ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਦੁਨੀਆ ਭਰ ਵਿੱਚ ਪ੍ਰਫੁੱਲਤ ਕਰਨ ਲਈ ਜਾਣੀ ਜਾਂਦੀ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਨੇ ਓਨਟਾਰੀਓ ਖਾਲਸਾ ਦਰਬਾਰ ਕਲੱਬ ਨਾਲ ਮਿਲ ਕੇ ਸਾਂਝੇ ਰੂਪ ਵਿੱਚ ਪਾਵਰਰੇਡ ਸੈਂਟਰ ਦੀਆਂ ਗਰਾਂਊਂਡਾ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ । ਕਬੱਡੀ ਫੈਡਰੇਸ਼ਨ ਓਨਟਾਰੀਓ ਦਾ ਇਹ ਇਸ ਸੀਜਨ ਦਾ 5 ਵਾਂ ਟੂਰਨਾਮੈਂਟ ਸੀ, ਜਦਕਿ ਇੰਟਰਨੈਸ਼ਨਲ ਕਲੱਬ ਦਾ ਇਹ 10 ਵਾਂ ਖੇਡ ਮੇਲਾ ਸੀ। ਦੁਨੀਆਂ ਭਰ ਦੀ ਕਬੱਡੀ ਵਿੱਚ ਸਮਾਂਨਤਰ ਕੰਮ ਕਰਨ ਵਾਲੇ ਖੇਡ ਪ੍ਰਮੋਟਰ ਇੰਦਰਜੀਤ ਧੁੱਗਾ,ਹਰਵਿੰਦਰ ਬਾਸੀ ,ਹਰਮਨ ਚਾਹਲ ਦੇ ਸਾਥੀਆ ਨੇ ਇਸ ਕੱਪ ਨੂੰ ਸਫਲ ਬਣਾਉਣ ਲਈ ਅੱਡੀ ਚੋਟੀ ਦਾ ਜੋਰ ਲਾਇਆ। ਕਬੱਡੀ ਫੈਡਰੇਸ਼ਨ ਓਨਟਾਰੀਓ ਦੇ ਪ੍ਰਧਾਨ ਦਲਜੀਤ ਸਿੰਘ ਸਹੋਤਾ,ਚੇਅਰਮੈਨ ਮਲਕੀਤ ਦਿਓਲ,ਸੈਕਟਰੀ ਗੁਰਮੁੱਖ ਸਿੰਘ ਅਟਵਾਲ,ਵਾਇਸ ਪ੍ਰਧਾਨ ਬਿੱਲਾ ਸਿੱਧੂ,ਖਜਾਨਚੀ ਸ਼ੇਰਾ ਮੰਡੇਰ, ਡਰਾਇਕੈਟਰ ਜਿੰਦਰ ਬੁੱਟਰ,ਰੇਸ਼ਮ ਰਾਜਸਥਾਨੀ,ਜਤਿੰਦਰ ਤੋਚੀ ਦੀ ਅਗਵਾਈ ਵਾਲੀ ਫੈਡਰੇਸ਼ਨ ਦੀਆਂ ਅੱਠ ਚੋਟੀ ਦੀਆਂ ਵੱਖ ਵੱਖ ਟੀਮਾ ਦਰਮਿਆਨ ਕਬੱਡੀ ਦੇ ਮੈਚਾਂ ਦਾ ਵੇਰਵਾ ਕੁੱਝ ਇਸ ਤਰ੍ਹਾਂ ਹੈ।
ਮੈਟਰੋ ਪੰਜਾਬੀ ਸਪੋਰਟਸ ਕਲੱਬ ਤੇ ਬਾਬਾ ਕਾਹਨ ਦਾਸ ਕਲੱਬ ਦੀ ਪਹਿਲੀ ਟੱਕਰ – ਕਬੱਡੀ ਓਪਨ ਦਾ ਪਹਿਲਾ ਮੈਚ ਪਿਛਲੀ ਚੈਪੀਅਨ ਟੀਮ ਮੈਟਰੋ ਪੰਜਾਬੀ ਸਪੋਰਟਸ ਕਲੱਬ ਤੇ ਬੀਕੇਡੀ ਦੇ ਦਰਮਿਆਨ ਸ਼ੁਰੂ ਹੋਇਆ । ਇਸ ਮੁਕਾਬਲੇ ਦੀ ਪਹਿਲੀ ਕਬੱਡੀ ਜੀਤਾ ਸੰਧੂ ਚੱਠਾ ਨੇ ਪਾ ਕੇ ਨੰਬਰ ਆਪਣੀ ਟੀਮ ਲਈ ਜੋੜਿਆ । ਸੁਲਤਾਨ ਸਮਸਪੁਰ ਨੇ ਦੂਜੀ ਰੇਡ ਨਾਲ ਅੰਕ ਬਰਾਬਰ ਕਰ ਦਿੱਤਾ । ਇਸ ਮੁਕਾਬਲੇ ਦਾ ਪਹਿਲਾ ਜੱਫਾ ਯਾਦ ਕੋਟਲੀ ਨੇ ਜੀਤਾ ਸੰਧੂ ਚੱਠਾ ਨੂੰ ਲਾਇਆ। ਇਸ ਮੈਚ ਵਿੱਚ ਖੇਡ ਕਈ ਵਾਰ ਬਰਾਬਰੀ ਤੇ ਪਹੁੰਚੀ ਜਿਵੇਂ ਇੱਕ ਵਾਰ 32-32,33-33,34-34 ਅੰਕ ਤੱਕ ਪੂਰੀ ਫਸਵੀ ਟੱਕਰ ਰਹੀ । ਅੰਤ ਮੈਟਰੋ ਪੰਜਾਬੀ ਕਲੱਬ ਜੈਤੂ ਰਿਹਾ ।
ਯੰਗ ਸਪੋਰਟਸ ਕਲੱਬ ਤੇ ਬਰੈਂਪਟਨ ਟੋਰਾਂਟੋ ਦਾ ਦੂਜਾ ਮੈਚ -ਠਤੂੰ ਮੱਘਦਾ ਰਹੀ ਵੇ ਸੂਰਜਾੂ ਦੀ ਅਖਾਣ ਵਾਂਗ ਦੂਜੇ ਮੈਚ ਦੌਰਾਨ ਸੂਰਜ ਵੀ ਆਪਣੀ ਧੁੱਪ ਲੈ ਕੇ ਸਿਖਰ ਤੇ ਆਣ ਪੁੱਜਾ ਸੀ। ਆਖਰੀ ਵਿਸਲ ਵੱਜਣ ਤੱਕ ਬਰੈਂਪਟਨ ਟੋਰਾਂਟੋ ਕਲੱਬ ਦੇ 35.50 ਅੰਕ ਸਨ ਤੇ ਯੰਗ ਦੇ 34 ਅੰਕ ਸਨ। ਇਸ ਮੈਚ ਨੂੰ ਬਰੈਂਪਟਨ ਟੋਰਾਂਟੋ ਨੇ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ।
ਮੇਜਬਾਨ ਇੰਟਰਨੈਸ਼ਨਲ ਪੰਜਾਬੀ ਦੀ ਟੋਰਾਂਟੋ ਪੰਜਾਬੀ ਨਾਲ ਹੋਈ ਟੱਕਰ – ਇਸ ਮੁਕਾਬਲੇ ਦਾ ਪਹਿਲਾ ਅੰਕ ਦਿਲਬਾਗ ਸਿੰਘ ਬਾਗੀ ਨੇ ਆਪਣੀ ਟੀਮ ਲਈ ਜੋੜਿਆ। ਜਦਕਿ ਮੰਨੇ ਦੀ ਰੇਡ ਤੇ ਗੁਰਦੀਪ ਮਾਧੋਪੁਰ ਨੇ ਜੱਫਾ ਲਾ ਕੇ ਮੈਚ ਚ ਹਲਚਲ ਮਚਾ ਦਿੱਤੀ ।ਇਸ ਮੁਕਾਬਲੇ ਨੂੰ ਇੰਟਰਨੈਸ਼ਨਲ ਪੰਜਾਬੀ ਨੇ 28 ਦੇ ਮੁਕਾਬਲੇ 34 ਅੰਕ ਲੈ ਕੇ ਜਿੱਤਿਆ।
