April 30, 2026 7:24 am

ਪਾਕਿਸਤਾਨ ਦੇ ਰੁਖ ’ਚ ਤਬਦੀਲੀ

ਪਾਕਿਸਤਾਨ ਵਿੱਚ ਸਤਾ ਪ੍ਰੀਵਰਤਣ ਦੇ ਨਾਲ ਹੀ ਸਰਕਾਰ ਦੀਆਂ ਨੀਤੀਆਂ ਅਤੇ ਪਹੁੰਚ ਵਿੱਚ ਕੁੱਝ ਫਰਕ ਦਿਸਣ ਲੱਗਾ ਹੈ। ਪਾਕਿਸਤਾਨ ਦੀ ਨਵੀਂ ਸਰਕਾਰ ਭਾਰਤ ਨਾਲ ਬੇਹਤਰ ਰਿਸ਼ਤੇ ਚਾਹੁੰਦੀ ਹੈ। ਪਾਕਿਸਤਾਨ ਦੇ ਵਜ਼ੀਰੇ ਆਜ਼ਮ ਜਨਾਬ ਇਮਰਾਨ ਖਾਨ ਪਹਿਲਾਂ ਹੀ ਅਜਿਹੀ ਇੱਛਾ ਦਾ ਪ੍ਰਗਟਾਵਾ ਕਰ ਚੁੱਕੇ ਹਨ। ਹੁਣ ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਜਨਾਬ ਸ਼ਾਹ ਮਹਿਮੂੁਦ ਕੂਰੇਸ਼ੀ ਵੱਲੋਂ ਵੀ ਕਾਫੀ ਹਾਂ ਪੱਖੀ ਸੰਕੇਤ ਦਿੱਤੇ ਗਏ ਹਨ। ਉਨ੍ਹਾਂ ਨੇ ਇਹ ਆਖਿਆ ਹੈ ਕਿ ਪਾਕਿਸਤਾਨ, ਭਾਰਤ ਨਾਲ ਸਬੰਧ ਸੁਧਾਰਨ ਦਾ ਚਾਹਵਾਨ ਹੈ ਅਤੇ ਕਸ਼ਮੀਰ ਸਣੇ ਸਾਰੇ ਮੁਦੇ ਗਲਬਾਤ ਰਾਹੀਂ ਸੁਲਝਾਉਣ ਦਾ ਇਛੁਕ ਹੈ। ਪਾਕਿਸਤਾਨ ਦੀ ਨਵੀਂ ਸਰਕਾਰ ਨੂੰ ਮੌਜੂਦਾ ਸਬੰਧਾਂ ਵਿਚ ਖੜੋਤ ਦੇ ਬਾਵਜੂਦ ਭਾਰਤ ਨਾਲ ਗਲਬਾਤ ਸ਼ੁਰੂ ਕਰਨ ਵਿਚ ਕੋਈ ਝਿਜਕ ਨਹੀਂ ਹੈ।ਪਾਕਿਸਤਾਨ ਦੇ ਨਵੇਂ ਵਿਦੇਸ਼ ਮੰਤਰੀ ਨੇ ਕਿਹਾ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜ ਸਕਦੀ ਅਤੇ ਸਾਡਾ ਨਜ਼ਰੀਆ ਹਾਂ ਪੱਖੀ ਹੈ ਅਤੇ ਅਸੀਂ ਆਸਵੰਦ ਰਹਾਂਗੇ। ਪਾਕਿਸਤਾਨ ਦੀ ਨਵੀਂ ਸਰਕਾਰ ਦੀ ਇਹ ਪਹੁੰਚ ਕਾਫੀ ਉਮੀਦਾਂ ਜਗਾ ਰਹੀ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਮੇਂ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਚੰਗੇ ਨਹੀਂ ਹਨ। ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਅਤੇ ਮਿੱਤਰਤਾ ਲਈ ਗੱਲਬਾਤ ਟੁੱਟੀ ਹੋਈ ਹੈ। ਭਾਰਤ ਪਾਕਿਸਤਾਨ ਨਾਲ ਗੱਲਬਾਤ ਲਈ ਕਈ ਸ਼ਰਤਾਂ ਲਗਾ ਰਿਹਾ ਹੈ। ਦਵੱਲੇ ਸਬੰਧਾਂ ਵਿੱਚ ਕੁੜੱਤਣ ਭਰੀ ਹੋਈ ਹੈ। ਮੁੰਬਈ ਵਿੱਚ ਅੱਤਵਾਦੀ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ ਸਬੰਧ ਤਣਾਅਪੂਰਨ ਹਨ। ਪਾਕਿਸਤਾਨ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਮਾਹੌਲ ਵਿੱਚ ਕੁਝ ਤਬਦੀਲੀ ਹੋਈ ਲੱਗ ਰਹੀ ਹੈ। ਜੇਕਰ ਪਾਕਿਸਤਾਨ ਦੀ ਸਰਕਾਰ ਭਰੋਸੇ ਮੁਤਾਬਿਕ ਭਾਰਤ ਦੀ ਇੱਛਾ ਮੁਤਾਬਿਕ ਕਦਮ ਚੁੱਕਦੀ ਹੈ ਤਾਂ ਦੋਵਾਂ ਦੇਸ਼ਾਂ ਦਰਮਿਆਨ ਬੇਹਤਰ ਸਬੰਧਾਂ ਲਈ ਗੱਲਬਾਤ ਸ਼ੁਰੂ ਹੋ ਸਕਦੀ ਹੈ। 2016 ਵਿੱਚ ਭਾਰਤ ਨੇ ਪਾਕਿਸਤਾਨ ਨਾਲ ਹਰ ਤਰ੍ਹਾਂ ਦੀ ਗੱਲਬਾਤ ਦੇ ਦਰਵਾਜ਼ੇ ਬੰਦ ਕਰ ਦਿੱਤੇ ਸਨ। ਭਾਰਤ ਦਾ ਕਹਿਣਾ ਹੈ ਕਿ ਜਦ ਤੱਕ ਪਾਕਿਸਤਾਨ ਅੱਤਵਾਦੀ ਸਰਗਰਮੀਆਂ ਨੂੰ ਠੱਲ੍ਹ ਨਹੀਂ ਪਾਉਂਦਾ ਤਦ ਤੱਕ ਭਾਰਤ ਉਸ ਨਾਲ ਕੋਈ ਗੱਲਬਾਤ ਨਹੀਂ ਕਰੇਗਾ। ਪਾਕਿਸਤਾਨ ਦੀ ਨਵੀਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਦੋਵਾਂ ਦੇਸ਼ਾਂ ਦਰਮਿਆਨ ਅਮਨ ਅਤੇ ਦੋਸਤੀ ਲਈ ਕੰਮ ਸ਼ੁਰੂ ਕਰੇ। ਇਸ ਸਬੰਧ ਵਿੱਚ ਸਾਰੇ ਲੋੜੀਂਦੇ ਕਦਮ ਚੁੱਕੇ ਜਾਣ। ਭਾਰਤ ਨੂੰ ਵੀ ਆਪਣੇ ਰੁਖ ਵਿੱਚ ਥੋੜ੍ਹੀ ਨਰਮੀ ਲਿਆਉਣੀ ਹੋਵੇਗੀ ਤਾਂ ਜੋ ਦਵੱਲੇ ਮੁੱਦਿਆਂ ਉਪਰ ਗੱਲਬਾਤ ਸ਼ੁਰੂ ਹੋ ਸਕੇ। ਗੱਲਬਾਤ ਤੋਂ ਬਿਨਾਂ ਦੋਵੇਂ ਦੇਸ਼ਾਂ ਦਰਮਿਆਨ ਬੇਹਤਰ ਸਬੰਧ ਵਿਕਸਤ ਨਹੀਂ ਹੋ ਸਕਦੇ। ਇਹ ਉਮੀਦ ਰੱਖਣੀ ਚਾਹੀਦੀ ਹੈ ਕਿ ਨਵੇਂ ਹਾਲਾਤਾਂ ਵਿੱਚ ਦੋਵੇਂ ਦੇਸ਼ ਆਪਸੀ ਗੱਲਬਾਤ ਸ਼ੁਰੂ ਕਰਨ ਵੱਲ ਕਦਮ ਵਧਾਉਣਗੇ।
– ਬਲਜੀਤ ਸਿੰਘ ਬਰਾੜ

 

Send this to a friend