April 25, 2026 12:33 pm

ਦੂਰ-ਅੰਦੇਸ਼ ਧੀਰਜਵਾਨ ਸਖਸ਼ੀਅਤ : ਸੰਤ ਹਰਚੰਦ ਸਿੰਘ ਲੌਂਗੋਵਾਲ

ਪੰਜਾਬ ਦੀ ਸਿਆਸਤ ਦੇ ਧੁਰਾ ਰਹੇ ਸੰਤ ਹਰਚੰਦ ਸਿੰਘ ਲੌਂਗੋਵਾਲ ਪੰਜਾਬ ਦੇ ਆਰਥਿਕ, ਧਾਰਮਿਕ ਤੇ ਸਮਾਜਿਕ ਤੇ ਰਾਜਨੀਤਿਕ ਹਿਤਾਂ ਦੇ ਅਲੰਬਰਦਾਰ ਸਨ। ਉਹ ਬਹੁਤ ਧੀਰਜ, ਸਾਊ ਤੇ ਧਰਮੀ ਪੁਰਸ਼ ਸਨ। ਆਪ ਦਾ ਜਨਮ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿਚ ਪਿੰਡ ਗਿਦੜਿਆਨੀ ਦੇ ਕਿਸਾਨ ਸ. ਮਣਸ਼ਾ ਸਿੰਘ ਦੇ ਘਰ ਬੀਬੀ ਮਾਨ ਕੌਰ ਜੀ ਦੀ ਕੁੱਖੋਂ 2 ਜਨਵਰੀ 1932 ਨੂੰ ਹੋਇਆ। ਆਪ ਚਾਰ ਭੈਣ ਭਰਾਵਾਂ ’ਚੋਂ ਸਭ ਤੋਂ ਛੋਟੇ ਸਨ। ਆਪ ਦਾ ਸਾਰਾ ਪਰਿਵਾਰ ਧਾਰਮਿਕ ਬਿਰਤੀ ਵਾਲਾ ਸੀ।
ਸੰਤ ਜੋਧ ਸਿੰਘ ਤੋਂ ਸੰਤ ਹਰਚੰਦ ਸਿੰਘ ਨੇ ਧਾਰਮਿਕ, ਰਾਜਨੀਤਿਕ ਤੇ ਅਧਿਆਤਮਕ ਸਿੱਖਿਆ ਗ੍ਰਹਿਣ ਕੀਤੀ। ਇਨ੍ਹਾਂ ਦੇ ਜੀਵਨ ਨੂੰ ਸੰਵਾਰਨ ਤੇ ਤਰਾਸ਼ਣ ਵਾਲੇ ਸੰਤ ਜੋਧ ਸਿੰਘ ਹੀ ਸਨ। ਸੰਤ ਜੋਧ ਸਿੰਘ ਤੋਂ ਆਪ 10 ਸਾਲ ਗੁਰਮਤਿ, ਗੁਰਬਾਣੀ ਸ਼ਬਦ ਕੀਰਤਨ ਦਾ ਗਿਆਨ ਹਾਸਲ ਕਰ ਲਹਿਲ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਗੰਡਾ ਸਿੰਘ ਨਾਲ ਕਥਾ, ਕੀਰਤਨ ਦੀ ਸੇਵਾ ਵੀ ਕਰਦੇ ਰਹੇ। 1947 ਵਿਚ ਆਪ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਪ੍ਰਾਪਤ ਕੀਤੀ। 1948 ਈ. ਨੂੰ ਗਿਆਨੀ ਹਰਨਾਮ ਸਿੰਘ ਦੇ ਪਰਿਵਾਰ ਵੱਲੋਂ ਬੇਨਤੀ ਕਰਨ ‘ਤੇ ਹੀਰੋ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਸੰਗਤਾਂ ਦੇ ਪ੍ਰੇਮ ਪਿਆਰ ਦੇ ਬੱਧੇ ਚਾਰ ਸਾਲ ਤੋਂ ਵੱਧ ਸਮਾਂ ਕਥਾ/ਕੀਰਤਨ ਕਰਦੇ ਰਹੇ।1953 ਈ. ਵਿਚ ਕੇਂਦਰ ਸਰਕਾਰ ਵੱਲੋਂ ਪੈਪਸੂ ਦੀ ਵਜਾਰਤ ਤੋੜ ਦੇਣ ਸਮੇਂ ਅਕਾਲੀ ਮੋਰਚੇ ਵਿਚ ਸੰਤ ਹਰਚੰਦ ਸਿੰਘ ਇਕ ਵੱਡੇ ਜਥੇ ਸਮੇਤ ਗ੍ਰਿਫਤਾਰ ਹੋ ਕੇ 3 ਮਹੀਨੇ ਫਰੀਦਕੋਟ ਜੇਲ੍ਹ ਵਿਚ ਕੈਦ ਰਹੇ।
