April 24, 2026 1:37 am

ਜ਼ੁਲਮਾਂ ਖਿਲਾਫ ਅਵਾਜ਼ ਚੁੱਕਣ ਵਾਲੇ ਬਹਾਦਰ ਪੰਜਾਬੀਆਂ ਨੂੰ ਨਸ਼ੇ ਰਾਹੀਂ ਖਤਮ ਕਰਨ ਦੀ ਸਾਜ਼ਿਸ਼

ਨੌਜਵਾਨ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ, ਪਰੰਤੂ ਜੇ ਦੇਸ਼ ਦੇ ਨੌਜਵਾਨ ਹੀ ਨਸ਼ਿਆਂ ਦੇ ਸ਼ਿਕਾਰ ਹੋ ਕੇ ਜੀਵਨ ਤਬਾਹ ਜਾਂ ਖਤਮ ਕਰ ਲੈਣ ਤਾਂ ਉਸ ਦੇਸ਼ ਦਾ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ? ਕਿਸੇ ਸਮੇਂ ਪੰਜਾਬ ਦੇ ਨੌਜਵਾਨ ਪੂਰੀ ਦੁਨੀਆਂ ਵਿਚ ਆਪਣੇ ਚੁਸਤ-ਦਰੁਸਤ ਸਰੀਰ ਕਰਕੇ ਜਾਣੇ ਜਾਂਦੇ ਸਨ। ਇਥੋਂ ਦੇ ਨੌਜਵਾਨਾਂ ਨੇ ਵਿਦੇਸ਼ੀ ਹਮਲਾਵਰਾਂ ਦਾ ਰਾਹ ਹੀ ਨਹੀਂ ਰੋਕਿਆ ਬਲਕਿ ਉਨ੍ਹਾਂ ਨੂੰ ਦੁਬਾਰਾ ਇਸ ਖਿੱਤੇ ਵੱਲ ਮੂੰਹ ਨਾ ਕਰਨ ਲਈ ਮਜਬੂਰ ਕੀਤਾ। ਪੂਰੇ ਹਿੰਦੋਸਤਾਨ ਵਿਚ ਪੰਜਾਬ ਦੀ ਧਰਤੀ ਖੁਸ਼ਹਾਲੀ ਪੱਖੋਂ ਨੰਬਰ ਇਕ ’ਤੇ ਸੀ। ਇਥੋਂ ਦਾ ਪੌਣ-ਪਾਣੀ ਅਤੇ ਗੁਰੂ ਬਖ਼ਸ਼ੇ ਸਿਧਾਤਾਂ ਅਨੁਸਾਰੀ ਜੀਵਨ ਇਥੋਂ ਦੇ ਬਸ਼ਿੰਦਿਆਂ ਨੂੰ ਨਿਡਰ ਅਤੇ ਸੂਰਮੇ ਬਣਾਉਂਦਾ ਸੀ। ਇਸ ਧਰਤੀ ਦੇ ਜਾਏ ਸਰਦਾਰ ਹਰੀ ਸਿੰਘ ਨਲੂਆ ਵਰਗਿਆਂ ਨੇ ਕਾਬਲ ਕੰਧਾਰ ਤੱਕ ਸਿੱਖ ਰਾਜ ਦਾ ਸਿੱਕਾ ਚਲਾਇਆ। ਯਹੀਆ ਖਾਨ ਦੇ ਸਮੇਂ ਸਿੱਖਾਂ ’ਤੇ ਅਤਿਆਚਾਰਾਂ ਦਾ ਦੌਰ ਚਲਿਆ। ਲਖਪਤ ਰਾਏ ਨੇ ਕਾਹਨੂੰਵਾਨ ਦੇ ਛੰਬ ਵਿਚ ਹਮਲਾ ਕਰਕੇ ਸਿੱਖਾਂ ਨੂੰ ਖਤਮ ਕਰਨ ਦਾ ਜਤਨ ਕੀਤਾ।
ਜੇਕਰ ਅਬਦਾਲੀ ਹਿੰਦੋਸਤਾਨ ’ਤੇ ਚੜ੍ਹ ਕੇ ਆਇਆ ਤਾਂ ਉਸ ਨੇ ਸੋਨੇ ਦੀ ਚਿੜੀ ਕਹਾਉਂਦੇ ਪੰਜਾਬ ਨੂੰ ਲੁੱਟਣ ਦਾ ਜਤਨ ਕੀਤਾ। ਉਸ ਨੇ ਸਿੱਖਾਂ ਨੂੰ ਖਤਮ ਕਰਨ ਅਤੇ ਸ਼ਕਤੀ ਦੇ ਸੋਮੇਂ, ਸ੍ਰੀ ਹਰਿਮੰਦਰ ਸਾਹਿਬ ਨੂੰ ਢਾਉਣ ਦਾ ਜਤਨ ਕੀਤਾ। ਅਬਦਾਲੀ ਦੇ ਸਮੇਂ ਸਿੱਖਾਂ ਉਪਰ ਵੱਡੇ ਹਮਲੇ ਹੋਏ, ਵੱਡੇ ਘਲੂਘਾਰੇ ਵਿਚ ਹਜ਼ਾਰਾਂ ਸਿੱਖਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇਸ ਸਮੇਂ ਸਿੱਖਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ’ਤੇ ਸਨ। ਅਜਿਹੇ ਬਿਖੜੇ ਸਮੇਂ ਨੂੰ ਪਾਰ ਕਰ ਸਿੱਖਾਂ ਨੇ ਨਵਾਬ ਕਪੂਰ ਸਿੰਘ ਤੇ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਵਰਗੇ ਜਰਨੈਲਾਂ ਦੀ ਅਗਵਾਈ ਵਿਚ ਸਿੱਖ ਰਾਜ ਸਥਾਪਤ ਕੀਤਾ। ਸਿੱਖਾਂ ਦੀ ਅਜਿਹੀ ਬਹਾਦਰੀ ਸਮੇਂ ਦੇ ਹਾਕਮਾਂ ਨੂੰ ਹਮੇਸ਼ਾਂ ਰੜਕਦੀ ਰਹੀ। ਇਸੇ ਲਈ ਸਮੇਂ ਦੇ ਹਾਕਮਾਂ ਨੇ ਇਸ ਬਹਾਦਰ ਕੌਮ ਨੂੰ ਖ਼ਤਮ ਕਰਨ ਲਈ ਕਈ ਚਾਲਾਂ ਚਲੀਆਂ। ਕਦੇ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਕਦੇ ਧੋਖੇ ਨਾਲ ਮਾਰਨ ਦਾ ਜਤਨ ਹੋਇਆ।
1984 ਵਿਚ ਸਮੇਂ ਦੀ ਸਰਕਾਰ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੇਤ ਹੋਰ ਗੁਰਦੁਆਰਾ ਸਾਹਿਬਾਨ ’ਤੇ ਕੀਤੇ ਗਏ ਹਮਲੇ ਸਿੱਖਾਂ ਨੂੰ ਮਿਟਾਉਣ ਦੇ ਯਤਨ ਹੀ ਸਨ। ਕਿਉਂਕਿ ਕਿਸੇ ’ਤੇ ਵੀ ਹੁੰਦੇ ਜ਼ੁਲਮ ਖਿਲਾਫ ਅਵਾਜ਼ ਉਠਾਉਣ ਵਾਲੀ ਇਹ ਬਹਾਦਰ ਕੌਮ ਹਮੇਸ਼ਾਂ ਸਮੇਂ ਦੀਆਂ ਸਰਕਾਰਾਂ ਨੂੰ ਰੜਕਦੀ ਰਹੀ ਹੈ। ਨਵੰਬਰ 1984 ਵਿਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਸਮੇਤ ਹੋਰ ਰਾਜਾਂ ਵਿਚ ਸਿੱਖਾਂ ’ਤੇ ਹਮਲੇ ਇਨ੍ਹਾਂ ਦੀ ਨਸਲਕੁਸ਼ੀ ਲਈ ਹੀ ਕੀਤੇ ਗਏ ਸਨ। ਪੰਜਾਬ ਨੇ ਨੱਬੇ ਦੇ ਦਹਾਕੇ ਵਿਚ ਕਾਲੇ ਦੌਰ ਨੂੰ ਹੰਡਾਇਆ ਹੈ ਜਿਸ ਵਿਚ ਜਵਾਨੀ ਦਾ ਘਾਣ ਕੀਤਾ ਗਿਆ। ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਪੁਲਿਸ ਤੇ ਸੁਰੱਖਿਆ ਦਸਤਿਆਂ ਵੱਲੋਂ ਘਰਾਂ ਚੋਂ ਮੁੰਡੇ ਚੁੱਕ-ਚੁੱਕ ਕੇ ਝੂਠੇ ਮੁਕਾਬਲਿਆਂ ਵਿਚ ਮਾਰ ਦਿੱਤੇ ਗਏ। ਕਈਆਂ ਨੂੰ ਝੂਠੇ ਕੇਸਾਂ ਵਿਚ ਜੇਲ੍ਹੀਂ ਸੁੱਟ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਕਈ ਸਜਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਅੱਜ ਤੱਕ ਜੇਲ੍ਹਾਂ ਵਿਚ ਸੜ ਰਹੇ ਹਨ। ਪੰਜਾਬ ਦੀ ਇਕ ਪੀੜੀ ਇਸ ਕਾਲੇ ਦੌਰ ਦੀ ਭੇਟ ਚੜ੍ਹ ਗਈ।
ਪੰਜਾਬ ਨਾਲ ਹਮੇਸ਼ਾਂ ਬੇਇਨਸਾਫੀ ਹੋਈ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਖੋਇਆ ਗਿਆ, ਪੰਜਾਬੀ ਬੋਲਦੇ ਇਲਾਕੇ ਖੋਹੇ ਗਏ, ਪੰਜਾਬ ਦੇ ਪਾਣੀਆਂ ਨੂੰ ਖੋਹਣ ਲਈ ਸਦਾ ਯਤਨ ਹੁੰਦੇ ਆ ਰਹੇ ਹਨ, ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ, ਨੌਕਰੀਆਂ ਵਿਚ ਵੀ ਕੋਟਾ ਪੂਰਾ ਨਹੀਂ ਕੀਤਾ ਜਾਂਦਾ। ਅੱਜ ਪੰਜਾਬ ਜਿਸ ਦੌਰ ਵਿੱਚੋਂ ਲੰਘ ਰਿਹਾ ਹੈ ਉਹ ਬੜਾ ਦੁਖਦਾਈ ਤੇ ਅਫਸੋਸਨਾਕ ਹੈ। ਪੰਜ ਦਰਿਆਵਾਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਵਿਚ ਅੱਜ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ।
ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਤਾਕਤਾਂ ਨੇ ਨੌਜਵਾਨੀ ਨੂੰ ਨਸ਼ਿਆਂ ਦੇ ਆਦੀ ਬਣਾਉਣ ਦਾ ਹਰ ਯਤਨ ਕੀਤਾ। ਸਰਹੱਦੀ ਸੂਬੇ ਪੰਜਾਬ ਵਿਚ ਕਈ ਤਰ੍ਹਾਂ ਦੇ ਨਸ਼ੇ ਸ਼ਰੇਆਮ ਵਿਕਣ ਲੱਗ ਪਏ। ਇਨ੍ਹਾਂ ਨਸ਼ਿਆਂ ਦੇ ਸੇਵਨ ਨਾਲ ਜਿਥੇ ਆਰਥਿਕ ਬਰਬਾਦੀ ਹੋ ਰਹੀ ਹੈ ਉਥੇ ਜ਼ਾਲਮਾਂ ਦਾ ਮੂੰਹ ਮੋੜਨ ਦੀ ਸਮਰੱਥਾ ਰੱਖਣ ਵਾਲੇ ਇਥੋਂ ਦੇ ਬਹਾਦਰ ਨੌਜਵਾਨ ਸਰੀਰਕ ਤੌਰ ’ਤੇ ਏਨੇ ਕੰਮਜੋਰ ਹੋ ਚੁੱਕੇ ਹਨ ਕਿ ਬਹੁਤਿਆਂ ਵਿਚ ਉਲਾਦ ਪੈਦਾ ਕਰਨ ਦੀ ਸ਼ਕਤੀ ਵੀ ਨਹੀਂ ਰਹੀ। ਇਹ ਪੰਜਾਬ ’ਤੇ ਇਕ ਵੱਡਾ ਹਮਲਾ ਹੈ ਜਿਸ ਦੇ ਸਿੱਟੇ ਗੰਭੀਰ ਹੋਣਗੇ।
ਨਸ਼ਿਆਂ ਦੇ ਇਸ ਵਰਤਾਰੇ ਵਿਚ ਪੰਜਾਬ ਦੀ ਨੌਜਵਾਨੀ ਦੇ ਜਲਦੀ ਘਿਰ ਜਾਣ ਦੇ ਕੁਝ ਕਾਰਨ ਵੀ ਹਨ। ਵੀਹਵੀਂ ਸਦੀ ਦੇ ਅੱਧ ਤੋਂ ਬਾਅਦ ਪੰਜਾਬ ਵਿੱਚ ਹਰੀ ਕ੍ਰਾਂਤੀ ਆਈ। ਪੈਦਾਵਾਰ ਵਧਣ ਨਾਲ ਕਿਰਸਾਨੀ ਦੀ ਹਾਲਤ ਕੁਝ ਸੁਧਰੀ ਅਤੇ ਉਸ ਨੇ ਨੌਕਰ-ਚਾਕਰ ਰੱਖ ਲਏ। ਅਗਲੀ ਪੀੜ੍ਹੀ ਹੱਥੀਂ ਕਿਰਤ ਕਰਨ ਤੋਂ ਕਤਰਾਉਣ ਲੱਗੀ। ਵੇਹਲੇਪਨ ਨੇ ਨੌਜਵਾਨੀ ਨੂੰ ਨਸਿਆਂ ਵੱਲ ਪ੍ਰੇਰਤ ਕੀਤਾ। ਇਸ ਵਿਚ ਵੱਡਾ ਰੋਲ ਅਦਾ ਕੀਤਾ ਗੀਤਕਾਰਾਂ ਅਤੇ ਗਾਇਕਾਂ ਨੇ ਜਿਨ੍ਹਾਂ ਕੈਸਟਾਂ, ਫਿਲਮਾਂ ਅਤੇ ਵੀਡਿਉ ਵਿਚ ਨਸ਼ੇ, ਬਦਮਾਸ਼ੀ ਅਤੇ ਆਸ਼ਕੀ ਵਾਲੇ ਗੀਤਾਂ ਰਾਹੀਂ, ਨੌਜਵਾਨੀ ਨੂੰ ਗੁੰਮਰਾਹ ਤੇ ਕੁਰਾਹੇ ਪਾਉਣ ਲਈ ਵੱਡਾ ਰੋਲ ਨਿਭਾਇਆ। ਇਸ ਦਾ ਸਿੱਟਾ ਹੈ ਕਿ ਅੱਜ ਘਰਾਂ ਦੇ ਘਰ ਮੌਤਾਂ ਕਾਰਨ ਖਾਲੀ ਹੋ ਗਏ ਹਨ। ਅੱਜ ਹਲਾਤ ਅਜਿਹੇ ਹਨ ਕਿ ਘਰੋਂ ਗਏ ਪੁੱਤਰ ਨੂੰ ਉਡੀਕਦੀਆਂ ਮਾਵਾਂ ਦੇ ਮਨ ਵਿਚ ਕਈ ਸਵਾਲ ਹੁੰਦੇ ਹਨ ਕਵੀ ਦੇਵ ਦਰਦ ਲਿਖਦਾ ਹੈ:
