ਜਿੰਦਗੀ ਦੀ ਗੱਡੀ ਨੂੰ ਚਲਦਾ ਰੱਖਣ ਲਈ ਪੈਸਾ ਜ਼ਰੂਰੀ ਹੈ। ਮਿਹਨਤ ਕਰਕੇ ਜੋੜੇ ਪੈਸੇ ਨਾਲ ਖੁਸ਼ਹਾਲ ਅਤੇ ਚਿੰਤਾਮੁਕਤ ਜਿੰਦਗੀ ਜਿਉਣਾ ਹਰ ਇਨਸਾਨ ਦਾ ਸੁਪਨਾ ਹੁੰਦਾ ਹੈ। ਪੈਸਾ ਕਮਾਉਣ ਦੀ ਇਹ ਰਫਤਾਰ ਕਿਸੇ ਨੂੰ ਪੈਸੇ ਪੱਖੋਂ ਤਕੜਾ ਅਤੇ ਕਿਸੇ ਨੂੰ ਕਮਜ਼ੋਰ ਕਰ ਦਿੰਦੀ ਹੈ।ਦੋੇ ਕੌਡੀਆਂ ਜ਼ਿਆਦਾ ਕਮਾਉਣ ਵਾਲਾ ਅਮੀਰਾਂ ਦੀ ਸੂਚੀ ਵਿੱਚ ਆ ਜਾਂਦਾ ਹੈ ਅਤੇ ਇਸ ਦੇ ਉਲਟ ਮੌਕੇ ਤੋਂ ਖੁੰਝਿਆ ਇਨਸਾਨ ਕਿਸਮਤ ਨੂੰ ਕੋਸਦਾ ਹੋਇਆ ਅੱਗੇ ਚੰਗਾ ਹੋਣ ਦੀ ਉਮੀਦ ਰੱਖਦਾ ਹੈ। ਪੈਸੇ ਪੱਖੋਂ ਤਾਕਤਵਰ ਬਨਣ ਤੋਂ ਬਾਅਦ ਉਹ ਸਮਾਂ ਜਰੂਰ ਯਾਦ ਰੱਖਣਾ ਚਾਹੀਦਾ ਹੈ ਜਦੋਂ ਕਿਸੇ ਛੋਟੇ ਵੱਡੇ ਕੰਮ ਨੂੰ ਕਰਨ ਤੋਂ ਗੁਰਜ਼ ਨਹੀਂ ਸੀ ਕੀਤਾ। ਜੇਕਰ ਇਨਸਾਨ ਅਜਿਹੀ ਨਿੱਗਰ ਸੋਚ ਦਾ ਧਾਰਨੀ ਬਣਦਾ ਹੈ ਤਾਂ ਇਹ ਗੱਲ ਪੱਕੀ ਹੈ ਕਿ ਅਜਿਹਾ ਇਨਸਾਨ ਕਮਾਇਆ ਪੈਸਾ ਅਤੇ ਦੂਜੇ ਦੀ ਬੇਬਸੀ ਜਾਂ ਇੱਜ਼ਤ ਦਾ ਮਜ਼ਾਕ, ਉਡਾਉਣ ਤੋਂ ਪਹਿਲਾਂ ਜ਼ਰੂਰ ਸੋਚੇਗਾ।
ਜਿੱਥੇ ਇਨਸਾਨ ਲਈ ਪੈਸਾ ਕਮਾੳਣਾ ਜ਼ਰੂਰੀ ਹੈ ਉਥੇ ਜਿੰਦਗੀ ਨੂੰ ਖੂਬਸੂਰਤ ਬਣਾਉਣ ਲਈ ਥੋੜਾ ਹਾਸਾ ਮਜ਼ਾਕ ਵੀ ਹੋਣਾ ਚਾਹੀਦਾ ਹੈ। ਪਰ ਦੋਨਾਂ ਦੀ ਇੱਕ ਹੱਦ ਜਰੂਰ ਹੋਣੀ ਚਾਹੀਦੀ ਹੈ। ਪੈਸਾ ਸਾਡੇ ਸਮਾਜਿਕ ਤਾਣੇ ਬਾਣੇ ਨੂੰ ਚਲਦਾ ਰੱਖਣ ਲਈ ਅਹਿਮ ਹੈ। ਮਿਹਨਤ ਨਾਲ ਕਮਾਇਆ ਪੈਸਾ ਬਚਾ ਕੇ ਰੱਖਣਾਂ ਸੂਝਵਾਨ ਵਿਅਕਤੀ ਦੀ ਨਿਸ਼ਾਨੀ ਹੈ। ਦਾਦੇ ਪੜਦਾਦੇ ਦਾ ਕਮਾਇਆ ਪੈਸਾ ਪੋਤਿਆ ਲਈ ਉਨੇ ਮਾਇਨੇ ਨਹੀਂ ਰੱਖਦਾ ਜਿੰਨਾ ਉਸ ਬਜ਼ੁਰਗ ਲਈ ਜਿਸ ਨੇ ਢਿੱਡ ਬੰਨ ਕੇ ਕਮਾਈ ਕੀਤੀ ਹੋੇਵੇ। ਕਮਾਈ ਕਰਕੇ ਜੋੜਿਆ ਇੱਕ ਇੱਕ ਪੈਸਾ ਹੌਲ਼ੀ ਹੌਲ਼ੀ ਪੈਸਿਆਂ ਦੀ ਪੰਡ ਬਣ ਜਾਂਦਾ ਹੈ, ਪਰ ਇਸ ਪੰਡ ’ਚੋਂ ਬੇਢੰਗੇ ਤਰੀਕੇ ਨਾਲ ਕੀਤਾ ਖਰਚਾ ਭਾਰੀ ਪੰਡ ਨੂੰ ਬਹੁਤ ਛੇਤੀ ਕੱਖੋਂ ਹੌਲ਼ੀ ਕਰ ਦਿੰਦਾ ਹੈ। ਸੂਝਵਾਨ ਲੋਕ ਇਸ ਗੱਲ ਨੂੰ ਬਹੁਤ ਅਹਿਮੀਅਤ ਦਿੰਦੇ ਹਨ ਕਿ ਪੈਸਾ ਕਿਵੇਂ ਅਤੇ ਕਿੱਥੇ ਖਰਚਿਆ ਜਾਵੇ ਤਾਂ ਜੋ ਇਸਦੀ ਬਰਬਾਦੀ ਨਾ ਹੋ ਸਕੇ। ਅੱਜ ਪੈਸੇ ਦੀ ਕੀਤੀ ਬਰਬਾਦੀ ਕੱਲ ਨੂੰ ਜਿੰਦਗੀ ਲਈ ਭਾਰੀ ਆਰਥਿਕ ਖਤਰਾ ਖੜਾ ਕਰ ਸਕਦੀ ਹੈ। ਅਜਿਹੀ ਸਥਿਤੀ ਵਿੱਚ ਬਹੁਤੇ ਰਿਸ਼ਤੇਦਾਰ, ਸੱਜਣ, ਮਿੱਤਰ ਵੀ ਪਾਸਾ ਕਰ ਜਾਂਦੇ ਹਨ। ਵਰਤਮਾਨ ਅਤੇ ਭਵਿੱਖ ਦੇ ਹਾਲਾਤਾਂ ਨੂੰ ਆਪਣੇ ਅਨੂਕੂਲ ਬਣਾਉਣਾ ਸਾਡੇ ਆਪਣੇ ਹੱਥ ਹੈ। ਅੱਜ ਦਾ ਬਚਾਇਆ ਪੈਸਾ ਆੳੇਣ ਵਾਲੇ ਕੱਲ ਨੂੰ ਆਰਥਿਕ ਪੱਖ ਤੋਂ ਸੁਰੱਖਿਅਤ ਕਰਦਾ ਹੈ।
ਜਿਥੇ ਪੈਸਾ ਇਨਸਾਨ ਦੀ ਅੱਜ ਇੱਕ ਜਰੂਰਤ ਬਣ ਗਿਆ ਹੈ ਉਥੇ ਖੁਸ਼ੀਆਂ ਭਰਪੂਰ ਜਿੰਦਗੀ ਜਿਉਣ ਲਈ ਹਾਸਾ ਮਜ਼ਾਕ ਵੀ ਜਰੂਰੀ ਹੈ। ਇਹ ਸੱਚ ਹੈ ਕਿ ਹਾਸੇ ਠੱਠੇ ਕਰਦਾ ਇਨਸਾਨ ਜਿੰਦਗੀ ਬਹੁਤ ਸਰਲ ਅਤੇ ਸ਼ਾਤ ਤਰੀਕੇ ਨਾਲ ਜਿਉਂ ਸਕਦਾ ਹੈ। ਪਰ ਇਹ ਹਾਸਾ ਮਜ਼ਾਕ ਉਦੋਂ ਤੱਕ ਹੀ ਠੀਕ ਰਹਿੰਦਾ ਹੈ ਜਦੋਂ ਤੱਕ ਇਹ ਕਿਸੇ ਨੂੰ ਨਿੱਜੀ ਤੌਰ ’ਤੇ ਬੇਇੱਜ਼ਤ ਨਾ ਕਰੇ। ਹਾਸਾ ਮਜ਼ਾਕ ਕਰਦੇ ਸਮੇਂ ਕਈ ਵਾਰੀ ਮਜ਼ਾਕ ਕਰਨ ਵਾਲੇ ਨੂੰ ਇਸ ਗੱਲ ਦਾ ਧਿਆਨ ਨਹੀਂ ਰਹਿੰਦਾ ਕਿ ਉਸ ਵਲੋਂ ਕੀਤਾ ਜਾ ਰਿਹਾ ਮਜ਼ਾਕ ਕਿਸੇ ਦੀ ਨਿੱਜਤਾ ਜਾਂ ਬੇਬਸੀ ਦੀਆਂ ਧੱਜੀਆਂ ਉਡਾ ਰਿਹਾ ਹੈ। ਅਜਿਹਾ ਮਜ਼ਾਕ ਕਈ ਵਾਰੀ ਝਗੜਿਆਂ ਦਾ ਕਾਰਨ ਬਣ ਜਾਂਦਾ ਹੈ ਅਤੇ ਗੱਲ ਕਤਲਾਂ ਤੱਕ ਪਹੁੰਚ ਜਾਂਦੀ ਹੈ। ਹਾਲਾਤ ਅਤੇ ਸਥਿਤੀ ਸਾਡੀ ਜ਼ੁਬਾਨ ਦੇ ਬੋਲਾਂ ਦਵਾਰਾ ਤਹਿ ਕੀਤੇ ਜਾਂਦੇ ਹਨ। ਚੰਗੇ ਬੋਲ ਵਧੀਆ ਸਮਾਜਿਕ ਵਾਤਾਵਰਣ ਸਿਰਜਦੇ ਹਨ ਅਤੇ ਬੇਤੁਕਾ ਟਿੱਚਰ ਮਖੌਲ ਹਾਲਾਤਾਂ ਨੂੰ ਤਨਾਅਪੂਰਨ ਕਰ ਦਿੰਦਾ ਹੈ। ਇਕੱਠ ’ਚ ਬੈਠ ਕੇ ਕਿਸੇ ਦੀ ਖਿੱਲੀ ਉਡਾਉਣ ਨਾਲ ਕੋਈ ਸਿਆਣਾਂ ਨਹੀਂ ਬਣ ਜਾਂਦਾ। ਇਹ ਗੱਲ ਸਦਾ ਯਾਦ ਰੱਖਣੀ ਚਾਹੀਦੀ ਹੈ ਕਿ ਜਿੰਨ੍ਹਾ ਸਾਨੂੰ ਆਪਣੀ ਇੱਜ਼ਤ ਦਾ ਫਿਕਰ ਹੈ ਉਨ੍ਹਾ ਹੀ ਫਿਕਰ ਉਸ ਨੂੰ ਵੀ ਹੈ ਜਿਸ ਨੂੰ ਅਸੀਂ ਮਜ਼ਾਕ ਦਾ ਕੇਂਦਰ ਬਣਾ ਕੇ ਆਪਣੇ ਆਪ ਨੂੰ ਬੁੱਧੀਮਾਨ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਸੇ ਲਾਚਾਰ ਜਾਂ ਅਣਭੋਲ ਨਾਲ ਕੀਤਾ ਮਜ਼ਾਕ ਅਤੇ ਉਸਦੀ ਦੁਰਅਸੀਸ ਇਨਸਾਨ ਨੂੰ ਸਦਾ ਲਈ ਖਤਮ ਕਰ ਸਕਦੀ ਹੈ। ਕਿਸੇ ਦੀ ਆਤਮਾ ਨੂੰ ਝੰਜੋੜ ਕਰ ਮਾਰਿਆ ਠਹਾਕਾ ਨਿਰ੍ਹਾ ਹੰਕਾਰ ਨੂੰ ਪਰਿਭਾਸ਼ਿਤ ਕਰਦਾ ਹੈ।
ਪੈਸਾ ਖਰਚਣਾ ਅਤੇ ਮਜ਼ਾਕ ਕਰਨਾ ਹੱਦ ਅੰਦਰ ਹੀ ਠੀਕ ਰਹਿੰਦਾ ਹੈ। ਸਮਝ ਨਾਲ ਕਮਾਇਆ ਅਤੇ ਬਚਾਇਆ ਪੈਸਾ ਭਵਿੱਖ ਨੂੰ ਸੁਰੱਖਿਅਤ ਕਰਦਾ ਹੈ ਅਤੇ ਹਲਕਾ ਮਜ਼ਾਕ ਜਿੰਦਗੀ ਨੂੰ ਚਲਦਾ ਰੱਖਣ ਲਈ ਜਰੂਰੀ ਹੈ। ਇਨਸਾਨ ਆਪਣੀ ਸੋਚ ਅਤੇ ਸਮਝ ਨਾਲ ਕੁੱਝ ਵੀ ਚੰਗਾ ਕਰਨ ਦੇ ਕਾਬਿਲ ਹੈ। ਜਿੰਦਗੀ ਦੇ ਸਫਰ ਵਿੱਚ ਸਾਨੂੰ ਆਪਣਾ ਅਤੇ ਆਪਣੇ ਨੇੜਲਿਆਂ ਦਾ ਧਿਆਨ ਰੱਖ ਕੇ ਅੱਗੇ ਵੱਧਣਾ ਚਾਹੀਦਾ ਹੈ। ਇਹ ਹੀ ਇੱਕ ਸਤੁੰਲਿਤ ਅਤੇ ਕਾਮਯਾਬ ਜਿੰਦਗੀ ਦਾ ਰਹੱਸ ਹੈ।