June 4, 2026 12:35 am

ਦੇਸ਼ ਵਿੱਚ ਰੁਜ਼ਗਾਰ ਦੀ ਕਮੀ

ਦੇਸ਼ ਵਿੱਚ ਰੁਜ਼ਗਾਰ ਦੀ ਕਮੀ ਦੇ ਚਲਦਿਆਂ ਬੇਰੁਜ਼ਗਾਰੀ ਲਗਾਤਾਰ ਵੱਧ ਰਹੀ ਹੈ। ਕੇਂਦਰ ਸਰਕਾਰ ਦੀਆਂ ਨਵੀਆਂ ਨੀਤੀਆਂ ਕਾਰਨ ਨਵੇਂ ਰੁਜ਼ਗਾਰ ਪੈਦਾ ਨਹੀਂ ਹੈ ਰਹੇ। ਕਈ ਖੇਤਰਾਂ ਵਿੱਚ ਸਗੋਂ ਰੁਜ਼ਗਾਰ ਘਟਿਆ ਹੈ। ਪ੍ਰਧਾਨ ਮੰਤਰੀ ਦੀ ਅਰਥਚਾਰਾ ਸਲਾਹਕਾਰ ਕੌਂਸਲ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਸਰਕਾਰ ਨੇ ਸਿਰਫ਼ ਸਾਲ 2017 ਵਿਚ ਹੀ 1.28 ਕਰੋੜ ਰੁਜ਼ਗਾਰ ਪੈਦਾ ਕੀਤੇ।ਦੂਸਰੇ ਪਾਸੇ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ ਸੈਂਟਰ ਫਾਰ ਸਸਟੇਨੇਬਲ ਇੰਪਲੌਇਮੈਂਟ ਦੀ ਹਾਲੀਆ ਰਿਪੋਰਟ ਮੁਤਾਬਕ ਸਾਲ 2015 ਤੋਂ ਹੁਣ ਤੱਕ ਤਿੰਨ ਸਾਲਾਂ ਦੌਰਾਨ ਦੇਸ਼ ਵਿੱਚੋਂ ਤਕਰੀਬਨ 70 ਲਖ ਨੌਕਰੀਆਂ ਖ਼ਤਮ ਹੋ ਗਈਆਂ। ਭਾਵੇਂ ਕੁੱਲ ਘਰੇਲੂ ਉਤਪਾਦਨ ਵਿੱਚ ਵਾਧਾ ਹੋਇਆ ਹੈ ਪ੍ਰੰਤੂ ਉਸ ਦੇ ਬਾਵਜੂਦ ਨਵੇਂ ਰੁਜ਼ਗਾਰ ਪੈਦਾ ਨਹੀਂ ਹੋ ਰਹੇ। ਨਵੇਂ ਰੁਜ਼ਗਾਰ ਪੈਦਾ ਨਾ ਹੋਣ ਕਾਰਨ ਨੌਜਵਾਨਾਂ ਸਾਹਮਣੇ ਰੁਜ਼ਗਾਰ ਦਾ ਸੰਕਟ ਪੈਦਾ ਹੋ ਗਿਆ ਹੈ। ਇਸ ਸੰਕਟ ਦਾ ਸ਼ਿਕਾਰ ਜ਼ਿਆਦਾਤਰ ਪੜ੍ਹੇ ਲਿਖੇ ਨੌਜਵਾਨ ਹੋ ਰਹੇ ਹਨ। ਦੇਸ਼ ਦੀ ਕੁੱਲ ਬੇਰੁਜ਼ਗਾਰੀ ਦਰ ਦੇ ਮੁਕਾਬਲੇ ਗ੍ਰੈਜੂਏਟ, ਪੋਸਟ ਗ੍ਰੈਜੂਏਟ ਤੇ ਇਸ ਤੋਂ ਉਪਰ ਵਿਦਿਅਕ ਯੋਗਤਾ ਵਾਲੇ ਨੌਜਵਾਨਾਂ ਬੇਰੁਜ਼ਗਾਰਾਂ ਦੀ ਦਰ ਛੇ ਗੁਣਾ ਵਧ ਹੈ।ਸਰਕਾਰ ਇਕ ਪਾਸੇ ਤੇਜ਼ ਆਰਥਿਕ ਵਿਕਾਸ ਦਰ ਦੇ ਦਾਅਵੇ ਕਰ ਰਹੀ ਹੈ। ਦੂਜੇ ਪਾਸੇ ਨਵੀਆਂ ਨੌਕਰੀਆਂ ਪੈਦਾ ਨਹੀਂ ਹੋ ਰਹੀਆਂ।