ਬੜਾ ਅਜੀਬ ਟਾਇਟਲ ਹੈ, ਪਰ ਇਹ ਹਰ ਕਿਸੇ ਦੀ ਜ਼ਿੰਦਗੀ ਵਿੱਚ ਵਾਪਰਦਾ ਹੈ। ਖਾਸ ਕਰ ਨੌਜਵਾਨ ਮੁੰਡੇ-ਕੁੜੀਆਂ ਦੀ ਜ਼ਿੰਦਗੀ ਵਿੱਚ। ਜਿੱਤ ਤੋਂ ਹਾਰ ਵਲ ਦੀ ਜੇ ਮੈਂ ਉਦਾਹਰਣ ਦੇਵਾਂ ਤਾਂ ਪੜ੍ਹਨ-ਲਿਖਣ ਤੋਂ ਬਾਅਦ ਬੇਰੁਜ਼ਗਾਰੀ। ਅਕਸਰ ਅਸੀਂ ਜਦੋਂ ਕਾਲਜ ਯੂਨੀਵਰਸਿਟੀ ਤੋਂ ਬਾਹਰ ਨਿਕਲਦੇ ਹਾਂ, ਤਾਂ ਜ਼ਿਆਦਾਤਰ ਜੋ ਅਸੀਂ ਹਰ ਸਾਲ ਪਾਸ ਹੋਣ ਵਾਲੀ ਜਿੱਤ ਪ੍ਰਾਪਤ ਕਰਦੇ ਸੀ, ਸਾਨੂੰ ਹਾਰ ਵਿੱਚ ਬਦਲਦੀ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਨੌਕਰੀ ਨਹੀਂ ਮਿਲਦੀ ਅਸੀਂ ਹੋਰ ਖੇਤਰ ਵਿੱਚ ਵੀ ਅੱਗੇ ਨਹੀਂ ਵੱਧ ਪਾਉਂਦੇ। ਮਾਂ-ਬਾਪ ਦੇ ਪੈਸੇ ’ਤੇ ਕੀਤੀ ਹੋਈ ਐਸ਼ ਖੁਸ ਜਾਂਦੀ ਹੈ। ਸਾਡੀ ਹਾਰ ਦੀ ਸ਼ੁਰੂਆਤ ਹੋ ਜਾਂਦੀ ਹੈ। ਅਸੀਂ ਆਪਣੇ ਆਪ ਨੂੰ ਕਾਬਲ ਸਾਬਿਤ ਨਹੀਂ ਕਰ ਪਾਉਂਦੇ। ਅਸੀਂ ਹਾਰਦੇ ਹਾਰਦੇ ਹਾਰ ਜਾਂਦੇ ਹਾਂ। ਜ਼ਿੰਦਗੀ ਤਾਂ ਬਸਰ ਹੁੰਦੀ ਰਹਿੰਦੀ ਹੈ। ਪਰ ਅੰਦਰ ਅਨੰਦ ਨਹੀਂ ਹੁੰਦਾ। ਇਸ ਹਾਰ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰੀਏ। ਖ਼ੁਦ ਨੂੰ ਫਿਰ ਤੋਂ ਜਿੱਤ ਦੇ ਰਸਤੇ ਵੱਲ ਲੈ ਕੇ ਚੱਲੀਏ। ਇਸ ਲਈ ਸਾਨੂੰ ਆਪਣੇ ਆਪ ਵੱਲ ਕੇਂਦਰਿਤ ਹੋਣਾ ਪਵੇਗਾ। ਕਿਉਂਕਿ ਕਾਮਯਾਬੀ ਇਨਸਾਨ ਆਪਣੇ ਆਪ ਵੱਲ ਕੇਂਦਰਿਤ ਹੋ ਕੇ ਹੀ ਪ੍ਰਾਪਤ ਕਰ ਸਕਦਾ ਹੈ। ਬਹੁਤ ਸਾਰੇ ਪ੍ਰਸਿੱਧ ਵਿਗਿਆਨੀ, ਲੇਖਕ, ਟੀਚਰ ਮੋਟੀਵੇਸ਼ਨਲ ਸਮੀਕਰਨ, ਆਸ-ਪਾਸ ਦੇ ਲੋਕ ਤੁਹਾਨੂੰ ਅੱਗੇ ਵੱਧਣ ਅਤੇ ਜ਼ਿੰਦਗੀ ਵਿੱਚ ਕੁੱਝ ਬਣਨ ਦੀਆਂ ਉਦਾਹਰਣਾਂ ਦਿੰਦੇ ਹਨ। ਪਰ ਇਕ ਗੱਲ ਯਾਦ ਰੱਖੋ। ਦੂਸਰਾ ਮਿਲਖਾ ਸਿੰਘ ਦੁਬਾਰਾ ਨਹੀਂ ਪੈਦਾ ਹੋਵੇਗਾ। ਇਸ ਲਈ ਮਿਲਖਾ ਸਿੰਘ ਬਣਨ ਤੋਂ ਪਹਿਲਾਂ ਸੋਚੋ। ਮਿਲਖਾ ਸਿੰਘ ਕਰੋੜਾਂ ਵਿੱਚੋਂ ਇਕ ਸੀ। ਕੀ ਮੈਂ ਕਰੋੜਾਂ ਵਿੱਚੋਂ ਇਕ ਬਣਨ ਦੀ ਹਿੰਮਤ ਕਰ ਸਕਦਾ ਹਾਂ? ਉਦਾਹਰਣ ਦੇ ਤੌਰ ’ਤੇ ਇਕ ਵਾਰ ਸਚਿਨ ਨੂੰ ਭਾਰਤੀ ਟੀਮ ਦਾ ਕੈਪਟਨ ਬਣਨ ਲਈ ਕਿਹਾ ਗਿਆ। ਉਸ ਨੇ ਕਿਸੇ ਹੋਰ ਖਿਡਾਰੀ ਨੂੰ ਕੈਪਟਨ ਦੇ ਤੌਰ ’ਤੇ ਚੁਣਨ ਲਈ ਕਿਹਾ। ਕਿਉਂਕਿ ਉਹ ਸਵੈ ਕੇਂਦਰਿਤ ਸੀ। ਉਹ ਜਾਣਦਾ ਸੀ ਕਿ ਮੈਂ ਮਹਾਨ ਬੱਲੇਬਾਜ਼ ਬਣ ਸਕਦਾ ਹਾਂ, ਪਰ ਇੱਕ ਕੈਪਟਨ ਨਹੀਂ। ਸੋ ਅਸੀਂ ਵੀ ਸਵੈ ਕੇਂਦਰਿਤ ਹੋ ਕੇ ਆਪਣੇ ਆਪ ਨੂੰ ਜਾਣ ਕੇ ਜਿੱਤ ਤੋਂ ਹਾਰ ਵੱਲ ਜਾਣ ਦੀ ਬਜਾਏ। ਨਿੱਕੀਆਂ-ਨਿੱਕੀਆਂ ਜਿੱਤਾਂ ਤੋਂ ਵੱਡੀ ਜਿੱਤ ਵੱਲ ਅੱਗੇ ਵਧੀਏ। ਇਨਸਾਨ ਖੁਦ ਆਪਣੇ ਆਪ ਨੂੰ ਜਿਨਾਂ ਜਾਣ ਸਕਦਾ ਹੈ, ਓਨਾਂ ਕੋਈ ਨਹੀਂ। ਬੱਸ ਸਹੀ ਗਲਤ ਦੀ ਪਰਖ ਕਰਨੀ ਸਿੱਖਣੀ ਪਵੇਗੀ। ਅਣਥੱਕ ਮਿਹਨਤ ਕਰਕੇ ਅੱਗੇ ਵੱਧਣਾ ਪਵੇਗਾ।