ਜਲੰਧਰ, 26 ਅਗਸਤ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਅਜ ਕਿਹਾ ਕਿ ਪੰਜਾਬ ਵਿਧਾਨ ਸਭਾ ਵਿਚ ਭਲਕੇ ਪੇਸ਼ ਹੋਣ ਵਾਲੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪਰੋਟ ਬਹਿਬਲ ਕਲਾਂ ਗੋਲੀ ਕਾਂਡ ਦੇ ਮੁਖ ਦੋਸ਼ੀਆਂ ਨੂੰ ਬੇਨਕਾਬ ਕਰੇਗੀ।ਅਜ ਸਥਾਨਕ ਸਕਰਟ ਹਾਊਸ ਵਿਖੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਦੀ ਹਾਜ਼ਰੀ ਵਿਚ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਉਨਾਂ ਕਿਹਾ ਕਿ ਕਮਿਸ਼ਨ ਸਾਰੇ ਲੋਕਾਂ ਨੂੰ ਬੇਨਕਾਬ ਕਰੇਗਾ ਜਿਨਾਂ ਨੇ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਆਪਣੇ ਸੌੜੇ ਸਿਆਸੀ ਹਿਤਾਂ ਲਈ ਭੰਗ ਕਰਨ ਦੀ ਸਾਜਿਸ਼ ਰਚੀ ਸੀ। ਉਨਾਂ ਕਿਹਾ ਕਿ ਇਹ ਤਾਕਤਾਂ ਜਿਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਕਲਾਂ ਵਿਖੇ ਹੋਏ ਗੋਲੀ ਕਾਂਡ ਨੂੰ ਕਰਨ ਦਾ ਹੁਕਮ ਦਿਤਾ ਸੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਹ ਉਨਾਂ ਲੋਕਾਂ ਦੀ ਵੀ ਸਿਆਸੀ ਸ਼ਰਧਾਂਜਲੀ ਲਿਖੇਗੀ ਜੋ ਹੁਣ ਤਕ ਲੋਕਾਂ ਨੂੰ ਧਰਮ ਦੇ ਨਾਮ ਦੇ ਗੁਮਰਾਹ ਕਰਦੇ ਆਏ ਹਨ ਪਰ ਆਪਣੇ ਨਿਜੀ ਸਿਆਸੀ ਹਿਤਾ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਾਲ ਨਾਲ ਬਹਿਬਲ ਕਲਾਂ ਵਿਖੇ ਗੋਲੀ ਕਾਂਡ ਵਿਚ ਕਈ ਮਾਸੂਮ ਵਿਅਕਤੀ ਮਰਵਾਏ ਸਨ। ਉਨਾਂ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਜਿਨਾਂ ਲੋਕਾਂ ਦਾ ਨਾਮ ਰਿਪੋਰਟ ਵਿਚ ਸ਼ਾਮਲ ਹੈ ਉਹ ਜਦ ਤਕ ਜੇਲ ਦੀਆਂ ਸਲਾਖਾਂ ਵਿਚ ਨਹੀਂ ਜਾਂਦੇ ਤਦ ਤਕ ਉਨਾਂ ਦੀ ਸੁਰਖਿਆ ਵਿਚ ਵਾਧਾ ਕਰ ਦਿਤਾ ਜਾਵੇ। ਉਨਾਂ ਕਿਹਾ ਕਿ ਅਮਰੀਕਾ ਦੀ ਯੂਬਾ ਸਿਟੀ ਵਿਚ ਐਤਵਾਰ ਨੂੰ ਹੋਏ ਘਟਨਾਕ੍ਰਮ ਨੇ ਸਾਬਤ ਕਰ ਦਿਤਾ ਹੈ ਕਿ ਲੋਕਾਂ ਦੇ ਮਨਾਂ ਵਿਚ ਇਨਾਂ ਦੇ ਖਿਲਾਫ ਕਿੰਨਾ ਰੋਸ ਹੈ। ਉਨਾਂ ਕਿਹਾ ਕਿ ਜਿਨਾਂ ਲੋਕਾਂ ਨੇ ਪੰਜਾਬ ਅਤੇ ਮਨੁਖਤਾ ਦੇ ਖਿਲਾਫ ਇਹ ਘਿਨਾਉਣੀ ਸਾਜਿਸ਼ ਕੀਤੀ ਹੈ ਉਨਾਂ ਨੂੰ ਵੀ ਲੋਕਾਂ ਦੇ ਰੋਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਲਈ ਉਨਾਂ ਦੀ ਸੁਰਖਿਆ ਵਿਚ ਵਾਧਾ ਕੀਤਾ ਜਾਣਾ ਜਰੂਰੀ ਹੈ।
