ਕੈਨ ਸਿੱਖ ਕਲਚਰਲ ਸੈਂਟਰ ਵੱਲੋਂ 34ਵਾਂ ਸਲਾਨਾ ਖੇਡ ਉਤਸਵ ਪਾਲ ਕੌਫੀ ਪਾਰਕ ਮਾਲਟਨ (ਡੈਰੀ ਰੋਡ ਈ) ਵਿਖੇ ਪੂਰੇ ਜਾਹੋ-ਜਲਾਲ ਨਾਲ ਕਰਵਾਇਆ ਗਿਆ। ਜਿਸ ਵਿੱਚ ਹਰ ਵਰਗ ਦੇ ਖਿਡਾਰੀਆਂ ਨੇ ਅਲ਼ੈਟਿਕਸ, ਸਾਕਰ, ਰੱਸਾਕਸੀ, ਤਾਸ਼ ਅਤੇ ਕਬੱਡੀ ਦੇ ਮੁਕਾਬਲਿਆਂ ‘ਚ ਭਾਗ ਲਿਆ। ਕਬੱਡੀ ਫੈਡਰੇਸ਼ਨ ਆਫ ਓਨਟਾਰੀਓ ਦੇ ਪ੍ਰਧਾਨ ਦਲਜੀਤ ਸਿੰਘ ਸਹੋਤਾ ਦੀ ਅਗਵਾਈ ਵਿੱਚ ਅੱਠ ਟੀਮਾ ਦੇ ਗਹਿਗੱਚ ਮੁਕਾਬਲੇ ਖੇਡੇ ਗਏ । ਜਿੰਨਾ ਨੇ ਕਬੱਡੀ ਪ੍ਰੇਮੀਆ ਨੂੰ ਕੀਲ ਕੇ ਰੱਖ ਦਿੱਤਾ ।
ਇੰਟਰਨੈਸ਼ਨਲ ਪੰਜਾਬੀ ਸਪੋਰਟਸ ਤੇ ਲਾਇਨ ਮਾਲਟਨ ਕਲੱਬ ਦੀ ਸ਼ੁਰੂਆਤੀ ਟੱਕਰ- ਹਰਵਿੰਦਰ ਬਾਸੀ ਤੇ ਇੰਦਰਜੀਤ ਧੁੱਗਾ ਦੀ ਅਗਵਾਈ ਵਾਲੀ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਤੇ ਲਾਇਨ ਮਾਲਟਨ ਕਲੱਬ ਦੇ ਖਿਡਾਰੀ ਕਬੱਡੀ ਦਾ ਬਿਗਲ ਵੱਜਦਿਆ ਹੀ ਮੈਦਾਨ ਚ ਪਹੁੰਚੇ ।ਇਸ ਮੁਕਾਬਲੇ ਦੀ ਪਹਿਲੀ ਕਬੱਡੀ ਮਾਝੇ ਦੇ ਮਝੇਲ ਗੱਭਰੂ ਨਿਰਮਲ ਲੋਪੋਕੇ ਨੇ ਪਾ ਕੇ ਕਬੱਡੀ ਦਾ ਡੇਢ ਅੰਕ ਆਪਣੀ ਟੀਮ ਦੇ ਖਾਤੇ ਪਾਇਆ। ਦੂਜੀ ਰੇਡ ਕਬੱਡੀ ਦੇ ਮੱਚਦੇ ਅੰਗਾਰ ਧਾਵੀ ਦੁੱਲਾ ਬੱਗਾਪਿੰਡ ਨੇ ਪਾ ਕੇ ਅੰਕ ਬਰਾਬਰ ਕਰ ਦਿੱਤਾ। ਇਹ ਮੈਚ ਕਈ ਵਾਰ ਬਰਾਬਰ ਹੋਇਆ ਜਿਵੇਂ ਇੱਕ ਵਾਰ 14-14 ਅੰਕ ਫੇਰ 22-22 ਅੰਕ ਤੇ 23-23 ਅੰਕਾ ਤੇ ਖੇਡ ਬਰਾਬਰੀ ਤੇ ਪਹੁੰਚੀ । ਮੀਕ ਸਿਆਟਲ ਤੇ ਗੋਪੀ ਮਾਣਕੀ ਇਸ ਮੈਚ ਚ ਕੋਈ ਜਲਵਾ ਨਹੀਂ ਦਿਖਾ ਸਕੇ । ਪਹਿਲੇ ਮੈਚ ਨੂੰ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ 27 ਦੇ ਮੁਕਾਬਲੇ 31 ਅੰਕ ਲੈ ਕੇ ਜਿੱਤਿਆ ।
