਕਰਨਾ ਹੈ। ਮੇਰੇ ਫੁੱਫੜ ਜੀ ਡਾ. ਵਿਨੋਦ ਇਕ ਬਹੁਤ ਹੀ ਨਫ਼ੀਸ ਕਿਸਮ ਦੇ ਵਿਅਕਤੀ ਹਨ, ਜੋ ਕਦੇ ਕਿਸੇ ਨੂੰ ਵੱਧ-ਘੱਟ ਨਹੀਂ ਬੋਲਦੇ। ਉਹ ਸਾਰੇ ਹੀ ਪਰਿਵਾਰ ਦਾ ਪੂਰਨ ਸਤਿਕਾਰ ਕਰਦੇ ਹਨ ਅਤੇ ਸਾਰਿਆਂ ਨੂੰ ਰੱਜ ਕੇ ਪਿਆਰ ਕਰਦੇ ਹਨ।
ਮੇਰੇ ਭੂਆ ਜੀ ਦਾ ਬੇਟਾ ਸੁਪਰੀਤ ਇਕ ਆਪਣੀ ਹੀ ਕਿਸਮ ਦੇ ਵਿਲੱਖਣ ਸੰਸਾਰ ਵਿਚ ਰਹਿੰਦਾ ਹੈ ਅਤੇ ਉਹ ਸਾਡੇ ਪਰਿਵਾਰ ਦਾ ਸ਼ਾਇਦ ਸਭ ਤੋਂ ਹੁਸ਼ਿਆਰ ਬੱਚਾ ਹੈ। ਉਹ ਮਸਤ-ਮੌਲਾ ਹੈ, ਪਰ ਨਾਲ ਦੀ ਨਾਲ ਉਹ ਸਾਨੂੰ ਸਾਰਿਆਂ ਨੂੰ ਪਿਆਰ ਕਰਨ ਵਾਲਾ ਹੈ। ਮੇਰੇ ਭੂਆ ਜੀ ਦੀ ਬੇਟੀ ਉਮਰ ਤੋਂ ਵਡੀਆਂ ਗੱਲਾਂ ਕਰਦੀ ਹੈ। ਉਹ ਬਹੁਤ ਹੀ ਚੇਤੰਨ ਦਿਮਾਗ਼ ਦੀ ਮਾਲਕ ਹੈ ਅਤੇ ਆਪਣੀ ਮੰਮੀ ਦੀ ਸਭ ਤੋਂ ਵੱਧ ਲਾਡਲੀ ਹੈ। ਉਸ ਨੂੰ ਸਾਡੇ ਪਾਸ ਆ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਅਤੇ ਮੈਂ ਉਸ ਨੂੰ ਆਪਣੀਆਂ ਛੋਟੀਆਂ ਭੈਣਾਂ ਦੇ ਤੌਰ ’ਤੇ ਬਹੁਤ ਪਿਆਰ ਕਰਦੀ ਹੈ।
ਮੈਨੂੰ ਆਪਣੇ ਨਾਨਕੇ ਪਰਿਵਾਰ ਤੋਂ ਵੀ ਬਹੁਤ ਪਿਆਰ ਮਿਲਿਆ ਹੈ। ਬਚਪਨ ਵਿਚ ਮੇਰੀ ਨਾਨੀ ਜੀ ਅਤੇ ਨਾਨਾ ਜੀ ਦਾ ਦਿੱਤਾ ਹੋਇਆ ਪਿਆਰ ਮੈਨੂੰ ਕਦੇ ਨਹੀਂ ਭੁੱਲ ਸਕਦਾ। ਮੈਂ ਆਪਣੇ ਵੱਡੇ ਮਾਮਾ ਜੀ ਸ. ਮਨਜੀਤ ਸਿੰਘ ਨੂੰ ਬਹੁਤ ਹੀ ਸਤਿਕਾਰ ਨਾਲ ਦੇਖਦੀ ਹਾਂ ਅਤੇ ਉਨ੍ਹਾਂ ਨਾਲ ਗੱਲ ਕਰਨ ਦੀ ਸ਼ਾਇਦ ਓਨੀ ਖੁੱਲ੍ਹ ਨਹੀਂ ਲੈ ਸਕਦੀ, ਜਿੰਨੀ ਮੈਂ ਆਪਣੇ ਛੋਟੇ ਮਾਮਾ ਜੀ ਸ. ਲਖਵਿੰਦਰ ਸਿੰਘ ਨਾਲ ਲੈ ਸਕਦੀ ਹਾਂ। ਮੇਰੇ ਛੋਟੇ ਮਾਮਾ ਜੀ ਸਾਡੇ ਨਾਲ ਬੱਚਿਆਂ ਵਾਂਗੂੰ ਵਿਚਰਦੇ ਹਨ ਅਤੇ ਖੁੱਲ੍ਹ ਕੇ ਮੌਜ-ਮਸਤੀ ਕਰਦੇ ਹਨ। ਛੋਟੇ ਮਾਮਾ ਜੀ ਦੀ ਬੇਟੀ ਸਿਮਰਨ, ਜੋ ਕੇ ਮੇਰੀ ਹਮਉਮਰ ਵੀ ਹੈ, ਮੇਰੀ ਇਕ ਬਹੁਤ ਵਧੀਆ ਦੋਸਤ ਵਜੋਂ ਵਿਚਰ ਰਹੀ ਹੈ। ਛੋਟੇ ਮਾਮਾ ਜੀ ਦੇ ਬੇਟੇ ਵਿਸ਼ਵ ਅਤੇ ਵੱਡੇ ਮਾਮਾ ਜੀ ਦੇ ਬੇਟੇ ਰੂਪਿੰਦਰ ਨਾਲ ਵੀ ਮੇਰਾ ਬਹੁਤ ਪਿਆਰ ਹੈ। ਵੱਡੇ ਮਾਮਾ ਜੀ ਦੇ ਵੱਡੇ ਬੇਟੇ ਸਿਕੰਦਰ ਸਿੰਘ ਅਤੇ ਵੱਡੀ ਬੇਟੀ ਮਨਿੰਦਰ ਕੌਰ ਨਾਲ ਉਮਰ ਦਾ ਅੰਤਰ ਹੋਣ ਕਾਰਣ ਸ਼ਾਇਦ ਮੈਂ ਬਹੁਤਾ ਖੁੱਲ੍ਹ ਨਹੀਂ ਸਕੀ, ਵੈਸੇ ਉਹ ਦੋਨੋਂ ਹੀ ਬਹੁਤ ਪਿਆਰ ਕਰਨ ਵਾਲੇ ਹਨ। ਮੇਰੀਆਂ ਸਾਰੀਆਂ ਹੀ ਮਾਸੀਆਂ ਅਤੇ ਉਨ੍ਹਾਂ ਦੇ ਬੱਚੇ-ਬੱਚੀਆਂ ਨਾਲ ਵੀ ਰੱਜਵਾਂ ਪਿਆਰ ਹੈ। ਮੈਨੂੰ ਇਹ ਲਗਦਾ ਹੈ ਕਿ ਮੇਰੇ ਪਰਿਵਾਰ ਵਿਚ ਮੈਨੂੰ ਗੁੜ੍ਹਤੀ ਹੀ ਪਿਆਰ ਦੀ ਮਿਲੀ ਹੈ ਅਤੇ ਇਸੇ ਕਾਰਣ ਮੈਂ ਬੁਨਿਆਦੀ ਤੌਰ ’ਤੇ ਸਭ ਨੂੰ ਪਿਆਰ ਕਰਨ ਵਾਲੀ ਹਾਂ। ਮੈਨੂੰ ਸਭ ਨਾਲ ਨਿੱਕੀਆਂ-ਨਿੱਕੀਆਂ ਗੱਲਾਂ ਅਤੇ ਮੌਜ-ਮਸਤੀਆਂ ਕਰਕੇ ਵੀ ਬਹੁਤ ਖ਼ੁਸ਼ੀ ਪ੍ਰਾਪਤ ਹੁੰਦੀ ਹੈ।
ਮੈਂ ਪਰਮਾਤਮਾ ਦਾ ਸ਼ੁਕਰਾਨਾ ਕਰਦੀ ਹਾਂ, ਜਿਸਨੇ ਮੈਨੂੰ ਇੰਨਾ ਵਧੀਆ ਪਰਿਵਾਰ ਅਤੇ ਜ਼ਿੰਦਗੀ ਵਿਚ ਇੰਨੇ ਪਿਆਰੇ ਵਿਅਕਤੀ ਦਿੱਤੇ ਹਨ ਅਤੇ ਮੈਂ ਉਨ੍ਹਾਂ ਦੇ ਅਸ਼ੀਰਵਾਦ ਅਤੇ ਅਸੀਸਾਂ ਨਾਲ ਆਪਣੀ ਦੁਨੀਆਂ ਦੇ ਵਿਚ ਅੱਗੇ ਵਧ ਰਹੀ ਹਾਂ। ਪਰਮਾਤਮਾ ਮਿਹਰ ਬਣਾ ਕੇ ਰੱਖੇ!

WRITTEN BY