June 21, 2026 5:32 pm

ਪੰਜਾਬ ਟਾਇਮਜ਼ ਦਾ ਮਾਣਮੱਤਾ ਸਫ਼ਰ

ਪੰਜਾਬੀ ਦੇ ਬਹੁਤ ਹੀ ਹਰਮਨ ਪਿਆਰੇ, ਨਿਰਮਲ ਅਤੇ ਨਿਵੇਕਲੇ ਰੋਜ਼ਾਨਾ ਅਖ਼ਬਾਰ ‘ਪੰਜਾਬ ਟਾਇਮਜ਼’ ਨੇ ਆਪਣੇ ਸਫਰ ਦੇ ਸ਼ਾਨਦਾਰ ਅਤੇ ਮਾਣਮੱਤੇ 6 ਸਾਲ ਪੂਰੇ ਕਰ ਲਏ ਹਨ। ਸੰਸਾਰ ਵਿੱਚ ਪੰਜਾਬੀ ਦੇ ਪਹਿਲੇ ਦਸ ਰੋਜ਼ਾਨਾ ਅਖ਼ਬਾਰਾਂ ਵਿੱਚ ਸ਼ਾਮਿਲ ‘ਪੰਜਾਬ ਟਾਇਮਜ਼’ ਹੁਣ 7ਵੇਂ ਸਾਲ ਵਿੱਚ ਦਾਖਲ ਹੋ ਗਿਆ ਹੈ। ਇਹ ਸਫਰ ਭਾਵੇਂ ਔਖਾ ਸੀ, ਪ੍ਰੰਤੂ ਸਰਪ੍ਰਸਤਾਂ, ਸਹਿਯੋਗੀਆਂ, ਦੋਸਤਾਂ, ਮਿੱਤਰਾਂ, ਸ਼ੁਭਚਿੰਤਕਾਂ, ਪੱਤਰਕਾਰਾਂ, ਇਸ਼ਤਿਹਾਰ ਦਾਤਿਆਂ ਅਤੇ ਪੰਜਾਬੀ ਪਿਆਰਿਆਂ ਦੀ ਸਰਪ੍ਰਸਤੀ ਅਤੇ ਸਹਿਯੋਗ ਨਾਲ 6 ਕਠਿਨ ਸਾਲ ਆਸਾਨੀ ਨਾਲ ਗੁਜ਼ਰ ਗਏ। ਵੱਡੀ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ‘ਪੰਜਾਬ ਟਾਇਮਜ਼’ ਨੇ ਪੱਤਰਕਾਰੀ ਦੇ ਸੁਨਹਿਰੀ ਅਸੂਲਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ। ਪਾਠਕਾਂ ਅਤੇ ਸ਼ੁਭਚਿੰਤਕਾਂ ਦੀ ਹੀ ਤਾਕਤ ਹੈ ਕਿ ‘ਪੰਜਾਬ ਟਾਇਮਜ਼’ ਲਗਾਤਾਰ ਪੱਕੇ ਪੈਰੀਂ ਨਿਰਮਲ ਪੱਤਰਕਾਰੀ ਦੇ ਰਾਹ ਉਪਰ ਚੱਲ ਰਿਹਾ ਹੈ। ਪਿਛਲੇ 6 ਸਾਲਾਂ ਦੌਰਾਨ ‘ਪੰਜਾਬ ਟਾਇਮਜ਼’ ਦੀ ਚਾਦਰ ਉਪਰ ਕੋਈ ਦਾਗ ਨਹੀਂ ਲੱਗਾ। ਹੁਣ ਸੂਚਨਾਵਾਂ ਦੇ ਅਦਾਨ-ਪ੍ਰਦਾਨ ਅਤੇ ਵਿਚਾਰਾਂ ਦੇ ਪ੍ਰਗਟਾਵੇ ਲਈ ‘ਪੰਜਾਬ ਟਾਇਮਜ਼’ ਸਮੂਹ ਪੰਜਾਬੀਆਂ ਦੀ ਪਹਿਲੀ ਪਸੰਦ ਬਣ ਗਿਆ ਹੈ। ਪੱਤਰਕਾਰੀ ਦੇ ਬੁਨਿਆਦੀ ਅਸੂਲਾਂ ਮੁਤਾਬਿਕ ‘ਪੰਜਾਬ ਟਾਇਮਜ਼’ ਵਿੱਚ ਸਭ ਨੂੰ ਮਾਣ ਸਤਿਕਾਰ ਅਤੇ ਜਗ੍ਹਾ ਦਿੱਤੀ ਜਾਂਦੀ ਹੈ। ਇਸ ਕਾਰਨ ਹੀ ‘ਪੰਜਾਬ ਟਾਇਮਜ਼’ ਨੇ ਪੰਜਾਬੀ ਪਾਠਕਾਂ ਦੇ ਮਨ ਵਿੱਚ ਆਪਣਾ ਅਹਿਮ ਅਤੇ ਵੱਖਰਾ ਮੁਕਾਮ ਬਣਾ ਲਿਆ ਹੈ। ‘ਪੰਜਾਬ ਟਾਇਮਜ਼’ ਪੱਤਰਕਾਰੀ ਦੇ ਮੂਲ ਸਿਧਾਂਤਾਂ ਅਤੇ ਨੈਤਿਕਤਾ ’ਤੇ ਪੂਰੇ ਸਿਰੜ ਤੁਰਨ ਲਈ ਦ੍ਰਿੜ ਸੰਕਲਪ ਹੈ। ‘ਪੰਜਾਬ ਟਾਇਮਜ਼’ ਨੇ ਭਾਸ਼ਾ ਦੀ ਸ਼ੁੱਧਤਾ ਅਤੇ ਨਵੀਨਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ। ‘ਪੰਜਾਬ ਟਾਇਮਜ਼’ ਵਿੱਚ ਛੱਪ ਰਹੀਆਂ ਲਿਖਤਾਂ ਦੀ ਮੌਲਿਕਤਾ ਇਕ ਮਿਸਾਲ ਬਣ ਗਈ ਹੈ। ਤੁਹਾਡੀਆਂ ਅਰਦਾਸਾਂ ਦੀ ਬਦੌਲਤ ਹੀ ‘ਪੰਜਾਬ ਟਾਇਮਜ਼’ ਨੇ ਸੌੜੇ ਵਪਾਰਕ ਹਿੱਤਾਂ ਲਈ ਕਦੇ ਵੀ ਕੋਈ ਸਮਝੌਤਾ ਨਹੀਂ ਕੀਤਾ। ਕਦੀ ਕੋਈ ਅਜਿਹੀ ਸਮੱਗਰੀ ਜਾਂ ਇਸ਼ਤਿਹਾਰ ਨਹੀਂ ਛਾਪਿਆ, ਜੋ ਨੀਵੇਂ ਦਰਜੇ ਦਾ, ਧਰਮ ਅਤੇ ਸਮਾਜ ਵਿਰੋਧੀ ਹੋਵੇ। ਵਪਾਰ ਦੇ ਇਸ ਯੁੱਗ ਵਿੱਚ ਇਹ ਸੌਖਾ ਕਾਰਜ ਨਹੀਂ ਹੈ। ਦੁਨੀਆਂ ਗਲਤ ਰਾਹਾਂ ’ਤੇ ਚੱਲ ਕੇ ਪੈਸੇ ਕਮਾਉਣ ਲੱਗੀ ਹੋਈ ਹੈ ਪਰ ‘ਪੰਜਾਬ ਟਾਇਮਜ਼’ ਇਸ ਸਭ ਤੋਂ ਉਪਰ ਨਿਰਪੱਖ ਅਤੇ ਨਿਰਮਲ ਪੱਤਰਕਾਰੀ ਦੇ ਨਾਲ ਖੜ੍ਹਾ ਹੈ। ‘ਪੰਜਾਬ ਟਾਇਮਜ਼’ ਪੰਜਾਬੀ ਦਾ ਇਕਲੌਤਾ ਅਖਬਾਰ ਹੈ ਜਿਸ ਉਪਰ ਕਿਸੇ ਪਾਰਟੀ, ਧੜੇ, ਵਰਗ ਜਾਂ ਧਰਮ ਦਾ ਠੱਪਾ ਨਹੀਂ ਲੱਗਾ। ਇਹ ਮੁਕਾਮ ਹਾਸਿਲ ਕਰਨ ਲਈ ‘ਪੰਜਾਬ ਟਾਇਮਜ਼’ ਨੇ ਪਿਛਲੇ ਸਮੇਂ ਵਿੱਚ ਬੜੀਆਂ ਕੁਰਬਾਨੀਆਂ ਕੀਤੀਆਂ ਹਨ। ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਹਿੱਤਾਂ ਲਈ ਲਗਾਤਾਰ ਪੂਰੀ ਸ਼ਕਤੀ ਨਾਲ ਆਪਣੀ ਆਵਾਜ਼ ਬੁਲੰਦ ਕੀਤੀ ਹੈ। ‘ਪੰਜਾਬ ਟਾਇਮਜ਼’ ਦੀ ਹਮੇਸ਼ਾ ਇਸ ਇੱਛਾ ਰਹੀ ਹੈ ਕਿ ਅਖ਼ਬਾਰ ਵਿੱਚ ਕੋਈ ਵੀ ਅਜਿਹੀ ਖ਼ਬਰ, ਰਿਪੋਰਟ, ਲੇਖ ਜਾਂ ਇਸ਼ਤਿਹਾਰ ਆਦਿ ਨਾ ਛਾਪਿਆ ਜਾਵੇ ਜਿਸ ਨਾਲ ਸਮਾਜ ਵਿੱਚ ਨਫ਼ਰਤ ਜਾਂ ਵੰਡੀਆਂ ਪੈਦਾ ਹੁੰਦੀਆਂ ਹੋਣ। ‘ਪੰਜਾਬ ਟਾਇਮਜ਼’ ਕਦੇ ਵੀ ਪੈਸੇ ਦੀ ਅਨ੍ਹੀ ਦੌੜ ਵਿੱਚ ਨਹੀਂ ਪਿਆ। ਅਸੀਂ ਵੱਡੀਆਂ ਆਰਥਿਕ ਮੁਸ਼ਕਿਲਾਂ ਦੇ ਬਾਵਜੂਦ ਕਦੇ ਅਖਬਾਰ ਦੇ ਪੰਨਿਆਂ ’ਤੇ ਆਰਥਿਕ ਮਦਦ ਦੀ ਅਪੀਲ ਨਹੀਂ ਛਾਪੀ, ਨਾ ਹੀ ਕਦੀ ਭਵਿੱਖ ਵਿੱਚ ਅਜਿਹਾ ਕੀਤਾ ਜਾਵੇਗਾ। ‘ਪੰਜਾਬ ਟਾਇਮਜ਼’ ਪੀਲੀ ਅਤੇ ਬਲੈਕ ਮੈਲਿੰਗ ਵਾਲੀ ਪੱਤਰਕਾਰੀ ਵਿੱਚ ਵਿਸ਼ਵਾਸ ਨਹੀਂ ਰੱਖਦਾ। ਅਸੀਂ ਹਮੇਸ਼ਾ ਨਰੋਈ ਅਤੇ ਉਸਾਰੂ ਪੱਤਰਕਾਰੀ ਨੂੰ ਹੀ ਤਰਜ਼ੀਹ ਦਿੱਤੀ ਹੈ ਅਤੇ ਦੇਵਾਂਗੇ। ‘ਪੰਜਾਬ ਟਾਇਮਜ਼’ ਪੇਸ਼ੇਵਾਰਾਨਾ ਤਰੀਕੇ ਨਾਲ ਹੀ ਅੱਗੇ ਵਧਣਾ ਚਾਹੁੰਦਾ ਹੈ। ਸੰਸਾਰ ਭਰ ਵਿੱਚ ਪੰਜਾਬ ਅਤੇ ਪੰਜਾਬੀਆਂ ਦੀ ਹਰ ਤਰ੍ਹਾਂ ਭਲਾਈ, ਤਰੱਕੀ ਅਤੇ ਖੁਸ਼ਹਾਲੀ ‘ਪੰਜਾਬ ਟਾਇਮਜ਼’ ਦੀ ਪਹਿਲੀ ਅਤੇ ਆਖਰੀ ਇੱਛਾ ਹੈ। ‘ਪੰਜਾਬ ਟਾਇਮਜ਼’ ਪੰਜਾਬੀ ਪੱਤਰਕਾਰੀ ਦੇ ਮਿਆਰ ਨੂੰ ਉਚਾ ਚੁੱਕਣ ਅਤੇ ਭਾਸ਼ਾ ਦੇ ਵਿਕਾਸ ਵਿੱਚ ਲੋੜੀਂਦਾ ਯੋਗਦਾਨ ਪਾਉਣਾ ਇਸੇ ਤਰ੍ਹਾਂ ਜਾਰੀ ਰੱਖੇਗਾ। ਛੇਤੀ ਹੀ ‘ਪੰਜਾਬ ਟਾਇਮਜ਼’ ਦਾ ਹੋਰ ਵਿਸਥਾਰ ਕਰਨ ਦੀ ਯੋਜਨਾ ਹੈ। ਆਪ ਸਭ ਦੇ ਸਹਿਯੋਗ ਨਾਲ ਇਸ ਦੀ ਦਿਖ ਅਤੇ ਮਿਆਰ ਵਿੱਚ ਵੱਡਾ ਸੁਧਾਰ ਕੀਤਾ ਜਾਵੇਗਾ। ਅਸੀਂ ਸਾਰੇ ਸ਼ੁਭ-ਚਿੰਤਕਾਂ, ਪਾਠਕਾਂ, ਹਾਕਰਾਂ, ਏਜੰਟਾਂ, ਪੱਤਰਕਾਰਾਂ, ਇਸ਼ਿਤਿਹਾਰ ਦਾਤਿਆਂ, ਕਾਮਿਆਂ, ਸਰਪ੍ਰਸਤਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੀ ਸੇਵਾ-ਭਾਵਨਾ ਕਾਰਨ ਹੀ ‘ਪੰਜਾਬ ਟਾਇਮਜ਼’ ਸ਼ਾਨ ਨਾਲ ਸੇਵਾ ਕਰ ਰਿਹਾ ਹੈ। ‘ਪੰਜਾਬ ਟਾਇਮਜ਼’ ਦੀ ਮਜ਼ਬੂਤੀ ਲਈ ਅਸੀਂ ਸਾਰੇ ਸਹਿਯੋਗੀਆਂ ਅਤੇ ਸ਼ੁਭ ਚਿੰਤਕਾਂ ਤੋਂ ਲਗਾਤਾਰ ਇਸੇ ਤਰ੍ਹਾਂ ਸਰਪ੍ਰਸਤੀ ਦੀ ਉਮੀਦ ਰੱਖਦੇ ਹਾਂ। 7ਵੇਂ ਸਾਲ ਵਿੱਚ ਦਾਖਲ ਹੋਣ ਸਮੇਂ ‘ਪੰਜਾਬ ਟਾਇਮਜ਼’ ਨਾਲ ਜੁੜੇ ਸਾਰੇ ਸ਼ੁਭ-ਚਿੰਤਕਾਂ ਅਤੇ ਸਰਪ੍ਰਸਤਾਂ ਨੂੰ ਵਧਾਈ ਅਤੇ ਧੰਨਵਾਦ ਪੇਸ਼ ਕਰਦੇ ਹਾਂ। ‘ਪੰਜਾਬ ਟਾਇਮਜ਼’ ਦਾ ਹਰ ਸਾਹ ਤੁਹਾਡਾ ਕਰਜ਼ਦਾਰ ਹੈ। ਸਭ ਦੀ ਲੰਬੀ ਅਤੇ ਤੰਦਰੁਸਤ ਉਮਰ ਦੀ ਕਾਮਨਾ ਕਰਦੇ ਹਾਂ।
– ਬਲਜੀਤ ਸਿੰਘ ਬਰਾੜ

Send this to a friend