ਖ਼ਬਰ ਹੈ ਕਿ ਰਾਜਸਥਾਨ ਵਿਚ ਪਾਰਟੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਡੀਲ ਉਤੇ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਹਮਲਾ ਬੋਲਿਆ ਹੈ। ਰਾਫੇਲ ਡੀਲ ਨੂੰ ਸਭ ਤੋਂ ਵਡਾ ਘੁਟਾਲਾ ਦਸਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ 45 ਹਜ਼ਾਰ ਕਰੋੜ ਦੇ ਕਰਜ਼ਦਾਰ ਅਨਿਲ ਅੰਬਾਨੀ ਨੂੰ ਆਖਿਰ ਇਹ ਸੌਦਾ ਮਿਲਿਆ ਕਿਵੇਂ, ਜਦਕਿ ਉਹਨਾ ਦੀ ਕੰਪਨੀ 10 ਦਿਨ ਪਹਿਲਾ ਹੀ ਬਣੀ ਅਤੇ ਉਸਨੂੰ ਜਹਾਜ਼ ਬਨਾਉਣ ਦਾ ਕੋਈ ਤਜ਼ੁਰਬਾ ਨਹੀਂ। ਯਾਦ ਰਹੇ ਕਾਂਗਰਸ ਸਰਕਾਰ ਵੇਲੇ ਕੀਤੀ ਡੀਲ ਸਮੇਂ ਰਾਫੇਲ ਜ਼ਹਾਜ਼ ਦੀ ਕੀਮਤ 540 ਕਰੋੜ ਰੁਪਏ ਪ੍ਰਤੀ ਜਹਾਜ਼ ਸੀ ਜਦਕਿ ਮੋਦੀ ਨੇ 1600 ਕਰੋੜ ਰੁਪਏ ਪ੍ਰਤੀ ਜਹਾਜ਼ ਖਰੀਦਿਆ ਹੈ।
ਨੀਰਵ ਮੋਦੀ ਨੇ 11600 ਕਰੋੜੀ ਠਗੀ ਮਾਰੀ, ਔਹ ਗਿਆ, ਔਹ ਗਿਆ। ਟੂ-ਜੀ ਸਕੇਮ ‘ਚ ਏ.ਰਾਜਾ, ਕਾਨੀਮੋਜ਼ੀ ਨੇ 1,76,000 ਕਰੋੜ ਡਕਾਰੇ, ਜੇਲ੍ਹ ਦੀ ਕੁਝ ਮਹੀਨੇ ਹਵਾ ਖਾਧੀ, ਹੁਣ ਜ਼ਮਾਨਤ ਕਰਾਕੇ ਸਿਆਸੀ ਮੌਜਾਂ ਮਾਰ ਰਹੇ ਆ। ਮਾਲਿਆ ਨੇ ਢਿਡ ਭਰਕੇ ਨਕੋ-ਨਕ ਮਾਲ ਖਾਧਾ, ਹੁਣ ਇੰਗਲੈਂਡ ‘ਚ ਐਸ਼ਾਂ ਕਰ ਰਿਹਾ। ਹਵਾਲਾ ਸਕੈਂਡਲ, ਤਾਜ ਕਾਰੀਡੌਰ, ਵਕਫ ਬੋਰਡ ਸਕੈਂਡਲ, ਤੈਲਗੀ ਘੁਟਾਲਾ, 10.7 ਲਖ ਕਰੋੜੀ ਕੌਲਗੇਟ ਘੁਟਾਲਾ, 