April 22, 2026 2:01 pm

ਬੋਹਾ ਖੇਤਰ ਦੇ ਲੋਕਾਂ ਨੂੰ ਸੁਵਿਧਾ ਦੇਣ ਵਾਲੇ ਸੇਵਾ ਕੇਂਦਰ ਨੇ ਬੰਦ ਹੋਕੇ ਖੜੀ ਕੀਤੀ ਦੁਵਿਦਾ

ਨਗਰ ਬੋਹਾ ਦੇ ਲੱਗਭੱਗ 20 ਹਜ਼ਾਰ ਵਾਸੀ ਅਤੇ 42 ਪਿੰਡਾਂ ਦੇ ਲੋਕ ਹੋ ਰਹੇ ਹਨ ਪ੍ਰੇਸ਼ਾਨ

ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦੇ ਜਾਵੋ ਮੁੜ ਚਾਉਣ ਲਈ ਸਰਕਾਰ ਤੋਂ ਮੰਗਾਂਗੇ ਆਗਿਆ-ਜਿਲਾ ਇੰਨਚਾਰਚਜ ਸੇਵਾ ਕੇਂਦਰ
ਬੁਢਲਾਡਾ ਬਲਾਕ ਦੇ ਸੇਵਾ ਕੇਂਦਰ ਬੰਦ ਕਰਕੇ ਸੈਂਕੜੇ ਵਿਅਕਤੀਆਂ ਦੀ ਖੋਹੀ ਰੋਟੀ
ਬੋਹਾ ਖੇਤਰ ਦੇ ਲੋਕਾਂ ਨੂੰ ਲੱਗਭੱਗ 60-70 ਸਾਰਟੀਫਿਕੇਟ ਬਣਾਉਣ ਦੀਆਂ ਸੁਵਿਧਾਵਾਂ ਦੇਣ ਵਾਲਾ ਬੋਹਾ ਸੇਵਾ ਕੇਂਦਰ ਨੰਬਰ ਪੀ.ਬੀ. 047-00247-ਯੂ003 ਦੇ ਨਾਲ ਨਾਲ ਬੁਢਲਾਡਾ ਬਲਾਕ ਦੇ 21 ਸੇਵਾ ਕੇਂਦਰ ਬੰਦ ਹੋ ਗਏ ਹਨ।ਜਿੱਥੇ ਇਹਨਾਂ ਸੇਵਾ ਕੇਂਦਰਾਂ ਦੇ ਬੰਦ ਹੋਣ ਨਾਲ ਲੋਕਾਂ ਲਈ ਦੁਵਿਦਾ ਬਣੀ ਹੋਈ ਹੈ ਉਥੇ ਇਹਨਾਂ ਦੇ ਬੰਦ ਹੋਣ ਨਾਲ ਇਹਨਾਂ ਸੇਵਾ ਕੇਂਦਰਾਂ ਵਿੱਚ ਕੰਮ ਕਰ ਰਹੇ ਸੈਂਕੜੇ ਵਿਅਕਤੀ ਬੇਰੁਜਗਾਰੀ ਦੀ ਮਾਰ ਹੇਠ ਆ ਗਏ ਹਨ। ਬੁਢਲਾਡਾ ਬਲਾਕ ਦੇ ਸੁਵਿਧਾ ਸੈਂਟਰਜ਼ ਨੂੰ ਚਲਾਉਣ ਵਾਲੀ ਕੰਪਨੀ ਬੀ.ਐਲ.ਐਸ ਨੇ 20 ਹਜਾਰ ਦੀ ਅਬਾਦੀ ਵਾਲੇ ਨਗਰ ਬੋਹਾ ਦਾ ਸੇਵਾ ਕੇਂਦਰ 18 ਜੁਲਾਈ ਨੂੰ ਬੰਦ ਕਰਨ ਦੇ ਅਦੇਸ਼ ਦਿੱਤੇ ਸਨ।ਇਸ ਵਿੱਚ ਪੰਜ-ਛੇ ਵਿਅਕਤੀ ਸੇਵਾ ਨਿਭਾਅ ਰਹੇ ਸਨ ਜਿੰਨਾਂ ਵਿੱਚੋਂ ਤਿੰਨ ਵਿਅਕਤੀ ਕੰਪਿਉਟਰ ਤੇ ਸਾਰਟੀਫਿਕੇਟ ਬਣਾਉਣ ਦਾ ਕਾਰਜ ਕਰਦੇ ਸਨ, ਜਿੰਨਾਂ ਦੀ ਕੰਪਿਉਟਰ ਮੇਲ.ਆਈਡੀ ਬਣੀ ਹੋਈ ਸੀ, ਸੇਵਾ ਕੇਂਦਰ 18 ਜੁਲਾਈ ਨੂੰ ਬੰਦ ਕਰਨਾਂ ਸੀ ਜਦੋਂ ਕਿ ਇਸ ਕੇਂਦਰ ਦੀਆਂ ਤਿੰਨੇ ਆਈਡੀਜ਼ 14 ਜੁਲਾਈ ਨੂੰ ਹੀ ਬੰਦ ਕਰ ਦਿੱਤੀਆਂ ਸਨ।