Skip to content
Independent perspectives. Global stories.
BREAKING

ਰੁੱਖਾਂ ਦੀ ਸੰਭਾਲ ਸਮੇਂ ਦੀ ਮੁੱਖ ਲੋੜ

Share this story

ਰੁੱਖ ਸਾਡੇ ਲਈ ਭੋਜਨ ਤੇ ਪਾਣੀ ਵਾਂਗ ਹੀ ਮਹੱਤਵਪੂਰਨ ਹਨ। ਰੁੱਖਾਂ ਬਿਨਾਂ ਸਾਡਾ ਜੀਵਨ ਬਹੁਤ ਹੀ ਮੁਸ਼ਕਿਲ ਬਣ ਜਾਵੇਗਾ ਜਾਂ ਅਸੀਂ ਇੰਝ ਕਹਿ ਸਕਦੇ ਹਾਂ ਕਿ ਰੁੱਖਾਂ ਬਿਨਾਂ ਸਾਡਾ ਜੀਵਨ ਇੱਕ ਦਿਨ ਖਤਮ ਹੋ ਜਾਵੇਗਾ ਕਿਉਂਕਿ ਸਾਨੂੰ ਤੰਦਰੁਸਤ ਤੇ ਸੁਖੀ ਜੀਵਨ ਦੇਣ ਵਿੱਚ ਇਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਸਾਡਾ ਜੀਵਨ ਜਿਉਣ ਦਾ ਸਹਾਰਾ ਹਨ। ਰੁੱਖ ਵਾਤਾਵਰਣ ਨੂੰ ਮਨੁੱਖੀ ਜੀਵਨ ਦੇ ਅਨੁਕੂਲ ਬਣਾਉਂਦੇ ਹਨ। ਇਹ ਮਨੁੱਖ ਨੂੰ ਆਕਸੀਜਨ ਦੇ ਕੇ ਕਾਰਬਨ ਡਾਈਆਕਸਾਈਡ ਗੈਸ ਆਪ ਲੈਂਦੇ ਹਨ। ਰੁੱਖ ਮਨੁੱਖ ਨੂੰ ਕੁਦਰਤ ਵੱਲੋਂ ਦਿੱਤਾ ਸਭ ਤੋਂ ਵੱਡਾ ਤੋਹਫਾ ਹਨ। ਇਸ ਲਈ ਸਾਨੂੰ ਰੁੱਖਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਇਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਰੁੱਖ ਧਰਤੀ ਦਾ ਸਿੰਗਾਰ ਹੁੰਦੇ ਹਨ, ਜਿਵੇਂ ਕੋਈ ਸੋਹਣੀ ਮੁਟਿਆਰ ਆਪਣੇ ਹੁਸਨ ਨੂੰ ਚਾਰ ਚੰਨ ਲਾਉਣ ਲਈ ਗਹਿਣਿਆਂ ਨਾਲ ਸਿੰਗਾਰ ਕਰਦੀ ਹੈ, ਉਸੇ ਤਰਾਂ ਧਰਤੀ ਤੇ ਠੰਢੀਆਂ ਛਾਵਾਂ ਦਿੰਦੇ, ਫਲਾਂ ਨਾਲ ਲੱਦੇ ਰੁੱਖ ਵੀ ਧਰਤੀ ਦਾ ਸਿੰਗਾਰ ਹਨ। ਰੁੱਖਾਂ ਦੀਆਂ ਠੰਢੀਆਂ ਛਾਵਾਂ ਅਤੇ ਪੰਛੀਆਂ ਦਾ ਚਹਿਚਹਾਉਣਾ ਮਨੁੱਖ ਦੇ ਦਿਲ ਨੂੰ ਸਕੂਨ ਦਿੰਦਾ ਹੈ।
ਅਫਸੋਸ ਅੱਜ ਦਾ ਮਨੁੱਖ ਲਾਲਚ ਵੱਸ ਜੋ ਧਰਤੀ ਤੋਂ ਰੁੱਖਾਂ ਨੂੰ ਖਤਮ ਕਰ ਰਿਹਾ ਹੈ। ਉਹ ਵਾਤਾਵਰਨ ਨੂੰ ਬਚਾਉਣ ਦਾ ਆਪ ਹੋਕਾ ਦਿੰਦਾ ਹੈ, ਪਰ ਵਾਤਾਵਰਨ ਨੂੰ ਬਚਾਉਣ ਵਾਲੇ ਰੁੱਖਾਂ ਨੂੰ ਕੱਟ ਰਿਹਾ ਹੈ। ਵਾਤਾਵਰਨ ਨੂੰ ਬਚਾਉਣ ਲਈ ਥਾਂ-ਥਾਂ ਰੈਲੀਆਂ ਸੈਮੀਨਰ ਕੀਤੇ ਜਾ ਰਹੇ ਹਨ, ਪਰ ਅਮਲ ਕੋਈ ਕਰ ਨਹੀਂ ਰਿਹਾ। ਸਮਾਜ ਸੇਵੀ ਸੰਸਥਾਵਾਂ ਇਸ ਮੁੱਦੇ ’ਤੇ ਗੰਭੀਰ ਹਨ। ਸਕੂਲਾਂ, ਕਾਲਜਾਂ ਵਿੱਚ ਵੀ ਇਸ ਵਿਸ਼ੇ ‘ਤੇ ਜਾਗਰੂਕਤਾ ਸੈਮੀਨਰ ਲਗਾਏ ਜਾ ਰਹੇ ਹਨ, ਪਰ ਫਿਰ ਵੀ ਲੱਖਾਂ ਦਰੱਖਤ ਪੁੱਟੇ ਜਾ ਰਹੇ ਹਨ।
ਉਨ੍ਹਾਂ ਦੀ ਜਗ੍ਹਾਂ ਕੋਈ ਨਵੇਂ ਦਰੱਖਤ ਨਹੀਂ ਲਗਾਏ ਜਾ ਰਹੇ, ਜੇਕਰ ਲਗਾਏ ਜਾਂਦੇ ਹਨ ਤਾਂ ਸਿਰਫ ਵਣ ਮਹਾਂਉਤਸਵ ਦੌਰਾਨ, ਜਿੰਨ੍ਹਾਂ ਦੀ ਬਾਅਦ ਵਿੱਚ ਸੰਭਾਲ ਨਹੀਂ ਕੀਤੀ ਜਾਂਦੀ।
ਇਹ ਸਭ ਵਾਪਰਨ ਦਾ ਕਾਰਨ ਅੱਜ ਦੇ ਮਨੁੱਖ ਦਾ ਪਦਾਰਥਵਾਦੀ ਹੋਣਾ ਤੇ ਪੈਸੇ ਦੀ ਦੌੜ ਵਿੱਚ ਹੋਣ ਨਾਲ ਮਨੁੱਖ ਦੇ ਜੀਵਨ ਵਿੱਚ ਨੈਤਿਕਤਾ ਦਾ ਖਤਮ ਹੋ ਜਾਣਾ ਹੈ। ਇੰਝ ਜਾਪਦਾ ਜਿਵੇਂ ਮਨੁੱਖ ਇੱਕ ਰੁੱਖ ਸੌ ਸੁੱਖ ਦਾ ਸੰਦੇਸ਼ ਦਿੰਦਾ ਹੋਇਆ ਖੁਦ ਉਸ ਤੋਂ ਅਨਜਾਣ ਹੋ ਗਿਆ ਹੋਵੇ ਅਤੇ ਜਿਸ ਟਾਹਣੇ ਤੇ ਬੈਠਾ ਹੈ, ਉਸੇ ਟਾਹਣੇ ਨੂੰ ਕੱਟ ਰਿਹਾ ਹੈ। ਮਨੁੱਖ ਖੁਦ ਆਪਣੇ ਜੀਵਨ ਵਿੱਚ ਜ਼ਹਿਰ ਘੋਲ ਰਿਹਾ ਹੈ।