70,000ਕਰੋੜ ਦਾ ਕਾਮਨਵੈਲਥ ਖੇਡਾਂ ਦਾ ਘੁਟਾਲਾ,ਸਭ ਉਪਰਲਿਆਂ ਦੀ ਕਿਰਪਾ ਆ ਜੀ। ਲਾਲੂ ਦਾ ਚਾਰਾ ਘੁਟਾਲਾ ਭਲਾ ਕੀਹਨੂੰ ਭੁਲੂ? ਐਨਾ ਚਾਰਾ ਖਾਧਾ, ਐਨਾ ਚਾਰਾ ਖਾਧਾ ਕਿ ਹਦ ਹੀ ਕਰਾਤੀ। ਤੇ ਲਉ ਸੁਣ ਲਉ, ਨਾ ਖਾਵਾਂਗੇ ਨਾ ਖਾਣ ਦੇਵਾਂਗੇ, ਵਾਲੇ ਵੀ ਆਪਣੇ ਤੇ ਇਲਜ਼ਾਮ ਲੁਆ ਬੈਠੈ। ਚਿਟੇ ਦੁਧ ਕੁੜਤੇ ਤੇ ਗੰਦੇ ਨੀਲੇ-ਪੀਲੇ ਦਾਗ ਪੁਆ ਬੈਠੈ। ਕੀ ਕਰਨ ਵਿਚਾਰੇ, ਉਪਰੋਂ ਆ ਗਈਆਂ ਚੋਣਾਂ। ਚੋਣਾਂ ‘ਚ ਚਾਹੀਦੇ ਆ ਦਮੜੇ। ਇਧਰੋਂ ਤਾਂ ਹੁਣ ਮਿਲਣੇ ਨਹੀਂ, ਸੋਚਿਆ ਫਰਾਂਸੋਂ ਲੈ ਆਉਨੇ ਆਂ। ਜਹਾਜ਼ ਦੇ ਪੁਰਜਿਆਂ ‘ਤੇ ਸੋਨੇ ਦੀ ਝਾਲ ਫਿਰਾਕੇ ਸੋਨਾ ਆਖ ਦਿੰਨੇ ਆ। ਸਭ ਚਲਦਾ ਭਾਈ। ਬੇਬਸ ਆ ਨੇਤਾ। ਸਭੋ ਕੁਝ ਕੁਰਸੀ ਲਈ ਕਰਨਾ ਪੈਂਦਾ। ਪੈਸਾ ਟਕਾ ਕਮਾਉਣਾ ਪੈਂਦਾ। ਕੁਰਸੀ ਪ੍ਰਾਪਤੀ ਲਈ ਫਿਰ ਇਹ ਪੈਸਾ ਲਾਉਣਾ ਪੈਂਦਾ। ਤਦੇ ਕਵੀ ਕਹਿੰਦਾ ਆ, ਠਨੇਤਾ ਮਾਰਕੇ ਠਿਬੀਆਂ ਕੁਰਸੀਆਂ ਲਈ ਹਿਸੇ ਭਾਲਦੇ ਹਰ ਸਰਕਾਰ ਵਿਚੋਂਠ।
ਸਚੀ ਗਲ ਮੇਰੀ ਪਰ ਸੁਣਕੇ ਤੂੰ
ਵੇਖੀਂ ਹੋ ਨਾ ਜਾਈਂ ਨਾਰਾਜ਼ ਮੀਆਂ
ਖ਼ਬਰ ਹੈ ਕਿ ਅਮਰੀਕਾ ਦੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਊਰਿਟੀ ਵਲੋਂ ਜਾਰੀ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੰਨ 2017 ਵਿਚ 10.7 ਲਖ ਤੋਂ ਵਧ ਭਾਰਤੀ ਬੀ-1 ਅਤੇ ਬੀ-2 ਵੀਜ਼ਿਆਂ ‘ਤੇ ਅਮਰੀਕਾ ਆਏ ਸਨ। ਇਹ ਵੀਜ਼ੇ ਘੁੰਮਣ-ਫਿਰਨ ਦੇ ਮਕਸਦ ਨਾਲ ਦਿਤੇ ਜਾਂਦੇ ਹਨ। ਰਿਪੋਰਟ ਮੁਤਾਬਿਕ 14,204 ਮਿਆਦ ਖਤਮ ਹੋਣ ਬਾਅਦ ਵੀ ਅਮਰੀਕਾ ‘ਚ ਰਹਿ ਰਹੇ ਹਨ। ਇਹਨਾ ਵਿਚੋਂ 1708 ਭਾਰਤੀ ਬਾਅਦ ਵਿਚ ਵਾਪਸ ਰਵਾਨਾ ਹੋ ਗਏ ਹਨ ਜਦਕਿ 12,498 ਭਾਰਤੀਆਂ ਦਾ ਕੋਈ ਅਤਾ-ਪਤਾ ਨਹੀਂ ਹੈ। ਇਸੇ ਤਰ੍ਹਾਂ 2016 ‘ਚ 15,723 ਭਾਰਤੀ ਲਾਪਤਾ ਹੋ ਗਏ ਸਨ। ਰਿਪੋਰਟ ਮੁਤਾਬਿਕ ਸੰਨ 2017 ਵਿਚ 1,27,435 ਭਾਰਤੀ ਵਿਦਿਆਰਥੀ ਅਤੇ ਰਿਸਰਚ ਸਕਾਲਰ ਵੀਜ਼ਿਆਂ ਤੇ ਅਮਰੀਕਾ ਆਏ ਸਨ।
ਅਮਰੀਕਾ ਨਾ ਜਾਈਏ ਤਾਂ ਕਿਥੇ ਜਾਈਏ? ਕੈਨੇਡਾ ਨਾ ਰਹੀਏ ਤਾਂ ਕਿਥੇ ਰਹੀਏ? ਵਲੈਤ ਵਿਚ ਤਾਂ ਹੁਣ ਥਾਂ ਹੀ ਨਹੀਂ ਬਚੀ, ਲੁਕੀਏ ਕਿਥੇ? ਅਮਰੀਕਾ ਖੁਲ੍ਹਾ ਦੇਸ਼ ਆ। ਕੈਨੇਡਾ ਖੁਲ੍ਹਾ ਦੇਸ਼ ਆ। ਲੁਕ ਜਾਨੇ ਆ ਭਾਈਬੰਦਾਂ ਕੋਲ, ਖੇਤਾਂ ਫਾਰਮਾਂ ‘ਚ, ਜਿਥੇ ਪਿੰਡ ਵਰਗੀ ਰੋਟੀ ਮਿਲਦੀ ਆ। ਡਾਲਰ ਤਾਂ ਭਾਵੇਂ ਬਸ ਉਹ ਐਂਵੇ ਦਿਖਾਉਣ ਨੂੰ ਦੇਂਦੇ ਆ। ਲੁਕ ਜਾਨੇ ਆ, ਪੈਟਰੋਲ ਪੰਪਾਂ ਤੇ ਭਾਈਵੰਦਾਂ ਦੇ ਸਟੋਰਾਂ ‘ਚ, ਘਟ ਤਨਖਾਹ ਦੇਂਦੇ ਆ, ਤਾਂ ਕੀ ਹੋਇਆ, ਕੁਖ ਕਢਵੀਂ ਰੋਟੀ ਤਾਂ ਮਿਲ ਹੀ ਜਾਂਦੀ ਆ। ਉਂਜ ਭਾਈ ਕੈਨੇਡਾ ਤਾਂ ਅਜਕਲ ਆਹ ਆਪਣੇ ਭਾਈਬੰਦਾਂ ਦੇ ਕਾਕਿਆਂ ਦੀ ਪੰਜਾਬ ਵਰਗੀ ਕੁਟਮਾਰ, ਨਸ਼ੇ-ਪਤੇ, ਗੁਰਦੁਆਰਿਆਂ ‘ਚ ਕੇਸੋ-ਕੇਸੀ, ਹੂਰਾ-ਮੁਕੀ , ਡਾਂਗੋ ਸੋਟੀ ਕਰਕੇ ਵਾਹਵਾ ਮਸ਼ਹੂਰ ਹੋਇਆ ਪਿਆ। ਮਨ ਖੁਸ਼ ਹੋ ਜਾਂਦਾ ਜਦੋਂ ਆਪਣੇ ਭਾਈਬੰਦ ਗੁਰਦੁਆਰਿਆਂ ‘ਚ ਜ਼ੋਰ ਅਜ਼ਮਾਈ ਕਰਦੇ ਆ। ਬਾਬੇ ਦੀ ਬਾਹਰਲੇ ਮੁਲਕਾਂ ‘ਚ ਇਹਨਾ ਤੇ ਫੁਲ ਕਿਰਪਾ ਆ। ਜਦੋਂ ਬਾਬੇ ਦੀ ਫੁਲ ਕਿਰਪਾ ਹੋਵੇ ਤਾਂ ਬੰਦਾ ਭਾਂਈ ਆਫਰਿਆ ਫਿਰਦਾ ਉਹਨੂੰ ਧਰਤੀ ਨਹੀਂ ਦੀਹਦੀ। ਤੇ ਆਹ ਜਿਹੜੇ ਲਾਪਤਾ ਹੋ ਗਏ ਆ, ਇਹਨਾ ਵੀ ਭਾਈਬੰਦ ਬਣ ਜਾਣਾ ਪਹਿਲਿਆਂ ਵਾਂਗਰ ਤੇ ਉਹੋ ਸਭ ਕੁਝ ਕਰਨਾ ਆ, ਜੋ ਆਪਣੇ ਭਾਈਬੰਦ ਕਰਦੇ ਆ। ਉਂਜ ਠਸਚੀ ਗਲ ਮੇਰੀ ਪਰ ਸੁਣਕੇ ਤੂੰ, ਵੇਖੀਂ ਹੋ ਨਾ ਜਾਈਂ ਨਾਰਾਜ਼ ਮੀਆਂਠ, ਆਪਾਂ ਬਾਹਰਲੇ ਮੁਲਕਾਂ ‘ਚ ਜਾਕੇ ਸ਼ਰੀਕਪੁਣਾ ਨਹੀਂ ਭੁਲਿਆ,ਮਾਰ ਧਾਰ ਵੀ ਹਥੋਂ ਨਹੀਂ ਗੁਆਈ, ਹੇਰਾ-ਫੇਰੀ ਵੀ ਆਪਣੇ ਤੋਂ ਪਾਸੇ ਨਹੀਂ ਹੋਣ ਦਿਤੀ ਪਰ ਇਕੋ ਗਲ ਚੰਗੀ ਰਖੀ ਗੁਰੂ ਘਰਾਂ ‘ਚ ਲੰਗਰਾਂ ਦੀ ਸੇਵਾ।
ਸਮਝਦਾਰੀ ਤਾਂ ਏਸਨੂੰ ਆਖਦੇ ਨੇ,
ਗਲ ਕਰੇ ਉਥੇ ਜਿਥੇ ਜਚੇ ਮੀਆਂ।
ਖ਼ਬਰ ਹੈ ਕਿ ਸੰਸਦ ਦੇ ਮਾਨਸੂਨ ਸੈਸ਼ਨ ਵਿਚ ਚੰਡੀਗੜ੍ਹ-ਹਰਿਆਣਾ-ਪੰਜਾਬ ਦੇ ਸੰਸਦ ਗੰਭੀਰ ਮੁਦਿਆਂ ਨੂੰ ਲੈ ਕੇ ਬਹਿਸ ਵਿਚ ਸ਼ਾਮਲ ਹੋਏ। ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ਦੀ ਮਾਨਸੂਨ ਸੈਸ਼ਨ ਵਿਚ 100 ਫੀਸਦੀ ਹਾਜ਼ਰੀ ਰਹੀ। ਉਹਨਾ ਨੇ ਸਥਾਨਕ ਮੁਦੇ ਵੀ ਸੰਸਦ ਵਿਚ ਉਠਾਏ ਜਦਕਿ ਪੰਜਾਬ ਦੇ ਸਾਂਸਦ ਬਹਿਸ ਵਿਚ ਕੰਨੀ ਕਤਰਾਉਂਦੇ ਰਹੇ। ਰਣਜੀਤ ਸਿੰਘ ਬ੍ਰਹਮਪੁਰਾ(ਅਕਾਲੀ), ਹਰਿੰਦਰ ਸਿੰਘ ਖਾਲਸਾ(ਆਮ ਆਦਮੀ), ਸਾਧੂ ਸਿੰਘ(ਆਮ ਆਦਮੀ) ਨੇ ਸਿਰਫ ਦੋ ਤੋਂ ਛੇ ਬਹਿਸਾਂ ‘ਚ ਹਿਸਾ ਲਿਆ ਜਦਕਿ ਭਗਵੰਤ ਮਾਨ ਨੇ 100 ਬਹਿਸਾਂ ‘ਚ ਹਿਸਾ ਲਿਆ।
ਪੰਜਾਬ ‘ਚ ਤਾਂ ਕੋਈ ਮੁਦਾ ਹੈ ਹੀ ਨਹੀਂ। ਪੰਜਾਬ ‘ਚ ਤਾਂ ਕੋਈ ਮਸਲਾ, ਸਮਸਿਆ ਬਚੀ ਹੀ ਨਹੀਂ। ਸਾਰੀਆਂ ਸਮਸਿਆਵਾਂ ਮੁਦੇ ਮਸਲੇ ਤਾਂ ਭਾਈ ਨੇਤਾਵਾਂ ਖਤਮ ਹੀ ਕਰ ਛਡੇ ਹਨ। ਮੁਦਾ ਤਾਂ ਇਕੋ ਬਚਿਆ ਹੈ, ਆਪਸੀ ਕਾਟੋ-ਕਲੇਸ਼ ਦਾ। ਆਪ ਵਾਲੇ ਲੜ ਰਹੇ ਆ। ਅਕਾਲੀ ਲੋਕਾਂ ਨੇ ਚੁਪਚਾਪ ਘਰ ਬੈਠਾ ਦਿਤੇ ਆ। ਕਾਂਗਰਸੀ ਗਦੀ ਦੀ ਮਸਤੀ ‘ਚ ਮੌਜਾਂ ਮਾਣ ਰਹੇ ਆ। ਭਾਜਪਾਈਆਂ ਦੀ ਤਾਂ ਗਲ ਹੀ ਨਾ ਪੁਛੋ।
ਨੇਤਾ ਲੋਕ ਕੀ ਜਾਨਣ ਪੰਜਾਬ ਦੇ ਮੁੰਡੇ ਮਜ਼ਬੂਰੀ ‘ਚ ਦੇਸ਼ ਤੋਂ ਭਜ ਰਹੇ ਆ, ਬੇਰੁਜ਼ਗਾਰੀ, ਕਰਜ਼ੇ ਦੇ ਮਾਰਿਓ ਲੋਕ ਆਤਮਹਤਿਆ ਕਰ ਰਹੇ ਆ। ਮਹਿੰਗਾਈ ਨੇ ਉਹਨਾ ਦਾ ਜੀਉਣਾ ਹਰਾਮ ਕੀਤਾ ਹੋਇਆ।
ਜਦ ਭਾਈ ਨੇਤਾਵਾਂ ਨੂੰ ਮੁਦਾ ਹੀ ਕੋਈ ਨਹੀਂ ਦੀਹਦਾ ਤਾਂ ਬੋਲਣ ਕਾਹਦੇ ‘ਤੇ। ਉਂਜ ਵੀ ਭਾਈ ਮੁਦੇ, ਮਸਲੇ ਉਠਾਉਣ ਲਈ ਬੰਦੇ ਨੂੰ ਪੜ੍ਹਨਾ ਪੈਂਦਾ! ਅਤੇ ਆਪਾਂ ਪੰਜਾਬੀਆਂ ਨੂੰ ਪੜ੍ਹਨ ਤੋਂ ਬਾਹਲਾ ਹੀ ਪ੍ਰਹੇਜ ਆ। ਆਪਣੇ ਡਰਾਇੰਗ ਰੂਮ ਸੋਫਿਆਂ ਨਾਲ ਫੁਲ ਹੋਏ ਪਏ ਆ। ਰਸੋਈਆਂ, ਫਰਿਜਾਂ ਖਾਣੇ ਦੀਆਂ ਚੀਜ਼ਾਂ ਨਾਲ ਭਰੀਆਂ ਪਈਆਂ। ਘਰ ਦੇ ਕਿਸੇ ਨਾ ਕਿਸੇ ਨੁਕਰੇ ਸ਼ਰਾਬਖਾਨਾ ਬਣਾਇਆ ਹੋਇਆ। ਨਹੀਂ ਵੀ ਬਣਿਆ ਤਾਂ ਪਸ਼ੂਆਂ ਦੇ ਵਾੜੇ, ਘਰ ਦੀ ਅੰਦਰਲੀ ਕੋਠੜੀ, ਜਾਂ ਘਰ ਦੇ ਨਿਵੇਕਲੇ ਥਾਂ ਕਿਧਰੇ ਨਾ ਕਿਧਰੇ ਸ਼ਰਾਬ ਦੀ ਦੇਸੀ ਦਾਰੂ ਜਾਂ ਅੰਗਰੇਜ਼ੀ ਬੋਤਲ ਵੀ ਜ਼ਰੂਰ ਦਿਸੂ( ਪ੍ਰਾਹੁਣਚਾਰੀ ਇਸ ਤੋਂ ਬਿਨ੍ਹਾਂ ਫਿਕੀ) ਤੇ ਕਿਤਾਬਾਂ ਦੀ ਸ਼ੇਲੇਫ ਕਿਧਰੇ ਵੀ ਨਾ ਮਿਲੂ। ਤਦੇ ਸਾਡੇ ਸਮਝਦਾਰ ਨੇਤਾ ਸਿਆਣਿਆਂ ‘ਚ ਬੋਲਣ ਤੋਂ ਪ੍ਰਹੇਜ ਕਰਦੇ ਆ ਤੇ ਜ਼ਿੰਦਗੀ ‘ਚ ਇਕੋ ਗਲ ਪਲੇ ਬੰਨ੍ਹੀ ਬੈਠੇ ਆ, ਠਸਮਝਦਾਰੀ ਤਾਂ ਏਸਨੂੰ ਆਖਦੇ ਨੇ ਗਲ ਕਰੇ ਉਥੇ ਜਿਥੇ ਜਚੇ ਮੀਆਂ।’’
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਭਾਰਤੀ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿਚ 3.12 ਕਰੋੜ ਭਾਰਤੀ ਫੈਲੇ ਹੋਏ ਹਨ। ਇਹਨਾ ਵਿਚ ਤਕਨੀਕੀ ਤੌਰ ਤੇ ਐਨ ਆਰ ਆਈ ਦੀ ਸੰਖਿਆ 1.1 ਕਰੋੜ ਹੈ। ਐਨ ਆਰ ਆਈ ਨੂੰ ਭਾਰਤ ਸਰਕਾਰ ਨੇ ਪ੍ਰਾਕਸੀ ਵੋਟ ਦਾ ਹਕ ਦਿਤਾ ਹੈ।
ਇੱਕ ਵਿਚਾਰ
ਬੇ-ਇਨਸਾਫੀ, ਗਰੀਬੀ, ਗੁਲਾਮੀ, ਅਗਿਆਨਤਾ, ਇਹਨਾ ਸਭ ਨੂੰ ਸੁਧਾਰ ਜਾਂ ਕਰਾਂਤੀ ਨਾਲ ਠੀਕ ਕੀਤਾ ਜਾ ਸਕਦਾ ਹੈ।…………….ਯਸ਼ਯਾਹ ਬਰਲਿਨ ਰੂਸੀ
– ਬ੍ਰਿਟਿਸ਼ ਇਤਹਾਸਕਾਰ