ਜ਼ਿਲ੍ਹਾ ਪੁਲਿਸ ਵੱਲੋਂ ਹਰ ਸਾਲ 21 ਅਕਤੂਬਰ ਨੂੰ ਕੀਤਾ ਜਾਂਦਾ ਹੈ ਜ਼ਿਲ੍ਹਾ ਪੱਧਰੀ ਸ਼ਹੀਦੀ ਸਮਾਗਮ ਮੌਕੇ ਯਾਦ
ਸਤਨਾਮ ਸਿੰਘ ਚਾਹਲ
ਬਲਾਚੌਰ- ਪੰਜਾਬ ਦੇ ਕਾਲੇ ਦਿਨਾਂ ਦੌਰਾਨ ਅੰਦਰੂਨੀ ਏਕਤਾ ਤੇ ਅਖੰਡਤਾ ਲਈ ਬਲਾਚੌਰ ਇਲਾਕੇ ਦੇ ਸ਼ਹਾਦਤਾਂ ਦੇਣ ਵਾਲੇ ਪੁਲਿਸ ਕਰਮੀਆਂ ਨੂੰ ਅੱਜ ਵੀ ਉਨ੍ਹਾਂ ਵੱਲੋਂ ਅਮਨ ਦੀ ਬਹਾਲੀ ’ਚ ਪਾਏ ਮਾਣਮੱਤੇ ਯੋਗਦਾਨ ਲਈ ਯਾਦ ਕੀਤਾ ਜਾਂਦਾ ਹੈ। ਜ਼ਿਲ੍ਹਾ ਪੁਲਿਸ ਵੱਲੋਂ ਇਨ੍ਹਾਂ ਸ਼ਹੀਦਾਂ ਨੂੰ ਹਰ ਸਾਲ 21 ਅਕਤੂਬਰ ਨੂੰ ਕੀਤੇ ਜਾਂਦੇ ਜ਼ਿਲ੍ਹਾ ਪੱਧਰੀ ਸ਼ਹੀਦੀ ਸਮਾਗਮ ਦੌਰਾਨ ਯਾਦ ਕੀਤਾ ਜਾਂਦਾ ਹੈ।
ਇਹ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਬਲਾਚੌਰ ਸਬ ਡਵੀਜ਼ਨ ਰਾਜਪਾਲ ਸਿੰਘ ਹੁੰਦਲ ਨੇ ਦੱਸਿਆ ਕਿ ਪੰਜਾਬ ਪੁਲਿਸ ਆਪਣੇ ਇਨ੍ਹਾਂ ਸ਼ਹੀਦਾਂ ਦੀ ਗੌਰਵਮਈ ਗਾਥਾ ਨੂੰ ਕਦੇ ਵੀ ਨਹੀਂ ਭੁਲਾ ਸਕਦੀ ਅਤੇ ਪੁਲਿਸ ਨੂੰ ਹਮੇਸ਼ਾਂ ਆਪਣੇ ਇਨ੍ਹਾਂ ਸ਼ਹੀਦਾਂ ਦੇ ਬਲੀਦਾਨ ’ਤੇ ਮਾਣ ਰਹੇਗਾ। ਉਨ੍ਹਾਂ ਬਲਾਚੌਰ ਇਲਾਕੇ ਦੇ ਅਤਿਵਾਦ ਦੌਰਾਨ ਸ਼ਹੀਦ ਹੋਏ ਪੁਲਿਸ ਕਰਮੀਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਇੰਸਪੈਕਟਰ ਹਰਜੀਤ ਸਿੰਘ (ਨੰ. 1/ਜੇ) ਪਿੰਡ ਲੋਹਟ ’ਚ 01-09-1931 ਨੂੰ ਜਨਮੇ ਸਨ ਤੇ 05-04-1951 ਨੂੰ ਪੁਲਿਸ ’ਚ ਭਰਤੀ ਹੋਏ ਸਨ। ਉਹ 10-06-1987 ਨੂੰ ਚੰਡੀਗੜ੍ਹ ਵਿਖੇ ਅਤਿਵਾਦੀ ਹਮਲੇ ਵਿੱਚ ਸ਼ਹੀਦ ਹੋ ਗਏ ਸਨ।
ਸ਼ਹੀਦ ਐਸ.ਆਈ ਪ੍ਰੇਮ ਚੰਦ (ਨੰ. 75/235/ਪੀ.ਏ.ਪੀ) ਦਾ ਜਨਮ ਬਨਾਂ ਵਿਖੇ 01-04-1946 ਨੂੰ ਹੋਇਆ। ਉਹ 20-05-1965 ਨੂੰ ਪੁਲਿਸ ’ਚ ਭਰਤੀ ਹੋਏ ਅਤੇ 10-01-1990 ਨੂੰ ਪੀ.ਏ.ਪੀ ਕੰਪਲੈਕਸ ਜਲੰਧਰ ਵਿੱਚ ਅਤਿਵਾਦੀਆਂ ਵੱਲੋਂ ਕੀਤੇ ਬੰਬ ਧਮਾਕੇ ਵਿੱਚ ਸ਼ਹੀਦ ਹੋ ਗਏ ਸਨ। ਸ਼ਹੀਦ ਏ.ਐਸ.ਆਈ ਪ੍ਰਕਾਸ਼ ਚੰਦ (ਨੰ. 242/ਰੋਪੜ) ਰੈਲਮਾਜਰਾ ਦੇ ਰਹਿਣ ਵਾਲੇ ਸਨ। ਉਨ੍ਹਾਂ ਦਾ ਜਨਮ ਮਿਤੀ 01-01-1953 ਨੂੰ ਹੋਇਆ ਤੇ 14-01-1972 ਨੂੰ ਪੁਲਿਸ ’ਚ ਭਰਤੀ ਹੋਏ ਸਨ। ਉਹ 04-11-1990 ਨੂੰ ਪਿੰਡ ਫਰਵਾਲੀ ਜ਼ਿਲ੍ਹਾ ਸੰਗਰੂਰ ਦੇ ਨਜ਼ਦੀਕ ਅਤਿਵਾਦੀਆਂ ਵੱਲੋਂ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ।
ਪਿੰਡ ਰੈਲਮਾਜਰਾ ਦੇ ਹੀ ਇੱਕ ਹੋਰ ਸ਼ਹੀਦ ਮੁੱਖ ਸਿਪਾਹੀ ਬਲਦੇਵ ਸਿੰਘ (ਨੰ. 851/ਰੋਪੜ) 02-02-1951 ਨੂੰ ਜਨਮ ’ਤੇ ਉਹ ਮਿਤੀ 22-07-1975 ਨੂੰ ਪੁਲਿਸ ’ਚ ਭਰਤੀ ਹੋਏ। ਉਨ੍ਹਾਂ 26-05-1991 ਨੂੰ ਪਿੰਡ ਉ¤ਚਾ ਬੇਲਾ ਥਾਣਾ ਮੋਰਿੰਡਾ ਜਿਲ੍ਹਾ ਰੋਪੜ ਵਿਖੇ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਦੌਰਾਨ ਸ਼ਹਾਦਤ ਪ੍ਰਾਪਤ ਕੀਤੀ। ਬਾਗੋਵਾਲ ਵਿਖੇ 20-06-1949 ਨੂੰ ਜਨਮੇ ਸ਼ਹੀਦ ਮੁੱਖ ਸਿਪਾਹੀ ਰਾਮ ਜੀ ਦਾਸ (ਨੰ. 560/ਰੋਪੜ) 07-12-1968 ਨੂੰ ਪੁਲਿਸ ’ਚ ਭਰਤੀ ਹੋਏ ਸਨ। ਉਹ ਮਿਤੀ 19-09-1988 ਨੂੰ ਪੈਟਰੋਲਿੰਗ ਡਿਊਟੀ ਦੌਰਾਨ ਪਿੰਡ ਬੇਲਾ ਜ਼ਿਲ੍ਹਾ ਰੂਪਨਗਰ ਵਿਖੇ ਅਤਿਵਾਦੀਆਂ ਵੱਲੋਂ ਕੀਤੇ ਹਮਲੇ ਵਿੱਚ ਸ਼ਹੀਦ ਹੋ ਗਏ ਸਨ।
ਲੋਹਟ ਦੇ ਰਹਿਣ ਵਾਲੇ ਇੱਕ ਹੋਰ ਸ਼ਹੀਦ ਸਿਪਾਹੀ ਜਗਦੀਸ਼ ਸਿੰਘ (ਨੰ. 226/ਇੰਟੈਲੀਜੈਂਸ) 05-12-1963 ਨੂੰ ਹੋਇਆ। ਉਹ 05-09-1992 ਨੂੰ ਭਰਤੀ ਹੋਏ। ਉਹ 31-08-1995 ਨੂੰ ਚੰਡੀਗੜ੍ਹ ਸਿਵਲ ਸਕੱਤ੍ਰੇਤ ਵਿਖੇ ਮੁੱਖ ਮੰਤਰੀ ਸ਼੍ਰੀ ਬੇਅੰਤ ਸਿੰਘ ਨਾਲ ਬੰਬ ਧਮਾਕੇ ਵਿੱਚ ਸ਼ਹੀਦ ਹੋ ਗਏ ਸਨ। ਸ਼ਹੀਦ ਸਿਪਾਹੀ ਕੇਵਲ ਸਿੰਘ (ਨੰ. 783/ਕਪੂਰਥਲਾ) ਪਿੰਡ ਰੱਕੜਾ ਢਾਹਾਂ ਦੇ ਰਹਿਣ ਵਾਲੇ ਸਨ। ਉਹ 19-03-1975 ਨੂੰ ਪੰਜਾਬ ਪੁਲਿਸ ਵਿੱਚ ਭਰਤੀ ਹੋਏ। ਉਹ 30-08-1991 ਨੂੰ ਪਿੰਡ ਫੱਤੂ ਢੀਂਗਾ ਜ਼ਿਲ੍ਹਾ ਕਪੂਰਥਲਾ ਵਿਖੇ ਅਤਿਵਾਦੀਆਂ ਵੱਲੋਂ ਕੀਤੇ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ।
ਇਸੇ ਤਰ੍ਹਾਂ ਪਿੰਡ ਥਾਨਵਾਲਾ ’ਚ 05-05-1966 ਨੂੰ ਜਨਮੇ ਸ਼ਹੀਦ ਸਿਪਾਹੀ ਰੋਸ਼ਨ ਲਾਲ (ਨੰ. 225/ਰੋਪੜ) 18-08-1989 ਨੂੰ ਪੁਲਿਸ ’ਚ ਭਰਤੀ ਹੋਏ ਸਨ। ਉਹ 11-06-1992 ਨੂੰ ਪਿੰਡ ਦਾਊਂਮਾਜਰਾ ਜ਼ਿਲ੍ਹਾ ਰੋਪੜ ਵਿਖੇ ਅਤਿਵਾਦੀ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ। ਪਿੰਡ ਨਿਆਣਾ ਬੇਟ ਦੇ ਰਹਿਣ ਵਾਲੇ ਸ਼ਹੀਦ ਪੀ.ਐਚ.ਜੀ. ਅਜੀਤ ਸਿੰਘ (ਨੰ. 26673) ਦਾ ਜਨਮ ਮਿਤੀ 13-04-1963 ਨੂੰ ਹੋਇਆ। ਉਹ ਮਿਤੀ 09-04-1988 ਨੂੰ ਪੰਜਾਬ ਹੋਮਗਾਰਡ ’ਚ ਭਰਤੀ ਹੋਏ। ਉਹ 17-07-1990 ਨੂੰ ਪਿੰਡ ਨਾਨੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਅਤਿਵਾਦੀਆਂ ਵੱਲੋਂ ਕੀਤੇ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ।
ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਇਨ੍ਹਾਂ ਬਹਾਦਰ ਸਾਥੀਆਂ ਦੀ ਬਹਾਦਰੀ ਅਤੇ ਸ਼ਾਂਤੀ ਬਰਕਰਾਰ ਰੱਖਣ ਲਈ ਬਾਹਰੀ ਤਾਕਤਾਂ ਦੇ ਮਨਸੂਬਿਆਂ ਨੂੰ ਅਸਫ਼ਲ ਬਣਾਉਣ ਲਈ ਦਿੱਤੀਆਂ ਕੁਰਬਾਨੀਆਂ ’ਤੇ ਹਮੇਸ਼ਾਂ ਮਾਣ ਰਹੇਗਾ ਅਤੇ ਜ਼ਿਲ੍ਹਾ ਪੁਲਿਸ ਸ਼ਹੀਦ ਪੁਲਿਸ ਕਰਮੀਆਂ ਦੇ ਪਰਿਵਾਰਾਂ ਨਾਲ ਹਮੇਸ਼ਾਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੇਗੀ।



