ਤਿੰਨ ਮਹਾਂਪੁਰਖਾਂ ਸੰਤ ਬਾਬਾ ਭਗਵਾਨ ਸਿੰਘ, ਸੰਤ ਬਾਬਾ ਈਸ਼ਰ ਸਿੰਘ ਅਤੇ ਸੰਤ ਬਾਬਾ ਕਿਸ਼ਨ ਸਿੰਘ ਦੀ ਕਰਮ ਭੂੰਮੀ, ਰਾਮਪੁਰ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਤੇ ਸਥਿੱਤ ਦਸਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰੁਆਰਾ ਸ੍ਰੀ ਰੇਰੂ ਸਾਹਿਬ ਰਾਮਪੁਰ (ਲੁਧਿਆਣਾ) ਇਲਾਕੇ ਲਈ ਅਥਾਹ ਸ਼ਰਧਾਂ ਦਾ ਮੁਕੱਦਸ ਸਥਾਨ ਹੋਣ ਦੇ ਨਾਲ ਸੰਤ ਮਹਾਪੁਰਖਾਂ ਦੀ ਤਪ ਭੂਮੀ ਨਾਲ ਵੀ ਜਾਣੀ ਜਾਂਦੀ ਹੈ। ਜਿਸ ਕਰਕੇ ਸਿੱਖੀ ਵਿੱਚ ਪ੍ਰਪੱਕ ਨਗਰ ਨਿਵਾਸੀਆਂ ਵਿੱਚ ਅੱਜ ਵੀ ਮਹਾਪੁਰਖਾਂ ਦਾ ਪ੍ਰ੍ਰਤਾਪ ਇਸ ਨਗਰ ਵਿੱਚ ਦੇਖਣ ਨੂੰ ਮਿਲਦਾ ਹੈ। ਮਾਛੀਵਾੜੇ ਤੋਂ ਚੱਲ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਥੇ ਰੇਰੂ ਦੇ ਦਰਖਤ ਹੇਠ ਆਰਾਮ ਕਰਨ ਲਈ ਰੁਕੇ ਅਤੇ ਬਾਬਾ ਭਾਰੇ ਮੱਲ ਨੇ ਗੂਰੂ ਜੀ ਨੂੰ ਦੁੱਧ ਛਕਾ ਕੇ ਪੁੱਤਰਾਂ ਦਾ ਵਰ ਹਾਸਲ ਕੀਤਾ ਸੀ। ਉਪ੍ਰੰਤ ਸੰਤ ਅਤਰ ਸਿੰਘ ਜੀ ਨੇ ਇੱਥੇ ਗੁਰਦੁਆਾ ਸਾਹਿਬ ਦਾ ਨਿਰਮਾਣ ਕਰਵਾ ਕੇ ਸਿੱਖੀ ਦੇ ਬੂਟੇ ਨੂੰ ਬਾਣੀ ਦੇ ਪਾਣੀ ਨਾਲ ਸਿੰਜਿਆ। ਉਨ੍ਹਾਂ ਸੇਵਾ ਸਿਮਰਨ ਕਰਨ ਦੇ ਨਾਲ ਧਾਰਮਿਕ ਪ੍ਰਚਾਰ ਹਿੱਤ ਕੀਰਤਨ ਅਤੇ ਗੁਰਬਾਣੀ ਦਾ ਗਿਆਨ ਬੋਧ ਦੇਣਾ ਕੀਤਾ। ਸੰਤ ਅਤਰ ਸਿੰਘ ਜੀ ਤੋਂ ਵਰੋਸਾਏ ਹੋਏ ਤਿੰਨ ਮਹਾਂਪੁਰਖ ਸੰਤ ਬਾਬਾ ਭਗਵਾਨ ਸਿੰਘ, ਸੰਤ ਬਾਬਾ ਈਸ਼ਰ ਸਿੰਘ ਅਤੇ ਸੰਤ ਬਾਬਾ ਕਿਸ਼ਨ ਸਿੰਘ ਜੀ ਨੇ ਸਿੱਖ ਅਧਿਆਤਮਕਤਾ ਅਤੇ ਸਮਾਜਿਕ ਸਾਰੋਕਾਰਾਂ ਦੁਆਰਾ ਗੁਰਬਾਣੀ ਦਾ ਪ੍ਰਵਾਹ ਜਾਰੀ ਰੱਖਿਆ। ਜਿਨ੍ਹਾ ਵਿੱਚੋ ਸੰਤ ਬਾਬਾ ਭਗਵਾਨ ਸਿੰਘ ਜੀ ਦੀ 43ਵੀਂ ਬਰਸੀ 16 ਤੋ 18 ਜੁਲਾਈ ਤੱਕ ਰੇਰੂ ਸਾਹਿਬ ਵਿਖੇ ਸ਼ਰਧਾਂ ਅਤੇ ਹੁਲਾਸ ਨਾਲ ਮਨਾਈ ਜਾ ਰਹੀ ਹੈ।
