ਮਾਲੇਰਕੋਟਲਾ ਦੀ ਪਹਿਚਾਣ ਅਤੇ ਧਰਮਿੰਦਰ ਦੇ ਸੁਪਨਿਆਂ ਦੀ ਉਡਾਰੀ ਵਾਲਾ ਕਮਲ ਸਿਨੇਮਾ ਇਤਿਹਾਸ ਬਣਿਆ


ਮਾਲੇਰਕੋਟਲਾ : ਇਸ ਨਵਾਬੀ ਰਿਆਸਤ ਦੇ ਦੋ ਰਿਆਸਤੀ ਸੇਠਾਂ ਸ਼੍ਰੀ ਕੇਸਰੀ ਦਾਸ ਜੈਨ ਅਤੇ ਸ਼੍ਰੀ ਰਤਨ ਚੰਦ ਜੈਨ ਵੱਲੋਂ ਰੀਝਾਂ ਨਾਲ ਉਸਾਰਿਆ ਅਤੇ ਬਾਲੀਵੁੱਡ ਦੇ ਸਦਾਬਹਾਰ ਹੀਰੋ ਧਰਮਿੰਦਰ ਜੋ ਲੱਗਭੱਗ ਪੰਜ ਦਹਾਕੇ ਪਹਿਲਾਂ ਮਾਲੇਰਕੋਟਲਾ ਦੇ ਟਿਊਬਵੈਲ ਮਹਿਕਮੇ ਵਿੱਚ ਸੁਪਰਵਾਈਜ਼ਰ ਵੱਜੋਂ ਕੰਮ ਕਰਦੇ ਸਨ , ਦੇ ਹਿੰਦੀ ਫਿਲਮ ਜਗਤ ਵਿੱਚ ਫਿਲਮੀ ਹੀਰੋ ਬਨਣ ਦੇ ਸੁਪਨਿਆਂ ਦੀ ਪਰਵਾਜ਼ ਕਰਨ ਵਾਸਤੇ ਖੰਭ ਲਗਾਉਣ ਵਾਲਾ ਕਮਲ ਸਿਨੇਮਾ ਆਉਣ ਵਾਲੇ ਕੁੱਝ ਹੀ ਸਮੇਂ ਵਿੱਚ ਇਤਿਹਾਸ ਦੇ ਪੰਨਿਆਂ ਤੱਕ ਹੀ ਸੀਮਿਤ ਰਹਿ ਜਾਵੇਗਾ ਕਿਉਂਕਿ ਕਾਫੀ ਲੰਮੇਂ ਸਮੇਂ ਤੋਂ ਲੋਕਾਂ ਦੀ ਪੁਰਾਣੇ ਸਿਨੇਮਾ ਘਰਾਂ ਵਿੱਚ ਫਿਲਮਾਂ ਵੇਖਣ ਦੀ ਰੁਚੀ ਘਟਣ ਦੇ ਨਾਲ ਇਸਦੇ ਮੌਜੂਦਾ ਮਾਲਕ ਆਸ਼ੀਸ਼ ਜੈਨ ਵਗੈਰਾ ਵੱਲੋਂ ਇਸ ਨੂੰ ਵੇਚ ਦਿੱਤਾ ਗਿਆ ਹੈ ਅਤੇ ਨਵੇਂ ਖਰੀਦਦਾਰਾਂ ਵੱਲੋਂ ਇਸ ਸਿਨੇਮਾ ਘਰ ,ਜੋ ਪਿਛਲੇ ਲੱਗਭੱਗ 66 ਵਰ੍ਹਿਆਂ ਦੇ ਲੰਮੇਂ ਫਿਲਮੀ ਇਤਿਹਾਸ ਦਾ ਗਵਾਹ ਹੈ ਅਤੇ ਇਸ ਦੇ ਕੋਨੇ ਵਿੱਚ ਬਣਿਆ ਗਗਨਚੁੰਬੀ ਘੰਟਾ ਘਰ ਜੋ ਮਾਲੇਰਕੋਟਲਾ ਦੀ ਸ਼ਾਨ ਅਤੇ ਪਹਿਚਾਣ ਬਣ ਚੁੱਕਿਆ ਹੈ , ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਬਾਲੀਵੁੱਡ ਦੇ ਸਦਾਬਹਾਰ ਹੀਰੋ ਧਰਮਿੰਦਰ ਦਿਓਲ ਨੇ ਇਸ ਗੱਲ ਦਾ ਜ਼ਿਕਰ ਕਈ ਬਾਰ ਵੱਖ ਵੱਖ ਅਖਬਾਰਾਂ ਅਤੇ ਦੂਜੇ ਮੀਡੀਆ ਸਾਧਨਾਂ ਤੇ ਕਈ ਬਾਰ ਕੀਤਾ ਹੈ ਕਿ ਉਸਨੇ ਮਾਲੇਰਕੋਟਲਾ ਵਿੱਚ ਰਹਿੰਦਿਆਂ ਇਸੇ ਸਿਨੇਮਾ ਘਰ ਵਿੱਚ ਦਿਲੀਪ ਕੁਮਾਰ , ਪਰਦੀਪ ਕੁਮਾਰ, ਮੀਨਾ ਕੁਮਾਰੀ , ਮਧੂ ਬਾਲਾ ਜਿਹੀਆਂ ਅਪਣੇ ਜਮਾਨੇ ਦੀਆਂ ਪ੍ਰਸਿੱਧ ਫਿਲਮੀ ਹਸਤੀਆਂ ਦੀਆਂ ਫਿਲਮਾਂ ਵੇਖ ਕੇ ਬੰਬਈ ਜਾ ਕੇ ਫਿਲਮਾਂ ਵਿੱਚ ਕੰਮ ਕਰਨ ਦੇ ਸੁਪਨੇ ਲਏ ਸਨ।ਇਸ ਸਿਨੇਮਾ ਘਰ ਦੇ ਮਾਲਕ ਸਵਰਗੀ ਸ਼੍ਰੀ ਕੇਸਰੀ ਦਾਸ ਜੈਨ ਦੇ ਸਪੁੱਤਰ ਸ਼੍ਰੀ ਅਨਿਲ ਜੈਨ ਦੇ ਮੁਤਾਬਿਕ ਉਸਦੇ ਪਿਤਾ ਅਤੇ ਚਾਚਾ ਰਤਨ ਚੰਦ ਜੈਨ ਨੇ ਸੰਨ 1950 ਵਿੱਚ ਆਪਣਾ ਵਪਾਰ ਵਧਾਉਣ ਲਈ ਸਿਨੇਮਾ ਚਲਾਉਣ ਦਾ ਫੈਸਲਾ ਕੀਤਾ ਸੀ ਜਿਸ ਲਈ ਉਹ ਪਹਿਲਾਂ ਦਿੱਲੀ ਵਿਖੇ ਲਿਬਰਟੀ ਸਿਨੇਮਾ ਖਰੀਦਣ ਗਏ ਸਨ ,ਜਦੋਂ ਉਥੇ ਗੱਲ ਨਾ ਬਣੀ ਤਾਂ ਦੀਪਕ ਥਿਏਟਰ ਲੁਧਿਆਣਾ ਨੂੰ ਵੀ ਖਰੀਦਣਾ ਚਾਹਿਆ ਪਰ ਉਥੇ ਵੀ ਗੱਲ ਨਾ ਬਣਦੀ ਵੇਖ ਕੇ ਮਾਲੇਰਕੋਟਲਾ ਵਿਖੇ ਹੀ ਸਿਨੇਮਾ ਬਨਾਉਣ ਦਾ ਮਨ ਬਣਾ ਲਿਆ ਅਤੇ ਅੱਜ ਕਮਲ ਸਿਨੇਮਾ ਰੋਡ ਦੇ ਨਾਂ ਨਾਲ ਹੀ ਮਸ਼ਹੂਰ ਸੜਕ ਉਪਰ ਸੰਨ 1952 ਵਿੱਚ ਲੱਗਭੱਗ 8 ਬੀਘੇ ਜਮੀਨ ਖਰੀਦ ਕੇ ਸਿਨੇਮਾ ਦੀ ਉਸਾਰੀ ਸ਼ੁਰੂ ਕਰਵਾਈ।ਇਸ ਸਿਨੇਮਾ ਘਰ ਦਾ ਨਕਸ਼ਾ ਆਪਣੇ ਜ਼ਮਾਨੇ ਦੇ ਹਿੰਦੀ ਫਿਲਮਾਂ ਦੇ ਮਸ਼ਹੂਰ ਗਾਇਕ ਮੁਕੇਸ਼ ਦੇ ਮਾਮਾ ਪ੍ਰਹਿਲਾਦ ਵੱਲੋਂ ਪਟਿਆਲਾ ਦੇ ਫੂਲ ਸਿਨੇਮਾ ਦੀ ਤਰਜ ਤੇ ਤਿਆਰ ਕੀਤਾ ਗਿਆ ਅਤੇ ਇਹ ਸਿਨੇਮਾ ਘਰ 1954-55 ਵਿੱਚ ਬਣ ਕੇ ਤਿਆਰ ਹੋਇਆ । ਅੱਜ ਇਸ ਸ਼ਾਨਦਾਰ ਸਿਨੇਮਾ ਘਰ ਦੀ ਗਗਨਚੁੰਬੀ ਇਮਾਰਤ ਨੂੰ ਢਾਹੁਣ ਲਈ ਚੱਲ ਰਹੇ ਹਥੌੜਿਆਂ ਦੀਆਂ ਸੱਟਾਂ ਮਾਲੇਰਕੋਟਲਾ ਇਲਾਕੇ ਦੇ ਸੈਂਕੜੇ ਸਿਨੇਮਾ ਪ੍ਰੇਮੀਆਂ ਦੇ ਦਿਲਾਂ ਨੂੰ ਵੱਜ ਰਹੀਆਂ ਹਨ ਅਤੇ ਸਿਨੇਮਾਂ ਘਰ ਨੂੰ ਢਾਹੁਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉਪਰ ਨਸ਼ਰ ਕਰਕੇ ਲੋਕ ਆਪਣੇ ਜਜ਼ਬਾਤ ਸਾਂਝੇ ਕਰ ਰਹੇ ਹਨ ।ਅੰਜੁਮਨ ਇਤਹਾਦੇ ਮਿੱਲਤ ਸੰਸਥਾ ਦੇ ਪ੍ਰਧਾਨ ਅਬਦੁਲ ਵਹੀਦ ਆਜਿਜ਼ ਨੇ ਆਪਣੇ ਜਜ਼ਬਾਤ ਸਾਂਝੇ ਕਰਦਿਆਂ ਕਿਹਾ ਕਿ ਬਚਪਨ ਵਿੱਚ ਅਤੇ ਚੜ੍ਹਦੀ ਉਮਰ ਵਿੱਚ ਉਨਾਂ ਆਪਣਾ ਵੱਧ ਸਮਾਂ ਇਸੇ ਸਿਨੇਮਾ ਘਰ ਵਿੱਚ ਖੇਡਦਿਆਂ ਬਿਤਾਇਆ ਅਤੇ ਆਵਾਰਾ , ਦੀਦਾਰ, ਅਲਾਦੀਨ ਦਾ ਚਿਰਾਗ ਵਗੈਰਾ ਕਈ ਫਿਲਮਾਂ ਵੇਖੀਆਂ ।ਉਨਾਂ ਦੱਸਿਆ ਕਿ ਪਹਿਲਾਂ ਪਹਿਲਾਂ ਮਾਲਕਾਂ ਵੱਲੋਂ ਟੈਂਟਨੁਮਾ ਤੰਬੂ ਲਗਾ ਕੇ ਸਿਨੇਮਾ ਘਰ ਦੀ ਸ਼ੁਰੂਆਤ ਕੀਤੀ ਗਈ ਅਤੇ ਉਨਾਂ ਉਹ ਦੌਰ ਵੀ ਵੇਖਿਆ ਹੈ ਜਦੋਂ ਘੰਟਿਆਂ ਬੱਧੀ ਲੰਬੀਆਂ ਲਾਇਨਾਂ ਟਿਕਟ ਲੈਣ ਲਈ ਲੱਗਦੀਆਂ ਸਨ ਅਤੇ ਟਿਕਟਾਂ ਦੀ ਬਲੈਕ ਵੀ ਹੁੰਦੀ ਸੀ।ਨਗਰ ਸੁਧਾਰ ਟਰਸਟ ਮਾਲੇਰਕੋਟਲਾ ਦੇ ਸਾਬਕਾ ਚੇਅਰਮੈਨ ਅਤੇ ਸਦਾਬਹਾਰ ਹੀਰੋ ਧਰਮਿੰਦਰ ਦੇ ਕਰੀਬੀ ਦੋਸਤ ਸਾਬਰ ਅਲੀ ਢਿੱਲੋਂ ਨੇ ਆਪਣੇ ਫੇਸਬੁੱਕ ਪੇਜ ਉਪਰ ਇਸ ਸਿਨੇਮਾ ਘਰ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਹੀਰੋ ਧਰਮਿੰਦਰ ਵੱਲੋਂ ਬੀਕਾਨੇਰ ਚੋਣਾਂ ਵੇਲੇ ਮਾਲੇਰਕੋਟਲਾ ਦੀ ਚਰਚਾ ਕਰਦਿਆਂ ਕਮਲ ਸਿਨੇਮਾ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ।ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿੱਚ ਵਸ ਰਹੇ ਜਤਿੰਦਰ ਸ਼ਰਮਾ ਨੇ ਕਮਲ ਸਿਨੇਮਾ ਢਾਹੇ ਜਾਣ ਦੀ ਖਬਰ ਸੁਣਦਿਆਂ ਲੰਬਾ ਹਉਕਾ ਭਰਦਿਆਂ ਕਿਹਾ ਕਿ ਇੰਜ ਲੱਗਦਾ ਹੈ ਜਿਵੇਂ ਕੋਈ ਪਿਆਰਾ ਸਾਥੀ ਸਦਾ ਲਈ ਵਿੱਛੜ ਰਿਹਾ ਹੋਵੇ। ਸੰਨ 1972 ਵਿੱਚ ਹੋਏ ਮੋਗਾ ਸਿਨੇਮਾ ਕਾਂਡ ਦੀ ਤੱਤੀ ਹਵਾ ਵੀ ਇਸ ਸਿਨੇਮਾ ਘਰ ਨੂੰ ਝੱਲਣੀ ਪਈ ਪਰ ਉਨਾਂ ਦਿਨਾਂ ਵਿੱਚ ਸਿਰਫ ਸਿਨੇਮਾ ਹੀ ਲੋਕਾਂ ਦੇ ਮਨੋਰੰਜਨ ਦਾ ਸਾਧਨ ਹੁੰਦਾ ਸੀ ਸੋ ਇਲਾਕੇ ਦੇ ਲੋਕ ਖਾਸ ਕਰ ਚੜ੍ਹਦੀ ਉਮਰ ਦੇ ਨੌਜਵਾਨ ਮੀਲਾਂ ਸਾਇਕਲ ਚਲਾ ਕੇ ਇਸ ਕਮਲ ਸਿਨੇਮਾ ਘਰ ਵਿੱਚ ਹਰ ਰੋਜ਼ ਫਿਲਮ ਵੇਖਣ ਆਉਂਦੇ ਸਨ।ਪਟਿਆਲਾ ਨਿਵਾਸੀ 78 ਸਾਲਾ ਬਜੁਰਗ ਵਿੱਦਿਆ ਸਾਗਰ ਨੇ ਦੱਸਿਆ ਕਿ ਜਦੋਂ ਉਹ ਮਾਲੇਰਕੋਟਲਾ ਤੋਂ 15 ਮੀਲ ਦੂਰ ਅਹਿਮਦਗੜ੍ਹ ਰਿਹਾ ਕਰਦੇ ਸਨ ਤਾਂ ਉਨਾਂ ਇਸੇ ਸਿਨੇਮਾ ਘਰ ਵਿੱਚ ਅਨਾਰਕਲੀ ਫਿਲਮ ਸਾਇਕਲ ਤੇ ਆ ਕੇ ਕਈ ਵਾਰ ਵੇਖੀ।ਇਸ ਸਿਨੇਮਾ ਘਰ ਦੇ ਆਲੇ ਦੁਆਲੇ ਦੀ ਮਾਰਕਿਟ ਦੇ ਦੁਕਾਨਦਾਰ ਅਤੇ ਸ਼ਹਿਰ ਨਿਵਾਸੀ ਵੀ ਢਹਿ ਰਹੇ ਸਿਨੇਮਾ ਘਰ ਨੂੰ ਵੇਖ ਕੇ ਕਾਫੀ ਉਦਾਸ ਨਜ਼ਰ ਆ ਰਹੇ ਹਨ । ਸ਼ਹਿਰ ਦੇ ਹਰ ਕੋਨੇ ਤੋਂ ਵਿਖਾਈ ਦਿੰਦੇ ਸਿਨੇਮਾ ਘਰ ਦੇ ਗਗਨਚੁੰਬੀ ਘੰਟਾ ਘਰ ਦੇ ਉਪਰ ਲੱਗੇ ਅਤੇ ਰਾਤ ਵੇਲੇ ਟਿਮਟਿਮਾਂਉਂਦੇ ਲਾਟੂ ਹੁਣ ਬੀਤੇ ਸਮੇਂ ਦੀਆਂ ਯਾਦਾਂ ਬਣ ਕੇ ਹੀ ਰਹਿ ਜਾਣਗੇ ਜੋ ਮਾਲੇਰਕੋਟਲਾ ਸ਼ਹਿਰ ਦੀ ਸ਼ਾਨ ਅਤੇ ਪਹਿਚਾਣ ਸਨ।

Upload Files

Send this to a friend