ਕੀ ਕਰੂਗੀ ‘ਗੁੱਟਕੇ ਵਾਲੇ ਭਾਈ’ ਦੀ ਸਹੁੰ ਜਿੱਥੇ ਡਾਕਟਰਾਂ ਦੇ ਅਮਲ ਹੀ ਲੋਕਾਂ ਨੂੰ ਬਣਾ ਰਹੇ ਨੇ ਅਮਲੀ
ਤਲਵੰਡੀ ਸਾਬੋ- ਵਡੀ ਮਿਕਦਾਰ ਵਿਚ ਟਰਾਮਾਡੋਲ ਵਰਗੀਆਂ ਗੋਲੀਆਂ ਦੇ ਗਫੇ ਲਗਵਾ ਕੇ ਸਿਹਤ ਅਧਿਕਾਰੀਆਂ ਦੇ ਆਪਣੇ ਅਮਲ ਹੀ ਜਿਥੇ ਲੋਕਾਂ ਨੂੰ ਅਮਲੀ ਬਣਾਈ ਜਾਂਦੇ ਹੋਣ ਉਥੇ ਗੁਟਕੇ ਦੀ ਸਹੁੰ ਖਾ ਕੇ ਅਠਾਈ ਦਿਨਾਂ ਵਿਚ ਨਸ਼ਾ ਬੰਦ ਕਰਨ ਦੇ ਐਲਾਨ ਕਰਨ ਵਾਲੇ ਕਿਸੇ ਠਗੁਟਕੇ ਵਾਲੇ ਭਾਈਠ ਦੇ ਯਤਨ ਕਿੰਨੇ ਕੁ ਸਫ਼ਲ ਹੋ ਸਕਦੇ ਹਨ ਸਮਝ ਸਕਣਾ ਔਖਾ ਨਹੀਂ।ਪਿਛਲੇ ਮਹੀਨੇ ਚਿਟੇ ਵਿਰੁਧ ਕਾਲਾ ਹਫ਼ਤਾ ਮਨਾਉਣ ਦਾ ਸਦਾ ਦੇਣ ਵਾਲੇ ਪੰਜਾਬ ਦੇ ਕੁਝ ਸੁਹਿਰਦ ਸਜਣਾਂ ਦੇ ਯਤਨਾਂ ਦਾ ਹੀ ਸ਼ਾਇਦ ਇਹ ਨਤੀਜਾ ਸੀ ਕਿ ਪੂਰੇ ਪੰਜਾਬ ਵਿਚ ਨਸ਼ਿਆਂ ਵਿਰੁਧ ਸਰਕਾਰ ਵਲੋਂ ਕੀਤੀ ਜਾਂ ਕਰਨੀ ਪਈ ਸਖ਼ਤੀ ਦੇ ਚਲਦਿਆਂ ਬਾਕੀ ਪੰਜਾਬ ਦੇ ਨਾਲ ਨਾਲ ਤਲਵੰਡੀ ਸਾਬੋ ਇਲਾਕੇ ਵਿਚ ਵੀ ਨਸ਼ੇ ਦੀ ਕੁਝ ਕਿਲਤ ਮਹਿਸੂਸ ਕੀਤੀ ਜਾਣ ਲਗੀ ਸੀ ।ਉਸ ਹਫਤੇ ਉਪਰੰਤ ਭਾਵੇਂ ਵਕਤੀ ਤੌਰ ਤੇ ਹੀ ਸਹੀ ਨਸ਼ਿਆਂ ਵਿਰੁਧ ਪ੍ਰਸ਼ਾਸਨਿਕ ਸਖ਼ਤੀ ਦੇ ਚਲਦਿਆਂ ਜਦੋਂ ਸਥਾਨਕ ਪੁਲਸ ਨੇ ਇਕੋ ਦਿਨ ਵਿਚ ਦੋ ਵਖ ਵਖ ਮੈਡੀਸਨ ਵਿਕਰੇਤਾਵਾਂ ਦੀਆਂ ਦੁਕਾਨਾਂ ਉਪਰ ਛਾਪੇ ਮਾਰ ਕੇ ਤਿੰਨ ਹਜ਼ਾਰ ਤੋਂ ਵਧ ਨਸ਼ੀਲੀਆਂ ਗੋਲੀਆਂ ਫੜ ਲਈਆਂ ਤਾਂ ਖੜ੍ਹੇ ਪੈਰ ਮੈਡੀਸਨ ਵਿਕਰੇਤਾਵਾਂ ਵਲੋਂ ਫੜ੍ਹੇ ਗਿਆਂ ਵਿਚੋਂ ਇਕ ਦੇ ਬਾਪੂ ਨੂੰ ਪ੍ਰਧਾਨ ਬਣਾਉਂਦਿਆਂ ਰੋਸ ਵਜੋਂ ਦੁਕਾਨਾਂ ਬੰਦ ਕਰਨ ਵਾਲੇ ਐਲਾਨ ਨਾਲ ਹੀ ਠਣਕਦੇ ਮਥਿਆਂ ਨੂੰ ਇਹ ਸਪਸ਼ਟ ਹੋ ਗਿਆ ਸੀ ਕਿ ਨਸ਼ੇ ਦਾ ਇਹ ਰੁਝਾਨ ਇਨ੍ਹਾਂ ਛੇਤੀ ਹਟਣ ਜਾਂ ਘਟਣ ਵਾਲਾ ਨਹੀਂ । ਸਥਾਨਕ ਸਿਵਲ ਹਸਪਤਾਲ ਦੇ ਕੁਝ ਡਾਕਟਰਾਂ ਨੇ ਵੀ ਹੁਣ ਨਸ਼ੀਲੀਆਂ ਗੋਲੀਆਂ ਜਾਂ ਟੀਕਿਆਂ ਦੀਆਂ ਬੇਲੋੜੀਆਂ ਕਥਿਤ ਸਿਫਾਰਸ਼ਾਂ ਰਾਹੀਂ ਵੀ ਅਮਲੀਆਂ ਦੇ ਨਵੇਂ ਪੂਰ ਪੈਦਾ ਕਰਨ ਦਾ ਰਾਹ ਕਢ ਲਿਆ ਲਗਦਾ ਹੈ। ਸੂਚਨਾਵਾਂ ਅਨੁਸਾਰ ਇਥੋਂ ਦੇ ਸਮੁਚੇ ਡਾਕਟਰੀ ਅਮਲੇ ਵਿਚੋਂ ਕੁਝ ਡਾਕਟਰ ਤਾਂ ਇਸ ਮਾਮਲੇ ਵਿਚ ਕਾਫ਼ੀ ਤੇਜ਼ ਵਗ ਰਹੇ ਸੁਣੇ ਜਾ ਰਹੇ ਹਨ ।ਇਥੋਂ ਲਾਗਲੇ ਜ਼ਿਲ੍ਹੇ ਵਿਚ ਲਗੀ ਦਵਾਈਆਂ ਬਣਾਉਣ ਵਾਲੀ ਇਕ ਫੈਕਟਰੀ ਦੀ ਖ਼ਾਸ ਦਵਾਈ ਲਿਖ ਕੇ ਤੋਹਫ਼ੇ ਜਾਂ ਲਖਾਂ ਰੁਪਏ ਵਸੂਲਣ ਦੇ ਕੁਝ ਡਾਕਟਰਾਂ ਦੇ ਚਰਚੇ ਤਾਂ ਪਹਿਲਾਂ ਵੀ ਚਲੀ ਜਾ ਰਹੇ ਸਨ ਪ੍ਰੰਤੂ ਹੁਣ ਉਨ੍ਹਾਂ ਵਲੋਂ ਕੀਤੀਆਂ ਜਾਣ ਲਗੀਆਂ ਨਸ਼ੀਲੀਆਂ ਦਵਾਈਆਂ ਦੀਆਂ ਤਥਾ ਕਥਿਤ ਸਿਫਾਰਸ਼ਾਂ ਨੇ ਸਥਿਤੀ ਨੂੰ ਹੋਰ ਵੀ ਗੰਭੀਰ ਬਣਾ ਦਿਤਾ ਹੈ। ਪਰ ਸਥਿਤੀਆਂ ਕਿੰਨੀਆਂ ਗੰਭੀਰ ਬਣ ਗਈਆਂ ਹਨ ਇਸ ਦਾ ਅੰਦਾਜ਼ਾ ਇਸ ਗਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਅਧੀ ਰਾਤ ਤੋਂ ਬਾਅਦ ਟਰਾਮਾਡੋਲ ਦਾ ਟੀਕਾ ਲਗਵਾਉਣ ਆਈ ਇਕ ਔਰਤ ਦੇ ਨਸ਼ੀਲਾ ਟੀਕਾ ਲਾਉਣ ਤੋ ਇਨਕਾਰ ਕਰਨ ਵਾਲਾ ਇਕ ਫਾਰਮਾਸਿਸਟ ਇਸ ਕਦਰ ਕੁਝ ਡਾਕਟਰਾਂ ਦੀ ਹਿਕ ਵਿਚ ਰੜਕਣ ਲਗ ਗਿਆ ਕਿ ਉਸ ਨੂੰ ਲੰਬੀ ਛੁਟੀ ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ । ਉਧਰ ਕੇਂਦਰ ਸਰਕਾਰ ਦੀ ਇਕ ਸਕੀਮ ਤਹਿਤ ਸਸਤੀਆਂ ਦਵਾਈਆਂ ਦੀ ਇਥੇ ਖੁਲ੍ਹੀ ਇਕ ਦੁਕਾਨ ਨੇ ਵੀ ਇੰਝ ਜਾਪਦਾ ਹੈ ਜਿਵੇਂ ਕੁਝ ਡਾਕਟਰਾਂ ਨੂੰ ਡਾਢਾ ਤੰਗ ਅਤੇ ਪ੍ਰੇਸ਼ਾਨ ਕੀਤਾ ਪਿਆ ਹੋਵੇ ।ਇਹ ਵੀ ਪਤਾ ਲਗਾ ਹੈ ਕਿ ਕੁਝ ਡਾਕਟਰਾਂ ਨੇ ਤਾਂ ਆਪਣੀ ਚਹੇਤੀ ਇਕ ਖ਼ਾਸ ਕੰਪਨੀ ਦੀ ਸੇਲ ਵਧਾਉਣ ਲਈ ਮਰੀਜ਼ਾਂ ਨੂੰ ਲਿਖੀ ਜਾਣ ਵਾਲੀ ਦਵਾਈ ਸ਼ਾਇਦ ਇਸ ਲਈ ਦੁਬਾਰਾ ਦਿਖਾ ਕੇ ਜਾਣ ਦੀਆਂ ਹਦਾਇਤਾਂ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ ਤਾਂ ਕਿ ਉਹ ਕਿਸੇ ਹੋਰ ਕੰਪਨੀ ਜਾਂ ਜਨ ਔਸ਼ਧੀ ਵਾਲੀ ਦੁਕਾਨ ਤੋਂ ਸਸਤੀ ਖਰੀਦੀ ਦਵਾਈ ਨੂੰ ਆਨੇ ਬਹਾਨੇ ਅਣਫਿਟ ਕਰਾਰ ਦੇ ਸਕਣ ।