1953 ਈ. ਵਿਚ ਸੰਤ ਜੀ ਨੇ ਹੀਰੋ ਕਲਾਂ ਤੋਂ ਚੱਲ ਕੇ ਗੁਰਦੁਆਰਾ ਭਾਈ ਮਨੀ ਸਿੰਘ ਜੀ ਸ਼ਹੀਦ ਲੌਂਗੋਵਾਲ ਦੀ ਸੇਵਾ ਪ੍ਰਾਪਤ ਕਰ ਲਈ। ਇੱਥੇ ਕਥਾ/ਕੀਰਤਨ ਦੇ ਨਾਲ ਪੰਥਕ ਤੇ ਰਾਜਨੀਤਿਕ ਸਰਗਰਮੀਆਂ ਅੱਗੇ ਨਾਲੋਂ ਵੀ ਤੇਜ਼ ਹੋ ਗਈਆਂ। 1955 ਵਿਚ ਮਾਸਟਰ ਤਾਰਾ ਸਿੰਘ ਵੱਲੋਂ ਪੰਜਾਬੀ ਸੂਬੇ ਦੇ ਲਗਾਏ ਗਏ ਪਹਿਲੇ ਮੋਰਚੇ ਵਿਚ ਨਾ ਸਿਰਫ ਸਰਗਰਮ ਹਿੱਸਾ ਹੀ ਲਿਆ ਸਗੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮਾਂ ਨੂੰ ਲਾਗੂ ਕਰਵਾਉਣ ਲਈ ਸਿਰਤੋੜ ਜਤਨ ਕਰਦਿਆਂ ਆਪ ਨੂੰ ਗ੍ਰਿਫਤਾਰ ਕਰਕੇ ਹਿਸਾਰ ਜ਼ੇਲ੍ਹ ਭੇਜ ਦਿੱਤਾ ਗਿਆ। ਮੋਰਚਾ ਦੋ ਮਹੀਨੇ ਚੱਲਿਆ। ਕਰੀਬ 12000 ਤੋਂ ਵੱਧ ਅਕਾਲੀ ਵਰਕਰ ਗ੍ਰਿਫਤਾਰ ਕੀਤੇ ਗਏ। ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਉਪਰੰਤ ਮੋਰਚਾ ਸਮਾਪਤ ਕੀਤਾ ਗਿਆ। 1960 ਵਿਚ ਮਾਸਟਰ ਤਾਰਾ ਸਿੰਘ ਨੇ ਫਿਰ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਤਾਂ ਇਸ ਸਮੇਂ ਪੰਥਕ ਕਨਵੈਨਸ਼ਨ ਸਦੀ ਗਈ। ਸੰਤ ਜੀ ਸੰਬੋਧਨ ਕਰਕੇ ਬਾਹਰ ਆਏ, ਤਾਂ ਉਨ੍ਹਾਂ ਨੂੰ ਮੁੜ ਗ੍ਰਿਫਤਾਰ ਕਰ ਲਿਆ ਗਿਆ। ਅਖੀਰ ਪਹਿਲੀ ਨਵੰਬਰ 1966 ਨੂੰ ਭਾਸ਼ਾ ਦੇ ਅਧਾਰ ’ਤੇ ਪੰਜਾਬ ਸੂਬਾ ਹੋਂਦ ਵਿਚ ਆਇਆ। 1960 ਵਿਚ ਮਾਸਟਰ ਤਾਰਾ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਚੋਣ ਸੰਗਰੂਰ ਤੋਂ ਲੜਨ ਲਈ ਸੰਤ ਹਰਚੰਦ ਸਿੰਘ ਨੂੰ ਪੇਸ਼ਕਸ਼ ਕੀਤੀ ਪਰ ਉਨ੍ਹਾਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਤੇ ਸੰਗਰੂਰ ਦੇ ਜਨਰਲ ਸਕੱਤਰ ਸ. ਕਰਤਾਰ ਸਿੰਘ ਦਰਵੇਸ਼ ਨੂੰ ਨਾ ਸਿਰਫ ਟਿਕਟ ਹੀ ਦਿਵਾਈ ਸਗੋਂ ਉਸ ਦੀ ਜਿੱਤ ਦੇ ਝੰਡੇ ਵੀ ਝੁਲਾਏ।
ਗੁਰੂ ਕਾਂਸ਼ੀ ਸ੍ਰੀ ਦਮਦਮਾ ਸਾਹਿਬ ਨੂੰ ਤਖ਼ਤ ਸਾਹਿਬ ਹੋਣ ਦਾ ਐਲਾਨ 1963 ਈ. ਨੂੰ ਵੈਸਾਖੀ ਮੌਕੇ ਕਰਨ ਦਾ ਫੈਸਲਾ ਹੋਇਆ। ਪੰਥਕ ਲੀਡਰਾਂ ਵਿਚ ਮਤਭੇਦ ਹੋਣ ਦੇ ਬਾਵਜੂਦ ਸਾਰੀਆਂ ਪੰਥਕ ਧਿਰਾਂ, ਸੰਤਾਂ-ਮਹਾਂਪੁਰਸ਼ਾਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਪਹਿਲੇ ਜੱਥੇਦਾਰ ਨਿਯੁਕਤ ਕੀਤਾ ਗਿਆ। ਉਸ ਸਮੇਂ ਪੰਥ ਦੇ ਇਸ ਨਿਸ਼ਕਾਮ ਸੇਵਕ ਨੇ ਸਿੱਖ ਕੌਮ ਨੂੰ ਜਥੇਬੰਦ ਕਰਨ ਵਿਚ ਵੱਡੀ ਭੂਮਿਕਾ ਨਿਭਾਈ। ਏਸੇ ਸਮੇਂ ਦਰਮਿਆਨ ਜੱਥੇਦਾਰ ਬਾਬਾ ਹਰਭਜਨ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਗੁਰਦੁਆਰਾ ਪਾਉਂਟਾ ਸਾਹਿਬ ਦਾ ਪ੍ਰਬੰਧ ਸੰਭਾਲ ਲਿਆ। ਹਿਮਾਚਲ ਪੁਲਿਸ ਨੇ ਮਹੰਤ ਦੀ ਹਮਾਇਤ ਕਰਦਿਆਂ 22 ਮਈ 1964 ਨੂੰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਕਰਕੇ ਗਿਆਰਾਂ ਸਿੰਘ ਸ਼ਹੀਦ ਕਰ ਦਿੱਤੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਫਤਹਿ ਸਿੰਘ ਨੇ ਪੰਜ ਸਿੰਘ ਪਹਿਲੇ ਜੱਥੇ ਵਿਚ ਜਾਣ ਲਈ ਚੁਣੇ। ਉਸ ਜਥੇ ਵਿਚ ਸੰਤ ਹਰਚੰਦ ਸਿੰਘ ਦਾ ਨਾਮ ਵੀ ਸੀ। ਉਨ੍ਹਾਂ ਇਸ ਜਥੇ ਨਾਲ ਗ੍ਰਿਫਤਾਰੀ ਦੇਣ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜੱਥੇਦਾਰੀ ਤੋਂ ਅਸਤੀਫਾ ਦੇ ਦਿੱਤਾ। ਜਥੇਦਾਰ ਜਗੀਰ ਸਿੰਘ ਪੂਹਲਾ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਦੂਸਰੇ ਜੱਥੇਦਾਰ ਵਜੋਂ ਸੇਵਾ ਸੌਪੀ ਗਈ।
9 ਫਰਵਰੀ 1969 ਨੂੰ ਸੰਤ ਜੀ ਨੇ ਪੰਥ ਦਾ ਹੁਕਮ ਮੰਨ ਕੇ ਅਸੈਂਬਲੀ ਚੋਣਾਂ ਵਿਚ ਲਹਿਰਾਗਾਗਾ, ਸੰਗਰੂਰ ਤੋਂ ਚੋਣ ਲੜੀ ਤੇ ਪੈਪਸੂ ਦੇ ਰਹਿ ਚੁੱਕੇ ਕਾਂਗਰਸ ਦੇ ਮੁੱਖ ਮੰਤਰੀ ਬਾਬੂ ਬ੍ਰਿਸ਼ ਭਾਨ ਨੂੰ ਪਹਿਲੀ ਵਾਰ ਹਾਰ ਦਾ ਸੁਆਦ ਚਖਾਇਆ। 25 ਜੂਨ 1975 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਰਾਏ ਬਰੇਲੀ ਲੋਕ ਸਭਾ ਹਲਕੇ ਦੀ ਚੋਣ ਅਲਾਹਾਬਾਦ ਹਾਈ ਕੋਰਟ ਵੱਲੋਂ ਰੱਦ ਹੋਣ ‘ਤੇ ਇੰਦਰਾ ਗਾਂਧੀ ਨੇ ਅਸਤੀਫਾ ਨਾ ਦਿੱਤਾ ਤੇ ਦੇਸ਼ ਵਿਚ ਐਮਰਜੈਂਸੀ ਲਗਾ ਦਿੱਤੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬੁਨਿਆਦੀ ਹੱਕਾਂ ਦੀ ਖਾਤਰ ਐਮਰਜੈਂਸੀ ਵਿਰੁੱਧ ਮੋਰਚਾ ਲਗਾ ਦਿੱਤਾ ਗਿਆ। ਜੱਥੇਦਾਰ ਮੋਹਨ ਸਿੰਘ ਤੁੜ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਮੋਰਚੇ ਦੇ ਸੰਚਾਲਕ ਸਨ, ਉਹ ਮੋਰਚੇ ਦੀ ਵਾਗਡੋਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਦੇ ਕੇ ਆਪ ਗ੍ਰਿਫਤਾਰ ਹੋ ਗਏ। ਸੰਤ ਜੀ ਨੇ ਪੰਥ ਤੇ ਗੁਰੂ ਘਰ ਵੱਲੋਂ ਮਿਲੀ ਮੋਰਚੇ ਦੀ ਸੇਵਾ ਨੂੰ 19 ਮਹੀਨੇ ਜਾਰੀ ਰੱਖਿਆ। ਅਖੀਰ ਐਮਰਜੈਂਸੀ ਤੋੜ ਕੇ 18 ਜਨਵਰੀ 1977 ਨੂੰ ਇੰਦਰਾ ਗਾਂਧੀ ਨੇ ਲੋਕ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ। 22 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋਰਚਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ।
ਇਸੇ ਦੌਰਾਨ ਹੀ 1979 ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਤਾਂ ਸਿੱਖ ਧਰਮ ਨੂੰ ਪਰਣਾਈ ਹੋਈ ਸ਼ਖ਼ਸੀਅਤ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਵੀ ਮੈਂਬਰ ਕੋ-ਆਪਟਡ ਕਰ ਕੇ ਸ਼੍ਰੋਮਣੀ ਕਮੇਟੀ ਦਾ ਸੀਨੀਅਰ ਮੀਤ ਪ੍ਰਧਾਨ ਚੁਣ ਲਿਆ ਗਿਆ। ਧਰਮ ਪ੍ਰਚਾਰ ਹਿਤ ਆਪ ਨੇ ਦੇਸ਼-ਵਿਦੇਸ਼ ਜਾ ਕੇ ਥਾਂ-ਥਾਂ ਗੁਰਮਤਿ ਦਾ ਪ੍ਰਚਾਰ ਕੀਤਾ। ਜਿੱਥੇ ਆਪ ਹਾਰਮੋਨੀਅਮ ਵਜਾਉਂਦੇ ਸਨ ਉਥੇ ਨਾਲ ਭਾਈ ਗੋਬਿੰਦ ਸਿੰਘ ਲੌਂਗੋਵਾਲ ਤਬਲੇ ਦੀ ਸੇਵਾ ਨਿਭਾਉਂਦੇ ਰਹੇ। ਸੰਤ ਜੀ ਕਥਾ ਕੀਰਤਨ ਉਪਰੰਤ ਇਕੱਠੀ ਹੋਈ ਮਾਇਆ ਗੁਰਦੁਆਰਾ ਸਾਹਿਬ ਨੂੰ ਭੇਟਾ ਕਰ ਦਿੰਦੇ ਸਨ। ਸੰਤ ਲੌਂਗੋਵਾਲ ਕਈ ਵਾਰ ਪੰਜ ਪਿਆਰੇ ਸਾਹਿਬਾਨ ਵਿਚ ਸ਼ਾਮਲ ਹੋ ਕੇ ਅੰਮ੍ਰਿਤ ਸੰਚਾਰ ਦੀ ਸੇਵਾ ਵੀ ਨਿਭਾਉਂਦੇ ਰਹੇ।
20 ਅਗਸਤ 1980 ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਗਿਆ। ਕੇਂਦਰੀ ਸਰਕਾਰ ਵੱਲੋਂ ਸਿੱਖ ਧਰਮ ਵਿਚ ਕੀਤੀ ਜਾਂਦੀ ਦਖਲ ਅੰਦਾਜ਼ੀ ਤੇ ਵਿਤਕਰਿਆਂ ਵਿਰੁੱਧ ਜੋ 26 ਜੁਲਾਈ 1981 ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਅੰਮ੍ਰਿਤਸਰ ਵਿਚ ਜੋ ਵਿਸ਼ਵ ਸਿੱਖ ਧਰਮ ਕਨਵੈਂਸ਼ਨ ਹੋਈ ਉਸ ਦੀ ਅਗਵਾਈ ਕੀਤੀ।