ਜਿਕਰਯੋਗ ਹੈ ਕਿ ਅਕਾਲੀ ਸਰਕਾਰ ਨੇ ਬੁਢਲਾਡਾ ਬਲਾਕ ਵਿੱਚ ਲੋਕਾਂ ਦੀ ਸਹੂਲਤ ਲਈ ਦੋ ਤਰਾਂ ਦੀ ਸੂਚੀ ਵਾਲੇ ਸੇਵਾ ਕੇਂਦਰ ਖੋਲੇ ਸਨ।ਜਿਸ ਵਿੱਚ ਚਾਰ ਸੁਵਿਧਾ ਕੇਂਦਰ ਟੂ ਟਾਇਪ ਵਿੱਚ ਬੋਹਾ,ਕੁਲਰੀਆਂ,ਬੁਢਲਾਡਾ ਅਤੇ ਬਰੇਟਾ ਅਤੇ ਪਿੰਡਾਂ ਵਿੱਚ ਥ੍ਰੀ ਟਾਇਪ ਵਿੱਚ 21 ਸੁਵਿਧਾ ਸੈਂਟਰ ਖੋਲੇ ਗਏ ਸਨ।ਬੁਢਲਾਡਾ ਬਲਾਕ ਦੇ ਵਿੱਚ ਕੁੱਲ 25 ਸੇਵਾ ਕੇਂਦਰਾਂ ਵਿੱਚੋਂ ਹੁਣ ਕੁੱਲ ਪੰਜ ਸੇਵਾ ਕੇਂਦਰ ਪਿੰਡ ਵਰੇ,ਕੁਲਰੀਆਂ ਅਤੇ ਦੋਦੜਾ ਅਤੇ ਦੋ ਸ਼ਹਿਰ ਬੁਢਲਾਡਾ ਅਤੇ ਬਰੇਟਾ ਖੁੱਲੇ ਰਹਿਣਗੇ। ਬੋਹਾ ਖੇਤਰ ਦੇ ਪਿੰਡ ਮੱਲ ਸਿੰਘ ਵਾਲਾ, ਗਾਮੀਵਾਲਾ, ਗੰਢੂਆਂ, ਰਿਉਂਦਕਲਾਂ, ਉਡਤਸੈਦੇਵਾਲਾ, ਭਖੜਿਆਲ ਅਦਿ ਪਿੰਡਾਂ ਵਿੱਚ ਚਲ ਰਹੇ ਸੇਵਾ ਕੇਂਦਰ ਇੱਕ ਮਹੀਨਾਂ ਪਹਿਲਾਂ ਹੀ ਬੰਦ ਹੋ ਚੁੱਕੇ ਹਨ। ਬੋਹਾ ਦੇ ਲੋਕ ਅਧਿਕਾਰ ਜਾਗ੍ਰਿਤੀ ਸਭਾ ਦੇ ਆਗੂ ਸੁਨੀਲ ਕਮਾਰ ਬੋਹਾ ਨੇ 14 ਜੁਲਾਈ ਨੂੰ ਡਿਪਟੀ ਕਮਿਸ਼ਨਰ ਮਾਨਸਾ ਜੀ ਨੂੰ ਇੱਕ ਮੇਲ ਰਾਹੀਂ ਬੋਹਾ ਦਾ ਇਹ ਸੇਵਾ ਕੇਂਦਰ ਚਾਲੂ ਰੱਖਣ ਲਈ ਸਮੂਹ ਸਭਾ ਮੈਂਬਰਾਂ ਵੱਲੋਂ ਮੰਗ ਕੀਤੀ ਸੀ ਪਰ ਉਸਦਾ ਕੋਈ ਜਵਾਬ ਨਹੀ ਅਇਆ।ਸਮਾਜ ਸੇਵੀ ਭਾਗ ਸਿੰਘ ਗਰਚਾ ਅਤੇ ਹਰਪਾਲ ਸਿੰਘ ਪੰਮੀ ਨੇ ਕਿਹਾ ਕਿ ਪਿੰਡ ਤੋਂ ਨਗਰ ਪੰਚਾਇਤ ਦਾ ਰੁਤਬਾ ਹਾਸਲ ਕਰ ਚੁੱਕੇ ਬੋਹਾ ਨਗਰ ਵਿੱਚ ਸੁਵਿਧਾਵਾਂ ਆਉਣ ਦੀ ਬਿਜਾਏ ਇਸਤੋਂ ਦਰ ਕਿਨਾਰਾ ਕਰ ਰਹੀਆਂ ਹਨ।ਉਹਨਾਂ ਕਿਹਾ ਕਿ ਅਕਾਲੀ ਸਰਕਾਰ ਨੇ ਕਰੋੜਾਂ ਰੁਪੈ ਲਗਾਕੇ ਬੁਢਲਾਡਾ ਖੇਤਰ ਨੂੰ ਇਹ ਸੁਵਿਧਾ ਲੈਕੇ ਦਿੱਤੀ ਸੀ ਅਤੇ 42 ਪਿੰਡਾਂ ਦੇ ਲੋਕ, 20 ਹਜਾਰ ਦੇ ਲੱਗਭੱਗ ਬੋਹਾ ਵਾਸੀ ਇਸ ਸੇਵਾ ਕੇਂਦਰ ਤੋਂ ਸਵਿਧਾ ਲੈ ਰਹੇ ਸਨ ਜੋ ਹੁਣ ਇਸ ਸੇਵਾ ਕੇਂਦਰ ਤੋਂ ਨਿਰਾਸ਼ ਹੋ ਕਿ ਮੁੜ ਰਹੇ ਹਨ।ਨੌਜਵਾਨ ਨੰਬਰਦਾਰ ਜਸਦੀਪਕ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਬੋਹਾ ਨੂੰ ਸਬ ਤਹਿਸੀਲ ਬਣਾਉਣ ਦੀ ਬਿਜਾਏ ਇਸ ਨੂੰ ਲੋਕ ਸਹੁਲਤਾਂ ਤੋਂ ਵਾਝਾਂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦੋਦੜਾ,ਕੁਲਰੀਆਂ ਅਤੇ ਵਰੇ ਪਿੰਡਾਂ ਵਿੱਚ ਇਹ ਸੇਵਾ ਕੇਂਦਰ ਚੱਲ ਰਹੇ ਹਨ ਤਾਂ ਬੋਹਾ ਕਿਉਂ ਬੰਦ ਕਰ ਦਿੱਤਾ।ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਸੁਨੀਲ ਕੁਮਾਰ ਗੋਇਲ,ਕਾਂਗਰਸ ਦੇ ਯੁਵਾ ਆਗੂ ਨਵੀਨ ਕੁਮਾਰ ਕਾਲਾ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਕਾਂਗਰਸੀ ਆਗੂ ਲਵਇੰਦਰ ਸਿੰਘ ਲਵਲੀ ਨੇ ਕਿਹਾ ਕਿ ਪ੍ਰਸ਼ਾਸਨ ਕੋਲ ਇਸ ਦੇ ਚੱਲਣ ਦੀ ਮੰਗ ਰੱਖਕੇ ਇਸ ਸੇਵਾ ਕੇਂਦਰ ਨੂੰ ਮੁੜ ਚਾਲੂ ਕਰਵਾਇਆ ਜਾਵੇਗਾ।ਇਸ ਦੇ ਸਬੰਧ ਵਿੱਚ ਮਾਨਸਾ ਜਿਲੇ ਦੇ ਡਿਪਟੀ ਕਮਿਸ਼ਨਰ ਦਫਤਰ ਵਿੱਚ ਫੋਨ ਰਾਹੀਂ ਗੱਲ ਕੀਤੀ ਤਾਂ ਉਹਨਾਂ ਸਾਡੇ ਪੱਤਰ ਕਾਰ ਦੀ ਗੱਲ ਸੇਵਾ ਕੇਂਦਰ ਇੰਚਾਰਜ ਜਗਤ ਜੀਤ ਸਿੰਘ ਨਾਲ ਕਰਵਾਈ।ਸੇਵਾ ਕੇਂਦਰ ਜਿਲਾ ਇੰਚਾਰਜ ਨੇ ਦੱਸਿਆ ਕਿ ਪੰਜਾਬ ਵਿੱਚ ਜਿੱਥੇ ਵੀ ਸੇਵਾ ਕੇਂਦਰ ਬੰਦ ਹੋਏ ਹਨ ਉਹ ਸਰਕਾਰ ਦੇ ਫੈਂਸਲੇ ਅਨੁਸਾਰ ਹੀ ਬੰਦ ਕੀਤੇ ਗਏ ਹਨ।ਉਹਨਾਂ ਕਿਹਾ ਕਿ ਤੁਹਾਡੇ ਨਗਰ ਦੀ ਪੰਚਾਇਤ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਸੇਵਾ ਕੇਂਦਰ ਮੁੜ ਚਲਾਉਣ ਦੇ ਸਬੰਧ ਵਿੱਚ ਮੰਗ ਪੱਤਰ ਸੌਂਪੇ ਜਾਣ ਤੇ ਅਸੀਂ ਬੋਹਾ ਦੇ ਸੇਵਾ ਕੇਂਦਰ ਦੀ ਰਿਪੋਰਟ ਸੂਬੇ ਦੇ ਸੇਵਾ ਕੇਂਦਰ ਇੰਨਚਾਰਜ ਕੋਲ ਭੇਜ ਕੇ ਇਸ ਨੂੰ ਮੁੜ ਚਲਾਉਣ ਦੀ ਤਜਵੀਜ ਪੇਸ਼ ਕਰਾਂਗੇ।

Send this to a friend