ਖਾਣ ਪੀਣ ਦੀਆਂ ਵਸਤਾਂ ਅਤੇ ਹੋਰ ਵਸਤਾਂ ਜਿਥੇ ਸਿਧੇ ਜਾਂ ਅਸਿਧੇ ਰੂਪ ਵਿਚ ਮਿਲਾਵਟ ਕਰਨੀ ਸੰਭਵ ਹੈ, ਉਨ੍ਹਾਂ ਵਿਚ ਮਿਲਾਵਟਖੋਰੀ ਬੜੀ ਗੰਭੀਰ ਸਮਸਿਆ ਬਣੀ ਹੋਈ ਹੈ। ਮਿਲਾਵਟ ਤੋਂ ਭਾਵ ਕੁਦਰਤੀ ਜਾਂ ਸ਼ੁਧ ਪਦਾਰਥਾਂ ਵਿਚ ਬਾਹਰੀ, ਬਨਾਉਟੀ ਜਾਂ ਹੋਰ ਪਦਾਰਥਾਂ ਦਾ ਮਿਸ਼ਰਣ ਕਰ ਦੇਣਾ ਹੈ। ਮਿਲਾਵਟਖੋਰੀ ਦੇ ਕਿੰਨੇ ਗੰਭੀਰ ਅਤੇ ਜਾਨਲੇਵਾ ਨਤੀਜੇ ਨਿਕਲ ਸਕਦੇ ਹਨ, ਇਹਨਾਂ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ। ਅਜਿਹਾ ਕੁਝ ਸਵਾਰਥੀ ਵਪਾਰੀ ਵਰਗ ਤਰਫੋਂ ਵਧ ਮੁਨਾਫ਼ੇ ਲਈ ਕੀਤਾ ਜਾਂਦਾ ਹੈ। ਜੇਕਰ ਕਹਿ ਲਿਆ ਜਾਵੇ ਕਿ ਅਜ ਕਲ੍ਹ ਬਾਜ਼ਾਰਾਂ ਵਿਚ ਕੋਈ ਹੀ ਚੀਜ਼ ਸ਼ੁਧ ਮਿਲਦੀ ਹੈ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ।ਕੁਝ ਮਹੀਨੇ ਪਹਿਲਾਂ ਆਈ ਸੀ.ਏ.ਜੀ. ਦੀ ਰਿਪੋਰਟ ਇਕ ਭਿਆਨਕ ਤਸਵੀਰ ਪੇਸ਼ ਕਰਦੀ ਹੈ। ਇਸਦੇ ਮੁਤਾਬਿਕ ਐਫ.ਐਸ.ਐਸ. ਏ.ਆਈ. ਵਿਚ ਲਾਪਰਵਾਹੀ ਦਾ ਆਲਮ ਇਹ ਹੈ ਕਿ ਹੋਟਲਾਂ-ਰੇਸਤਰਾਂ ਜਾਂ ਭੋਜਨ ਕਿਤੇ ਨਾਲ ਜੁੜੀਆਂ ਹੋਰ ਗਤੀਵਿਧੀਆਂ ਦੇ ਲਈ ਲਾਈਸੈਂਸ ਦਿੰਦੇ ਸਮੇਂ ਜ਼ਰੂਰੀ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਰਸਮੀ ਕਾਰਵਾਈ ਵੀ ਪੂਰੀ ਨਹੀਂ ਕੀਤੀ ਜਾਂਦੀ। ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ਤੇ ਸਿਹਤ ਲਈ ਨੁਕਸਾਨਦੇਹ ਖਾਧ ਪਦਾਰਥਾਂ ਨੂੰ ਮਨਜ਼ੂਰੀ ਦੇ ਦਿਤੀ ਜਾਂਦੀ ਹੈ। ਰਿਪੋਰਟ ਦੇ ਅਨੁਸਾਰ ਐਫ.ਐਸ.ਐਸ. ਏ.