ਕੇਂਦਰੀ ਸਰਕਾਰ ਵੱਲੋਂ ਦਰਿਆਈ ਪਾਣੀਆਂ ਬਾਰੇ ਜੋ ਫੈਸਲਾ ਦਿੱਤਾ ਗਿਆ ਸੀ ਉਸ ਨੂੰ ਅਕਾਲੀ ਦਲ ਨੇ ਰੱਦ ਕਰ ਦਿੱਤਾ। ਪਰ ਜ਼ਿੱਦ ਵਿਚ ਇੰਦਰਾ ਗਾਂਧੀ ਨੇ ਸਤਲੁਜ ਜਮਨਾ ਲਿੰਕ ਨਹਿਰ ਦਾ ਨੀਂਹ ਪੱਥਰ 8 ਅਪ੍ਰੈਲ 1982 ਨੂੰ ਹਰਿਆਣਾ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਰੱਖ ਦਿੱਤਾ। ਅਕਾਲੀ ਦਲ ਨੇ ਪੰਜਾਬ ਦੇ ਖੋਹੇ ਜਾ ਰਹੇ ਪਾਣੀਆਂ ਦੀ ਵੰਡ ਵਿਰੁੱਧ ਕਪੂਰੀ ਵਿਖੇ ਮੋਰਚਾ ਲਾ ਦਿੱਤਾ। 26 ਜੁਲਾਈ 1982 ਨੂੰ ਸੰਤ ਹਰਚੰਦ ਸਿੰਘ ਨੇ ਕਪੂਰੀ ਮੋਰਚਾ ਅੰਮ੍ਰਿਤਸਰ ਤਬਦੀਲ ਕਰ ਦਿੱਤਾ। 4 ਅਗਸਤ ਨੂੰ ਇਹ ਮੋਰਚਾ ਧਰਮ ਯੁੱਧ ਮੋਰਚੇ ਵਿਚ ਤਬਦੀਲ ਹੋ ਗਿਆ। 4 ਜੂਨ 1984 ਦੀ ਰਾਤ ਨੂੰ ਸ੍ਰੀ ਦਰਬਾਰ ਸਾਹਿਬ ਅੰਦਰ ਫ਼ੌਜ ਟੈਂਕਾਂ ਸਮੇਤ ਦਾਖਲ ਹੋ ਗਈ। ਸੈਂਕੜੇ ਸਿੰਘ ਸਿੰਘਣੀਆਂ ਸ਼ਹੀਦ ਕਰ ਦਿੱਤੇ ਗਏ। ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਗ੍ਰਿਫਤਾਰ ਕਰਕੇ ਕੌਮੀ ਸੁਰੱਖਿਆ ਐਕਟ ਅਧੀਨ ਉਦੈਪੁਰ ਰਾਜਸਥਾਨ ਜੇਲ੍ਹ ਵਿਚ ਨਜ਼ਰਬੰਦ ਕਰ ਦਿੱਤਾ। ਨਜ਼ਰਬੰਦੀ ਦੌਰਾਨ ਉਨ੍ਹਾਂ ਨੇ ਕਿਸੇ ਵੀ ਕੇਂਦਰੀ ਮੰਤਰੀ ਨਾਲ ਗੱਲਬਾਤ ਕਰਨ ਦੀ ਹਾਮੀ ਨਾ ਭਰੀ। 13 ਮਾਰਚ 1985 ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਤੇ ਹੋਰ ਅਕਾਲੀ ਵਰਕਰ ਰਿਹਾਅ ਕਰ ਦਿੱਤੇ ਗਏ। ਧਰਮ ਯੁਧ ਮੋਰਚੇ ਸਮੇਂ ਮੈਨੂੰ ਸੰਤ ਜੀ ਨੂੰ ਨੇੜੇ ਹੋ ਕੇ ਵੇਖਣ ਦਾ ਸਮਾਂ ਮਿਲਿਆ, ਮੇਰਾ ਦਫਤਰ ਉਨ੍ਹਾਂ ਦੇ ਨਜਦੀਕ ਸੀ। ਅਕਸਰ ਰੋਜਾਨਾ ਇਕ ਦੋ ਵਾਰ ਮੁਲਾਕਾਤ ਹੋ ਜਾਂਦੀ ਸੀ।
ਜੇਲ੍ਹ ਤੋਂ ਰਿਹਾ ਹੋਣ ਉਪਰੰਤ ਸੰਤ ਜੀ ਫੌਜੀ ਕਾਰਵਾਈ ਦੌਰਾਨ ਸ਼ਹੀਦ ਸਿੰਘਾਂ ਦੇ ਘਰੋ-ਘਰੀਂ ਗਏ ਤੇ ਹਮਦਰਦੀ ਪ੍ਰਗਟ ਕੀਤੀ। 