ਮਹਾਂਪੁਰਖਾਂ ਦਾ ਜਨਮ ਪਿੰਡ ਅਨੰਦਪੁਰ ਕਲੌੜ (ਫਤਿਹਗੜ੍ਹ) ਵਿਖੇ ਭਾਈ ਚੁਹੜ ਸਿੰਘ ਦੇ ਗ੍ਰਹਿ ਵਿਖੇ ਮਾਤਾ ਅਜੀਤ ਕੌਰ ਦੀ ਕੁੱਖੋਂ 13 ਅਕਤੂਬਰ 1885 ਨੂੰ ਹੋਇਆ। ਬਚਪਨ ਤੋਂ ਹੀ ਆਪ ਧਾਰਮਿਕ ਬਿਰਤੀ ਵਾਲੇ ਹੋਣ ਕਰਕੇ ਪਿਤਾ ਨੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਅਤੇ ਬਾਬਾ ਬਿਸ਼ਨ ਦਾਸ ਜੀ ਦੇ ਡੇਰੇ ਵਿਖੇ ਪੜ੍ਹਾਈ ਦੇ ਨਾਲ ਨਾਲ ਧਾਰਮਿਕ ਵਿੱਦਿਆ ਹਾਸਲ ਕਰਨ ਲਈ ਭੇਜਣਾਂ ਕੀਤਾ। ਬਾਬਾ ਜੀ ਨੇ ਜਿੱਥੇ ਧਾਰਮਿਕ ਵਿੱਦਿਆ ਹਾਸਲ ਕੀਤੀ, ਉਥੇ ਲੰਬਾ ਸਮਾਂ ਡੇਰੇ ਵਿਚ ਆਉਣ ਵਾਲੀਆਂ ਸੰਗਤਾਂ ਦੀ ਸ਼ਰਧਾਂ ਭਾਵਨਾ ਨਾਲ ਸੇਵਾ ਕੀਤੀ। ਉਪਰੰਤ ਆਪਣੇ ਪਿੰਡ ਪਿਤਾ ਜੀ ਨਾਲ ਖ਼ੇਤੀ ਦੇ ਕੰਮਾਂ ਵਿਚ ਹੱਥ ਵਟਾਇਆ। ਇਸੇ ਦੌਰਾਨ ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਪ੍ਰਚਾਰ ਕਰਨ ਹਿੱਤ ਨੰਦਪੁਰ ਕਲੌੜ ਆਏ ਅਤੇ ਉਨ੍ਹਾਂ ਦੀ ਧਾਰਮਿਕ ਬਿਰਤੀ ਦੇਖਦਿਆਂ ਆਪਣੇ ਨਾਲ ਹੀ ਰੇਰੂ ਸਾਹਿਬ ਪਿੰਡ ਰਾਮਪੁਰ ਨੇੜੇ ਦੋਰਾਹਾ ਵਿਖੇ ਲੈ ਆਏ। ਜਿੱਥੇ ਸੰਤ ਬਾਬਾ ਅਤਰ ਸਿੰਘ ਜੀ ਦਾ ਹੁਕਮ ਮੰਨ ਕੇ ਫੌਜ ਵਿੱਚ ਭਰਤੀ ਹੋ ਗਏ ਅਤੇ ਫੋਜ ਦੀ ਨੌਕਰੀ ਦੌਰਾਨ ਮੁਲਤਾਨ ਵਿਖੇ ਸਾਰੇ ਧਰਮਾਂ ਦੇ ਲੋਕਾਂ ਨੂੰ ਗੁਰਬਾਣੀ ਨਾਲ ਜੋੜਨਾ ਕੀਤਾ। ਸੂਬੇਦਾਰ ਵਜੋਂ ਮਿਲਦੀ ਤਨਖਾਹ ਵੀ ਉਹ ਰੇਰੂ ਸਾਹਿਬ ਭੇਜ ਦਿਆ ਕਰਦੇ ਸਨ, ਸੱਤਗੁਣੀ ਹੋਣ ਕਰਕੇ ਅੰਗਰੇਜ ਜਨਰਲ ਹਾਰਡਿਨ ਅਤੇ ਉਸ ਦਾ ਪ੍ਰੀਵਾਰ ਆਪਦੀ ਸ਼ਹਿਣਸ਼ੀਲਤਾ ਤੇ ਨਿਮਰਤਾ ਦੇ ਗੁਣਾਂ ਦਾ ਮੁਰੀਦ ਹੋ ਗਿਆ। ਫੌਜ ਵਿੱਚੋਂ 1921 ਵਿੱਚ ਸੇਵਾ ਮੁਕਤੀ ਲੈ ਕੇ ਰੇਰੂ ਸਾਹਿਬ ਵਿਖੇ ਸੇਵਾ ਸਿਮਰਨ ਵਿੱਚ ਜੁਟ ਗਏ।
