ਅਜ ਅਸੀਂ ਜਿਸ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ ਉਸ ਆਜ਼ਾਦੀ ਨੂੰ ਪ੍ਰਾਪਤ ਕਰਨ ਲਈ ਦੇਸ਼ ਦੇ ਲਖਾਂ ਸੂਰਬੀਰਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ , ਇਸ ਆਜ਼ਾਦੀ ਨੂੰ ਸਦਾ ਬਰਕਰਾਰ ਰਖਣ ਲਈ ਸਾਡੇ ਵਤਨ ਦੀਆਂ ਹਦਾਂ ਸਰਹਦਾਂ ‘ ਤੇ ਅਜ ਪੰਜਾਬ ਦੇ ਲਖਾਂ ਨੌਜਵਾਨ ਆਪਣੀ ਜਾਨ ਦੀਆਂ ਕੁਰਬਾਨੀਆਂ ਦੇ ਰਹੇ ਹਨ । ਅਗ ਵਾਂਗ ਤਪਦੀਆਂ ਰੇਤਾਂ , ਬਰਫ਼ ਵਾਂਗ ਠਰਦੀਆਂ ਪਹਾੜੀਆਂ , ਸੂਈਆਂ ਵਾਂਗ ਤਿਖੀਆਂ ਕੰਡੇਦਾਰ ਝਾੜੀਆਂ ਵਿਚ ਮਾਵਾਂ ਦੀ ਗੋਦ ਦਾ ਸ਼ਿੰਗਾਰ ਹੀਰਿਆਂ ਵਰਗੇ ਪੁਤ ਅਜ ਵੀ ਦੁਸ਼ਮਣਾਂ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਮੋਰਚਿਆਂ ਵਿਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਂਝ ਦੇਖਣ ਨੂੰ ਤਾਂ ਅਸੀਂ ਸਭ ਆਜ਼ਾਦ ਹਾਂ ਪਰ ਜਦੋਂ ਇਸ ਆਜ਼ਾਦੀ ਦੇ ਬਦਲੇ ਦਿਤੀਆਂ ਜਾ ਰਹੀਆਂ ਕੁਰਬਾਨੀਆਂ ਨੂੰ ਚੇਤੇ ਕਰਦੇ ਹਾਂ ਤਾਂ ਕਾਲਜਾ ਮੁਠੀ ਵਿਚ ਆ ਜਾਂਦਾ ਹੈ । ਇਸ ਲਹੂ ਭਿਜੇ ਇਤਿਹਾਸ ਨੂੰ ਕਿੰਨਾ ਵੀ ਲਿਖੀਏ ਖਤਮ ਨਹੀਂ ਹੁੰਦਾ। ਕਸਬਾ ਸ਼ੇਰਪੁਰ ਦਾ ਉਹ ਹੀਰਾ ਜੋ ਦੇਸ਼ ਦੀ ਰਾਖੀ ਕਰਦੇ ਸਮੇਂ ਦੁਸ਼ਮਣਾਂ ਦਾ ਮੁਕਾਬਲਾ ਕਰਦੇ 7 ਅਗਸਤ 2006 ਨੂੰ ਸਵੇਰੇ 6:30 ਵਜੇ ਬਾਰੀਪੁਰ ਪਿੰਡ
( ਜੰਮੂ ਕਸ਼ਮੀਰ) ਵਿਖੇ ਸ਼ਹੀਦੀ ਦਾ ਜਾਮ ਪੀ ਗਿਆ। ਇਹ ਹੀਰਾ ਸਮੁਚੇ ਪੰਜਾਬ ਦਾ ਹੀ ਨਹੀਂ, ਬਲਕਿ ਦੇਸ਼ ਦਾ ਮਾਣ ਬਣਿਆ ਗੁਰਪ੍ਰੀਤ ਸਿੰਘ ਉਰਫ ਰਾਜੂ ਹੈ। ਆਪਣੀ ਮਾਤਾ ਦਵਿੰਦਰ ਕੌਰ ਅਤੇ ਪਿਤਾ ਬਲਵਿੰਦਰ ਸਿੰਘ ਸਪਲ ਪੋਤਰਾ ਸਰਦਾਰ ਅਰਜਨ ਸਿੰਘ ਅਤੇ ਦੋਹਤਰਾ ਸਰਦਾਰ ਪ੍ਰੀਤਮ ਸਿੰਘ ਕੁਲਾਰ ਖੁਰਦ ਦਾ ਲਾਡਲਾ ਰਾਜੂ ਮਿਤੀ 14 ਨਵੰਬਰ 1985 ਨੂੰ ਜਨਮਿਆਂ। ਸ਼ੇਰਪੁਰ ਦੀ ਧਰਤੀ ਤੇ ਜਨਮੇ ਇਸ ਸੂਰਬੀਰ ਨੇ ਆਪਣੇ 21 ਸਾਲ ਦੀ ਜ਼ਿੰਦਗੀ ਦੇ ਸਫ਼ਰ ਵਿਚ ਉਹ ਕਾਰਨਾਮਾ ਦੇਸ਼ ਲਈ ਕੀਤਾ ਜਿਸ ਦਾ ਬਦਲਾ ਚੁਕਾਉਣ ਲਈ ਸਾਡੇ ਕੋਲ ਅਜ ਕੁਝ ਵੀ ਨਹੀਂ। ਗੁਰਪ੍ਰੀਤ ਸਿੰਘ ਰਾਜੂ ਨੇ ਆਪਣੀ ਪ੍ਰਾਇਮਰੀ ਵਿਦਿਆ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ -1 ਤੋਂ ਪ੍ਰਾਪਤ ਕੀਤੀ ਅਤੇ 10+2 ਤਕ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸ਼ੇਰਪੁਰ ਤੋਂ ਪ੍ਰਾਪਤ ਕੀਤੀ। ਰਾਜੂ ਨੂੰ ਬਚਪਨ ਤੋਂ ਹੀ ਫੌਜੀਆਂ ਨਾਲ ਦੀ ਵਰਦੀ ਅਤੇ ਫੌਜੀਆਂ ਵਾਂਗ ਰੈਫਲ ਚੁਕਣ ਦਾ ਸ਼ੌਕ ਸੀ ਉਹ ਬਚਪਨ ਦੀਆਂ ਖੇਡਾਂ ਵਿਚ ਰਾਈਫਲ ਖਿਡਾਉਣੇ ਨਾਲ ਹੀ ਖੇਡਦਾ ਰਿਹਾ । +2 ਤਕ ਪੜ੍ਹਦੇ ਸਮੇਂ ਵੀ ਰਾਜੂ ਆਪਣੇ ਟੇਲਰ ਮਾਸਟਰ ਪਿਤਾ ਬਲਵਿੰਦਰ ਸਿੰਘ ਨੂੰ ਫੌਜੀਆਂ ਵਾਂਗ ਇਕੋ ਜਿਹੇ ਕਪੜੇ ਬਣਾਉਣ ਲਈ ਕਹਿੰਦਾ ਸੀ । ਗੁਰਪ੍ਰੀਤ ਸਿੰਘ ਰਾਜੂ ਦੀ ਦਿਲੀ ਇਛਾ +2 ਕਰਨ ਉਪਰੰਤ ਬੀਆਰਓ ਪਟਿਆਲਾ ਵਿਖੇ ਭਰਤੀ ਹੋ ਕੇ ਅਚਨਚੇਤ ਪੂਰੀ ਹੋਈ । ਉਂਝ ਉਸ ਦੇ ਫੌਜ ਵਿਚ ਭਰਤੀ ਹੋਣ ਸਬੰਧੀ ਕੋਈ ਖਿਲਾਫ ਨਹੀਂ ਸੀ । ਪਰ ਆਪਣੇ ਯਾਰਾਂ ਦੋਸਤਾਂ, ਮਿਤਰਾਂ ਵਿਚ ਉਹ ਰਾਜੂ ਡਾਕਟਰ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਸੀ।29 ਸਤੰਬਰ 2003 ਨੂੰ ਆਰਮੀ ਜੁਆਇਨ ਕਰਨ ਉਪਰੰਤ ਬੀ ਆਰ ਓ ਪਟਿਆਲਾ ਤੋਂ ਆਰਟੀ ਸੈਂਟਰ ਹੈਦਰਾਬਾਦ ਵਿਖੇ ਟਰੇਨਿੰਗ ਲਈ ਰਵਾਨਾ ਹੋਇਆ । ਟ੍ਰੇਨਿੰਗ ਤੋਂ ਗਿਆਰਾਂ ਮਹੀਨਿਆਂ ਬਾਅਦ ਪਹਿਲੀ ਡਿਊਟੀ 31 ਮੀਡੀਅਮ ਰੈਜਮੈਂਟ ਔਰੰਗਾਬਾਦ ਵਿਖੇ ਜੁਆਇਨ ਕੀਤੀ । ਇਸ ਤੋਂ ਬਾਅਦ ਪੂਰੀ ਯੂਨਿਟ ਦੀ ਬਦਲੀ ਸਿਆਚਿਨ ਗਲੇਸ਼ੀਅਰ ਪਰਤਾਪੁਰ ਦੀ ਹੋ ਗਈ। ਫੁਲਾਂ ਵਰਗੇ ਸਰੀਰ ਦੇ ਮਾਲਕ ਰਾਜੂ ਨੇ ਆਪਣੀ ਟ੍ਰੇਨਿੰਗ ਸਮੇਂ ਜਾਂ ਡਿਊਟੀ ਸਮੇਂ ਕਿਤੇ ਵੀ ਹਿੰਮਤ ਨਹੀਂ ਹਾਰੀ ਅਤੇ ਨਾ ਹੀ ਕਦੇ ਪਿਛੇ ਮੁੜ ਕੇ ਦੇਖਿਆ ਅਗੇ ਹੀ ਅਗੇ ਨਿਰੰਤਰ ਸ਼ੂਕਦੇ ਦਰਿਆ ਵਾਂਗ ਵਧਦਾ ਗਿਆ। ਗੁਰਪ੍ਰੀਤ ਸਿੰਘ ਰਾਜੂ ਫਰਵਰੀ 2006 ਨੂੰ 49 ਆਰ.ਆਰ ਡੈਪੂਟੇਸ਼ਨ ਤੇ ਕਾਜੀਕੁੰਡ (ਜੰਮੂ ਕਸ਼ਮੀਰ) ਵਿਖੇ ਚਲਾ ਗਿਆ। ਇਥੇ ਹੀ 7 ਅਗਸਤ 2006 ਨੂੰ ਸਵੇਰੇ 6.30 ਵਜੇ ਬਾਰੀਪੁਰ ਪਿੰਡ ਵਿਖੇ ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦੀ ਦਾ ਜਾਮ ਪੀ ਗਿਆ। ਰਾਜੂ ਅਕਸਰ ਹੀ ਕਿਹਾ ਕਰਦਾ ਸੀ ਕਿ ਮੰਮੀ- ਪਾਪਾ ਮੇਰਾ ਜਨਮ ਦਿਨ ਪੂਰੇ ਭਾਰਤ ਵਿਚ ਮਨਾਇਆ ਜਾਂਦਾ ਹੈ। ( ਕਿਉਂਕਿ ਰਾਜੂ ਦਾ ਜਨਮ ਬਾਲ ਦਿਵਸ ਵਾਲੇ ਦਿਨ 14 ਨਵੰਬਰ ਦਾ ਸੀ ) ਪਰ ਜੇ ਕਦੇ ਆਪਣੇ ਦੇਸ਼ ਦੀ ਸੇਵਾ ਕਰਦਿਆਂ ਕੁਰਬਾਨੀ ਵੀ ਦੇਣੀ ਪਵੇ ਉਹ ਉਸੇ ਤਰਾਂ ਸਾਰਾ ਦੇਸ਼ ਮਨਾਏ । ਅਜ ਇਸ ਦੇਸ਼ ਦੇ ਮਹਾਨ ਨੌਜਵਾਨ ਸ਼ਹੀਦ ਦੀ 12 ਵੀਂ ਬਰਸੀ ‘ ਤੇ 7 ਅਗਸਤ ਨੂੰ ਠ ਸ਼ਹੀਦ ਗੁਰਪ੍ਰੀਤ ਸਿੰਘ ਰਾਜੂ ਬਸ ਸਟੈਂਡ ਸ਼ੇਰਪੁਰ ਠ ਵਿਖੇ ਉਸ ਦਾ ਬੁਤ ਲਗਾ ਕੇ ਸ਼ਰਧਾ ਦੇ ਫੁਲ ਭੇਟ ਕਰਦੇ ਹਾਂ ।
– ਹਰਜੀਤ ਕਾਤਿਲ ਸ਼ੇਰਪੁਰ
ਸੰਪਰਕ : 96807-95479