24 ਜੁਲਾਈ 1985 ਨੂੰ ਪੰਜਾਬ ਦੀਆਂ ਮੰਗਾਂ ਸਬੰਧੀ ਰਾਜੀਵ-ਲੌਂਗੋਵਾਲ ਸਮਝੌਤਾ ਹੋਇਆ। ਪ੍ਰੋ. ਪ੍ਰਿਥੀਪਾਲ ਸਿੰਘ ਕਪੂਰ ਇਸ ਸਮਝੌਤੇ ਬਾਰੇ ਲਿਖਦੇ ਹਨ ਉਧਰਮ ਯੁੱਧ ਮੋਰਚੇ ਦੌਰਾਨ, ਗਰਮ ਖ਼ਿਆਲੀ ਸਿਆਸਤ ਦੇ ਉਥਾਨ ਨੂੰ ਜਿਸ ਤਹੱਮਲ ਅਤੇ ਜੇਰੇ ਨਾਲ ਸੰਤ ਹਰਚੰਦ ਸਿੰਘ ਨੇ ਪੰਥਕ ਮੁੱਖ ਧਾਰਾ ਨਾਲ ਸਿੱਧੇ ਟਕਰਾਅ ਤੋਂ ਬਚਾਈ ਰੱਖਿਆ, ਉਹ ਸਿੱਖ ਇਤਿਹਾਸ ਦੀ ਇਕ ਨਿਵੇਕਲੀ ਅਤੇ ਮਹੱਤਵਪੂਰਨ ਵਿਥਿਆ ਬਣੀ ਰਹੇਗੀ। 1984 ਈ. ਵਿਚ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਅਤੇ ਸਮੁੱਚੇ ਭਾਰਤ ਵਿਚ ਸਿੱਖਾਂ ਦੇ ਕਤਲ-ਏ-ਆਮ ਉਪਰੰਤ ਪੰਥ ਵਿਚ ਪਸਰੀ ਨਿਰਾਸਤਾ ਅਤੇ ਬੇਦਿਲੀ ਦੀ ਹਾਲਤ ਵਿਚੋਂ ਸਿੱਖ ਜਨ-ਸਮੂੰਹ ਨੂੰ ਕੱਢਣ ਲਈ ਭਾਰਤ ਦੇ ਤਤਕਾਲ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਆਪਣੇ ਆਪ ਨੂੰ ਜੋਖਮ ਵਿਚ ਪਾ ਕੇ ਗੱਲ ਬਾਤ ਅਤੇ ਸਮਝੌਤਾ ਕਰਨ ਦਾ ਜੋ ਹੌਂਸਲਾ ਸੰਤ ਲੌਂਗੋਵਾਲ ਨੇ ਕੀਤਾ, ਉਹ ਵੀ ਵਰਤਮਾਨ ਸਿੱਖ ਇਤਿਹਾਸ ਦੀਆਂ ਪੇਚੀਦਗੀਆਂ ਦੇ ਸਨਮੁੱਖ ਕੌਮ ਨੂੰ ਰਸਾਤਲ ਵਿਚੋਂ ਕੱਢਣ ਦਾ ਇੱਕ ਵੱਡਾ ਹੰਭਲਾ ਸੀ।ੂ ਰਾਜਨੀਤਕ ਮਹਾਂਰੱਥੀਆਂ ਨੇ ਇਸ ਸਮਝੌਤੇ ਨੂੰ ਅਮਲੀ ਰੂਪ ਦੇਣ ਵਿੱਚ ਕਈ ਅਜਿਹੇ ਅੜਿਕੇ ਡਾਹੇ ਕਿ ਇਹ ਸਮਝੌਤਾ ਬੰਦ ਬਸਤਾ ਬਣ ਕੇ ਰਹਿ ਗਿਆ। 20 ਅਗਸਤ 1985 ਵਾਲੇ ਦਿਨ ਗੁਰਦੁਆਰਾ ਸ੍ਰੀ ਅਕਾਲਗੜ੍ਹ, ਸ਼ੇਰਪੁਰ ਜ਼ਿਲ੍ਹਾ ਸੰਗਰੂਰ ਵਿਖੇ ਸੰਤ ਹਰਚੰਦ ਸਿੰਘ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਸੰਤ ਜੀ ਦੀਆਂ ਕੌਮ, ਦੇਸ਼, ਪੰਜਾਬ ਪ੍ਰਤੀ ਕੀਤੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ।

Send this to a friend