June 23, 2026 3:18 am

ਮਿਆਦ ਪੁਗਾ ਚੁੱਕੀ ਐਸ.ਜੀ.ਪੀ.ਸੀ. ਨੂੰ ਇਤਿਹਾਸਿਕ ਕੌਮੀ ਇਮਾਰਤਾਂ ਨੂੰ ਢਾਹੁਣ ਦਾ ਕੋਈ ਹੱਕ ਨਹੀਂ

ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ

ਫ਼ਤਹਿਗੜ੍ਹ ਸਾਹਿਬ- ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਦੇ ਕੌਮੀ ਇਤਿਹਾਸ ਨਾਲ ਸੰਬੰਧਤ ਮਹਾਰਾਜਾ ਰਣਜੀਤ ਸਿੰਘ ਸਮੇਂ ਬਣਾਈ ਗਈ ਦਰਸ਼ਨੀ ਡਿਊੜੀ ਦੀ ਯਾਦਗਰੀ ਇਮਾਰਤ ਨੂੰ ਢਾਹ ਦੇਣ ਦੇ ਜੋ ਐਸ.ਜੀ.ਪੀ.ਸੀ. ਦੀ ਅਗਜੈਕਟਿਵ ਵਲੋਂ ਮਤਾ ਪਾਸ ਕੀਤਾ ਗਿਆ ਹੈ ਅਤੇ ਉਸ ਨੂੰ ਖ਼ਤਮ ਕਰਨ ਦੀ ਕੌਮੀ ਵਿਰੋਧੀ ਅਮਲ ਹੋ ਰਹੇ ਹਨ, ਇਹ ਕਾਰਵਾਈ ਕੌਮੀ ਮਹਾਨ ਯਾਦਗਰਾਂ ਨੂੰ ਸਾਂਭਣ ਦੀ ਬਜਾਇ ਉਨ੍ਹਾਂ ਨੂੰ ਖ਼ਤਮ ਕਰਨ ਦੇ ਅਸਹਿ ਅਮਲ ਹੋ ਰਹੇ ਹਨ । ਜਦੋਂਕਿ ਅਜਿਹੀਆ ਇਤਿਹਾਸਿਕ ਇਮਾਰਤਾਂ ਨੂੰ ਜਿਨ੍ਹਾਂ ਨੂੰ ਬਣਿਆ ਸਦੀਆਂ ਹੋ ਗਈਆ ਹਨ, ਉਨ੍ਹਾਂ ਨੂੰ ਕੰਸਟ੍ਰਕਸ਼ਨ ਇੰਜਨੀਅਰ, ਉਸ ਨੂੰ ਉਸੇ ਰੂਪ ਵਿਚ ਬਹਾਲ ਕਰਨ ਵਾਲੇ ਆਰਚੀਟੈਕਚਰਾਂ ਦੀ ਮਦਦ ਲੈਕੇ ਇਨ੍ਹਾਂ ਯਾਦਗਰਾਂ ਨੂੰ ਸਾਂਭਣਾ ਬਣਦਾ ਹੈ, ਨਾ ਕਿ ਮੁਤਸਵੀ ਹਿੰਦੂਤਵ ਹੁਕਮਰਾਨਾਂ ਦੀਆਂ ਸਿਖ ਵਿਰੋਧੀ ਭਾਵਨਾਵਾਂ ਉਤੇ ਅਮਲ ਕਰਕੇ ਅਜਿਹੀਆ ਯਾਦਗਰਾਂ ਨੂੰ ਖ਼ਤਮ ਕਰਨ ਦੀ ਕੌਮੀ ਵਿਰੋਧੀ ਕਾਰਵਾਈ ਹੋਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਦਰਬਾਰ ਸਾਹਿਬ, ਤਰਨਤਾਰਨ ਵਿਖੇ ਸਥਿਤ 200 ਸਾਲ ਪੁਰਾਣੀ ਦਰਸ਼ਨੀ ਡਿਊੜੀ ਦੀ ਇਮਾਰਤ ਨੂੰ ਐਸ.ਜੀ.ਪੀ.