ਅਜ ਦੇ ਆਧੁਨਿਕ ਦੌਰ ਵਿਚ ਲੋਕ ਫੋਕੀ ਸ਼ੌਹਰਤ ਪਿਛੇ ਭਜ ਰਹੇ ਹਨ।ਹਰ ਤਿਥ ਤਿਉਹਾਰ ਅਤੇ ਘਰਾਂ ਵਿਚ ਹੁੰਦੇ ਸਮਾਗਮਾਂ ਵਿਚ ਬਨਾਉਂਦੀਪਣ ਦਾ ਦਿਖਾਵਾ ਕੀਤਾ ਜਾਂਦਾ ਹੈ।ਅਜੋਕੇ ਸਮੇਂ ਦੀ ਜੇ ਗਲ ਕਰੀਏ ਪੰਜਾਬ ਦੇ ਲੋਕ ਮਰਗ ਦੇ ਭੋਗਾਂ ਅਤੇ ਵਿਆਹ ਸ਼ਾਦੀਆਂ ਵਿਚ ਲੋਕ ਦਿਖਾਵੇ ਲਈ ਫਾਲਤੂ ਦਾ ਖਰਚ ਕਰਦੇ ਹਨ।ਜੋ ਬਾਅਦ ਵਿਚ ਖੁਦਕੁਸ਼ੀਆਂ ਦਾ ਕਾਰਨ ਬਣਦੇ ਹਨ।ਹਰ ਦਿਨ ਅਖਬਾਰਾਂ ਅਤੇ ਟੀ ਵੀ ਚੈਨਲਾਂ ਉਤੇ ਖਬਰਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਅਜ ਪੰਜਾਬ ਦੇ ਲੋਕ ਖੁਦਕੁਸ਼ੀਆਂ ਕਰ ਰਹੇ ਹਨ।ਪੁਰਾਣੇ ਸਮਿਆਂ ਵਿਚ ਵਿਆਹ ਦੇ ਰੀਤੀ ਰਿਵਾਜ ਬਹੁਤ ਹੀ ਸਾਦੇ ਜਿਹੇ ਹੁੰਦੇ ਸਨ।ਉਦੋਂ ਲੋਕ ਵਿਖਾਵਾ ਨਹੀਂ ਕੀਤਾ ਜਾਂਦਾ ਸੀ।ਪੁਰਾਣਿਆਂ ਸਮਿਆਂ ਵਿਚ ਬਰਾਤ ਵੀ ਕਈ ਕਈ ਦਿਨ ਰਹਿੰਦੀ ਹੁੰਦੀ ਸੀ।ਬਰਾਤੀਆਂ ਤੇ ਕੁੜੀ ਦੇ ਪਰਿਵਾਰਕ ਰਿਸ਼ਤੇਦਾਰਾਂ ਵਲੋਂ ਸਿਠਣੀਆਂ, ਲੋਕ ਬੋਲੀਆਂ, ਲੋਕ ਗੀਤਾਂ ਰਾਹੀਂ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਸੀ।ਘਰ ਵਿਚ ਹੀ ਸਾਦੀ ਜਿਹੀ ਮਠਿਆਈ ਭਾਵ ਲਡੂ ਜਲੇਬੀਆਂ ਹੀ ਪਕਦੀਆਂ ਸਨ।ਬਰਾਤ ਵੀ ਗਡਿਆਂ ਜਾਂ ਸਾਈਕਲਾਂ ਵਗੈਰਾ ਤੇ ਆਉਂਦੀ ਸੀ।ਪਰ ਅਜ ਸਾਰਾ ਕੁਝ ਉਲਟ ਹੋ ਗਿਆ ਹੈ।ਅਜ ਵਿਆਹ ਦਾ ਸਮਾਗਮ ਇਕ ਦਿਨ ਵਿਚ ਨਿਬੜ ਜਾਂਦਾ ਹੈ।ਇਕ ਦਿਨ ਦੇ ਵਿਆਹ ਸਮਾਗਮ ਤੇ ਲਖਾਂ ਫੂਕ ਦਿਤਾ ਜਾਂਦਾ ਹੈ।ਭਾਂਤ ਭਾਂਤ ਦੀਆਂ ਮਠਿਆਈਆਂ ਪਰੋਸੀਆਂ ਜਾਂਦੀਆਂ ਹਨ। ਮਹਿੰਗੀਆਂ ਸ਼ਰਾਬਾਂ ਅਤੇ ਵਿਆਹ ‘ਚ ਨਚਾਈਆਂ ਜਾਂਦੀਆਂ ਅਧ ਨਗਨ ਕੁੜੀਆਂ ਉਤੋਂ ਦੀ ਲਖਾਂ ਰੁਪਏ ਸੁਟ ਦਿਤੇ ਜਾਂਦੇ ਹਨ।ਫੋਕੀ ਸ਼ੋਹਰਤ ਲਈ ਮਹਿੰਗੇ ਤੋਂ ਮਹਿੰਗਾ ਏ ਸੀ ਪੈਲੇਸ ਕੀਤਾ ਜਾਂਦਾ ਹੈ।ਜ਼ਿਆਦਾਤਰ ਵਿਆਹਾਂ ਵਿਚ ਤਾਂ ਸ਼ਰਾਬ ਵਰਤਾਉਣ ਲਈ ਕੁੜੀਆਂ ਵੇਟਰ ਹੁੰਦੀਆਂ ਹਨ।ਜੋ ਪੰਜਾਬੀ ਸਭਿਆਚਾਰ ਦੇ ਬਿਲਕੁਲ ਉਲਟ ਹੈ।