ਸੜਕਾਂ, ਮਕਾਨਾਂ, ਉਦਯੋਗਿਕ ਕੇਂਦਰਾਂ ਦੀ ਉਸਾਰੀ ਲਈ ਬਿਨਾਂ ਕਿਸੇ ਨੀਤੀ ਅਤੇ ਯੋਜਨਾ ਦੇ ਰੁੱਖ ਪੁੱਟੇ ਜਾ ਰਹੇ ਹਨ। ਵਿਕਾਸ ਦੇ ਨਾਂ ’ਤੇ ਵਿਨਾਸ਼ ਹੋ ਰਿਹਾ ਹੈ। ਹੁਣ ਪੰਜਾਬ ਦੀਆਂ ਸੜਕਾਂ ਨੂੰ ਚਾਰ ਮਾਰਗੀ ਬਣਾਉਣ ਲਈ 100 ਸਾਲ ਪੁਰਾਣੇ ਦਰੱਖਤ ਪੁੱਟੇ ਗਏ ਹਨ। ਬੇਸ਼ੱਕ ਸੜਕਾਂ, ਉਦਯੋਗ ਸਮੇਂ ਦੀ ਮੰਗ ਤੇ ਵਿਕਾਸ ਲਈ ਜਰੂਰੀ ਹਨ, ਪਰ ਵਿਕਾਸ ਕਿਸੇ ਯੋਜਨਾਂ ਅਨੁਸਾਰ ਹੋਣਾ ਚਾਹੀਦਾ ਹੈ ਜੋ ਰੁੱਖ ਪੁੱਟੇ ਜਾਂਦੇ ਹਨ ਉਸ ਤੋਂ ਵੱਧ ਗਿਣਤੀ ਵਿੱਚ ਲੱਗਣੇ ਚਾਹੀਦੇ ਹਨ ਤੇ ਉਨਾਂ ਦੀ ਸੰਭਾਲ ਵੀ ਹੋਣੀ ਚਾਹੀਦੀ ਹੈ।
ਲੋੜ ਹੈ ਕਿ ਹਰ ਮਨੁੱਖ ਇਨ੍ਹਾਂ ਦੀ ਸੰਭਾਲ ਲਈ ਯਤਨ ਕਰੇ ਤੇ ਦੂਸਰੇ ਲੋਕਾਂ ਨੂੰ ਸੰਭਾਲ ਲਈ ਪ੍ਰੇਰਿਤ ਕਰੇ। ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਦਰੱਖਤਾਂ ਦੀ ਮਹੱਤਤਾ ਤੇ ਸੰਭਾਲ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ। ਵੱਖ-ਵੱਖ ਦਿਨ, ਤਿਉਹਾਰ ‘ਤੇ ਵੱਧ ਤੋਂ ਵੱਧ ਰੁੱਖ ਲਗਾ ਕੇ ਮਨਾਉਣੇ ਚਾਹੀਦੇ ਹਨ ਅਤੇ ਇਨ੍ਹਾਂ ਦੀ ਸੰਭਾਲ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਧਰਤੀ ਤੇ ਮਨੁੱਖ ਨੂੰ ਸਭ ਤੋਂ ਬੁੱਧੀਜੀਵੀਂ ਪ੍ਰਾਣੀ ਸਮਝਿਆ ਜਾਂਦਾ ਹੈ। ਇਸ ਲਈ ਮਨੁੱਖ ਦਾ ਫਰਜ਼ ਹੈ ਕਿ ਉਹ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਵਾਤਾਵਰਨ ਤੇ ਧਰਤੀ ਨੂੰ ਬਚਾਉਣ ਲਈ ਕੋਸ਼ਿਸ ਕਰੇ।

WRITTEN BY