ਸੰਤ ਅਤਰ ਸਿੰਘ ਜੀ ਦੇ 1927 ਵਿੱਚ ਸੱਚਖੰਡ ਪਿਆਨਾ ਕਰ ਜਾਣ ਬਾਅਦ ਆਪ ਨੂੰ ਸੰਤ ਸੁੰਦਰ ਸਿੰਘ ਜੀ ਭਿੰਡਰਾਂਵਾਲਿਆਂ ਨੇ ਸਿੱਖ ਜੱਥੇਬੰਦੀਆਂ ਵਲੋਂ ਦਸਤਾਰ ਬੰਦੀ ਕਰਕੇ ਰੇਰੂ ਸਾਹਿਬ ਦੀ ਸੇਵਾ ਦਾ ਕਾਰਜ ਭਾਰ ਸੰਭਾਲਿਆਂ। ਆਪ ਦਿਨ ਵੇਲੇ ਕਰੀਬ 57 ਏਕੜ ਦੀ ਖੇਤੀ ਹੱਥੀ ਕਰਦੇ, ਮਾਲ ਪਸ਼ੂ ਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਉਪ੍ਰੰਤ ਰਾਤ ਨੂੰ ਭਜਨ ਬੰਦਗੀ ਵਿੱਚ ਸਿਮਰਨ ਵਿੱਚ ਜੁੜਨਾ ਕਰਦੇ। ਜਿਸ ਕਰਕੇ ਇੱਥੇ ਦਿਨ ਰਾਤ ਗੁਰੂ ਕਾ ਲੰਗਰ ਚਲਦਾ ਸੀ ਅਤੇ ਇੱਥੇ ਹੀ ਆਪਨੇ ਗੁਰਬਾਣੀ ਦੀ ਸੰਥਿਆ ਅਤੇ ਕੀਰਤਨ ਦੀ ਵਿੱਦਿਆ ਗ੍ਰਹਿਣ ਕੀਤੀ। ਭਾਰਤ ਪਾਕਿ ਵੰਡ ਸਮੇਂ ਸਾਰੇ ਧਰਮਾਂ ਦੇ ਲੋਕਾਂ ਲਈ 24 ਘੰਟੇ ਲੰਗਰ, ਬਸਤਰ ਅਤੇ ਬਰਤਨ ਆਦਿ ਦੇਣ ਦੀ ਸੇਵਾ ਨਿਭਾਈ। ਸੇਵਾ ਸਿਮਰਨ ਕਰਦਿਆਂ ਗੁਰਦੁਆਰਾ ਸਾਹਿਬ ਦੀ ਸੂੰਦਰ ਇਮਾਰਤ ਦਾ ਨਿਰਮਾਣ ਵੀ ਕਰਵਾਇਆ ਅਤੇ ਅਨੇਕਾਂ ਸੰਗਤਾਂ ਨੂੰ ਗੁਰੂ ਵਾਲੇ ਬਣਾਂ ਕੇ ਗੁਰਮੱਤ ਦੇ ਧਾਰਨੀ ਬਣਾਇਆ। ਉਨ੍ਹਾ 70ਵਿਆਂ ਵਿੱਚ ਧਰਮ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਅਮ੍ਰਿਤਸਰ ਦੀ ਧਰਮ ਪ੍ਰਚਾਰ ਕਮੇਟੀ ਵਿੱਚ ਬਤੌਰ ਮੈਂਬਰ ਰਹਿ ਕੇ ਸੇਵਾ ਕੀਤੀ ਅਤੇ ਜਿਊਦੇ ਜੀਅ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਨੂੰ ਸੋਂਪ ਦਿੱਤਾ। ਸੰਤ ਭਗਵਾਨ ਸਿੰਘ ਜੀ ਨੇ 1975 ਨੂੰ ਪੰਜ ਭੂਤਕ ਸਰੀਰ ਤਿਆਗ ਕੇ ਸੱਚਖੰਡ ਪਿਆਨਾ ਕਰ ਗਏ, ਜਿਨ੍ਹਾਂ ਨੂੰ ਹਰੀਕੇ ਪੱਤਣ ਤੇ ਨਮ ਅੱਖਾਂ ਨਾਲ ਜਲ ਪ੍ਰਵਾਹ ਕੀਤਾ ਗਿਆ। ਬਾਬਾ ਜੀ ਦੀ ਬਰਸੀ ਮੌਕੇ ਅਨੇਕ ਧਾਰਮਿਕ ਸ਼ਖਸ਼ੀਅਤਾਂ ਉਨ੍ਹਾ ਨੂੰ ਸ਼ਰਦਾਂ ਅਤੇ ਸਤਿਕਾਰ ਭੇਂਟ ਕਰਨਗੀਆਂ ਅਤੇ ਰਾਗੀ ਢਾਡੀ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ ਕਰਨਗੇ।