ਵਿਆਹ ਵਿਚ ਬਰਾਤੀਆਂ ਵਲੋਂ ਝੂਠੀ ਟੋਹਰ ਬਣਾਉਣ ਖਾਤਰ ਹਵਾਈ ਫਾਇਰ ਵੀ ਕੀਤੇ ਜਾਂਦੇ ਹਨ।ਜਿਨ੍ਹਾਂ ਕਰਕੇ ਅਕਸਰ ਹੀ ਘਟਨਾਵਾਂ ਵਾਪਰ ਜਾਂਦੀਆਂ ਹਨ।ਇਸੇ ਤਰ੍ਹਾਂ ਭੋਗਾਂ ਤੇ ਵੀ ਲੋਕ ਵਿਆਹਾਂ ਜਿੰਨ੍ਹਾਂ ਇਕਠ ਕਰ ਲੈਂਦੇ ਹਨ।ਵਡੇ ਵਡੇ ਮੰਤਰੀ ਬਲਾਉਂਦੇ ਹਨ।ਮਹਿੰਗੀਆਂ ਮਠਿਆਈਆਂ ਬਣਾਉਂਦੇ ਹਨ।ਉਕਤ ਸਮਾਗਮਾਂ ਤੇ ਲੋਕ ਵਿਆਜ ਤੇ ਪੈਸੇ ਚੁਕ ਕੇ ਲਾਉਂਦੇ ਹਨ।ਵਿਆਜ ਤੇ ਚੁਕਿਆ ਪੈਸਾ ਜਦੋਂ ਨਹੀਂ ਮੁੜਦਾ ਤਾਂ ਲੋਕ ਖੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਹਨ।ਜੇਕਰ ਸਾਦਾ ਵਿਆਹ ਜਾਂ ਭੋਗ ਸਮਾਗਮ ਕੀਤਾ ਜਾਵੇ ਤਾਂ ਬਹੁਤ ਵਾਧੂ ਦਾ ਖਰਚ ਨਾ ਹੋਵੇ ਤੇ ਨਾ ਹੀ ਖੁਦਕੁਸ਼ੀ ਵਰਗੇ ਕਦਮ ਚੁਕਣੇ ਪੈਣ।ਇਸੇ ਤਰ੍ਹਾਂ ਜੇ ਗਲ ਕਰੀਏ ਸਾਦੀ ਜਿੰਦਗੀ ਜਿਉਣ ਦੀ ਤਾਂ ਅਜੋਕੇ ਸਮੇਂ ਵਿਚ ਪਛਮੀ ਸਭਿਆਚਾਰ ਨੇ ਕਾਫੀ ਪ੍ਰਭਾਵ ਦਿਤਾ ਹੈ।ਪੰਜਾਬੀ ਲੋਕ ਜ਼ਿਆਦਾਤਰ ਨੌਜਵਾਨ ਬਰੈਂਡਰਡ ਕਪੜੇ ਪਾਉਣ ਨੂੰ ਤਰਜੀਹ ਦਿੰਦੇ ਹਨ।ਜੋ ਕਾਫੀ ਮਹਿੰਗੇ ਹੁੰਦੇ ਹਨ।ਮਹਿੰਗੀਆਂ ਕਾਰਾਂ, ਮੋਟਰਸਾਈਕਲ ਅਤੇ ਸਮਾਰਟ ਫੋਨਾਂ ਨੇ ਲੋਕਾਂ ਦੀ ਹਾਲਤ ਪਾਣੀਓ ਪਤਲੀ ਕਰ ਰਖੀ ਹੈ।ਅਜ ਮੁੰਡੇ ਕੁੜੀ ਦੇ ਹਥ ਮਹਿੰਗਾ ਮੋਬਾਇਲ ਫੋਨ ਹੁੰਦਾ ਹੈ।ਹਾਲਾਂਕਿ ਇਸ ਉਲਟ ਪਿਛੇ ਝਾਤ ਮਾਰੀਏ ਤਾਂ ਲੋਕਾਂ ਕੋਲ ਕੋਈ ਮੋਬਾਇਲ ਫੋਨ ਨਹੀਂ ਹੁੰਦੇ ਸਨ ਅਤੇ ਅਜੋਕੇ ਸਮੇਂ ਨਾਲੋਂ ਵਧੀਆ ਸਾਦੀ ਜਿੰਦਗੀ ਬਤੀਤ ਕਰਦੇ ਸਨ।ਸੋ ਅਜ ਸਾਨੂੰ ਚਾਹੀਦਾ ਹੈ ਕਿ ਵਿਆਹ ਅਤੇ ਭੋਗ ਸਮਾਗਮਾਂ ਨੂੰ ਸਾਦੇ ਢੰਗ ਨਾਲ ਕਰੀਏ।ਇਸ ਪਿਰਤ ਨੂੰ ਅਗੇ ਲੋਕਾਂ ਵਿਚ ਲੈ ਕੇ ਜਾਈਏ ਤਾਂ ਜੋ ਫਾਲਤੂ ਖਰਚਾਂ ਤੋਂ ਬਚਿਆ ਜਾ ਸਕੇ।ਸਰਕਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਲੋਕਾਂ ਨੂੰ ਸਾਦੇ ਵਿਆਹਾਂ ਅਤੇ ਹੋਰ ਸਮਾਗਮਾਂ ਨੂੰ ਸਾਦੇ ਢੰਗ ਨਾਲ ਕਰਨ ਲਈ ਪ੍ਰੇਰਿਤ ਕਰੇ।