ਪੰਜਾਬੀ ਗੀਤਕਾਰੀ, ਗਾਇਕੀ ਤੇ ਫਿਰ ਫ਼ਿਲਮਾਂ ਵਿੱਚ ਆਪਣੀਆਂ ਵਿਲੱਖਣ ਪੈੜ੍ਹਾਂ ਪਾਉਣ ਵਾਲੇ ਪ੍ਰਭਾਵਸ਼ਾਲੀ ਸਖ਼ਸੀਅਤ ਦੇ ਮਾਲਕ ਤਰਸੇਮ ਜੱਸੜ ਦੀ ਸਿਫ਼ਤ ਲਿਖਣ ਦੀ ਕੋਈ ਲੋੜ ਨਹੀਂ ਪੈਂਦੀ ਕਿੳਂੂਕਿ ਉਹ ਚੌਵੀ ਕੈਰਟ ਸੋਨੇ ਵਾਂਗ ਆਪਣੀਆਂ ਸੋਚਾਂ ਤੇ ਅਸੂਲਾਂ ‘ਤੇ ਖਰਾ ਹੈ। ਭਾਵੇਂ ਗਾਇਕੀ ਹੋਵੇ ਜਾਂ ਅਦਾਕਾਰੀ, ਹਰ ਵਰਗ ਉਸਦਾ ਪ੍ਰਸ਼ੰਸਕ ਹੈ। ਸਕੂਲ ਕਾਲਜ਼ ਪੜ੍ਹਦਿਆਂ ਸਾਹਿਤ ਪੜ੍ਹਨ ਦੀ ਚੇਟਕ ਨੇ ਤਰਸੇਮ ਨੂੰ ਲਿਖਣ ਲਈ ਪ੍ਰੇਰਿਤ ਕੀਤਾ। ਸਮਾਜ ਦੇ ਅਹਿਮ ਮੁੱਦੇ ਉਸਦੀਆਂ ਮੁੱਢਲੀਆਂ ਲਿਖਤਾ ਦੇ ਮਜ਼ਮੂਨ ਬਣੇ । ਤਰਸੇਮ ਦੀ ਜ਼ਿੰਦਗੀ ਦੀ ਇੱਕ ਸੱਚਾਈ ਹੈ ਕਿ ਚੰਗੇ ਯਾਰਾਂ ਦੋਸਤਾਂ ਦਾ ਸਾਥ ਹੀ ਉਸਦੇ ਅੱਗੇ ਵਧਣ ਵਿੱਚ ਮਦਦਗਾਰ ਰਿਹਾ, ਸ਼ਾਇਦ ਇਸੇ ਲਈ ਤਰਸੇਮ ਦੇ ਬਹੁਤੇ ਗੀਤਾਂ ਵਿੱਚ ਉਸਦੇ ਮਿੱਤਰਾਂ ਦੀ ਸ਼ਮੂਲੀਅਤ ਝਲਕਦੀ ਹੈ। ਸ਼੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਨੂੰ ਨਤਮਸਤਕ ਹੁੰਦਿਆਂ ਕਲਾ ਦੇ ਖੇਤਰ ਵਿੱਚ ਬੁ¦ਦੀਆਂ ਛੂੰਹਣ ਵਾਲਾ ਤਰਸੇਮ ਜੱਸੜ ਅੱਜ ਵੀ ਆਪਣੇ ਪਿੰਡ ਦੀ ਧਰਤੀ ਨਾਲ ਜੁੜਿਆ ਇੱਕ ਆਮ ਬੰਦਾ ਪਹਿਲਾਂ ਹੈ ਤੇ ਗਾਇਕ ਕਲਾਕਾਰ ਬਾਅਦ ਵਿੱਚ…। ਗੀਤਕਾਰੀ ਗਾਇਕੀ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕਰਨ ਤੋਂ ਬਾਅਦ ਜਦ ਤਰਸੇਮ ਨੇ ਫ਼ਿਲਮਾਂ ਵੱਲ ਕਦਮ ਵਧਾਇਆ ਤਾਂ ਇੱਥੇ ਵੀ ਉਹ ਆਪ ਨਹੀਂ ਬਲਕਿ ਉਸਦਾ ਕੰਮ ਹੀ ਬੋਲਿਆ। ਜਦੋਂ ਪੰਜਾਬੀ ਸਿਨੇਮਿਆਂ ‘ਚ ਲਤੀਫ਼ੇਬਾਜ਼ੀ ਫ਼ਿਲਮਾਂ ਦੀ ਭਰਮਾਰ ਸੀ ਤਾਂ ਉਹ ਪਰਿਵਾਰਕ ਰਿਸ਼ਤਿਆਂ ਦੀ ਕਹਾਣੀ ਅਧਾਰਤ ਇੱਕ ਨਿਵੇਕਲੇ ਵਿਸ਼ੇ ਦੀ ਫ਼ਿਲਮ ‘ਰੱਬ ਦਾ ਰੇਡੀਓ’ ਲੈ ਕੇ ਆਇਆ। ਅਜੀਬ ਜਿਹੇ ਟਾਇਟਲ ਵਾਲੀ ਇਸ ਫ਼ਿਲਮ ਬਾਰੇ ਬਹੁਤੇ ਫ਼ਿਲਮੀ ਆਲੋਚਕਾਂ ਨੇ ਪਹਿਲਾਂ ਹਾਸੋਹੀਣੇ ਵਿਚਾਰ ਪ੍ਰਗਟਾਏ ਪਰ ਜਦ ਫ਼ਿਲਮ ਪਰਦਿਆਂ ‘ਤੇ ਆਈ ਤਾਂ ਉਹੀ ਸੁਰਾਂ ‘ਵਾਹ ਵਾਹ’ ਕਰਨ ਲੱਗੀਆਂ। ਇਸ ਪਹਿਲੀ ਹੀ ਫ਼ਿਲਮ ਨਾਲ ਤਰਸੇਮ ਜੱਸੜ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਧੁਰ ਅੰਦਰ ਤੀਕ ਉੱਤਰ ਗਿਆ। ਇੱਕ ਗੱਲ ਹੋਰ, ਉਸ ਵਲੋਂ ਯਾਰਾਂ ਦੋਸਤਾਂ ਨਾਲ ਮਿਲ ਕੇ ਬਣਾਈ ਟੀਮ ਦਾ ਨਾਂ ਭਾਵੇਂਕਿ ‘ਵੇਹਲੀ ਜਨਤਾ’ ਰੱਖਿਆ ਪਰ ਇਸ ਜਨਤਾ ਨੇ ਫ਼ਿਲਮਸਾਜ਼ੀ ਨਾਲ ਚਿਰਾਂ ਤੋਂ ਜੁੜੇ ਕਹਿੰਦੇ ਕਹਾਉਂਦੇ ਲੋਕਾ ਨੂੰ ਵੀ ਮਾਤ ਪਾ ਦਿੱਤੀ। ‘ਰੱਬ ਦੇ ਰੇਡੀਓ’ ਦੀ ਸਫ਼ਲਤਾ ਤੋਂ ਬਾਅਦ ਆਈ ‘ਸਰਦਾਰ ਮੁਹੰਮਦ’ ਨੇ ਤਰਸੇਮ ਦੇ ਹਿੱਸੇ ਇੱਕ ਹੋਰ ਪ੍ਰਾਪਤੀ ਦਰਜ਼ ਕਰਵਾਈ। ਇਹ ਪਹਿਲੀ ਫ਼ਿਲਮ ਤੋਂ ਬਹੁਤ ਹੀ ਅੱਲਗ ਤੇ ਇਮੋਸ਼ਨਲ ਵਿਸ਼ੇ ਦੀ ਫ਼ਿਲਮ ਸੀ ਜਿਸਦੇ ਕਲਾਈਮੈਕਸ਼ ਨੇ ਤਾਂ ਦਰਸ਼ਕਾਂ ਨੂੰ ਰੋਣ ਹੀ ਲਾ ਦਿੱਤਾ ਸੀ। ਵੱਖਰੇ ਤੇ ਦਿਲਚਸਪ ਵਿਸ਼ੇ ਦੀਆਂ ਫ਼ਿਲਮਾਂ ਕਰਕੇ ਜਾਣਿਆ ਜਾਂਦਾ ਤਰਸੇਮ ਜੱਸੜ ਹੁਣ ‘ਅਫ਼ਸਰ’ ਫ਼ਿਲਮ ਰਾਹੀਂ ਇੱਕ ਖ਼ਾਸ ਰੁਤਬੇ ਵਾਲਾ ਅਫ਼ਸਰ ਬਣ ਕੇ ਆਇਆ ਹੈ। ਸਾਡੀਆਂ ਲੋਕ ਬੋਲੀਆਂ, ਗੀਤਾਂ ਵਿੱਚ ‘ ਪਟਵਾਰੀ’ ਦੇ ਰੁਤਬੇ ਨੂੰ ਬਹੁਤ ਸਲਾਹਿਆ ਗਿਆ ਹੈ। ਅੱਜ ਵੀ ਪਿੰਡਾਂ ਦੇ ਲੋਕ ਪਟਵਾਰੀ ਨੂੰ ਰੱਬ ਵਾਂਗੂੰ ਪੂਜਦੇ ਹਨ। ਇਹ ਫ਼ਿਲਮ ‘ਅਫ਼ਸਰ’ ਅੱਜ ਤੋਂ ਵੀਹ ਸਾਲ ਪੁਰਾਣੇ ਪੰਜਾਬ ਦੇ ਮਾਹੌਲ ਦੀ ਕਹਾਣੀ ਹੈ। ਫ਼ਿਲਮ ਦਾ ਨਾਇਕ ਜਸਪਾਲ ਸਿੰਘ (ਤਰਸੇਮ ਜੱਸੜ) ਇੱਕ ਜਿਮੀਂਦਾਰ ਪਰਿਵਾਰ ਦਾ ਮੁੰਡਾ ਹੇ ਜੋ ਪੜ੍ਹ ਲਿਖ ਕੇ ਕਾਨੂੰਗੋ ਲੱਗ ਜਾਂਦਾ ਹੈ ਪਰ ਪਿੰਡ ਦੇ ਲੋਕ ਉਸ ਤੋਂ ਵੱਡਾ ਅਫ਼ਸਰ ਪਟਵਾਰੀ ਨੂੰ ਹੀ ਮੰਨਦੇ ਹਨ। ਸਾਰੀ ਫ਼ਿਲਮ ਵਿੱਚ ਕਾਨੂੰਗੋ ਜਸਪਾਲ ਸਿੰਘ ਆਪਣੇ ਆਪ ਨੂੰ ਪਟਵਾਰੀ ਤੋਂ ਵੱਡਾ ਅਫ਼ਸਰ ਸਾਬਤ ਕਰਨ ‘ਚ ਲੱਗਾ ਰਹਿੰਦਾ ਹੈ। ਫ਼ਿਲਮ ਵਿੱਚ ਉਸਦਾ ਅਦਾਕਾਰਾ ਨਿਮਰਤ ਖਹਿਰਾ ਨਾਲ ਪਿਆਰ ਮੁਹੱਬਤ ਦਾ ਇੱਕ ਰੁਮਾਂਟਿਕ ਟਰੈਕ ਵੀ ਹੈ, ਜੋ ਇੱਕ ਸਕੂਲ ਅਧਿਆਪਕਾ ਹੈ। ਜਦ ਦੋਵਾਂ ਦੇ ਰਿਸ਼ਤੇ ਦੀ ਗੱਲ ਚੱਲਦੀ ਹੈ ਤਾਂ ਇੱਥੇ ਵੀ ਸਾਰੇ ਕਹਿੰਦੇ ਹਨ ਕਿ ਜੇ ਮੁੰਡਾ ਪਟਵਾਰੀ ਲੱਗਿਆ ਹੁੰਦਾ ਤਾਂ ਜਿਆਦਾ ਵਧੀਆ ਸੀ। ਫ਼ਿਲਮ ਦੀ ਇਹ ਸਥਿਤੀ ਕਾਮੇਡੀ ਦਾ ਮਾਹੌਲ ਵੀ ਸਿਰਜਦੀ ਹੈ। ਇੱਕ ਥਾਂ ਕਾਨੂੰਗੋ ਜਸਪਾਲ ਵਲੋਂ ਬੋਲਿਆਂ ਡਾਇਲਾਗ ‘ ਝੁੱਕ ਝੁੱਕ ਸਲਾਮਾਂ ਤਾਂ ਬੇਈਮਾਨੀ ਦੀ ਕਮਾਈ ਨੂੰ ਨੇ..