ਸਾਲ 2011 ਤੋਂ ਲੈ ਕੇ 2015 ਤਕ ਆਰਥਕ ਵਿਕਾਸ ਦਰ 6.8% ਰਹੀ, ਪਰ ਰੁਜ਼ਗਾਰ ਵਿਚ ਸਿਰਫ਼ 0.6% ਦਾ ਵਾਧਾ ਹੋਇਆ।ਸਾਲ 2015 ਵਿਚ ਬੇਰੁਜ਼ਗਾਰੀ ਦੀ ਦਰ 5 ਫ਼ੀਸਦ ਸੀ, ਜੋ ਪਿਛਲੇ 20 ਸਾਲਾਂ ਵਿਚ ਸਭ ਤੋਂ ਵਧ ਹੈ। ਸਾਲ 2011 ਵਿਚ ਨੈਸ਼ਨਲ ਸੈਂਪਲ ਸਰਵੇ ਮੁਤਾਬਕ 2.7 ਫ਼ੀਸਦ ਤੇ ਲੇਬਰ ਬਿਊਰੋ ਦੇ ਹਿਸਾਬ ਨਾਲ 3.8% ਸੀ। ਸੈਂਟਰ ਫਾਰ ਮਾਨਿਟਰਿੰਗ ਇੰਡੀਅਨ ਇਕਾਨੋਮੀ ਦੀ ਮਾਰਚ 2018 ਵਿੱਚ ਜਾਰੀ ਕੀਤੀ ਗਈ ਰਿਪੋਰਟ ਹੋਰ ਵੀ ਚਿੰਤਾਜਨਕ ਹੈ। ਇਸ ਰਿਪੋਰਟ ਮੁਤਾਬਕ ਦੇਸ਼ ਵਿੱਚ ਤਿੰਨ ਕਰੋੜ ਤੋਂ ਜ਼ਿਆਦਾ ਬੇਰੁਜ਼ਗਾਰ ਸਨ।ਸੀਐਮਆਈਈ ਦੀ ਰਿਪੋਰਟ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਸਾਲ 2016 ਤੋਂ 2017 ਦਰਮਿਆਨ ਰੁਜ਼ਗਾਰ ਦਾ ਅੰਕੜਾ ਲਗਾਤਾਰ ਘਟਿਆ ਹੈ।ਨੋਟਬੰਦੀ ਕਾਰਨ ਵੀ ਰੁਜ਼ਗਾਰ ਦੇ ਖੇਤਰ ਵਿੱਚ ਬਹੁਤ ਮਾੜਾ ਅਸਰ ਪਿਆ ਹੈ। ਇਸ ਨਾਲ ਇਕ ਅਨੁਮਾਨ ਮੁਤਾਬਿਕ ਦੇਸ਼ ਭਰ ਵਿੱਚ 35 ਲੱਖ ਨੌਕਰੀਆਂ ਚਲੀਆਂ ਗਈਆਂ। ਇਕੱਲੇ ਐਸਐਮਈ ਸੈਕਟਰ ’ਚ 35 ਤੋਂ 50 ਫੀਸਦੀ ਤੱਕ ਨੌਕਰੀਆਂ ਘਟੀਆਂ ਹਨ। ਜੇਕਰ ਇਨ੍ਹਾਂ ਅੰਕੜਿਆਂ ’ਤੇ ਵਿਸ਼ਵਾਸ ਨਾ ਕੀਤਾ ਜਾਵੇ ਤੱਦ ਵੀ ਮੌਜੂਦਾ ਮਾਹੌਲ ਰੁਜ਼ਗਾਰ ਪੱਖੀ ਨਹੀਂ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਦਿਸ਼ਾ ਨੂੰ ਬਦਲਣ ਲਈ ਤੁਰੰਤ ਕਦਮ ਚੁੱਕੇ ਤਾਂ ਜੋ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਸਕਣ।
– ਬਲਜੀਤ ਸਿੰਘ ਬਰਾੜ

Send this to a friend