ਦੇਸ਼ ਵਿੱਚ ਹਰ ਰੋਜ਼ ਸੜਕ ਅਤੇ ਦੂਸਰੇ ਹਾਦਸਿਆਂ ਵਿੱਚ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸੜਕ ਹਾਦਸਿਆਂ ਨੂੰ ਰੋਕਣ ਲਈ ਹਾਲੇ ਤੱਕ ਕੋਈ ਵੱਡਾ ਕਦਮ ਨਹੀਂ ਚੁੱਕਿਆ ਗਿਆ। ਇਸੇ ਤਰ੍ਹਾਂ ਦੂਸਰੇ ਹਾਦਸਿਆਂ ਵਿੱਚ ਵੀ ਦੁਖਦਾਇਕ ਮੌਤਾਂ ਹੋ ਰਹੀਆਂ ਹਨ। ਅਜਿਹਾ ਇਸ ਕਾਰਨ ਵਾਪਰ ਰਿਹਾ ਹੈ ਕਿਉਂਕਿ ਸੁਰੱਖਿਆ ਨਿਯਮਾਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਸੁਰੱਖਿਆ ਪ੍ਰਤੀ ਅਣਗਹਿਲੀ ਕਾਰਨ ਹੀ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪੈ ਰਹੀ ਹੈ। ਅਣਗਹਿਲੀ ਕਾਰਨ ਵਾਪਰਦੇ ਹਾਦਸੇ ਬਹੁਤ ਹੀ ਦੁੱਖਦਾਇਕ ਹਨ। ਬੇਸ਼ਕ ਇਨ੍ਹਾਂ ਹਾਦਸਿਆਂ ਲਈ ਮਨੁੱਖੀ ਗਲਤੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ, ਪ੍ਰੰਤੂ ਸੁਰੱਖਿਆ ਨਿਯਮਾਂ ਪ੍ਰਤੀ ਅਣਗਹਿਲੀ ਵੀ ਇਸ ਦਾ ਇਕ ਵੱਡਾ ਕਾਰਨ ਹੈ। ਸੜਕਾਂ ਉਪਰ ਲੰਗਰ ਜਾਂ ਛਬੀਲਾਂ ਲਗਾਉਣ ਦਾ ਚਲਨ ਸਹੀ ਨਹੀਂ ਹੈ। ਸੜਕ ਸੁਰੱਖਿਆ ਪੱਖੋਂ ਵੀ ਇਹ ਇਕ ਖਤਰਨਾਕ ਸਰਗਰਮੀ ਹੈ। ਚੰਗਾ ਹੋਵੇ ਜੇਕਰ ਅਜਿਹੇ ਲੰਗਰ ਅਤੇ ਛਬੀਲਾਂ ਸੜਕ ਤੋਂ ਥੋੜ੍ਹਾ ਹੱਟ ਕੇ ਲਗਾਈਆਂ ਜਾਣ। ਇਸ ਨਾਲ ਜਾਨੀ ਨੁਕਸਾਨ ਅਤੇ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਸੜਕਾਂ ’ਤੇ ਕਿਸੇ ਤਰ੍ਹਾਂ ਦੀ ਰੁਕਾਵਟ ਦੇਸ਼ ਦੀ ਆਰਥਿਕਤਾ ’ਤੇ ਬੋਝ ਬਣਦੀ ਹੈ। ਇਸ ਸਬੰਧੀ ਸਾਰੇ ਨਾਗਰਿਕਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਧਾਰਮਿਕ ਅਤੇ ਸਮਾਜਿਕ ਕਾਰਜਾਂ ਦੇ ਨਾਲ ਕਿਸੇ ਤਰ੍ਹਾਂ ਦੇ ਦੁਖਦਾਇਕ ਹਾਲਾਤ ਨਾ ਬਣਨ। ਸਬੰਧਤ ਅਧਿਕਾਰੀਆਂ ਨੂੰ ਵੀ ਇਸ ਵਿਸ਼ੇ ’ਤੇ ਚੌਕਸੀ ਵਰਤਣੀ ਚਾਹੀਦੀ ਹੈ। ਲੋਕਾਂ ਨੂੰ ਸਮਝਾ-ਬੁਝਾ ਕੇ ਸੁਰੱਖਿਆ ਨਿਯਮਾਂ ਪ੍ਰਤੀ ਜਾਣੂ ਕਰਵਾਉਣਾ ਚਾਹੀਦਾ ਹੈ। ਥੋੜ੍ਹੀ ਜਿਹੀ ਚੌਕਸੀ ਨਾਲ ਹਜ਼ਾਰਾਂ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਅਧਿਕਾਰੀਆਂ ਦੇ ਨਾਲ-ਨਾਲ ਇਸ ਸਬੰਧ ਵਿੱਚ ਆਮ ਲੋਕਾਂ ਦੀ ਵੱਡੀ ਜ਼ਿੰਮੇਵਾਰੀ ਹੈ। ਲੰਗਰ ਅਤੇ ਛਬੀਲਾਂ ਲਾਉਣੀਆਂ ਬਹੁਤ ਚੰਗਾ ਕਾਰਜ ਹੈ ਪ੍ਰੰਤੂ ਇਸ ਦਾ ਪ੍ਰਬੰਧ ਸਹੀ ਤਰੀਕੇ ਨਾਲ ਕੀਤਾ ਜਾਵੇ। ਸ਼ਰਧਾਲੂਆਂ ਨੂੰ ਸੜਕੀ ਆਵਾਜਾਈ ਵਿੱਚ ਰੋਕ ਨਹੀਂ ਪਾਉਣੀ ਚਾਹੀਦੀ। ਸੁਰੱਖਿਆ ਨਿਯਮਾਂ ਪ੍ਰਤੀ ਵੀ ਉਨ੍ਹਾਂ ਨੂੰ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਸੜਕਾਂ ਉਪਰ ਹੋ ਰਹੇ ਹਾਦਸੇ ਵੀ ਅਜਿਹੀ ਚੌਕਸੀ ਨਾਲ ਰੋਕੇ ਜਾ ਸਕਦੇ ਹਨ। ਸਰਕਾਰ ਨੂੰ ਵੀ ਸੜਕੀ ਆਵਾਜਾਈ ਠੀਕ ਤਰੀਕੇ ਨਾਲ ਜਾਰੀ ਰੱਖਣ ਲਈ ਆਪਣੇ ਪੱਧਰ ’ਤੇ ਕਦਮ ਉਠਾਉਣੇ ਚਾਹੀਦੇ ਹਨ। ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਹਾਦਸਿਆਂ ਵਿੱਚ ਮੌਤਾਂ ਦੀ ਗਿਣਤੀ ਨੂੰ ਘਟਾਉਣ ਲਈ ਵਿਆਪਕ ਯੋਜਨਾਬੰਦੀ ਦੀ ਜ਼ਰੂਰਤ ਹੈ।
– ਬਲਜੀਤ ਸਿੰਘ ਬਰਾੜ