ਸ਼੍ਰੋਮਣੀ ਅਖੰਡ ਪਾਠੀ ਵੈਲਫੇਅਰ ਸੁਸਾਇਟੀ ਵੱਲੋਂ 3 ਦਿਨ ਸ਼ਰਾਬ ਦੇ ਠੇਕੇ ਬੰਦ ਕਰਨ, ਭੰਗ ਦੀ ਵਿਕਰੀ ਅਤੇ ਸ਼ਰਾਰਤੀ ਅਨਸ਼ਰਾਂ ’ਤੇ ਸਿਕੰਜਾ ਕੱਸਣ ਦੀ ਮੰਗ
ਝਬਾਲ – ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਤਪ ਅਸਥਾਨ ਗੁਰਦੁਆਰਾ ਬੀੜ ਸਾਹਿਬ ਵਿਖੇ ‘ਅਰਦਾਸ ਦਿਵਸ’ ਵਜੋਂ 6,7 ਅਤੇ 8 ਅਕਤੂਬਰ ਨੂੰ ਮਨਾਏ ਜਾ ਰਹੇ ਤਿੰਨ ਰੋਜ਼ਾ ਸਲਾਨਾ ਜੋੜ ਮੇਲੇ ਮੌਕੇ ਸ਼ਰਾਬ ਦੇ ਠੇਕੇ ਬੰਦ ਰੱਖਣ ਲਈ ਸ੍ਰੋਮਣੀ ਅਖੰਡ ਪਾਠੀ ਵੈਲਫੇਅਰ ਸੁਸਾਇਟੀ ਸਰਕਲ ਬੀੜ ਸਾਹਿਬ ਦੇ ਪ੍ਰਧਾਨ ਭਾਈ ਰਣਧੀਰ ਸਿੰਘ ਝਬਾਲ ’ਤੇ ਜਨਰਲ ਸਕੱਤਰ ਭਾਈ ਪਰਮਜੀਤ ਸਿੰਘ ਲਾਡੀ ਦੀ ਅਗਵਾਈ ’ਚ ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਤਰਨਤਾਰਨ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਰਣਧੀਰ ਸਿੰਘ ਅਤੇ ਭਾਈ ਪਰਮਜੀਤ ਸਿੰਘ ਲਾਡੀ ਨੇ ਦੱਸਿਆ ਕਿ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਇਹ ਮਹਾਨ ਸਲਾਨਾ ਜੋੜ ਮੇਲਾ ਸਿੱਖ ਪੰਥ ਲਈ ਬਹੁਤ ਵੱਡੀ ਮਹੱਤਤਾ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੇ ਇਸ ਜੋੜ ਮੇਲੇ ’ਚ ਦੇਸ਼-ਵਿਦੇਸ਼ ਚੋਂ ਲੱਖਾਂ ਦੀ ਤਦਾਦ ’ਚ ਸੰਗਤਾਂ ਇਸ ਪਵਿੱਤਰ ਅਸਥਾਨ ’ਤੇ ਪੁੱਜਦੀਆਂ ਹਨ। ਉਨ੍ਹਾਂ ਕਿਹਾ ਕਿ 6 ਅਕਤੂਬਰ ਨੂੰ ਗੁ. ਸਾਹਿਬ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਅੱਡਾ ਝਬਾਲ ਸਮੇਤ ਸਮੁੱਚੇ ਇਲਾਕੇ ਦੀਆਂ ਪਰਿਕਮਾਂ ਕਰੇਗਾ। ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਸਿੱਖ ਪੰਥ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਜਿਥੇ 6,7 ਅਤੇ 8 ਅਕਤੂਬਰ ਨੂੰ ਕਸਬੇ ਅੰਦਰ ਖੁੱਲ੍ਹੇ ਸ਼ਰਾਬ ਵਾਲੇ ਠੇਕੇ ਬੰਦ ਰਖਾਏ ਜਾਣ, ਉਥੇ ਹੀ ਮੀਟ ਵਾਲੀਆਂ ਦੁਕਾਨਾਂ ਵਾਲੇ ਵੀ ਇਨ੍ਹਾਂ ਦਿਨਾਂ ਦੌਰਾਨ ਆਪਣੀਆਂ ਦੁਕਾਨਾਂ ਨੂੰ ਬੰਦ ਰੱਖਣ ਦੀ ਖੇਚਲ ਜ਼ਰੂਰ ਕਰਨ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਅਤੇ ਐਸ.ਐਸ. ਪੀ. ਤਰਨਤਾਰਨ ਤੋਂ ਇਹ ਵੀ ਮੰਗ ਕੀਤੀ ਕਿ ਮੇਲੇ ਦੌਰਾਨ ਸੜਕਾਂ ਕਿਨਾਰੇ ਭੰਗ ਵੇਚਣ ਵਾਲਿਆਂ ਭੰਗੜਾਂ, ਮੇਲੇ ’ਚ ਹੁੱਲਬਾਜ਼ੀ ਕਰਨ ਵਾਲਿਆਂ ਸ਼ਰਾਰਤੀ ਅਨਸ਼ਰਾਂ ਅਤੇ ਮੋਟਰਸਾਇਕਲਾਂ ਨਾਲ ਪਟਾਕੇ ਮਰਵਾਉਣ ਗੁੰਡਾ ਕਿਸਮ ਦੇ ਲੋਕਾਂ ’ਤੇ ਵੀ ਸਿਕੰਜ਼ਾ ਜ਼ਰੂਰ ਕੱਸਿਆ ਜਾਵੇ। ਇਸ ਮੌਕੇ ਭਾਈ ਬਲਵੀਰ ਸਿੰਘ ਦੋਦੇ, ਰਣਜੀਤ ਸਿੰਘ ਸਾਂਘਣਾ, ਨਿਸ਼ਾਨ ਸਿੰਘ ਧੁੰਨ, ਪ੍ਰਗਟ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਪੰਡੋਰੀ, ਸੁਖਵਿੰਦਰ ਸਿੰਘ ਚੀਮਾ, ਕੰਵਲਜੀਤ ਸਿੰਘ ਗੰਡੀਵਿੰਡ ਆਦਿ ਸਿੰਘ ਹਾਜ਼ਰ ਸਨ।
– ਹਰਦੀਪ ਸਿੰਘ, ਜਤਿੰਦਰ ਸ਼ਰਮਾ
ਪੱਤਰਕਾਰ ‘ਪੰਜਾਬ ਟਾਇਮਜ਼’ ਝਬਾਲ