ਨਿਰਉਤਰ ਨੇ ਸਾਰੇ ਉਤਰ ਕਿਧਰ ਗਏ। ਉਡੀਕਦੀਆਂ ਨੇ ਮਾਵਾਂ ਪੁੱਤਰ ਕਿਧਰ ਗਏ।
ਅੱਜ-ਕਲ੍ਹ ਸਿਰਫ ਸ਼ਰਾਬ ਹੀ ਨਹੀਂ ਸਗੋਂ ਹੋਰ ਵੀ ਕਈ ਤਰ੍ਹਾਂ ਦੇ ਨਸ਼ੇ ਜਿਵੇਂ ਤੰਬਾਕੂ, ਜਰਦਾ, ਸਮੈਕ, ਅਫੀਮ, ਨਸ਼ੀਲੀਆਂ ਦਵਾਈਆਂ, ਟੀਕੇ ਆਦਿ ਪ੍ਰਚੱਲਤ ਹੋ ਗਏ ਹਨ। ਇਹ ਨਸ਼ੇ ਕੇਵਲ ਪਿੰਡਾਂ ਤੱਕ ਹੀ ਸੀਮਤ ਨਹੀਂ ਰਹੇ ਸਗੋਂ ਸ਼ਹਿਰਾਂ ਅਤੇ ਸਕੂਲਾਂ, ਕਾਲਜਾਂ ਵਿੱਚ ਵੀ ਪੁੱਜ ਚੁੱਕੇ ਹਨ। ਕਈ ਮਾਂ-ਬਾਪ ਬੱਚਿਆਂ ਦਾ ਭਵਿੱਖ ਸੰਵਾਰਨ ਖ਼ਾਤਰ ਉਨ੍ਹਾਂ ਨੂੰ ਹੋਸਟਲਾਂ ਵਿੱਚ ਪੜ੍ਹਣ ਭੇਜ ਦਿੰਦੇ ਹਨ ਜਿੱਥੇ ਉਹ ਬੁਰੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ਿਆਂ ਦੇ ਸ਼ਿਕੰਜੇ ਵਿੱਚ ਫਸ ਜਾਂਦੇ ਹਨ। ਅੱਜ ਪੰਜਾਬ ਦੇ ਬਹੁਤ ਸਾਰੇ ਲੋਕ ਨਸ਼ਿਆਂ ਦੇ ਸ਼ਿਕਾਰ ਹਨ। ਇਨ੍ਹਾਂ ਨਸ਼ਿਆਂ ’ਤੇ ਹਰ ਸਾਲ ਕਰੋੜਾਂ ਰੁਪਏ ਬਰਬਾਦ ਹੋ ਰਹੇ ਹਨ। ਹਰ ਪੰਜਾਬੀ ਅੱਜ ਕਰਜ਼ੇ ਦੇ ਬੋਝ ਥੱਲ੍ਹੇ ਦੱਬਿਆ ਹੋਇਆ ਹੈ। ਨੌਜਵਾਨ ਪੀੜ੍ਹੀ ਵਿੱਚ ਵਧ ਰਹੀ ਨਿਰਾਸ਼ਤਾ, ਅਸਫਲਤਾ, ਬੇਰੁਜ਼ਗਾਰੀ, ਪਰਵਾਰਿਕ ਮਾਹੌਲ, ਸਵੈ-ਵਿਸ਼ਵਾਸ ਦੀ ਕਮੀ, ਨੈਤਿਕ ਸਿਖਿਆ ਦੀ ਘਾਟ ਅਤੇ ਬੁਰੀ ਸੰਗਤ ਦਾ ਨਸ਼ਿਆਂ ਦੇ ਵਹਿਣ ’ਚ ਡੁੱਬਣ ਦਾ ਕਾਰਨ ਬਣਦੇ ਹਨ।
ਸਮਾਜ ਦੀ ਇਸ ਗੰਭੀਰ ਸਮੱਸਿਆ ਕਰਕੇ ਨਸ਼ਿਆਂ ਦੀ ਮਾਰ ਕਾਰਨ ਸਰੀਰਕ, ਮਾਨਸਿਕ, ਬੌਧਿਕ ਅਤੇ ਆਤਮਿਕ ਤੌਰ ਉਤੇ ਖੋਖਲੀ ਹੁੰਦੀ ਜਾ ਰਹੀ ਨੌਜਵਾਨੀ ਵਾਲੀ ਪੀੜ੍ਹੀ ਨੂੰ ਸੁਚੱਜੀ ਸੇਧ ਦੇਣ ਦੀ ਲੋੜ ਹੈ। ਖਾਸ ਤੌਰ ’ਤੇ ਮਾਪਿਆਂ ਤੇ ਅਧਿਆਪਕਾਂ ਨੂੰ ਨਸ਼ਾ-ਰਹਿਤ ਜੀਵਨ ਦੀ ਨਿੱਜੀ ਮਿਸਾਲ ਰਾਹੀਂ ਘਰਾਂ ਤੇ ਸਕੂਲਾਂ ਵਿਚ ਉਚੀਆਂ ਸੁੱਚੀਆਂ ਨੈਤਿਕ ਕਦਰਾਂ-ਕੀਮਤਾਂ ਵਾਲੇ ਪਵਿੱਤਰ ਵਾਤਾਵਰਣ ਦੀ ਸਿਰਜਣਾ ਕਰਨੀ ਚਾਹੀਦੀ ਹੈ। ਸਿੱਖਿਆ ਸੰਸਥਾਵਾਂ ਵਿਚ ਵਿਦਿਆਰਥੀਆਂ ਦੀ ਸ਼ਕਤੀ ਦੇ ਸਦਉਪਯੋਗ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਕੋਮਲ-ਕਲਾਵਾਂ ਅਤੇ ਹੋਰ ਸਹਿ-ਕਿਰਿਆਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਉਸਾਰੂ ਜੀਵਨ-ਜਾਚ ਲਈ ਬੱਚਿਆਂ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪ੍ਰੇਰਨਾਦਾਇਕ ਸਾਹਿਤ ਮੁਹੱਈਆ ਕਰਵਾਉਣਾ ਚਾਹੀਦਾ ਹੈ।
ਜੇ ਸਰਕਾਰਾਂ, ਸਮਾਜ-ਸੇਵੀ ਸੰਸਥਾਵਾਂ ਅਤੇ ਮਾਪੇ ਇਸ ਸਮੱਸਿਆ ਨਾਲ ਨਜਿੱਠਣ ਲਈ ਇਕਜੁੱਟ ਹੋ ਜਾਣ ਤਾਂ ਇਸ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਸਭ ਤੋਂ ਪਹਿਲਾਂ ਸਕੂਲ ਪੱਧਰ ’ਤੇ ਹੀ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਇਆ ਜਾਵੇ। ਹਰ ਹਫਤੇ ਸਕੂਲਾਂ/ਕਾਲਜਾਂ ਵਿਚ ਨਸ਼ਿਆਂ ’ਤੇ ਸੈਮੀਨਾਰ ਹੋਵੇ ਅਤੇ ਹਰ ਰੋਜ਼ ਸਵੇਰ ਦੀ ਸਭਾ ਸਮੇਂ ਇੱਕ ਲੈਕਚਰ, ਕਵਿਤਾ ਜਾਂ ਗੀਤ ਰਾਹੀਂ ਸੁਨੇਹਾ ਦਿੱਤਾ ਜਾਵੇ। ਬੱਚਿਆਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਦੱਸਿਆ ਜਾਵੇ। ਇਸ ਵਿਚ ਕੋਈ ਛੱਕ ਨਹੀਂ ਕਿ ਪੰਜਾਬ ਕਈ ਤਰ੍ਹਾਂ ਦੀਆਂ ਚਨੌਤੀਆਂ ਦੀ ਗ੍ਰਿਫਤ ਵਿਚ ਘਿਰਿਆ ਹੋਇਆ ਹੈ ਤੇ ਮੰਦਹਾਲੀ ਨੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਝੰਬਿਆ ਹੋਇਆ ਹੈ ਇਸ ਚੋਂ ਨਿਕਲਣਾ ਕਿਵੇਂ ਹੈ, ਇਸ ਲਈ ਸਰਕਾਰ ਅਤੇ ਸਮਾਜ ਸੇਵੀ ਵੱਡੀਆਂ ਸੰਸਥਾਵਾਂ ਨੂੰ ਅੱਗੇ ਆਉਣਾ ਪਵੇਗਾ। ਬੁੱਧੀਜੀਵੀ ਤੇ ਪ੍ਰਸ਼ਾਸਨਿਕ ਵਰਗ ਦਾ ਇਮਾਨਦਾਰੀ ਨਾਲ ਸਹਿਯੋਗ ਲੈਣ ਲਈ ਉਨ੍ਹਾਂ ਨਾਲ ਵੀਚਾਰ ਚਰਚਾ ਜਰੂਰੀ ਹੈ।
ਇੱਕ-ਦੂਜੇ ’ਤੇ ਦੋਸ਼ ਮੜ੍ਹਨ ਦੀ ਬਜਾਏ ਜੇ ਸਾਰੇ ਆਪਣੀ ਜ਼ਿੰਮੇਵਾਰੀ ਸੰਭਾਲ ਲੈਣ ਤਾਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਮੁਸ਼ਕਲ ਨਹੀਂ ਹੈ। ਸਰਕਾਰਾਂ ਵੀ ਆਪਣੇ ਫਰਜ਼ ਪਛਾਨਣ ਅਤੇ ਪਿੰਡਾਂ ਵਿੱਚ ਖੇਡ ਮੈਦਾਨ, ਲਾਇਬਰੇਰੀਆਂ ਬਣਾਉਣ ਤਾਂ ਕਿ ਨੌਜਵਾਨਾਂ ਨੂੰ ਖੇਡਾਂ ਅਤੇ ਚੰਗਾ ਸਾਹਿਤ ਪੜ੍ਹਨ ਲਈ ਉਤਸ਼ਾਹਤ ਕੀਤਾ ਜਾ ਸਕੇ ਅਤੇ ਬੱਚਿਆਂ ਨੂੰ ਨਰੋਆ ਮਨੋਰੰਜਨ ਦਿੱਤਾ ਜਾਵੇ। ਸਮਾਜ ਸੇਵੀ ਸੰਸਥਾਵਾਂ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਗੇ ਆਉਣ। ਮਾਪੇ ਵੀ ਆਪਣੇ ਬੱਚਿਆਂ ਦੇ ਐਬ ਲੁਕਾਉਣ ਦੀ ਬਜਾਏ ਉਨ੍ਹਾਂ ਦਾ ਇਲਾਜ ਕਰਵਾਉਣ। ਜੇਕਰ ਸਮਾਜ ਦਾ ਹਰੇਕ ਵਿਅਕਤੀ ਸਮਰੱਥਾ ਅਨੁਸਾਰ ਆਪਣਾ ਯੋਗਦਾਨ ਪਾਵੇ ਤਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ ਅਤੇ ਬਹੁਤ ਜਲਦ ਹੀ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਇਸ ਗੰਭੀਰ ਸਮੱਸਿਆ ਤੋਂ ਬਚਣ ਲਈ ਅੱਜ ਡਾਹਢੀ ਲੋੜ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਵਿਰਸੇ ਨਾਲ ਜੋੜੀਏ। ਗੁਰੂ ਸਾਹਿਬ ਨੇ ਸਾਨੂੰ ਜੋ ਸਿਧਾਂਤ ਬਖ਼ਸ਼ੇ ਹਨ ਉਨ੍ਹਾਂ ਤੋਂ ਦੂਰ ਜਾਣ ਕਾਰਨ ਹੀ ਅਸੀਂ ਅੱਜ ਇਨ੍ਹਾਂ ਸਮੱਸਿਆਵਾਂ ਵਿਚ ਘਿਰੇ ਹੋਏ ਹਾਂ। ਸਾਡੇ ਬੱਚੇ ਆਪਣੇ ਅਮੀਰ ਵਿਰਸੇ ਤੋਂ ਅਨਜਾਣ ਸਹਿਜੇ ਹੀ ਗਲਤ ਚੁੰਗਲ ਵਿਚ ਫਸ ਕੇ ਗਲਤ ਰਾਹੇ ਪੈ ਜਾਂਦੇ ਹਨ। ਜੇਕਰ ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਸਮਝ ਲਈਏ ਤਾਂ ਬਹਾਦਰਾਂ ਦੀਆਂ ਗਥਾਵਾਂ ਤੋਂ ਸਾਨੂੰ ਚੰਗੇ ਜੀਵਨ ਦੀ ਪ੍ਰੇਰਨਾ ਮਿਲੇਗੀ। ਇਹ ਪ੍ਰੇਰਨਾ ਚੰਗੇਰੇ ਜੀਵਨ ਲਈ ਸਹਾਈ ਹੋਵੇਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਗੰਭੀਰ ਸਮੱਸਿਆ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਵਿਚ ਨਸ਼ਿਆਂ ਖਿਲਾਫ ਜ਼ੋਰਦਾਰ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਪੀਲ ਕੀਤੀ ਹੈ ਕਿ ਨਸ਼ੇ ਦੇ ਆਦੀ ਨੌਜਵਾਨ ਜਿਨ੍ਹਾਂ ਦਾ ਇਲਾਜ ਮਾਪੇ ਨਹੀਂ ਕਰਵਾ ਸਕਦੇ, ਉਨ੍ਹਾਂ ਦਾ ਇਲਾਜ ਧਰਮ ਪ੍ਰਚਾਰ ਕਮੇਟੀ ਵੱਲੋਂ ਆਪਣੇ ਖਰਚੇ ’ਤੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਕਰਵਾਇਆ ਜਾਵੇਗਾ, ਤਾਂ ਕਿ ਉਹ ਆਪਣੇ ਪਰਿਵਾਰਾਂ ਵਿਚ ਖੁਸ਼ ਰਹਿ ਸਕਣ। ਅੱਜ ਲੋੜ ਕੁਰਾਹੇ ਪਏ ਨੌਜਵਾਨਾਂ ਨੂੰ ਪਿਆਰ ਨਾਲ ਸਮਝਾ ਕੇ ਚੰਗੇਰੇ ਜੀਵਨ ਜਿਊਣ ਵੱਲ ਪ੍ਰੇਰਿਤ ਕਰਨ ਦੀ ਹੈ। ਇਸ ਲਈ ਮਾਪੇ ਅਤੇ ਆਸ-ਪਾਸ ਦੇ ਸੂਝਵਾਨ ਲੋਕ ਬੱਚਿਆਂ ਨੂੰ ਸਹੀ ਸੇਧ ਦੇਣ ਦਾ ਕਾਰਜ ਕਰ ਸਕਦੇ ਹਨ। ਅਸੀਂ ਆਪਣੇ ਬੱਚਿਆਂ ਦੇ ਚੰਗੇਰਾ ਭਵਿੱਖ ਦੀ ਆਸ ਕਰਦੇ ਹਾਂ ਤਾਂ ਸਾਨੂੰ ਇਸ ਬਿਮਾਰੀ ਨੂੰ ਖਤਮ ਕਰਨ ਲਈ ਸੁਹਿਰਦ ਹੋ ਕੇ ਸਾਂਝੇ ਯਤਨ ਕਰਨ ਦੀ ਲੋੜ ਹੈ।

Send this to a friend