ਇਥੇ ਤਾਇਨਾਤ ਉਕਤ ਡਾਕਟਰਾਂ ਵਿਚੋਂ ਇਕ ਡਾਕਟਰ ਤਾਂ ਇਸ ਮਾਮਲੇ ਵਿਚ ਇਤਨਾ ਤੇਜ਼ ਵਗ ਰਿਹਾ ਹੈ ਕਿ ਬਲਡ ਪ੍ਰੈਸ਼ਰ, ਟੀ ਵੀ, ਗੋਡੇ ਮੋਢਿਆਂ ਦੇ ਮਾਮੂਲੀ ਦਰਦ ਆਦਿ ਗਲ ਕੀ ਲਗਭਗ ਹਰ ਬਿਮਾਰੀ ਦੇ ਇਲਾਜ ਲਈ ਵਡੀ ਮਿਕਦਾਰ ਵਿਚ ਮਰੀਜ਼ਾਂ ਨੂੰ ਟਰਾਮਾਡੋਲ ਦੀਆਂ ਗੋਲੀਆਂ ਲਿਖ ਕੇ ਲੋਕਾਂ ਨੂੰ ਅਮਲੀ ਤਾਂ ਬਣਾ ਹੀ ਰਿਹਾ ਹੈ ਉਹ ਕਈ ਪਾਸਿਆਂ ਤੋਂ ਸਿਉਨੇ ਨੂੰ ਸੋਟਾ ਵੀ ਲਾ ਰਿਹਾ ਦਸਿਆ ਜਾ ਰਿਹਾ ਹੈ ਜਿਸ ਦਾ ਪਤਾ ਉਸ ਸਮੇਂ ਲਗਿਆ ਜਦੋਂ ਇਕ ਮਰੀਜ਼ ਦੀ ਪਰਚੀ ਡਾ. ਵਲੋਂ ਨਿਰਧਾਰਿਤ ਦੁਕਾਨ ਦੀ ਥਾਂ ਜਨ ਔਸ਼ਧੀ ਵਾਲੀ ਦੁਕਾਨ ਤੇ ਪਹੁੰਚ ਗਈ। ਰਾਜਸਥਾਨ ਤੋਂ ਇਥੇ ਗੁਰੂ ਘਰ ਦੇ ਦਰਸ਼ਨ ਕਰਨ ਆਏ ਇਕ ਗੁਰਸਿਖ ਦਰਸ਼ਨ ਸਿੰਘ ਨੇ ਦਸਿਆ ਕਿ ਉਸ ਦਾ ਕੁਝ ਬਲਡ ਪ੍ਰੈਸ਼ਰ ਘਟ ਮਹਿਸੂਸ ਹੋ ਰਿਹਾ ਸੀ ਉਕਤ ਡਾਕਟਰ ਤੋਂ ਦਵਾਈ ਲਿਖਵਾਈ ਤਾਂ ਉਸ ਵਿਚ ਟਰਾਮਾਡੋਲ ਦੀ ਸਿਫਾਰਸ਼ ਕੀਤੀ ਤਕ ਕੇ ਉਸ ਦੇ ਹੋਸ਼ ਹੀ ਉਡ ਗਏ ਅਤੇ ਪਿੰਡ ਬੁਰਜ ਮਾਨਸਾ ਦਾ ਬਾਈ ਸਾਲਾ ਇਕ ਨੌਜਵਾਨ ਜੋ ਕਿ ਆਪਣੇ ਆਪ ਨੂੰ ਮਾਮੂਲੀ ਟੀਵੀ ਦੀ ਸ਼ਿਕਾਇਤ ਦਸ ਰਿਹਾ ਸੀ ਨੂੰ ਵੀ ਜਦ ਆਪਣੀ ਦਵਾਈ ਵਾਲੀ ਪਰਚੀ ਤੇ ਨਸ਼ੇ ਦੀ ਦਵਾਈ ਟਰਾਮਾਡੋਲ ਲਿਖੀ ਹੋਣ ਬਾਰੇ ਦਸਿਆ ਗਿਆ ਤਾਂ ਉਹ ਬਿਨਾਂ ਦਵਾਈ ਲਿਆਂ ਹੀ ਵਾਪਸ ਪਰਤ ਗਿਆ ।ਤਲਵੰਡੀ ਸਾਬੋ ਦੀ ਹੀ ਇਕ ਹੋਰ ਔਰਤ ਜਿਹੜੀ ਆਪਣੀ ਕਮਰ ਵਿਚ ਮਾਮੂਲੀ ਦਰਦ ਦੀ ਸ਼ਿਕਾਇਤ ਕਰ ਰਹੀ ਸੀ ਪਰਚੀ ਉਪਰ ਟਰਾਮਾਡੋਲ ਦਵਾਈ ਲਿਖੀ ਹੋਣ ਦਾ ਪਤਾ ਲਗਣ ਤੇ ਜਦੋਂ ਉਸ ਨੂੰ ਇਹ ਦਸਿਆ ਗਿਆ ਕਿ ਇਹ ਉਹ ਦਵਾਈ ਹੈ ਜਿਹੜੀ ਪੰਜ ਦਸ ਰੁਪਏ ਦਾ ਪਤਾ ਹੋਣ ਦੇ ਬਾਵਜੂਦ ਮਾਰਕੀਟ ਵਿਚ ਇਕ ਸੌ ਸਠ ਤੋਂ ਦੋ ਸੌ ਰੁਪਏ ਤਕ ਵਿਕ ਰਹੀ ਹੈ ਅਤੇ ਇਸ ਨੂੰ ਨਸ਼ੇ ਉਪਰ ਲਗੇ ਨਸ਼ੇੜੀ ਖਰੀਦ ਰਹੇ ਹਨ ਤਾਂ ਉਹ ਦਵਾਈ ਲੈਣ ਤੋਂ ਹੀ ਸਿਰ ਫੇਰ ਗਈ । ਇਸ ਮਾਮਲੇ ਵਿਚ ਪਖ ਜਾਨਣ ਲਈ ਜਦੋਂ ਹਸਪਤਾਲ ਦੇ ਐਸਐਮਓ ਤਲਵੰਡੀ ਸਾਬੋ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਟਰਾਮਾਡੋਲ ਵਰਗੀ ਸਰਕਾਰ ਵਲੋਂ ਪਾਬੰਦੀਸ਼ੁਦਾ ਦਵਾਈ ਕਿਸੇ ਅਤ ਦੀ ਖਾਸ ਹਾਲਤ ਦੇ ਵਿਚ ਤਾਂ ਵਰਤੀ ਜਾ ਸਕਦੀ ਹੈ ਪ੍ਰੰਤੂ ਆਮ ਤੌਰ ਤੇ ਨਹੀਂ ਉਨ੍ਹਾਂ ਕਿਹਾ ਕਿ ਇਸ ਗੋਲੀ ਦੀ ਜੇਕਰ ਕੋਈ ਡਾਕਟਰ ਸਿਫਾਰਸ਼ ਕਰਦਾ ਹੈ ਤਾਂ ਉਸ ਹਾਲਤ ਵਿਚ ਮਰੀਜ਼ ਤੋਂ ਆਧਾਰ ਕਾਰਡ ਲੈਣਾ ਵੀ ਜ਼ਰੂਰੀ ਕੀਤਾ ਗਿਆ ਹੈ ਪ੍ਰੰਤੂ ਫਿਰ ਵੀ ਜੇਕਰ ਕੋਈ ਅਣਗਹਿਲੀ ਕਰਦਾ ਹੈ ਤਾਂ ਉਹ ਖ਼ੁਦ ਜ਼ਿੰਮੇਵਾਰ ਹੋਵੇਗਾ ਇਕ ਸਵਾਲ ਦੇ ਜਵਾਬ ਵਿਚ ਸ਼ਹਿਰ ਦੇ ਇਕ ਹੋਰ ਐਮ ਡੀ ਡਾਕਟਰ ਨੇ ਮੰਨਿਆ ਕਿ ਉਕਤ ਮੈਡੀਸਨ ਬੈਨ ਕੀਤੇ ਗਏ ਡਰਗਜ਼ ਵਿਚ ਸ਼ਾਮਿਲ ਹੈ ।
– ਰਾਮ ਰੇਸ਼ਮ ਸ਼ਰਨ
ਵਿਸ਼ੇਸ਼ ਪ੍ਰਤੀਨਿਧ ‘ਪੰਜਾਬ ਟਾਇਮਜ਼’