April 20, 2026 1:50 pm

ਸਭ ਨਸ਼ੇੜੀਆਂ ਦਾ ਹੋਵੇ ਮੁਫ਼ਤ ਇਲਾਜ

ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਸ਼ਿਕਾਰ ਗਰੀਬ ਲੋਕਾਂ ਦਾ ਸੂਬਾ ਸਰਕਾਰ ਦੇ ਨਸ਼ਾ ਛੁਡਾਊ ਕੇਂਦਰਾਂ ਵਿਚ ਮੁਫਤ ਇਲਾਜ ਕੀਤਾ ਜਾਵੇਗਾ।ਗਰੀਬਾਂ ਦੇ ਮੁਫਤ ਇਲਾਜ ਲਈ ਜ਼ਰੂਰੀ ਫੰਡ ਤੁਰੰਤ ਜਾਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਸਬੰਧ ਵਿੱਚ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਇਸ ਮਕਸਦ ਲਈ ਜੇ ਹੋਰ ਫੰਡਾਂ ਦੀ ਜ਼ਰੂਰਤ ਹੋਵੇਗੀ ਤਾਂ ਪੰਜਾਬ ਸਰਕਾਰ ਸਰਕਾਰ ਉਸ ਦਾ ਵੀ ਪ੍ਰਬੰਧ ਕਰੇਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਹਿਲਕਦਮੀ ਉਪਰ ਚੁੱਕਿਆ ਗਿਆ ਇਹ ਕਦਮ ਬਿਲਕੁੱਲ ਸਹੀ ਹੈ। ਪ੍ਰੰਤੂ ਚੰਗਾ ਹੋਵੇਗਾ ਜੇਕਰ ਨਸ਼ੇ ਦੇ ਸ਼ਿਕਾਰ ਸਾਰੇ ਲੋਕਾਂ ਲਈ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਵੇ। ਅਸਲ ਵਿੱਚ ਜ਼ਿਆਦਾਤਰ ਲੋਕ ਆਰਥਿਕ ਮੁਸ਼ਕਿਲਾਂ ਕਾਰਨ ਹੀ ਨਸ਼ੇ ਦੇ ਰਾਹ ਪੈਂਦੇ ਹਨ। ਅਜਿਹੇ ਪੀੜਤਾਂ ਇਲਾਜ ਉਪਰ ਵੱਡਾ ਖਰਚਾ ਕਰਨ ਦੇ ਸਮਰੱਥ ਨਹੀਂ ਹਨ। ਨਸ਼ਿਆਂ ਦੇ ਸ਼ਿਕਾਰ ਪੀੜਤਾਂ ਲਈ ਅਮੀਰ-ਗਰੀਬ ਦੀ ਪ੍ਰੀਭਾਸ਼ਾ ਘੜੀ ਜਾਣੀ ਸਹੀ ਨਹੀਂ ਹੈ। ਉਂਝ ਵੀ ਨਸ਼ਾ ਕਰਨ ਵਾਲਿਆਂ ਨੂੰ ਇਸ ਦ੍ਰਿਸ਼ਟੀ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਨਸ਼ੇ ਦੇ ਪੀੜਤ ਨਾਗਰਿਕ ਸਾਡੇ ਸਮਾਜ ਦਾ ਹਿੱਸਾ ਹਨ। ਜੇਕਰ ਉਨ੍ਹਾਂ ਨੂੰ ਯੋਗ ਤਰੀਕੇ ਨਾਲ ਇਲਾਜ ਕਰਕੇ ਤੰਦਰੁਸਤ ਕੀਤਾ ਜਾਵੇ ਤਾਂ ਉਹ ਪੰਜਾਬ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਨ। ਸਮਾਜਿਕ ਤੌਰ ’ਤੇ ਇਹ ਕਿ ਵੱਡੀ ਸਮੱਸਿਆ ਹੈ। ਇਸ ਲਈ ਨਸ਼ੇ ਦੇ ਸ਼ਿਕਾਰ ਸਾਰੇ ਪੀੜਤਾਂ ਨੂੰ ਬਰਾਬਰ ਬਿਨਾਂ ਕਿਸੇ ਭੇਦਭਾਵ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਣੀ ਚਾਹੀਦੀ ਹੈ। ਸਰਕਾਰ ਨੂੰ ਨਸ਼ਿਆਂ ਦੇ ਪ੍ਰਕੋਪ ਨਾਲ ਲੜਨ ਲਈ ਹੋਰ ਪੱਧਰਾਂ ’ਤੇ ਵੀ ਵੱਡੇ ਕਦਮ ਚੁੱਕਣੇ ਚਾਹੀਦੇ ਹਨ। ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਵਿਆਪਕ ਚਾਰਾਜੋਈ ਕਰਨ ਦੀ ਲੋੜ ਹੈ। ਨਸ਼ੇ ਦੇ ਪੀੜਤ ਮਾਨਸਿਕ ਤੌਰ ’ਤੇ ਬਿਮਾਰ ਹਨ। ਇਸ ਲਈ ਉਨ੍ਹਾਂ ਨਾਲ ਮਾਨਵੀ ਸਲੂਕ ਕਰਨ ਦੀ ਜ਼ਰੂਰਤ ਹੈ। ਪੰਜਾਬ ਦੇ ਸਿਹਤ ਵਿਭਾਗ ਕੋਲ ਡਾਕਟਰੀ ਅਤੇ ਹੋਰ ਮੈਡੀਕਲ ਅਮਲੇ ਦੀ ਭਾਰੀ ਘਾਟ ਹੈ। ਇਸ ਨੂੰ ਵੀ ਪੂਰਾ ਕੀਤਾ ਜਾਣਾ ਚਾਹੀਦਾ ਹੈ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਨਸ਼ੇ ਦੇ ਪੀੜਤਾਂ ਦੇ ਇਲਾਜ ਲਈ ਮਾਹਿਰ ਹੋਣੇ ਜ਼ਰੂਰੀ ਹਨ। ਇਸ ਲਈ ਲੋੜੀਂਦੀਆਂ ਦਵਾਈਆਂ ਅਤੇ ਹੋਰ ਸਾਜੋ ਸਮਾਨ ਵੀ ਉਪਲੱਬਧ ਕਰਵਾਇਆ ਜਾਵੇ। ਨਸ਼ੇ ਦੇ ਪੀੜਤ ਸਾਰੇ ਨਾਗਰਿਕਾਂ ਨੂੰ ਮਾਨਸਿਕ ਰੋਗਾਂ ਦੇ ਮਾਹਿਰਾਂ ਦੀਆਂ ਸੇਵਾਵਾਂ ਵੀ ਦਿੱਤੀਆਂ ਜਾਣ ਤਾਂ ਜੋ ਉਹ ਇਸ ਮਾਨਸਿਕ ਉਲਝਣ ਵਿੱਚੋਂ ਨਿਕਲ ਸਕਣ। ਨਸ਼ਾ ਪੀੜਤਾਂ ਦੇ ਪੁਨਰਵਾਸ ਲਈ ਵੀ ਅਲੱਗ ਤੌਰ ’ਤੇ ਯਤਨ ਹੋਣੇ ਚਾਹੀਦੇ ਹਨ। ਨਸ਼ੇ ਕਾਰਨ ਹੁਣ ਤੱਕ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਚੁੱਕੇ ਹਨ। ਅੱਗੋਂ ਹੋਰ ਤਬਾਹੀ ਨੂੰ ਰੋਕਣ ਲਈ ਨਸ਼ਿਆਂ ਦੀ ਰੋਕਥਾਮ ਕਰਨਾ ਅਤੇ ਨਸ਼ਿਆਂ ਦੇ ਪੀੜਤਾਂ ਦਾ ਇਲਾਜ ਬੇਹਦ ਜ਼ਰੂਰੀ ਹੋ ਗਿਆ ਹੈ।
– ਬਲਜੀਤ ਸਿੰਘ ਬਰਾੜ

Send this to a friend