ਉਨਾਂ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਆਖਿਆਂ ਕਿ ਉਹ ਡੇਰਾ ਮੁਖੀ ਨਾਲ ਮੁੰਬਈ ਵਿਖੇ ਹੋਈ ਆਪਣੀ ਬੈਠਕ, ਫਿਲਮਾਂ ਵਿਚ ਪੈਸੇ ਲਾਉਣ ਸਬੰਧੀ ਚਲ ਰਹੀਆਂ ਚਰਚਾਵਾਂ ਅਤੇ ਬਹਿਬਲ ਕਲਾਂ ਵਿਖੇ ਗੋਲੀ ਚਲਾਉਣ ਦੇ ਹੁਕਮਾ ਦੇਣ ਪਿਛੇ ਆਪਣੀ ਸਥਿਤੀ ਸਪਸ਼ਟ ਕਰਨ। ਉਨਾਂ ਕਿਹਾ ਕਿ ਸਾਬਕਾ ਉਪ ਮੁਖ ਮੰਤਰੀ ਜਿਨਾਂ ਪਾਸ ਗ੍ਰਹਿ ਵਿਭਾਗ ਦੀ ਜਿੰਮੇਵਾਰੀ ਵੀ ਸੀ ਇਹ ਦਸਣ ਕਿ ਕਿਉਂ ਬਹਿਬਲ ਕਲਾਂ ਵਿਖੇ ਮਾਸੂਮ ਲੋਕਾਂ ਤੇ ਗੋਲੀ ਚਲਾਉਣ ਦਾ ਹੁਕਮ ਦਿਤਾ ਗਿਆ ਸੀ।
ਉਨਾਂ ਕਿਹਾ ਕਿ ਸਾਬਕਾ ਉਪ ਮੁਖ ਮੰਤਰੀ ਨੂੰ ਕਮਿਸ਼ਨ ਦੇ ਖਿਲਾਫ ਬੇਤੁਕੀ ਬਿਆਨਬਾਜ਼ੀ ਬੰਦ ਕਰਨੀ ਚਾਹੀਦੀ ਹੈ ਕਿਉਂਕਿ ਕੇਵਲ ਬਾਲੀਵੁਡ ਐਕਟਰ ਅਕਸ਼ੈ ਕੁਮਾਰ ਵਲੋਂ ਦਿਤੀ ਗਈ ਕਲੀਨ ਚਿਟ ਅਕਾਲੀ ਦਲ ਤੇ ਉਸਦੇ ਆਗੂਆਂ ਨੂੰ ਉਨਾਂ ਵਲੋਂ ਕੀਤੇ ਗਏ ਗੁਨਾਹਾਂ ਤੋ ਮੁਕਤ ਨਹੀਂ ਕਰਦੀ। ਉਨਾਂ ਕਿਹਾ ਕਿ ਜਿਹੜਾ ਵਿਅਕਤੀ ਕਿਸੇ ਸੂਬੇ ਦਾ ਉਪ ਮੁਖ ਮੰਤਰੀ ਰਹਿ ਚੁਕਾ ਹੋਵੇ ਉਸ ਨੂੰ ਅਜਿਹੀ ਬੇਤੁਕੀ ਬਿਆਨਬਾਜ਼ੀ ਕਰਨੀ ਸ਼ੋਭਾ ਨਹੀਂ ਦਿੰਦੀ।ਉਨਾਂ ਕਿਹਾ ਕਿ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਇਹ ਗਲ ਸਮਝ ਆ ਚੁਕੀ ਹੈ ਕਿ ਉਨਾਂ ਦੀ ਮਾੜੀ ਕਾਰਗੁਜ਼ਾਰੀ ਕਰਨ ਪੰਜਾਬ ਦੇ ਲੋਕ ਹੁਣ ਕਦੇ ਵੀ ਉਨਾਂ ਨੂੰ ਮੂੰਹ ਨਹੀਂ ਲਗਾਉਣਗੇ ਜਿਸ ਕਾਰਨ ਹੁਣ ਉਹ ਪੰਜਾਬ ਤੋਂ ਦੋੜ ਕੇ ਹਰਿਆਣਾ, ਰਾਜਸਥਾਨ ਤੇ ਉਤਰ ਪ੍ਰਦੇਸ਼ ਵਿਚ ਚੋਣ ਲੜਨ ਦੇ ਸੁਪਨੇ ਦੇਖ ਰਹੇ ਹਨ। ਉਨਾਂ ਕਿਹਾ ਕਿ ਰਿਪਰੋਟ ਕਲ ਪੰਜਾਬ ਅਸੈਂਬਲੀ ਵਿਚ ਪੇਸ਼ ਕੀਤੀ ਜਾਵੇਗੀ ਅਤੇ ਇਸ ਘਿਨਾਉਣੇ ਕਾਂਡ ਲਈ ਦੋਸ਼ੀ ਲੋਕਾਂ ਨੂੰ ਕਿਸੇ ਵੀ ਹਾਲ ਵਿਚ ਬਖਸ਼ਿਆਂ ਨਹੀਂ ਜਾਵੇਗਾ ਅਤੇ ਉਨਾਂ ਖਿਲਾਫ ਮਿਸਾਲੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕਮਿਸ਼ਨ ਦੀ ਰਿਪੋਰਟ ਉਪਰੰਤ ਸੂਬਾ ਸਰਕਾਰ ਇਸ ਸਬੰਧੀ ਐਕਸ਼ਨ ਟੇਕਨ ਰਿਪੋਰਟ ਵੀ ਪੇਸ਼ ਕਰੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ, ਰਜਿੰਦਰ ਬੇਰੀ , ਬਾਵਾ ਹੈਨਰੀ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਪੰਜਾਬ ਦੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਜਲੰਧਰ ਨਗਰ ਨਿਗਮ ਦੇ ਮੇਯਰ ਜਗਦੀਸ਼ ਰਾਜ ਰਾਜਾ , ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ ਤੇ ਹੋਰ ਵੀ ਹਾਜ਼ਰ ਸਨ।