ਆਈ. ਦੇ ਅਧਿਕਾਰੀ ਜਿਨ੍ਹਾਂ 72 ਪ੍ਰਯੋਗਸ਼ਾਲਾਵਾਂ ਵਿਚ ਜਾਂਚ ਦੇ ਲਈ ਨਮੂਨੇ ਭੇਜਦੇ ਹਨ ਉਹਨਾਂ ਵਿਚੋਂ ਲਗਭਗ 65 ਦੇ ਕੋਲ ਆਧਿਕਾਰਿਕ ਮਾਨਤਾ ਵੀ ਨਹੀਂ ਹੈ।ਦੁਧ ਅਤੇ ਦੁਧ ਤੋਂ ਤਿਆਰ ਉਤਪਾਦਾਂ ਵਿਚ ਮਿਲਾਵਟਖੋਰੀ ਕਿਸੇ ਤੋਂ ਛੁਪੀ ਨਹੀਂ। ਹਾਲੀਆ ਵਿਚ ਵਿਸ਼ਵ ਸਿਹਤ ਸੰਗਠਨ ਨੇ ਭਾਰਤ ਸਰਕਾਰ ਨੂੰ ਐਡਵਾਇਜਰੀ ਭੇਜੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਮਿਲਾਵਟੀ ਦੁਧ ਅਤੇ ਇਸਦੇ ਉਤਪਾਦਾਂ ਵਿਚ ਤਤਕਾਲ ਰੋਕ ਨਾ ਲਗਾਈ ਗਈ ਤਾਂ ਸਾਲ 2025 ਤਕ ਭਾਰਤ ਦੀ 87 ਫੀਸਦੀ ਜਨਸੰਖਿਆ ਕੈਂਸਰ ਵਰਗੇ ਜਾਨਲੇਵਾ ਰੋਗਾਂ ਦੀ ਗ੍ਰਿਫਤ ਵਿਚ ਹੋਵੇਗੀ। ਸਰਕਾਰ ਨੇ ਲੋਕ ਸਭਾ ਵਿਚ 17 ਮਾਰਚ 2015 ਨੂੰ ਮੰਨਿਆ ਸੀ ਕਿ ਦੇਸ਼ ਵਿਚ ਵਿਕਣ ਵਾਲਾ 68 ਫੀਸਦੀ ਦੁਧ ਦੂਸ਼ਿਤ ਹੀ ਹੁੰਦਾ ਹੈ।ਤਿਉਹਾਰਾਂ ਦਾ ਸਮਾਂ ਹੈ ਅਤੇ ਤਿਉਹਾਰਾਂ ਦੇ ਸਮੇਂ ਮਿਠਾਈਆਂ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਵਿਚ ਮਿਲਾਵਟਖੋਰੀ ਸਿਖ਼ਰਾਂ ਤੇ ਹੁੰਦੀ ਹੈ। ਸਿਹਤਮੰਦ ਜ਼ਿੰਦਗੀ ਲਈ ਜ਼ਰੂਰੀ ਹੈ ਕਿ ਸੰਤੁਲਿਤ ਅਤੇ ਸ਼ੁਧ ਖਾਣ ਪੀਣ ਨੂੰ ਪਹਿਲ ਦਿਤੀ ਜਾਵੇ। ਮਿਲਾਵਟਖੋਰੀ ਦੇ ਇਸ ਦੌਰ ਵਿਚ ਚੰਗੀ ਸਿਹਤਯਾਬੀ ਲਈ ਜ਼ਰੂਰੀ ਹੈ ਕਿ ਬਾਜ਼ਾਰੋਂ ਖਾਣ ਪੀਣ ਦੀਆਂ ਚੀਜਾਂ ਘਟ ਤੋਂ ਘਟ ਖਰੀਦੋ। ਮਿਲਾਵਟਖੋਰੀ ਖਿਲਾਫ਼ ਕਾਨੂੰਨ ਵੀ ਬਣਿਆ ਹੋਇਆ ਹੈ ਅਤੇ ਲੋੜ ਹੈ ਕਾਨੂੰਨ ਨੂੰ ਸਖਤੀ ਨਾਲ ਅਮਲੀ ਰੂਪ ਦੇਣ ਦੀ ਤਾਂ ਜੋ ਕਿਸੇ ਦਾ ਮਿਲਾਵਟਖੋਰੀ ਕਰਕੇ ਨੁਕਸਾਨ ਨਾ ਹੋਵੇ।
ਮਿਲਾਵਟਖੋਰੀ



