April 20, 2026 9:35 pm

ਕਿਤੇ ਖੋਖਲਾ ਨਾ ਰਹਿ ਜਾਏ ‘ਬੇਟੀ ਬਚਾਓ ਬੇਟੀ ਪੜਾਓ’

ਭਾਰਤ ਦੇਸ਼ ਧਰਮ ਵਿਚ ਅਟੁਟ ਆਸਥਾ ਰਖਣ ਵਾਲਿਆਂ ਦਾ ਦੇਸ਼ ਹੈ। ਹਰ ਨਾਗਰਿਕ ਆਪਣੀ ਆਸਥਾ ਅਲਗ ਅਲਗ ਧਰਮਾਂ ਵਿਚ ਰਖਦੇ ਹੋਏ, ਧਾਰਮਿਕ ਗ੍ਰੰਥਾਂ ਵਿਚ ਲਿਖੀ ਹਰ ਗਲ ਨੂੰ ਸ਼ਬਦ ਦਰ ਸ਼ਬਦ ਸਚ ਅਤੇ ਪਵਿਤਰ ਮੰਨਦਾ ਹੈ। ਹਰ ਧਾਰਮਿਕ ਗ੍ਰੰਥ ਵਿਚ ਔਰਤ ਨੂੰ ਬੜਾ ਉਚਾ ਅਤੇ ਸਨਮਾਨਜਨਕ ਸਥਾਨ ਦਿਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਜਿਸ ਘਰ ਵਿਚ ਔਰਤ ਨੂੰ ਇਜ਼ਤ ਦਿਤੀ ਜਾਂਦੀ ਹੈ, ਉਸ ਘਰ ਵਿਚ ਦੇਵਤਿਆਂ ਦਾ ਵਾਸ ਹੁੰਦਾ ਹੈ। ਕੋਈ ਵੀ ਧਾਰਮਿਕ ਇਨਸਾਨ ਇਸ ਗਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਔਰਤ ਹੀ ਸੰਸਾਰ ਦੀ ਜਨਨੀ ਹੈ ਅਤੇ ਕਿਸੇ ਘਰ, ਸਮਾਜ ਅਤੇ ਦੁਨੀਆਂ ਦੀ ਔਰਤ ਤੋਂ ਬਗੈਰ ਕਲਪਨਾ ਕਰਨੀ ਵੀ ਮੁਸ਼ਕਿਲ ਹੈ। ਹਿੰਦੂ ਧਰਮ ਵਿਚ ਤਾਂ ਔਰਤ ਨੂੰ ਦੇਵੀ ਤੁਲ ਮੰਨਦੇ ਹੋਏ ਸ਼ਕਤੀ ਦਾ ਸਵਰੂਪ ਮੰਨਦੇ ਹਨ। ਭਾਰਤ ਦੇ ਸੁਨਿਹਰੇ ਗੌਰਵਸ਼ਾਲੀ ਇਤਿਹਾਸ ਵਿਚ ਦਰਜ਼ ਝਾਂਸੀ ਦੀ ਰਾਣੀ, ਰਜ਼ੀਆ ਸੁਲਤਾਨ, ਰਾਣੀ ਦੁਰਗਾਵਤੀ, ਰਾਣੀ ਕਰਨਾਵਤੀ, ਰਾਜਕੁਮਾਰੀ ਰਤਨਾਵਤੀ ਨੇ ਆਪਣੇ ਜੀਂਦੇ ਜੀ ਕਦੇ ਆਪਣੇ ਸਵਾਭਿਮਾਨ ਨਾਲ ਕਦੇ ਸਮਝੌਤਾ ਨਹੀਂ ਕੀਤਾ ਅਤੇ ਮਰਦੇ ਦਮ ਤਕ ਦੁਸ਼ਮਣਾਂ ਦੇ ਦੰਦ ਖਟੇ ਕਰਦੇ ਰਹੀਆਂ। ਰਾਣੀ ਪਦਮਾਵਤੀ ਨੇਂ ਤਾਂ ਆਪਣੇ ਸਤੀਤਵ ਦੀ ਰਖਿਆ ਲਈ ਜੌਹਰ ਕਰਦੇ ਹੋਏ ਅਗ ਦੇ ਸਮੰਦਰ ਵਿਚ ਛਾਲ ਮਾਰ ਦਿਤੀ। ਨਾਰੀ ਦੇ ਸਨਮਾਨ ਲਈ ਕਈ ਯੁਧ ਲੜੇ ਵੀ ਗਏ ਅਤੇ ਦੁਸ਼ਮਣਾਂ ਨੂੰ ਮਾਰ ਕੇ ਜਿਤੇ ਵੀ ਗਏ। ਬੜੇ ਦੁਖ ਦੀ ਗਲ ਹੈ ਕਿ ਅਜਿਹੇ ਗੌਰਵਸ਼ਾਲੀ ਇਤਿਹਾਸ ਦੇ ਮਾਲਕ ਇਸ ਦੇਸ਼ ਵਿਚ ਅਜ ਦੇ ਸਮੇਂ ਵਿਚ ਸਾਡੀ ਸੌੜੀ ਸੋਚ ਕਾਰਨ ਤਿਖੀ ਗਿਰਾਵਟ ਨਜ਼ਰ ਆ ਰਹੀ ਹੈ। ਸਾਡੀ ਨਾਸਮਝੀ ਅਤੇ ਘਟੀਆ ਸੋਚ ਕਾਰਨ ਦੇਸ਼ ਵਿਚ ਖਾਸ ਤੌਰ ਤੇ ਉਤਰੀ ਭਾਰਤ ਦੇ ਰਾਜਾਂ ਵਿਚ ਲਿੰਗ ਅਨੁਪਾਤ ਖਤਰੇ ਦੀ ਘੰਟੀ ਵਜਾਉਂਦਾ ਹੋਇਆ ਪਤਾਲ ਵਿਚ ਜਾ ਰਿਹਾ ਹੈ। ਇਵੇਂ ਲਗਦਾ ਹੈ ਜਿਵੇਂ ਭਰੂਣ ਹਤਿਆ ਕਰ ਕੇ ਅਸੀਂ ਜਿਸ ਟਹਿਣੀ ਤੇ ਬੈਠੇ ਹਾਂ ਉਸੇ ਤੇ ਹੀ ਕੁਹਾੜਾ ਚਲਾ ਰਹੇ ਹਾਂ। ਦੁਨੀਆਂ ਦੀ ਅਧੀ ਆਬਾਦੀ ਔਰਤਾਂ ਦੀ ਹੈ ਅਤੇ ਇਸ ਅਧੀ ਆਬਾਦੀ ਤੋਂ ਬਿਨਾਂ ਦੁਨੀਆਂ ਕੀ ਤਰਕੀ ਕਰ ਪਾਵੇਗੀ, ਇਸ ਦਾ ਜਵਾਬ ਤਾਂ ਕੋਈ ਮੰਦਬੁਧੀ ਵੀ ਦੇ ਸਕਦਾ ਹਾਂ, ਪਰ ਇਸ ਭਿਆਨਕ ਸਥਿਤਿ ਦੇ ਜਿਮੇਂਵਾਰ ਜਿਆਦਾ ਪੜ੍ਹੇ ਲਿਖੇ ਅਤੇ ਜਰੂਰਤ ਤੋਂ ਵਧ ਸਮਝਦਾਰ ਲੋਕ ਹੀ ਹਨ। ਜਿਸ ਤੇਜ਼ੀ ਨਾਲ ਲਿੰਗ ਅਨੁਪਾਤ ਵਿਗੜਦਾ ਜਾ ਰਿਹਾ ਹੈ, ਇਹ ਦੇਖ ਕੇ ਇਕ ਪ੍ਰਸ਼ਨ ਉਠਦਾ ਹੈ ਕਿ ਅਸੀਂ ਇਕ ਔਰਤ ਮੁਕਤ ਦੁਨੀਆਂ ਚਾਹੁੰਦੇ ਹਾਂ ? ਅਜਿਹੀ ਸੋਚ ਅਤੇ ਸਥਿਤਿ ਦੀ ਕਲਪਨਾ ਤੋਂ ਹੀ ਇਨਸਾਨੀਅਤ ਨੂੰ ਸ਼ਰਮਿੰਦਾ ਹੋ ਜਾਣਾ ਚਾਹੀਦਾ ਹੈ।