ਓਨਟਾਰੀਓ ਖਾਲਸਾ ਦਰਬਾਰ ਤੇ ਲਾਇਨ ਮਾਲਟਨ ਦੀ ਤੂਫਾਨੀ ਟੱਕਰ – ਕਬੱਡੀ ਕੱਪ ਦੇ ਦੂਜੇ ਮੇਜਬਾਨ ਕਲੱਬ ਓਨਟਾਰੀਓ ਖਾਲਸਾ ਦਰਬਾਰ ਦਾ ਪਹਿਲਾ ਮੁਕਾਬਲਾ ਲਾਇਨ ਮਾਲਟਨ ਸਪੋਰਟਸ ਕਲੱਬ ਨਾਲ ਹੋਇਆ । ਪ੍ਰਸਿੱਧ ਖਿਡਾਰੀ ਤੇ ਕੋਚ ਸੰਦੀਪ ਲੱਲੀਆ ਦੀ ਟੀਮ ਲਈ ਅੱਜ ਦਾ ਦਿਨ ਬੜਾ ਮਹੱਤਵਪੂਰਨ ਸੀ। ਇੱਕ ਵਾਰ ਅੰਕ 3-3,5-5,10-10,26-26,29-29 ਤੇ ਫੇਰ 32-32 ਹੋਏ । ਚੰਗੀ ਖੇਡ ਦਾ ਪ੍ਰਦਰਸ਼ਨ ਕਰਦਿਆ ਓਕੇਡੀ ਕਲੱਬ ਨੇ ਇਹ ਮੈਚ 32.50 ਦੇ ਮੁਕਾਬਲੇ 34 ਅੰਕ ਲੈ ਕੇ ਜਿੱਤਿਆ ।
ਕੁਆਟਰ ਫਾਈਨਲ ਮੈਚ – ਮੈਟਰੋ ਪੰਜਾਬੀ ਸਪੋਰਟਸ ਕਲੱਬ ਤੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦਾ ਪਹਿਲਾ ਕੁਆਟਰ ਫਾਈਨਲ ਮੈਚ ਖੇਡਿਆ ਗਿਆ ।ਜਿਸ ਨੂੰ ਮੈਟਰੋ ਨੇ ਆਪਣੀ ਤੇਜ ਰਫਤਾਰ ਨਾਲ ਖੇਡਦਿਆ ਦਸ ਅੰਕਾਂ ਦੇ ਫਰਕ ਨਾਲ ਜਿੱਤਿਆ ।
ਦੂਜਾ ਕੁਆਟਰ ਮੈਚ ਬਰੈਂਪਟਨ ਤੇ ਲਾਇਨ ਮਾਲਟਨ ਦਰਮਿਆਨ ਬੜਾ ਫਸਵਾ ਹੋਇਆ ।ਇਸ ਮੈਚ ਨੂੰ ਬਰੈਂਪਟਨ ਟੋਰਾਂਟੋ ਕਲੱਬ ਨੇ 31 ਦੇ ਮੁਕਾਬਲੇ 33.50 ਅੰਕ ਲੈ ਕੇ ਜਿੱਤਿਆ ।
ਤੀਜਾ ਕੁਆਟਰ ਮੈਚ ਇੰਟਰਨੈਸ਼ਨਲ ਪੰਜਾਬੀ ਤੇ ਬਾਬਾ ਕਾਹਨ ਦਾਸ ਕਲੱਬ ਵਿਚਕਾਰ ਹੋਇਆ । ਪਹਿਲੇ ਅੱਧ ਤੱਕ ਇੰਟਰਨੈਸ਼ਨਲ ਕੋਲ ਵੱਡੀ ਲੀਡ ਸੀ ਪ੍ਰੰਤੂ ਦੂਜੇ ਅੱਧ ਦੀ ਖੇਡ ਦੌਰਾਨ ਬੀਕੇਡੀ ਨੇ ਚੰਗੀ ਵਾਪਸੀ ਕੀਤੀ ।ਮੈਚ ਦਾ ਅੰਤ 34.50 ਤੇ 25 ਅੰਕਾ ਨਾਲ ਹੋਇਆ। ਇਸ ਮੈਚ ਵਿੱਚ ਇੰਟਰਨੈਸ਼ਨਲ ਪੰਜਾਬੀ ਨੇ ਜਿੱਤ ਹਾਸ਼ਿਲ ਕੀਤੀ। ਚੌਥੇ ਕੁਆਟਰ ਫਾਈਨਲ ਮੈਚ ਵਿੱਚ ਯੰਗ ਕਲੱਬ ਨੇ ਓਕੇਡੀ ਨੂੰ ਬਾਹਰ ਕਰ ਦਿੱਤਾ ।
ਸੈਮੀਫਾਈਨਲ ਦੇ ਭੇੜ – ਪਹਿਲਾ ਸੈਮੀਫਾਈਨਲ ਮੈਚ ਮੇਜਬਾਨ ਇੰਟਰਨੈਸ਼ਨਲ ਪੰਜਾਬੀ ਤੇ ਬਰੈਂਪਟਨ ਟੋਰਾਂਟੋ ਵਿਚਕਾਰ ਸ਼ੁਰੂ ਹੋਇਆ ਤਾਂ ਕਬੱਡੀ ਕਿੰਗ ਮੰਗੀ ਬੱਗਾਪਿੰਡ ਨੇ ਰਾਜੂ ਕੋਟੜਾ ਦੀ ਪਹਿਲੀ ਰੇਡ ਤੇ ਜੱਫਾ ਲਾ ਦਿੱਤਾ। ਇਸ ਮੈਚ ਨੂੰ ਬਰੈਂਪਟਨ ਟੋਰਾਂਟੋ ਕਲੱਬ ਨੇ 38.50 ਦੇ ਮੁਕਾਬਲੇ 40 ਅੰਕ ਲੈ ਕੇ ਜਿੱਤਿਆ। ਦੂਜਾ ਸੈਮੀਫਾਈਨਲ ਮੈਚ ਯੰਗ ਕਲੱਬ ਤੇ ਮੈਟਰੋ ਪੰਜਾਬੀ ਕਲੱਬ ਦਾ ਹੋਇਆ। ਇਸ ਮੈਚ ਨੂੰ ਯੰਗ ਕਲੱਬ ਨਨੇ 41 ਦੇ ਮੁਕਾਬਲੇ 43.50 ਅੰਕਾ ਨਾਲ ਜਿੱਤ ਕੇ ਮੈਟਰੋ ਦੀ ਜੈਤੂ ਰਫਤਾਰ ਨੂੰ ਬਰੇਕ ਲਾਈ ।
ਸੁਪਰ ਫਾਈਨਲ ਮੁਕਾਬਲਾ – ਫਾਈਨਲ ਮੈਚ ਯੰਗ ਕਲੱਬ ਤੇ ਬਰੈਂਪਟਨ ਟੋਰਾਂਟੋ ਕਲੱਬ ਦਾ ਹੋਇਆ। ਇਸ ਮੁਕਾਬਲੇ ਨੂੰ ਬਰੈਂਪਟਨ ਟੋਰਾਂਟੋ ਕਲੱਬ ਨੇ 44.50 ਦੇ ਮੁਕਾਬਲੇ 48 ਅੰਕ ਲੈ ਕੇ ਜਿੱਤਿਆ । ਇਸ ਕਬੱਡੀ ਕੱਪ ਦਾ ਬੈਸਟ ਰੇਡਰ ਮਨਜੋਤ ਸਿੰਘ ਮਾਛੀਵਾੜਾ ਤੇ ਬੈਸਟ ਜਾਫੀ ਅਰਸਦੀਪ ਸਿੰਘ ਚੋਹਲਾ ਸਾਹਿਬ ਬਣੇ ।
ਸੱਟਾਂ ਦਾ ਸ਼ਿਕਾਰ ਹੋਏ ਖਿਡਾਰੀ – ਇਸ ਜਬਰਦਸਤ ਭੇੜ ਦੌਰਾਨ ਕਈ ਖਿਡਾਰੀ ਸੱਟਾਂ ਦਾ ਸ਼ਿਕਾਰ ਹੋਏ ਹਨ ਜਿੰਨਾ ਵਿੱਚ ਮੰਨਾ ਬੱਲ ਨੌ , ਯਾਦ ਕੋਟਲੀ,ਗੁਰੀ ਧਲੇਰ, ਜੱਗਾ ਚਿੱਟੀ, ਸੱਤੂ ਖਡੂਰ ਸਾਹਿਬ ਆਦਿ ਖਿਡਾਰੀ ਸੱਟਾ ਦਾ ਸ਼ਿਕਾਰ ਹੋ ਗਏ।
ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਖੇਡਾਂ ਤੇ ਸਭਿਆਚਾਰ ਨੂੰ ਵਿਸ਼ੇਸ਼ ਦੇਣ – ਓਨਟਾਰੀਓ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਪ੍ਰਬੰਧਕ ਕੈਨੇਡਾ ਤੋਂ ਇਲਾਵਾ ਇੰਗਲੈਂਡ, ਅਮਰੀਕਾ, ਭਾਰਤ, ਪਾਕਿਸਤਾਨ ਵਿੱਚ ਹੋਣ ਵਾਲੇ ਟੂਰਨਾਮੈਟਾ ਨੂੰ ਵੀ ਵਿਸ਼ੇਸ਼ ਸਹਿਯੋਗ ਦਿੰਦੇ ਹਨ। ਪੰਜਾਬੀ ਦੇ ਕਈ ਉਭਰਦੇ ਫਨਕਾਰਾ ਨੂੰ ਇਸ ਕਲੱਬ ਨੇ ਸਪਸ਼ਰ ਕੀਤਾ ਹੈ ।
ਟੂਰਨਾਮੈਂਟ ਦੇ ਪ੍ਰਬੰਧਕ ਤੇ ਮਹਿਮਾਨ – ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਵਲੋਂ ਇਸ ਟੂਰਨਾਮੈਂਟ ਦੇ ਪ੍ਰਬੰਧਕ ਇੰਦਰਜੀਤ ਸਿੰਘ ਧੁੱਗਾ, ਹਰਵਿੰਦਰ ਸਿੰਘ ਬਾਸੀ,ਸੁੱਖਾ ਬਾਸੀ,ਜਸ ਸੋਹਲ,ਮਨਜੀਤ ਘੋਤੜਾ,ਜਸਪਾਲ ਮਾਨ, ਧੀਰਾ ਸੰਧੂ,ਮਿੱਠੂ ਉਮਰ,ਰੇਸਮ ਰਾਜਸਥਾਨੀ,ਜਸਵੰਤ ਸਿੰਘ ਧੁੱਗਾ,ਕਾਲਾ ਧੁੱਗਾ,ਵੀਰਪਾਲ ਧੁੱਗਾ,ਬੱਬਲ ਸੰਗਰੂਰ ਪ੍ਰਧਾਨ ਬੀਸੀ ਯੂਨਾਈਟਿਡ ਫੈਡਰੇਸ਼ਨ,ਕਰਨ ਘੁਮਾਣ ਦਿੜ੍ਹਬਾ, ਗੁਰਜੀਤ ਮਾਂਗਟ , ਮਨਜੀਤ ਪੰਡੋਰੀ ਤੇ ਓਨਟਾਰੀਓ ਖਾਲਸਾ ਦਰਬਾਰ ਕਲੱਬ ਵਲੋਂ ਹਰਮਨ ਚਾਹਲ ਬਿੱਟੂ,ਸੰਦੀਪ ਲੱਲੀਆ, ਸਤਨਾਮ ਚਾਹਲ,ਦਲਬੀਰ ਖਹਿਰਾ,ਧਰਮਿੰਦਰ ਢੰਡਵਾੜ , ਅਵਤਾਰ ਚੌਹਾਨ,ਸੁੱਖਾ ਨਿੱਝਰ ਆਦਿ ਤੋਂ ਇਲਾਵਾ ਇਸ ਟੂਰਨਾਮੈਂਟ ਵਿੱਚ ਐਮ ਪੀ ਰਾਜ ਗਰੇਵਾਲ,ਐਮ ਪੀ ਰਾਮੇਸਵਰ ਸੰਘਾ, ਜੋਤੀ ਸਮਰਾ, ,ਪ੍ਰਸਿੱਧ ਗਾਇਕ ਹਰਜੀਤ ਹਰਮਨ,ਗੀਤਾ ਜੈਲਦਾਰ, ਮਨਕੀਰਤ ਔਲਖ ,ਮਿੰਦੀ ਵਿਰਕ ,ਧੀਰਾ ਨਿੱਝਰ,ਤੇਜਿੰਦਰ ਨਿੱਝਰ,ਸੁੱਖਾ ਰੰਧਾਵਾ,ਸੁੱਖਾ ਢੇਸੀ ਦਾ ਵਿਸ਼ੇਸ਼ ਸਹਿਯੋਗ ਰਿਹਾ । ਪੁਰਾਣੇ ਖਿਡਾਰੀ ਮੰਦਰ ਗਾਲਿਬ ਦਾ ਵਿਸ਼ੇਸ ਸਨਮਾਨ ਕੀਤਾ ਗਿਆ । ਟੋਰਾਂਟੋ ਦੀ ਕਬੱਡੀ ਦੇ ਇਸ ਸੀਜਨ ਵਿੱਚ ਇਹ ਟੂਰਨਾਮੈਂਟ ਵੀ ਮੀਲ ਪੱਥਰ ਸਾਬਿਤ ਹੋਇਆ ।