ਸੀ. ਵਲੋਂ ਢਾਹ ਦੇਣ ਦੀਆਂ ਹੋ ਰਹੀਆ ਅਸਫ਼ਲ ਕੋਸ਼ਿਸ਼ਾਂ ਦੀ ਜੋਰਦਾਰ ਨਿੰਦਾ ਕਰਦੇ ਹੋਏ ਅਤੇ ਸਿਖ ਕੌਮ ਨੂੰ ਅਜਿਹੀਆ ਕਾਰਵਾਈਆ ਵਿਰੁਧ ਦ੍ਰਿੜਤਾ ਨਾਲ ਸਟੈਂਡ ਲੈਣ ਅਤੇ ਆਪਣੀਆ ਯਾਦਗਰਾਂ ਦੀ ਰਖਿਆ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪਹਿਲੇ ਐਸ.ਜੀ.ਪੀ.ਸੀ. ਨੇ ਬੇਬੇ ਨਾਨਕੀ ਦੇ ਘਰ ਨੂੰ ਮੁਰੰਮਤ ਕਰਨ ਦਾ ਬਹਾਨਾ ਬਣਾਕੇ ਉਹ ਮਹਾਨ ਯਾਦਗਰ ਖ਼ਤਮ ਕਰਨ ਦੀ ਬਜਰ ਗੁਸਤਾਖੀ ਕੀਤੀ ਹੈ । ਉਸੇ ਤਰ੍ਹਾਂ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਨੂੰ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਉਸ ਸਮੇਂ ਦੇ ਹੁਕਮਰਾਨਾਂ ਨੇ ਜਿਸ ਬਹੁਲੀ ਸਾਹਿਬ ਵਿਚ ਕੈਦ ਰਖਿਆ ਸੀ, ਉਹ ਵੀ ਅਜ ਐਸ.ਜੀ.ਪੀ.ਸੀ. ਨੇ ਬਹੁਲੀ ਸਾਹਿਬ ਨੂੰ ਪੂਰਕੇ ਵਡੀ ਯਾਦਗਰ ਖ਼ਤਮ ਕਰ ਦਿਤੀ ਹੈ । ਇਸੇ ਤਰ੍ਹਾਂ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਮਰਹੂਮ ਇੰਦਰਾ ਗਾਂਧੀ, ਉਸਦੀਆਂ ਫ਼ੌਜਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਜਿਵੇਂ ਖੰਡਰਾਤ ਬਣਾਇਆ ਅਤੇ ਸ੍ਰੀ ਦਰਬਾਰ ਸਾਹਿਬ ਵਿਖੇ ਗੋਲੀਆਂ ਅਤੇ ਤੋਪਾਂ ਦੇ ਜੋ ਨਿਸ਼ਾਨ ਸਨ, ਉਹ ਸਭ ਹਿੰਦੂਤਵ ਹੁਕਮਰਾਨਾਂ ਦੇ ਇਸਾਰੇ ਤੇ ਖ਼ਤਮ ਕਰਕੇ ਬਲਿਊ ਸਟਾਰ ਦੇ ਫ਼ੌਜੀ ਹਮਲੇ ਨੂੰ ਪ੍ਰਤਖ ਕਰਨ ਵਾਲੇ ਸਬੂਤਾਂ ਨੂੰ ਸਦਾ ਲਈ ਖ਼ਤਮ ਕਰ ਦਿਤਾ। ਜਦੋਂਕਿ ਇਹ ਉਸੇ ਰੂਪ ਵਿਚ ਉਚ ਕੋਟੀ ਦੇ ਇੰਜਨੀਅਰ ਅਤੇ ਆਰਚੀਟੈਕਚਰਾਂ ਰਾਹੀ ਉਹ ਨਿਸ਼ਾਨ ਸੁਰਖਿਅਤ ਕਰਨ ਅਤਿ ਜ਼ਰੂਰੀ ਸਨ ਤਾਂ ਕਿ ਆਉਣ ਵਾਲੀ ਸਿਖ ਕੌਮ ਦੀ ਨਸ਼ਲ ਨੂੰ ਹਿੰਦੂਤਵ ਜ਼ਾਲਮ ਹੁਕਮਰਾਨਾਂ ਵਲੋਂ ਕੀਤੇ ਗਏ ਜ਼ਬਰ ਦੀ ਤਸਵੀਰ ਪ੍ਰਤਖ ਰੂਪ ਵਿਚ ਦਿਖਾਈ ਦਿੰਦੀ ਰਹਿੰਦੀ । ਅਜਿਹੇ ਸਭ ਅਮਲ ਅਤਿ ਅਫ਼ਸੋਸਨਾਕ ਅਤੇ ਨਿੰਦਣਯੋਗ ਹਨ । ਸਿਖ ਕੌਮ ਨੂੰ ਐਸ.ਜੀ.ਪੀ.ਸੀ. ਦੇ ਅਧਿਕਾਰੀਆਂ ਨੂੰ ਅਜਿਹੀਆ ਕੌਮ ਵਿਰੋਧੀ ਕਾਰਵਾਈਆ ਕਰਨ ਦੀ ਇਜ਼ਾਜਤ ਬਿਲਕੁਲ ਨਹੀਂ ਦੇਣੀ ਚਾਹੀਦੀ ।
ਸ. ਮਾਨ ਨੇ ਕਿਹਾ ਕਿ ਸ. ਬਾਦਲ ਦੀ ਰੈਲੀ ਵਿਚ ਇਕ ਸਿਖ ਨੌਜ਼ਵਾਨ ਨੂੰ ਗ੍ਰਿਫ਼ਤਾਰ ਕਰਕੇ ਇਹ ਰੌਲਾ ਪਾਉਣਾ ਕਿ ਸਾਨੂੰ ਮਾਰ ਦੇਣ ਦੀ ਯੋਜਨਾ ਹੈ, ਕੇਵਲ ਸਿਖ ਕੌਮ ਵਿਚ ਆਪਣੀ ਮਨਫ਼ੀ ਹੁੰਦੀ ਜਾ ਰਹੀ ਸਾਖ ਅਤੇ ਖ਼ਤਮ ਹੋ ਚੁਕੇ ਸਤਿਕਾਰ ਲਈ ਹਮਦਰਦੀ ਪੈਦਾ ਕਰਨ ਦਾ ਇਕ ਢੌਗ ਹੈ । ਜੇਕਰ ਦੋਵਾਂ ਬਾਦਲਾਂ ਵਿਚ ਕੌਮੀ ਸੋਚ ਅਤੇ ਮਸਲਿਆ ਲਈ ਆਪਣੀ ਕੁਰਬਾਨੀ ਦੇਣ ਦਾ ਮਾਦਾ ਹੁੰਦਾ ਤਾਂ 1984 ਵਿਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਤਈ ਨਹੀਂ ਸੀ ਹੋ ਸਕਦਾ ਅਤੇ ਨਾ ਹੀ ਹਜ਼ਾਰਾਂ ਦੀ ਗਿਣਤੀ ਵਿਚ ਸਿਖ ਨੌਜ਼ਵਾਨੀ ਦਾ ਕਤਲੇਆਮ ਹੁੰਦਾ ਅਤੇ ਨਾ ਹੀ ਸੰਤ ਭਿੰਡਰਾਂਵਾਲੇ ਤੇ ਹੋਰ ਮਹਾਨ ਸਿਖ ਸ਼ਹੀਦ ਹੁੰਦੇ । ਉਨ੍ਹਾਂ ਕਿਹਾ ਕਿ ਅਜ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਸੰਬੰਧੀ, ਬਲਾਤਕਾਰੀ ਤੇ ਕਾਤਲ ਸਿਰਸੇ ਵਾਲੇ ਸਾਧ ਨਾਲ ਇਨ੍ਹਾਂ ਬਾਦਲ ਪਰਿਵਾਰ ਦੀ ਡੂੰਘੀ ਸਾਂਝ ਅਤੇ ਸਿਖ ਕੌਮ ਵਿਰੋਧੀ ਸਾਜ਼ਿਸਾਂ ਦਾ ਸਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਰਾਹੀ ਸਮੁਚੇ ਪੰਜਾਬੀਆਂ ਤੇ ਸਿਖ ਕੌਮ ਸਾਹਮਣੇ ਆ ਚੁਕਾ ਹੈ ਅਤੇ ਇਹ ਬਾਦਲ ਪਰਿਵਾਰ ਸਿਖ ਕੌਮ ਦੀ ਨਜ਼ਰ ਵਿਚ ਸਿਖੀ ਭੇਂਖ ਵਿਚ ਸਿਖ ਵਿਰੋਧੀ ਸਾਬਤ ਹੋ ਚੁਕਾ ਹੈ ਅਤੇ ਸਿਖ ਕੌਮ ਇਨ੍ਹਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਦਾਖਲ ਹੀ ਨਹੀਂ ਹੋਣ ਦਿੰਦੀ ਅਤੇ ਕਿਸੇ ਵੀ ਸਥਾਂਨ ਤੇ ਸਮਾਜਿਕ ਪ੍ਰੋਗਰਾਮਾਂ ਇਹ ਸਮੂਲੀਅਤ ਨਹੀਂ ਕਰ ਸਕਦੇ ਤਾਂ ਇਹ ਆਪਣੇ ਵਲੋਂ ਬੁਣੇ ਸਿਆਸੀ ਜਾਲ ਵਿਚ ਫਸਕੇ ਰਹਿ ਗਏ ਹਨ ਤਾਂ ਹੁਣ ਸਿਖ ਕੌਮ ਦੀ ਹਮਦਰਦੀ ਪ੍ਰਾਪਤ ਕਰਨ ਲਈ ਅਜਿਹੀਆ ਸਾਜ਼ਿਸਾਂ ਤੇ ਕੰਮ ਕਰ ਰਹੇ ਹਨ ਜਿਸ ਨਾਲ ਜਾਂ ਤਾਂ ਸਿਖ ਕੌਮ ਵਿਚ ਇਨ੍ਹਾਂ ਪ੍ਰਤੀ ਹਮਦਰਦੀ ਪੈਦਾ ਹੋ ਜਾਵੇ ਜਾਂ ਫਿਰ ਸਿਖਾਂ ਨੂੰ ਆਪਸ ਵਿਚ ਲੜਾਕੇ ਫਿਰ ਤੋਂ ਇਹ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰ ਸਕਣ । ਇਸ ਲਈ ਸਿਖ ਕੌਮ ਨੂੰ ਇਨ੍ਹਾਂ ਤੇ ਇਨ੍ਹਾਂ ਹਿੰਦੂਤਵ ਸਿਖ ਵਿਰੋਧੀ ਆਕਾਵਾਂ ਵਲੋਂ ਰਚੀਆ ਜਾ ਰਹੀਆ ਸਾਜ਼ਿਸਾ ਪ੍ਰਤੀ ਜਿਥੇ ਸੁਚੇਤ ਰਹਿਣਾ ਪਵੇਗਾ, ਉਥੇ ਇਨ੍ਹਾਂ ਵਲੋਂ ਫਿਰ ਤੋਂ ਆਪਣੇ-ਆਪ ਨੂੰ ਪੰਥਕ ਕਹਾਉਣ ਦੀਆਂ ਕੀਤੀਆ ਜਾ ਰਹੀਆ ਕਾਰਵਾਈਆ ਤੋਂ ਨਿਰਲੇਪ ਰਹਿਕੇ ਐਸ.ਜੀ.ਪੀ.ਸੀ. ਦੀ ਮਹਾਨ ਸੰਸਥਾਂ ਉਤੇ ਗਲਤ ਢੰਗਾਂ ਨਾਲ ਕੀਤੇ ਗਏ ਧਾਰਮਿਕ ਕਬਜੇ ਅਤੇ 2 ਸਾਲਾ ਤੋਂ ਮਿਆਦ ਪੁਗਾ ਚੁਕੇ ਐਸ.ਜੀ.ਪੀ.ਸੀ. ਦੇ ਮੈਬਰਾਂ ਨੂੰ ਜਮਹੂਰੀਅਤ ਅਤੇ ਅਮਨਮਈ ਤਰੀਕੇ ਆਪਣੇ ਵੋਟ ਹਕ ਰਾਹੀ ਖ਼ਤਮ ਕਰਨਾ ਪਵੇਗਾ।
– ਪੰਜਾਬ ਟਾਇਮਜ਼ ਬਿਊਰੋ

 

Send this to a friend