ਹਰਿਆਣਾ ਵਿੱਚ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਸਰਕਾਰ ਵੱਲੋਂ ਇਕ ਲੋਕ ਪੱਖੀ ਫੈਸਲਾ ਲੈਂਦੇ ਹੋਏ ਬਿਜਲੀ ਦੀਆਂ ਦਰਾਂ ਵਿੱਚ ਵੱਡੀ ਕਟੌਤੀ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਬਿਜਲੀ ਦੀਆਂ ਦਰਾਂ ਲਗਭਗ ਅਧੀਆਂ ਰਹਿ ਜਾਣਗੀਆਂ। ਮੁਖ ਮੰਤਰੀ ਸ਼੍ਰੀ ਖਟਰ ਵੱਲੋਂ ਇਹ ਐਲਾਨ ਮੰਗਲਵਾਰ ਨੂੰ ਹਰਿਆਣਾ ਵਿਧਾਨ ਸਭਾ ਵਿੱਚ ਕੀਤਾ ਗਿਆ। ਇਸ ਪ੍ਰਸਤਾਵ ਮੁਤਾਬਿਕ 200 ਯੂਨਿਟ ਪ੍ਰਤੀ ਮਹੀਨਾ ਖਪਤ ਕਰਨ ਵਾਲੇ ਖਪਤਕਾਰਾਂ ਦੀ ਬਿਜਲੀ ਦਰ 4.50 ਰੁਪਏ ਪ੍ਰਤੀ ਯੂਨਿਟ ਨੂੰ ਘਟਾ ਕੇ 2.50 ਰੁਪਏ ਕਰ ਦਿੱਤੀ ਗਈ ਹੈ। ਜੇ ਕਿਸੇ ਗ਼ਰੀਬ ਪਰਿਵਾਰ ਦੀ ਬਿਜਲੀ ਦੀ ਖਪਤ 50 ਯੂਨਿਟ ਤਕ ਰਹਿੰਦੀ ਹੈ ਤਾਂ ਉਸ ਪਰਿਵਾਰ ਨੂੰ ਬਿਜਲੀ ਦੀ ਦਰ 2 ਰੁਪਏ ਪ੍ਰਤੀ ਯੂਨਿਟ ਅਨੁਸਾਰ ਲਗਾਈ ਜਾਵੇਗੀ। ਜਿਨ੍ਹਾਂ ਖਪਤਕਾਰਾਂ ਦੀ ਬਿਜਲੀ ਦੀ ਖਪਤ 200 ਤੋਂ 500 ਯੂਨਿਟ ਵਿਚਾਲੇ ਹੈ, ਉਨ੍ਹਾਂ ਨੂੰ ਵੀ ਨਵੀਆਂ ਦਰਾਂ ਦਾ ਲਾਭ ਮਿਲੇਗਾ। ਇਸ ਤਰ੍ਹਾਂ ਖਪਤਕਾਰਾਂ ਨੂੰ ਕੁਲ 437 ਰੁਪਏ ਪ੍ਰਤੀ ਮਹੀਨੇ ਦਾ ਲਾਭ ਪ੍ਰਾਪਤ ਹੋਵੇਗਾ, ਜੋ 46.6 ਫ਼ੀਸਦੀ ਬਣਦਾ ਹੈ। ਬਿਜਲੀ ਦੀਆਂ ਨਵੀਆਂ ਦਰਾਂ ਪਹਿਲੀ ਅਕਤੂਬਰ ਤੋਂ ਲਾਗੂ ਹੋਣਗੀਆਂ। ਇਸ ਯੋਜਨਾ ਦਾ ਲਾਭ ਹਰਿਆਣਾ ਦੇ ਅਜਿਹੇ 41 ਲਖ 53 ਹਜ਼ਾਰ ਖਪਤਕਾਰਾਂ ਨੂੰ ਹੋਵੇਗਾ। ਹਰਿਆਣਾ ਸਰਕਾਰ ਦਾ ਇਹ ਫੈਸਲਾ ਖਪਤਕਾਰਾਂ ਦੇ ਪੱਖ ਤੋਂ ਇਤਿਹਾਸਕ ਹੈ। ਇਸ ਨਾਲ ਜਿਥੇ ਖਪਤਕਾਰਾਂ ਨੂੰ ਆਰਥਿਕ ਰਾਹਤ ਮਿਲੇਗੀ ਉਥੇ ਬਿਜਲੀ ਬਚਾਉਣ ਦਾ ਰੁਝਾਨ ਵੀ ਵਧੇਗਾ। ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਲੋਕ ਪੱਖੀ ਫੈਸਲਿਆਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਸਰਕਾਰ ਦਾ ਇਹ ਫੈਸਲਾ ਬਹੁਤ ਹੀ ਵਧੀਆ ਹੈ ਇਹ ਫੈਸਲਾ ਗੁਆਂਢੀ ਸੂਬਿਆਂ ਖਾਸ ਕਰਕੇ ਪੰਜਾਬ ਲਈ ਵੀ ਇਕ ਮਿਸਾਲ ਹੈ। ਬਿਜਲੀ ਇਕ ਆਮ ਜ਼ਰੂਰਤ ਬਣ ਗਈ ਹੈ। ਚੰਗਾ ਹੋਵੇਗਾ ਹਰਿਆਣਾ ਦੀ ਤਰ੍ਹਾਂ ਸਾਰੀਆਂ ਰਾਜ ਸਰਕਾਰਾਂ ਇਸੇ ਤਰ੍ਹਾਂ ਬਿਜਲੀ ਦੀਆਂ ਦਰਾਂ ਵਿੱਚ ਕਟੌਤੀ ਕਰਨ।
– ਬਲਜੀਤ ਸਿੰਘ ਬਰਾੜ