ਇਮਾਨਦਾਰ ਬੰਦੇ ਦੀ ਤਾਂ ਹਰੇਕ ਇੱਜਤ ਕਰਦਾ’ ਇੱਕ ਵੱਡਾ ਮੈਸ਼ਜ ਹੈ। ਕਰਮਜੀਤ ਅਨਮੋਲ ਨੇ ਇੱਕ ਲਾਲਚੀ ਚੁਸਤ ਚਲਾਕ ਪਟਵਾਰੀ ਦਾ ਕਿਰਦਾਰ ਨਿਭਾਇਆ ਹੈ। ਗੁਰਪ੍ਰੀਤ ਘੁੱਗੀ ਇੱਕ ਸਕੂਲ ਅਧਿਆਪਕ ਹੈ ਜੋ ਆਪਣੀ ਸਟਾਫ਼ ਅਧਿਆਪਕਾ ਨਿਮਰਤ ਨਾਲ ਆਪਣੇ ਵਿਆਹ ਦੇ ਸੁਪਨੇ ਵੇਖਦਾ ਹੈ। ਰਾਣਾ ਜੰਗ ਬਹਾਦਰ ਦਾ ਕਿਰਦਾਰ ਬਹੁਤ ਹਟਕੇ ਹੈ। ਨਦਰ ਫ਼ਿਲਮਜ਼ ਅਤੇ ਵੇਹਲੀ ਜਨਤਾ ਫ਼ਿਲਮਜ਼ ਦੀ ਪੇਸ਼ਕਸ ਫ਼ਿਲਮ ‘ਅਫ਼ਸਰ’ ਦਾ ਨਿਰਮਾਣ ਨਿਰਮਾਤਾ ਅਮੀਕ ਵਿਰਕ ਅਤੇ ਮਨਪ੍ਰੀਤ ਜੌਹਲ ਨੇ ਕੀਤਾ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਗੁਲਸ਼ਨ ਸਿੰਘ ਹਨ । ਫਿਲ਼ਮ ਦੀ ਕਹਾਣੀ ਤੇ ਸਕਰੀਨ ਪਲੇਅ ਜਸ ਗਰੇਵਾਲ ਨੇ ਲਿਖਿਆ ਹੈ ਜਦਕਿ ਡਾਇਲਾਗ ਜਤਿੰਦਰ ਲੱਲ ਨੇ ਲਿਖੇ ਹਨ। 5 ਅਕਤੂਬਰ ਨੂੰ ਪਰਦਾਪੇਸ਼ ਹੋਣ ਵਾਲੀ ਇਸ ਫ਼ਿਲਮ ਵਿੱਚ ਤਰਸੇਮ ਜੱਸੜ, ਨਿਮਰਤ ਖਹਿਰਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਪੁਖਰਾਜ ਭੱਲਾ, ਹਰਦੀਪ ਗਿੱਲ, ਗੁਰਪ੍ਰੀਤ ਕੌਰ ਭੰਗੂ, ਮਲਕੀਤ ਰੌਣੀ, ਸੁਖਦੇਵ ਬਰਨਾਲਾ, ਰਾਣਾ ਜੰਗ ਬਹਾਦਰ, ਰਵਿੰਦਰ ਮੰਡ, ਪ੍ਰਕਾਸ ਗਾਧੂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ।
ਫ਼ਿਲਮ ਦਾ ਸੰਗੀਤ ਜੈ ਦੇਵ ਕੁਮਾਰ, ਪ੍ਰੀਤ ਹੁੰਦਲ ਤੇ ਆਰ ਗੁਰੂ ਨੇ ਤਿਆਰ ਕੀਤਾ ਹੈ।
ਤਰਸੇਮ ਜੱਸੜ ਦੀਆਂ ਪਹਿਲੀਆਂ ਫ਼ਿਲਮਾਂ ਨਾਲੋਂ ‘ਅਫ਼ਸਰ’ ਫ਼ਿਲਮ ਬਹੁਤ ਹਟਕੇ ਇੱਕ ਕਾਮੇਡੀ ਤੇ ਪਰਿਵਾਰਕ ਡਰਾਮਾ ਹੈ ਜਿਸ ਵਿੱਚ ਮਿਆਰੀ ਕਾਮੇਡੀ ਤੇ ਵਧੀਆਂ ਸੰਗੀਤ ਦਾ ਸੁਮੇਲ ਹੈ।