April 30, 2026 7:17 am

ਇੱਕ ਵੀਰ ਦੇਈਂ ਵੇ ਰੱਬਾ-ਸਹੁੰ ਖਾਣ ਨੂੰ ਬੜਾ ਚਿਤ ਕਰਦਾ

ਰੱਖੜੀ ਦਾ ਤਿਉਹਾਰ ਭਾਰਤ ਵਰਸ਼ ਵਿਚ ਬਹੁਤ ਹੀ ਸ਼ਰਧਾ ’ਤੇ ਪਿਆਰ ਨਾਲ ਮਨਾਇਆ ਜਾਂਦਾ ਹੈ, ਜਿਸ ਨੂੰ ਰਖੜ ਪੁੰਨਿਆ ਵੀ ਕਹਿੰਦੇ ਹਨ। ਇਰ ਦੁਨੀਆਂ ਦਾ ਸਭ ਤੋਂ ਨਿਆਰਾ ਬੰਧਨ ਹੈ, ਜੋ ਕਿ ਭਰਾ ਅਤੇ ਭੈਣ ਨੂੰ ਸਨੇਹ ਦੇ ਇਕ ਧਾਗੇ ਵਿਚ ਬੰਨ ਕੇ ਰਖਦਾ ਹੈ। ਇਸ ਰਿਸ਼ਤੇ ਵਿਚ ਜੇ ਮੁਸਕ੍ਰਹਟਾਂ ਨੂੰ ਕਾਇਮ ਰਖਣਾ ਹੈ ਤਾਂ ਬਚਪਨ ਨੂੰ ਕਦੇ ਵੀ ਭੁਲਣਾ ਨਹੀਂ ਚਾਹੀਦਾ। ਉਂਜ ਤਾਂ ਇਸ ਰਿਸ਼ਤੇ ਵਿਚ ਬਚਪਨ ਦੀ ਤਰਾਂ ਹੀ, ਹਰ ਉਮਰ ਵਿਚ ਭਾਈ-ਭੈਣ ਦੇ ਵਿਚ ਮਿਠਾਸ ਭਰੀ ਨੋਕ-ਝੋਕ, ਸ਼ਿਕਾਇਤਾਂ, ਪਿਆਰ ਅਤੇ ਤਕਰਾਰ ਹੋਣਾ ਇਕ ਆਮ ਜਿਹੀ ਗਲ ਹੈ, ਪਰ ਇਕ ਸਮੇਂ ਦੇ ਬਾਅਦ ਇਸ ਗਲ ਦਾ ਧਿਆਨ ਰਖਣਾ ਜਰੂਰੀ ਹੈ ਕਿ ਇਕ ਦੂਸਰੇ ਦੇ ਨਾਲ ਕੀਤਾ ਜਾ ਰਿਹਾ ਸੰਵਾਦ ਅਤੇ ਵਿਹਾਰ ਕਦੇ ਗੰਭੀਰ ਰੂਪ ਨਾ ਲੈ ਲਵੇ। ਇਸ ਲਈ ਜਰੂਰੀ ਹੈ ਕਿ ਰਿਸ਼ਤੇ ਦੀ ਇਸ ਡੋਰ ਨੂੰ ਪਿਆਰ ਅਤੇ ਸਮਝਦਾਰੀ ਦੇ ਨਾਲ ਬੰਨ ਕੇ ਰਖਿਆ ਜਾਵੇ ਤਾਂ ਕਿ ਰਿਸ਼ਤਿਆਂ ਵਿਚ ਸਦਾ ਪਿਆਰ ਬਣਿਆ ਰਹੇ। ਭਰਾ-ਭੈਣ ਦੀ ਇਹੀ ਸਮਝ ਹੀ ਇਸ ਜੋੜ ਨੂੰ ਦੁਨਿਆਵੀ ਰੰਗਾਂ ਤੋਂ ਬਚਾ ਕੇ ਰਖ ਸਕਦੀ ਹੈ। ਜਿਸ ਨਾਲ ਇਹ ਪਿਆਰ ਉਮਰ ਭਰ ਬਣਿਆ ਰਹੇਗਾ। ਇਹੋ ਸਾਂਝੀਆਂ ਮੁਸਕਰਾਹਟਾਂ ਇਕ ਦੂਜੇ ਨੂੰ ਕਦੇ ਦੁਖ ਅਤੇ ਤਕਲੀਫ ਵਿਚ ਇਕਲੇ ਨਹੀਂ ਦੇਣਗੀਆਂ।