ਹੁਣ ਪ੍ਰਸ਼ਨ ਉਠਦਾ ਹੈ ਕਿ ਕਿਉਂ ਅਸੀਂ ਘਰ ਵਿਚ ਨੂੰਹ ਤਾਂ ਚਾਹੁੰਦੇ ਹਾਂ ਪਰ ਧੀ ਨਹੀਂ। ਇਸ ਦਾ ਸਭ ਤੋਂ ਵਡਾ ਕਾਰਨ ਧੀਆਂ ਦੀ ਸਮਾਜਿਕ ਸੁਰਖਿਆ ਨਜ਼ਰ ਆਉਂਦਾ ਹੈ। ਜਿਸ ਸਮਾਜਿਕ ਸਨਮਾਨ ਦੀ ਹਕਦਾਰ ਔਰਤ ਅਤੇ ਧੀਆਂ ਹਨ ਉਹ ਸਨਮਾਨ ਉਹਨਾਂ ਤੋਂ ਇਸ ਪੁਰਸ਼ ਪ੍ਰਧਾਨ ਸਮਾਜ ਨੇ ਖੋ ਲਿਆ ਹੈ। ਬਚਪਨ ਤੋਂ ਜਵਾਨੀ ਤਕ ਆਉਂਦੀਆਂ ਨੌਜਵਾਨਾਂ ਦਾ ਝੁਕਾਵ ਵਿਪਰੀਤ ਲਿੰਗ ਪ੍ਰਤਿ ਇਸ ਕਦਰ ਹੋ ਜਾਂਦਾ ਹੈ ਕਿ ਉਹ ਸਾਰੀਆਂ ਮਾਨ ਮਰਯਾਦਾਵਾਂ ਭੁਲ ਕੇ ਹਰ ਕੀਮਤ ਤੇ ਔਰਤ ਨੂੰ ਹਾਸਿਲ ਕਰਨਾ ਚਾਹੁੰਦਾ ਹੈ। ਔਰਤ ਦੇ ਜਿਹੜੇ ਅੰਗਾਂ ਨਾਲ ਉਸਦਾ ਜਨਮ ਅਤੇ ਪਾਲਣ ਪੋਸ਼ਣ ਹੋਇਆ ਸੀ, ਉਹਨਾਂ ਦੀ ਹੀ ਭੁਖ ਵਿਚ ਉਹ ਵਾਸਨਾ ਦਾ ਭੇੜਿਆ ਬਣ ਜਾਂਦਾ ਹੈ। ਸਮਾਜ ਵਿਚ ਕਿੰਨੇ ਅਜਿਹੇ ਮਾਪੇ ਹੋਣਗੇ ਜੋ ਛੇੜਖਾਨੀ ਦੀਆਂ ਘਟਨਾਵਾਂ ਵਿਚ ਆਪਣੇ ਬੇਟੇ ਦਾ ਕਸੂਰ ਸਵੀਕਾਰ ਕਰਨਗੇ ? ਹਦ ਤਾਂ ਉਦੋਂ ਹੈ ਜਦੋਂ ਸਾਡੇ ਸਮਾਜ ਦੇ ਤਾਰਨਹਾਰ ਸਾਡੇ ਰਾਜਨੇਤਾ ਠਲੜਕੋਂ ਸੇ ਗਲਤੀ ਹੋ ਜਾਤੀ ਹੈਠ ਵਰਗੀ ਆਪਣੀ ਘਟੀਆ ਸੋਚ ਨੂੰ ਲੋਕਾਂ ਵਿਚ ਪ੍ਰਚਾਰਿਤ ਕਰਦੇ ਹਨ। ਅਜਿਹੀ ਛੋਟੀ ਛੋਟੀ ਛੇੜਖਾਨੀ ਦੀਆਂ ਘਟਨਾਵਾਂ ਅਗੇ ਜਾ ਕੇ ਕੁੜੀਆਂ ਦੇ ਅਪਮਾਨ, ਯੋਨ ਸ਼ੋਸ਼ਣ ਅਤੇ ਬਲਾਤਕਾਰ ਤੋਂ ਵਧਦੇ ਹੋਏ ਉਹਨਾਂ ਨੂੰ ਤੇਜ਼ਾਬ ਨਾਲ ਜਲਾ ਕੇ ਜਾਨੋਂ ਮਾਰਨ ਤਕ ਜਾ ਪਹੁੰਚਦਿਆਂ ਹਨ। ਅਜਿਹੀ ਘਟਨਾਵਾਂ ਲਈ ਕੁੜੀਆਂ ਦੇ ਛੋਟੇ ਕਪੜਿਆਂ ਨੂੰ ਜਿੰਮੇਵਾਰ ਮੰਨਦੇ ਬੁਧੀਜੀਵੀ ਇਹ ਭੁਲ ਜਾਂਦੇ ਹਨ ਕਿ ਅਜਿਹੇ ਮਨੁਖਤਾ ਦੇ ਦੁਸ਼ਮਣਾਂ ਨੇ ਤਾਂ ਡਾਈਪਰ ਪਹਿਨੇ ਕੁਛ ਮਹੀਨੇ ਦੀਆਂ ਮਸੂਮ ਬਚੀਆਂ ਨੂੰ ਵੀ ਨੋਚ ਲਿਆ ਹੈ। ਅਜਿਹੇ ਮਾਮਲਿਆਂ ਲਈ ਕੁੜੀਆਂ ਨੂੰ ਹੀ ਜਿੰਮੇਵਾਰ ਠਹਿਰਾ ਕੇ, ਹਲ਼ਕੇ ਵਿਚ ਲੈਂਦੇ ਅਤੇ ਪਰੋਖ਼ ਸਮਰਥਨ ਕਰਦੇ ਦਿਖਦੇ ਕਥਿਤ ਬੁਧੀਜੀਵੀਆਂ ਕਾਰਨ ਪੂਰੀ ਮਾਨਵ ਜਾਤ ਦਾ ਸਿਰ ਸ਼ਰਮ ਨਾਲ ਝੁਕਦਾ ਹੈ।ਧੀਆਂ ਦੇ ਜਨਮ ਤੋੰ ਘਬਰਾਂਦੇ ਮਾਪਿਆਂ ਦੇ ਇਕ ਸੋਚ ਇਹ ਵੀ ਹੈ ਕਿ ਧੀਆਂ ਦੇ ਵਿਆਹ ਲਈ ਦਹੇਜ਼ ਵੀ ਇਕਠਾ ਕਰਨਾ ਪਵੇਗਾ। ਪਰ ਸੋਚੋ ਕਿ ਅਸੀਂ ਪੁਤਾਂ ਦੇ ਵਿਆਹ ਤੇ ਝੂਠੀ ਸ਼ਾਨੋ ਸ਼ੌਕਤ ਵਧਾਉਣ ਲਈ ਪੈਸਾ ਪਾਣੀ ਦੀ ਤਰ੍ਹਾਂ ਨਹੀਂ ਵਹਾਉਂਦੇ ? ਅਸਲ ਵਿਚ ਪੁਤ ਹੋਵੇ ਜਾਂ ਧੀ ਮਾਪਿਆਂ ਤੇ ਦੋਵਾਂ ਦੀ ਸਹੀ ਪਰਵਰਿਸ਼ ਅਤੇ ਉਹਨਾਂ ਦਾ ਕਰੀਅਰ ਬਣਾਉਣ ਦੀ ਬਰਾਬਰ ਜਿੰਮੇਵਾਰੀ ਰਹਿੰਦੀ ਹੈ। ਸਾਨੂੰ ਚਾਹੀਦਾ ਹੈ ਕਿ ਧੀਆਂ ਨੂੰ ਦਹੇਜ਼ ਦਾ ਗਹਿਣਾ ਦੇਣ ਦੀ ਬਜਾਏ ਵਿਦਿਆ ਦਾ ਗਹਿਣਾ ਭੇਂਟ ਕਰੀਏ ਤਾਂ ਜੋ ਦੋਵੇਂ ਪਰਿਵਾਰ ਦਹੇਜ਼ ਦੀ ਕੁਰੀਤੀ ਤੋਂ ਮੁਕਤੀ ਪਾ ਲੈਣ। ਇਕ ਹੋਰ ਰੂੜੀਵਾਦੀ ਸੋਚ ਹੈ ਕਿ ਪੁਤਾਂ ਨਾਲ ਹੀ ਵੰਸ਼ ਅਗੇ ਚਲਦਾ ਹੈ ਅਤੇ ਪੁਤ ਬੁਢਾਪੇ ਦੀ ਲਾਠੀ ਅਤੇ ਸਹਾਰਾ ਹੁੰਦਾ ਹੈ। ਅਜਕਲ ਨੌਜਵਾਨਾਂ ਵਿਚ ਜਿਸ ਤਰਾਂ ਪੜ੍ਹ ਲਿਖ ਕੇ ਵਿਦੇਸ਼ ਸੈਟਲ ਹੋਣ ਦਾ ਚਲਣ ਵਧਿਆ ਹੈ, ਸੋਚੋ ਕਿੰਨੇ ਨੌਜ਼ਵਾਨ ਬੁਢਾਪੇ ਵਿਚ ਮਾਪਿਆਂ ਦੀ ਸੇਵਾ ਲਏ ਮੌਜ਼ੂਦ ਰਹਿੰਦੇ ਹਨ। ਧੀਆਂ ਤਾਂ ਵਿਆਹ ਤੋਂ ਬਾਅਦ ਵੀ ਮਾਪਿਆਂ ਦਾ ਸੋਚ ਕੇ ਉਹਨਾਂ ਦੀ ਮਦਦ ਲਈ ਕਿਸੇ ਨਾਂ ਕਿਸੇ ਰੂਪ ਵਿਚ ਹਾਜ਼ਿਰ ਰਹਿੰਦੀਆਂ ਹਨ। ਕਿਹਾ ਜਾਂਦਾ ਹੈ ਕਿ ਪੁਤ ਮਾਪਿਆਂ ਦੀ ਜਾਇਦਾਦ ਅਤੇ ਧੀਆਂ ਉਹਨਾਂ ਦੇ ਦੁਖ ਵੰਡਦੀਆਂ ਹਨ। ਹੁਣ ਚਿੰਤਨ ਵਾਲੀ ਗਲ ਹੈ ਕਿ ਸਿਰਫ ਪੁਤਾਂ ਨਾਲ ਵੰਸ਼ ਅਗੇ ਵਧ ਸਕਦਾ ਹੈ ? ਕਿ ਵੰਸ਼ ਵਾਧਾ ਔਰਤ ਤੋਂ ਬਗੈਰ ਮੁਮਕਿਨ ਹੈ ? ਵੰਸ਼ ਵਾਧੇ ਵਿਚ ਪੁਤਾਂ ਦੇ ਨਾਲ ਨਾਲ ਨੂੰਹਾਂ ਦੀ ਵੀ ਬਰਾਬਰ ਭਾਗੀਦਾਰੀ ਹੁੰਦੀ ਹੈ ਜੋ ਪਹਿਲਾਂ ਕਿਸੇ ਦੀ ਧੀ ਹੁੰਦੀ ਹੈ। ਮਰਨ ਤੋਂ ਬਾਅਦ ਪੁਤ ਹੀ ਚਿਤਾ ਨੂੰ ਅਗਨੀ ਦੇਂਦਾ ਹੈਂ, ਪਰ ਰੋਜ਼ਾਨਾ ਹੀ ਅਖਬਾਰਾਂ ਵਿਚ ਮਾਪਿਆਂ ਦੀ ਅਰਥੀ ਨੂੰ ਮੋਢਾ ਅਤੇ ਚਿਤਾ ਨੂੰ ਅਗਨੀ ਦੇਂਦੀਆਂ ਧੀਆਂ ਬਾਰੇ ਅਸੀਂ ਪੜਦੇ ਹਾਂ।
ਧੀਆਂ ਨੂੰ ਸ਼ਰੀਰਿਕ ਤੋਰ ਤੇ ਕਮਜ਼ੋਰ ਸਮਝਣ ਦੀ ਮਾਨਸਿਕਤਾ ਨੂੰ ਸ਼ਾਇਦ ਅਸੀਂ ਕੁਸ਼ਤੀ ਵਿਚ ਫੋਗਾਟ ਭੈਣਾਂ, ਮੁਕੇਬਾਜ਼ੀ ਵਿਚ ਮੇਰੀਕੋਮ, ਦੌੜ ਵਿਚ ਪੀ ਟੀ ਊਸ਼ਾ, ਹਿਮਾ ਦਾਸ, ਟੇਨਿਸ ਵਿਚ ਸਾਨੀਆ ਮਿਰਜ਼ਾ, ਬੈਡਮਿੰਟਨ ਵਿਚ ਸਾਇਨਾ ਨੇਹਵਾਲ ਦੇ ਬਾਰੇ ਵਿਚ ਰੋਜ਼ਾਨਾ ਮੀਡਿਆ ਵਿਚ ਪੜ੍ਹ ਕੇ ਵੀ ਬਦਲਣ ਨੂੰ ਤਿਆਰ ਨਹੀਂ ਹਾਂ। ਸਰੋਜਨੀ ਨਾਇਡੂ, ਅਰੁੰਧਤੀ ਰਾਏ, ਕਿਰਨ ਬੇਦੀ, ਲਤਾ ਮੰਗੇਸ਼ਕਰ, ਮਦਰ ਟੇਰੇਸਾ, ਕਲਪਨਾ ਚਾਵਲਾ, ਕੁੰਜਰਾਨੀ ਦੇਵੀ, ਚੰਦਾ ਕੋਚਰ, ਸ਼ੋਭਾ ਡੇ ਅਤੇ ਇੰਦਰਾ ਗਾਂਧੀ ਜਿਸਨੇ ਆਪਣੀ ਅਗੁਵਾਈ ਵਿਚ ਭਾਰਤੀ ਫੌਜ਼ ਦੇ ਦਿਲੇਰੀ ਸਦਕਾ ਪਾਕਿਸਤਾਨ ਨੂੰ ਘੁਟਣੇਆਂ ਦੇ ਲਿਆ ਦਿਤਾ ਸੀ, ਅਜਿਹੀ ਦਿਲੇਰ ਔਰਤਾਂ ਦੀ ਸੂਚੀ ਤਾਂ ਬਹੁਤ ਲੰਬੀ ਹੈ ਪਰ ਸਾਡੀ ਨੀਵੀਂ ਸੋਚ ਅਗੇ ਬਹੁਤ ਛੋਟੀ। ਭਗਵਾਨ ਦੀ ਅਜਿਹੀ ਅਮੁਲ ਦੇਣ ਦੀ ਕਦਰ ਕਰਨ ਦੀ ਥਾਂ ਅਸੀਂ ਵਾਦ ਵਿਵਾਦ ਅਤੇ ਲੜਾਈ ਝਗੜੇ ਵਿਚ ਇਕ ਦੂਜੇ ਨੂੰ ਮਾਂ, ਭੈਣ ਅਤੇ ਧੀ ਦੀਆਂ ਗਾਲਾਂ ਕਢ ਕੇ ਬਹਾਦੁਰੀ ਦੀ ਮਿਸਾਲ ਪੇਸ਼ ਕਰਦੇ ਹਾਂ।
ਸਮਾਜ ਵਿਚ ਕਿੰਨੇ ਮਾਪੇ ਹੋਣਗੇ ਜੋ ਧੀਆਂ ਦੇ ਘਰ ਦੇਰ ਨਾਲ ਆਉਣ ਤੇ ਇਕ ਇਕ ਮਿੰਟ ਦਾ ਹਿਸਾਬ ਲੈਂਦੇ ਹਨ, ਪਰ ਪੁਤਾਂ ਦੇ ਦੇਰ ਰਾਤ ਤਕ ਬਾਹਰ ਰਹਿਣ ਤੇ ਆਪਣੀਆਂ ਅਖਾਂ ਬੰਦ ਕਰ ਲੈਂਦੇ ਹਨ। ਕਿਉਂ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿਤੇ ਉਹ ਬਾਹਰ ਕਿਸੇ ਦੀ ਧੀ ਭੈਣ ਦੇ ਮਾਨ ਸਨਮਾਨ ਅਤੇ ਸੁਰਖਿਆ ਨੂੰ ਠੇਸ ਤਾਂ ਨਹੀਂ ਪਹੁੰਚਾ ਰਹਿਆ ? ਧੀਆਂ ਨੂੰ ਹਰ ਤਰ੍ਹਾਂ ਨਾਲ ਅੰਗੂਠੇ ਹੇਠਾਂ ਰਖਣ ਦੀ ਖਵਾਇਸ਼ ਛਡ ਕੇ ਸਾਨੂੰ ਪੁਤਾਂ ਨੂੰ ਦੂਸਰਿਆਂ ਦੀਆਂ ਧੀਆਂ ਦੀ ਇਜ਼ਤ ਕਰਨਾ ਬਚਪਨ ਤੋਂ ਹੀ ਸਿਖਾਣਾ ਚਾਹਿਦਾ ਹੈ। ਪੁਤਾਂ ਦੀ ਸਹੀ ਪਰਵਰਿਸ਼ ਨਾਲ ਆਪਣੇ ਘਰ ਦੀ ਧੀਆਂ ਤਾਂ ਸੁਰਖਿਅਤ ਹੋ ਹੀ ਜਾਏਗੀ ਅਤੇ ਭਵਿਖ ਵਿਚ ਲੋਕਾਂ ਦੇ ਹਜ਼ੂਮ ਨੂੰ ਜੰਤਰ ਮੰਤਰ ਤੇ ਕਿਸੇ ਨਿਰਭਯਾ ਨੂੰ ਇਨਸਾਫ ਦਵਾਉਣ ਲਏ ਸੰਗ੍ਰਸ਼ ਨਹੀਂ ਕਰਨਾ ਪਵੇਗਾ।
ਸਾਡਾ ਸਮਾਜ ਧੀਆਂ ਦੀ ਸੁਰਖਿਆ ਲਈ ਕਿੰਨਾ ਗੰਭੀਰ ਹੈ ਇਸਦਾ ਪਤਾ ਰੋਜ਼ਾਨਾ ਅਖ਼ਬਾਰ ਵਿਚ ਛਪਦੀਆਂ ਦੁਸ਼ਕਰਮ ਦੀਆਂ ਘਟਨਾਵਾਂ ਅਤੇ ਬਲਾਤਕਾਰ ਦੇ ਅਦਾਲਤਾਂ ਵਿਚ ਚਲਦੇ ਅੰਤਹੀਨ ਮੁਕ?ਦਮਿਆਂ ਤੋਂ ਪਤਾ ਚਲਦਾ ਹੈ। ਸਮਾਜ ਦੇ ਸਹਿਜੋਗ ਤੋਂ ਬਿਨਾਂ ਸਾਰੀ ਸਰਕਾਰੀ ਯੋਜਨਾਵਾਂ ਜ਼ੁਬਾਨੀ ਜਮਾ ਖਰਚ ਕਰਦੀਆਂ ਕਾਗਜ਼ਾਂ ਵਿਚ ਸਿਮਟ ਜਾਂਦੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਕੇਬਲ ਟੀ ਵੀ ਦਵਾਰਾ ਘਰ ਘਰ ਪ੍ਰਸਾਰਿਤ ਹੁੰਦੀਆਂ ਅਸ਼ਲੀਲ ਫ਼ਿਲਮਾਂ, ਸੀਰੀਅਲ ਅਤੇ ਵਿਗਿਆਪਨਾਂ ਨੂੰ ਬੈਨ ਕਰੇ ਜੋ ਬਚਿਆਂ ਦੇ ਕੋਮਲ ਮਨਾਂ ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਸਰਕਾਰ ਦਵਾਰਾ 2012 ਵਿਚ ਪਾਕਸੋ ਐਕਟ ਬਣਾਇਆ ਗਿਆ ਜੋ ਕਿ ਸਖਤੀ ਨਾਲ ਉਹਨਾਂ ਅਪਰਾਧੀਆਂ ਨਾਲ ਨਜਿਠਦਾ ਹੈ ਜੋ ਨਾਬਾਲਿਗ ਬਚਿਆਂ ਨਾਲ ਕੁਕਰਮ, ਯੋਨ ਅਪਰਾਧ ਅਤੇ ਛੇੜਖਾਨੀ ਦੀਆਂ ਘਟਨਾਵਾਂ ਵਿਚ ਲਿਪਤ ਹੁੰਦੇ ਹਨ। ਪਰ ਇਸ ਨਵੇਂ ਕਾਨੂੰਨ ਦੇ ਬਾਵਜੂਦ ਅਜਿਹੇ ਅਪਰਾਧਾਂ ਵਿਚ ਕਿੰਨੀ ਕਮੀ ਆਈ ਹੈ, ਸਭ ਦੇ ਸਾਹਮਣੇ ਹੈ। ਜਦੋਂ ਰਾਵਣ ਨੂੰ ਭਗਵਾਨ ਰਾਮ ਦਾ ਸਿਰਫ਼ ਭੇਸ਼ ਧਾਰਨ ਕਰਦਿਆਂ ਹੀ ਹਰ ਔਰਤ ਵਿਚ ਮਾਂ ਨਜ਼ਰ ਆਉਂਦੀ ਸੀ, ਤਾਂ ਸਾਨੂੰ ਵੀ ਚਾਹੀਦਾ ਹੈ ਅਸੀਂ ਆਪਣੇ ਅੰਦਰ ਬੁਰਾਈਆਂ ਦੇ ਰਾਵਣ ਨੂੰ ਮਾਰ ਕੇ ਭਗਵਾਨ ਰਾਮ ਦੀਆਂ ਸਿਖਿਆਵਾਂ ਆਪਣਾ ਕੇ ਇਕ ਸੁਰਖਿਅਤ ਸਮਾਜ ਦੀ ਸਥਾਪਨਾ ਦੇ ਹਵਣ ਵਿਚ ਆਪਣੇ ਯਤਨਾਂ ਦੀ ਆਹੂਤੀ ਦੇਈਏ। ਸਾਨੂੰ ਚਾਹੀਦਾ ਹੈ ਕਿ ਪੁਤ ਅਤੇ ਧੀਆਂ ਦੋਹਾਂ ਨੂੰ ਹੀ ਬਚਪਨ ਤੋਂ ਹੀ ਸਹੀ ਪਰਵਰਿਸ਼ ਦੇਂਦੇ ਹੋਏ ਸੁਰਖਿਅਤ ਸਮਾਜ ਸਥਾਪਨਾ ਦਾ ਸ਼ੁਭ ਆਰੰਭ ਆਪਣੇ ਘਰ ਤੋਂ ਹੀ ਕਰੀਏ। ਧੀਆਂ ਨੂੰ ਚੰਨ ਵਾਂਗ ਸੁੰਦਰ ਬਣਾਉਣ ਦੀ ਥਾਂ ਸੂਰਜ ਵਾਂਗ ਤੇਜ਼ਵਾਨ ਬਣਾਈਏ ਤਾਂ ਜੋ ਘਟੀਆ ਸੋਚ ਵਾਲਿਆਂ ਦੀਆਂ ਅਖਾਂ ਚੁੰਧਿਆ ਜਾਣ। ਬੇਟੀ ਬਚਾਓ ਬੇਟੀ ਪੜਾਓ ਦੇ ਨਾਅਰੇ ਵਿਚ ਬੇਟੇ ਨੂੰ ਸਹੀ ਰਾਹ ਦਿਖਾਓ ਵੀ ਸ਼ਾਮਿਲ ਕਰੀਏ। ਇਹ ਨਾਅਰਾ ਖੋਖਲਾ ਨਾ ਰਹਿ ਜਾਏ, ਇਸ ਲਈ ਆਪਣੀ ਰੂੜੀਵਾਦੀ ਸੋਚ ਬਦਲੀਏ ਅਤੇ ਧੀਆਂ ਨੂੰ ਆਪਣੇ ਪੰਖ ਫੈਲਾ ਕੇ ਅੰਤਰਿਕਸ਼ ਦੀਆਂ ਸੀਮਾਵਾਂ ਨਾਪ ਲੈਣ ਦਾ ਮੌਕਾ ਦੇਈਏ।
– ਜੈ ਹਿੰਦ

Send this to a friend