ਇੱਕ ਚੰਗੀ ਪਹਿਲ

ਕਪੂਰਥਲੇ ਦੀ ਮਾਡਰਨ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਇੱਕ ਬਹੁਤ ਹੀ ਚੰਗੀ ਪਹਿਲਕਦਮੀ ਲਈ ਗਈ ਹੈ, ਜਿਸ ਦੀ ਰੱਜ ਕੇ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਜੇਲ੍ਹ ਅਧਿਕਾਰੀਆਂ ਨੇ ਕੈਦੀਆਂ ਨੂੰ ਜੀਵਨ ਜਾਂਚ ਸਿਖਾਉਣ ਲਈ ਜੇਲ੍ਹ ਕੰਪਲੈਕਸ ਅੰਦਰ ਲਾਇਬ੍ਰੇਰੀ ਖੋਲ੍ਹਣ ਦਾ ਨਿਰਣਾ ਲਿਆ ਹੈ। ਇਸ ਲਾਇਬ੍ਰੇਰੀ ਦੇ ਖੁੱਲ੍ਹਣ ਨਾਲ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਲਾਭਦਾਇਕ ਕਿਤਾਬਾਂ ਪੜ੍ਹਨ ਦਾ ਮੌਕਾ ਮਿਲੇਗਾ। ਪੰਜਾਬ ਦੀ ਕਪੂਰਥਲਾ ਮਾਡਰਨ ਜੇਲ੍ਹ ਸੂਬੇ ਦੀ ਪਹਿਲੀ ਜੇਲ੍ਹ ਹੈ ਜਿੱਥੇ ਲਾਇਬਰੇਰੀ ਸਥਾਪਿਤ ਹੋਣ ਜਾ ਰਹੀ ਹੈ। ਲਾਇਬ੍ਰੇਰੀ ਦੀ ਸਥਾਪਨਾ ਲਈ ਜੇਲ੍ਹ ਅੰਦਰ ਇਕ ਵੱਖਰਾ ਹਾਲ ਕਮਰਾ ਤਿਆਰ ਕੀਤਾ ਗਿਆ ਹੈ। ਇਸ ਹਾਲ ਵਿਚ ਬੈਠ ਕੇ ਕੈਦੀ ਮਹਾਨ ਲੋਕਾਂ ਦੀਆਂ ਜੀਵਨ ਰਚਨਾਵਾਂ ਸਣੇ ਹੋਰ ਅਹਿਮ ਕਿਤਾਬਾਂ ਪੜ੍ਹ ਸਕਣਗੇ। ਲਾਜ਼ਮੀ ਤੌਰ ’ਤੇ ਇਸ ਦਾ ਉਨ੍ਹਾਂ ਦੇ ਜੀਵਨ ਅਤੇ ਵਿਚਾਰਧਾਰਾ ਉਪਰ ਡੂੰਘਾ ਅਸਰ ਪਵੇਗਾ। ਕੈਦੀਆਂ ਨੂੰ ਮਾਨਸਿਕ ਤੌਰ ’ਤੇ ਬਦਲਣਾ ਹੀ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ। ਕਿਤਾਬਾਂ ਇਸ ਪੱਖੋਂ ਸਭ ਤੋਂ ਅਹਿਮ ਹਨ। ਕਿਤਾਬਾਂ ਨਾਲ ਕੈਦੀਆਂ ਨੂੰ ਅਪਰਾਧ ਦੇ ਰਸਤੇ ਤੋਂ ਅਸਾਨੀ ਨਾਲ ਮੋੜ ਕੇ ਉਸਾਰੂ ਕੰਮਾਂ ਲਈ ਪ੍ਰੇਰਿਤ ਕੀਤਾ ਜਾ ਸਕਦਾ ਹੈ। ਜੇਲ੍ਹ ਵਿਚ ਲਾਇਬ੍ਰੇਰੀ ਦੀ ਸਥਾਪਨਾ ਸਿਟੀ ਇੰਸਟੀਚਿਊਟ ਸਿੱਖਿਆ ਸੰਗਠਨ ਦੀ ਮਦਦ ਨਾਲ ਕੀਤੀ ਜਾ ਰਹੀ ਹੈ। ਜੇਲ੍ਹ ਵਿਚ ਲਾਇਬ੍ਰੇਰੀ ਦੀ ਸਥਾਪਨਾ ਦਾ ਉਦੇਸ਼ ਵੱਖ-ਵੱਖ ਮਾਮਲਿਆਂ ’ਚ ਕੈਦ ਕੱਟਣ ਆਏ ਕੈਦੀਆਂ ਦੇ ਦਿਮਾਗ ਨੂੰ ਬਦਲ ਕੇ ਉਨ੍ਹਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਾ ਕੇ ਦਿਮਾਗੀ ਸੰਤੁਲਨ ਨੂੰ ਬਦਲਣਾ ਹੈ। ਲਾਇਬ੍ਰੇਰੀ ਵਿਚ ਕਿਤਾਬਾਂ ਦੇ ਰੈਕ ਸਥਾਪਤ ਕਰਕੇ ਉਥੇ ਇਕ ਹਜ਼ਾਰ ਦੇ ਲਗਭਗ ਕਿਤਾਬਾਂ ਰੱਖੀਆਂ ਜਾਣਗੀਆਂ। ਲਾਇਬ੍ਰੇਰੀ ’ਚ ਕਿਤਾਬਾਂ ਤੋਂ ਇਲਾਵਾ ਅਖਬਾਰ ਅਤੇ ਮੈਗਜ਼ੀਨ ਵੀ ਉਪਲਬੱਧ  ਕਰਵਾਏ ਜਾਣਗੇ। ਜੇਲ੍ਹ ਵਿਚ ਲਾਇਬ੍ਰੇਰੀ ਦੀ ਸਥਾਪਨਾ ਹੋਣ ਦੀ ਸੂਚਨਾ ਨਾਲ ਕੈਦੀਆਂ ਅੰਦਰ ਖੁਸ਼ੀ ਦੀ ਲਹਿਰ ਦੱਸੀ ਜਾ ਰਹੀ ਹੈ। ਜੇਲ੍ਹ ਦੇ ਲਾਇਬ੍ਰੇਰੀ ਹਾਲ ਵਿਚ ਇਕ ਸਮੇਂ ਵਿਚ 30 ਤੋਂ 35 ਕੈਦੀ ਇਕੱਠੇ ਬੈਠ ਕੇ ਕਿਤਾਬਾਂ ਪੜ੍ਹ ਸਕਣਗੇ। ਖਾਲੀ ਦਿਮਾਗ ਹਮੇਸ਼ਾ ਸ਼ੈਤਾਨ ਦਾ ਘਰ ਹੁੰਦਾ ਹੈ, ਜੇਕਰ ਅਜਿਹੇ ਸਮੇਂ ਵਿਚ ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਥੋੜ੍ਹੇ ਕੈਦੀਆਂ ਦਾ ਦਿਮਾਗ ਵੀ ਚੰਗੇ ਵਿਚਾਰਾਂ ਵੱਲ ਚਲਾ ਜਾਵੇ ਤਾਂ ਇਹ ਬਹੁਤ ਵੱਡੀ ਗੱਲ ਹੋਵੇਗੀ। ਕਿਤਾਬਾਂ ਦੀ ਮੌਜੂਦਗੀ ਕਾਰਨ ਜੇਲ੍ਹ ਅੰਦਰ ਵਿਚਾਰਾਂ ਦਾ ਅਦਾਨ-ਪ੍ਰਦਾਨ ਵੀ ਵਧੇਗਾ। ਇਸ ਨਾਲ ਕੈਦੀਆਂ ਦੇ ਖਾਲੀ ਸਮੇਂ ਦੌਰਾਨ ਸਮਾਜਿਕ ਮਸਲਿਆਂ ਉਪਰ ਚਰਚਾ ਹੋ ਸਕੇਗੀ। ਜੇਲ੍ਹ ਪ੍ਰਸ਼ਾਸਨ ਦੀ ਇਹ ਇਕ ਚੰਗੀ ਪਹਿਲ ਹੈ। ਇਸ ਪਹਿਲ ਨੂੰ ਦੂਸਰੀਆਂ ਜੇਲ੍ਹਾਂ ਵਿਚ ਦੁਹਰਾਇਆ ਜਾਣਾ ਚਾਹੀਦਾ ਹੈ। ਨਵੀਆਂ ਲਾਇਬ੍ਰੇਰੀਆਂ ਖੁਲ੍ਹਣ ਨਾਲ ਕਿਤਾਬਾਂ ਦਾ ਸੱਭਿਆਚਾਰ ਵੀ ਪ੍ਰਫੁਲਤ ਹੋਵੇਗਾ। ਪੜ੍ਹਣ ਲਿਖਣ ਦੇ ਰੁਝਾਨ ਨੂੰ ਵਿਕਸਿਤ ਕਰਨਾ ਸਾਡੇ ਸਮਾਜ ਦੀ ਇਕ ਵੱਡੀ ਚੁਣੌਤੀ ਹੈ।
ਬਲਜੀਤ ਸਿੰਘ ਬਰਾੜ

Send this to a friend