ਭਾਈ ਅਤੇ ਭੈਣ ਇਕ ਦੂਜੇ ਨਾਲ ਇੰਨੀ ਗਹਿਰਾਈ ਨਾਲ ਜੁੜੇ ਹੁੰਦੇ ਹਨ ਕਿ ਉਨ੍ਹਾਂ ਨੂੰ ਆਪਣਾ ਦੁਖ ਸੁਖ ਸਭ ਸਾਂਝਾ ਲਗਦਾ ਹੈ, ਪਰ ਬਚਪਨ ਦੀਆਂ ਸ਼ਰਾਰਤਾਂ ਦੀ ਮਿਠਾਸ ਸਦਾ ਨਾਲ ਨਹੀਂ ਰਹਿੰਦੀ। ਵਧਦੀਆਂ ਜਿੰਮੇਵਾਰੀਆਂ ਅਤੇ ਜਿੰਦਗੀ ਦੀ ਰਫ਼ਤਾਰ ਵਿਚ ਇਹ ਪਿਆਰ ਦਾ ਰਿਸ਼ਤਾ ਵੀ ਕਿਤੇ ਗੁੰਮ ਜਿਹਾ ਹੋ ਜਾਂਦਾ ਹੈ।
ਇਸ ਲਈ ਰਿਸ਼ਤਿਆਂ ਦੇ ਕਈ ਪੜਾਵਾਂ ‘ਤੇ ਚੜਦੇ ਹੋਏ ਇਹ ਰਿਸ਼ਤਾ ਵੀ ਸੰਭਾਲ ਚਾਹੁੰਦਾ ਹੈ। ਰਖੜੀ ਦਾ ਇਹ ਤਿਉਹਾਰ ਹਰ ਵਾਰ ਇਹ ਸੰਦੇਸ਼ ਵੀ ਦਿੰਦਾ ਹੈ ਕਿ ਭਰਾ ਅਤੇ ਭੈਣ ਦੋਨੋਂ ਇਹ ਵਾਅਦਾ ਕਰਨ ਕਿ ਉਨਾਂ ਦਾ ਪਿਆਰ ਅਤੇ ਮੁਸਕ੍ਰਾਹਟਾਂ ਹਮੇਸ਼ਾ ਕਾਇਮ ਰਹਿਣਗੀਆਂ, ਹਾਲਾਤ ਬੇਸ਼ਕ ਜੋ ਵੀ ਹੋਣ, ਇਕ ਦੂਜੇ ਵਾਸਤੇ ਸਮਝ ਭਰੀ ਸੋਚ ਦੋਨਾਂ ਪਾਸੇ ਕਾਇਮ ਰਹੇਗੀ। ਉਂਜ ਵੀ ਇਹ ਪਿਆਰ ਭਰੀਆਂ ਆਤਮਾਵਾਂ ਦਾ ਉਹ ਰਿਸ਼ਤਾ ਹੈ, ਜਿਸਨੂੰ ਮਨ ਨਾਲ ਜੀਆ ਜਾਂਦਾ ਹੈ। ਅਜਿਹੇ ਵਿਚ ਦਿਲ ਦੀ ਡੂੰਘਾਈ ਵਿਚ ਵਸਿਆ ਪਿਆਰ ਲਗਾਤਾਰ ਵਧਦਾ ਰਹੇ, ਇਸਦੇ ਲਈ ਸਚੇ ਮਨ ਨਾਲ ਇਕ ਦੂਜੇ ਨੂੰ ਬਚਨ ਦਿਤਾ ਜਾਵੇ ਤਾਂਕਿ ਬਚਪਨ ਦਾ ਇਹ ਖਟਾ-ਮਿਠਾ ਬੰਧਨ ਉਮਰ ਦੇ ਨਾਲ ਜਿੰਦਗੀ ਦਾ ਹਿਸਾ ਬਣਿਆ ਰਹੇ। ਸੰਘਰਸ਼ ਭਰੇ ਹਾਲਾਤਾਂ ਵਿਚ ਵੀ ਵਧਦਾ ਫੁਲਦਾ ਰਹੇ। ਇਸ ਲਈ ਰਖੜੀ ਦੇ ਤਿਉਹਾਰ ਤੇ ਇਹ ਵਾਅਦਾ ਸੌਗਾਤ ਦੇ ਰੂਪ ਵਿਚ ਭਰਾ ਆਪਣੀ ਭੈਣ ਅਤੇ ਭੈਣ ਆਪਣੇ ਭਰਾ ਨਾਲ ਕਰੇ ਤਾਂ ਕਿ ਸਬੰਧ ਹਮੇਸ਼ਾਂ ਕਾਇਮ ਰਹੇ। ਇਸ ਦਿਨ ਇਹ ਵੀ ਸੰਕਲਪ ਲੈਣਾ ਚਾਹੀਦਾ ਹੈ ਕਿ ਉਹ ਇਕ ਦੂਜੇ ਦਾ ਦਿਲ ਕਦੇ ਨਹੀਂ ਦੁਖਾਉਣਗੇ। ਨਾਲ ਹੀ ਇਕ ਦੂਜੇ ਦੇ ਲਈ ਕਦੇ ਭੁਲਕੇ ਵੀ ਕੌੜੇ ਬੋਲ ਉਨਾਂ ਦੀ ਜੁਬਾਨ ‘ਤੇ ਨਾ ਆਉਂਣਗੇ। ਚਾਹੇ ਹਾਲਾਤ ਜੋ ਵੀ ਹੋਣ, ਅਜਿਹਾ ਕੁਝ ਨਾ ਕਹਿਣ ਕਿ ਹਮੇਸ਼ਾ ਵਾਸਤੇ ਭੈਣ ਜਾਂ ਭਰਾ ਦਾ ਕਲੇਜਾ ਵਿੰਨ ਜਾਣ। ਬਦਲਾਵ ਜਿੰਦਗੀ ਦਾ ਅਹਿਮ ਹਿਸਾ ਹੈ। ਸਮੇਂ ਦੇ ਨਾਲ ਚਲਦੇ ਹੋਏ ਰਿਸ਼ਤੇ ਨਾਅਤੇ ਵੀ ਬਦਲਦੇ ਹਨ। ਇਹ ਬਦਲਾਵ ਹੀ ਹੈ ਜੋ ਰਿਸ਼ਤਿਆਂ ਨੂੰ ਕਦੀ ਵਿਗਾੜਦਾ ਹੈ ਤੇ ਕਦੀ ਸੰਵਾਰਦਾ ਹੈ। ਕਈ ਵਾਰ ਦੇਖਣ ਵਿਚ ਆਉਂਦਾ ਹੈ ਕਿ ਭੈਣ-ਭਰਾ ਦੇ ਸੰਬੰਧਾਂ ਵਿਚ ਵੀ ਈਰਖਾ ਅਤੇ ਸਵਾਰਥ ਆ ਜਾਂਦਾ ਹੈ। ਕਦੇ ਪਿਤਾ ਪੁਰਖੀ ਜਾਇਦਾਦ ਦੇ ਵੰਡਵਾਰੇ ਨੂੰ ਲੈ ਕੇ ਅਤੇ ਕਦੇ ਰਿਸ਼ਤੇ ਨਾਤਿਆਂ ਦੀ ਗਲਤਫਹਿਮੀ ਦੇ ਚਲਦੇ। ਇਹ ਸੰਬੰਧ ਬਦਲਾਵ ਦੇ ਅਜਿਹੇ ਦੌਰ ‘ਚੋਂ ਗੁਜਰਦਾ ਹੈ ਕਿ ਬਹੁਤ ਕੁਝ ਬਿਖੇਰ ਕੇ ਰਖ ਦਿੰਦਾ ਹੈ। ਅਗੇ ਤੋਂ ਅਜਿਹਾ ਨਹੀਂ ਹੋਵੇਗਾ, ਇਹ ਵਾਅਦਾ ਵੀ ਇਕ ਦੂਜੇ ਨਾਲ ਕਰਨਾ ਚਾਹੀਦਾ ਹੈ। ਭਰੋਸੇ ਦੀ ਅਜਿਹੀ ਨੀਂਹ ਬਣਾਓ ਕਿ ਜਦੋਂ ਵੀ ਨਕਾਰਾਤਮਕ ਸਥਿਤੀਆਂ ਦਾ ਸਾਹਮਣਾ ਹੋਵੇ ਤਾਂ ਦੋਨੋਂ ਮਿਲ ਬੈਠ ਕੇ ਆਪਣੀਆਂ ਗਲਤਫਹਿਮੀਆਂ ਦੂਰ ਕਰਨ ਅਤੇ ਸਮਸਿਆਵਾਂ ਸੁਲਝਾਉਂਣ। ਅਜਿਹੀਆਂ ਉਲਝਣਾਂ ਨੂੰ ਹੋਰ ਵਧਣ ਦਾ ਮੌਕਾ ਨਾ ਦੇਣ। ਔਖੀਆਂ ਘੜੀਆਂ ਵਿਚ ਵੀ ਇਕ ਦੂਜੇ ਦੇ ਲਈ ਆਸ਼ਾ ਦੀ ਕਿਰਨ ਬਣ ਕੇ ਆਉਣ ਅਤੇ ਇਸ ਰਿਸ਼ਤੇ ਨੂੰ ਭਰੋਸੇ ਦੀ ਨੀਂਹ ’ਤੇ ਖੜ੍ਹਾ ਕਰਨ।

Send this to a friend