ਯੰਗ ਕਲੱਬ ਤੇ ਬਾਬਾ ਕਾਹਨ ਦਾਸ ਕਲੱਬ ਦੀ ਦੂਜੀ ਟੱਕਰ- ਦੂਜਾ ਮੈਚ ਯੰਗ ਸਪੋਰਟਸ ਕਲੱਬ ਤੇ ਬਾਬਾ ਕਾਹਨ ਦਾਸ ਕਲੱਬ ਦੀਆਂ ਟੀਮਾ ਦਰਮਿਆਨ ਹੋਇਆ ।ਇਸ ਮੁਕਾਬਲੇ ਦੀ ਪਹਿਲੀ ਰੇਡ ਜੀਤਾ ਸੰਧੂ ਚੱਠਾ ਨੇ ਪਾਈ। ਦੋਵੇਂ ਪਾਸੇ ਸਾਰੇ ਰੇਡਰ ਫੜੇ ਗਏ । ਅੱਧੇ ਸਮੇਂ ਤੱਕ ਯੰਗ ਕਲੱਬ ਦੇ 16.50 ਅੰਕ ਤੇ ਬੀਕੇਡੀ ਕਲੱਬ ਦੇ 15 ਅੰਕ ਸਨ। ਇਸ ਮੈਚ ਵਿੱਚ ਯੰਗ ਕਲੱਬ ਦੇ 35 ਅੰਕ ਤੇ ਬੀਕੇਡੀ ਕਲੱਬ ਦੇ 26 ਅੰਕ ਸਨ ।
ਮੈਟਰੋ ਪੰਜਾਬੀ ਕਲੱਬ ਤੇ ਓਕੇਡੀ ਦਾ ਮੈਚ ਹੋਇਆ ਇੱਕ ਪਾਸੜ – ਕਬੱਡੀ ਖੇਡ ਜਗਤ ਵਿੱਚ ਵੱਡੇ ਸਟਾਰਾ ਨਾਲ ਭਰੀਆ ਟੀਮਾ ਮੈਟਰੋ ਪੰਜਾਬੀ ਸਪੋਰਟਸ ਕਲੱਬ ਤੇ ਓਨਟਾਰੀਓ ਖਾਲਸਾ ਦਰਬਾਰ ਦਾ ਮੈਚ ਇੱਕ ਪਾਸੜ ਹੋਣ ਕਾਰਨ ਦਰਸ਼ਕ ਵੀ ਲੰਗਰ ਪਾਣੀ ਛਕਣ ਜਾਂਦੇ ਰਹੇ। ਉਥੇ ਹੁਸਿਆਰਾ ਬੌਪੁਰ ਓਕੇਡੀ ਕਲੱਬ ਲਈ ਤੇ ਪਾਲੀ ਛੰਨਾ,ਰਵੀ ਲੋਪੋ, ਮਿੱਠੂ ਹੇਅਰ ਮੈਟਰੋ ਕਲੱਬ ਲਈ ਪਹਿਲਾ ਮੈਚ ਖੇਡੇ ।ਇਸ ਮੈਚ ਵਿੱਚ ਰਿੰਕੂ ਖੈਰੰਟੀ ਕਾਫੀ ਵਾਰ ਮੈਟਰੋ ਦੀ ਜਾਫ ਦਾ ਸਿਕਾਰ ਹੋਇਆ ।ਇਸ ਮੈਚ ਵਿੱਚ ਮੈਟਰੋ ਕਲੱਬ ਦੇ 41 ਅੰਕ ਤੇ ਓਕੇਡੀ ਦੇ 25 ਅੰਕ ਸਨ ।
ਬਰੈਂਪਟਨ ਟੋਰਾਂਟੋ ਕਲੱਬ ਤੇ ਟੋਰਾਂਟੋ ਪੰਜਾਬੀ ਸਪੋਰਟਸ ਦੀ ਟੱਕਰ – ਪ੍ਰਧਾਨ ਦਲਜੀਤ ਸਹੋਤਾ,ਬਲਵੰਤ ਸੰਧੂ, ਕਰਮਜੀਤ ਸੁੰਨੜ ਬਨਾਮ ਟੀਮ ਟੋਰਾਂਟੋ ਪੰਜਾਬੀ ਤੇ ਬਰੈਂਪਟਨ ਟੋਰਾਂਟੋ ਦਾ ਮੈਚ ਦਿਲਖਿਚਵਾ ਸੀ । ਚੋਥੇ ਮੈਚ ਵਿੱਚ ਵੀ ਜੱਫਿਆ ਦਾ ਤੂਫਾਨ ਆ ਗਿਆ ।ਕਈ ਮੈਚਾ ਬਾਅਦ ਮੈਦਾਨ ਉਤਰੇ ਨਿੰਦੀ ਬੇਨੜਾ ਨੇ ਇਸ ਮੈਚ ਚੰਗਾ ਹੱਥ ਖੋਲਿਆ। ਇਸ ਮੈਚ ਵਿੱਚ ਤਾਜਾ ਕਾਲਾ ਸੰਘਾ ਦੇ ਸੱਟ ਲੱਗ ਗਈ।ਇਸ ਮੈਚ ਨੂੰ ਬਰੈਂਪਟਨ ਟੋਰਾਂਟੋ ਕਲੱਬ ਨੇ 24 ਦੇ ਮੁਕਾਬਲੇ 35 ਅੰਕ ਲੈ ਕੇ ਜਿੱਤਿਆ।
ਕੁਆਟਰ ਫਾਈਨਲ ਦੇ ਮੈਚ -ਕਬੱਡੀ ਕੱਪ ਦੀਆਂ ਦਾਅਵੇਦਾਰ ਅੱਠ ਟੀਮਾ ਦੇ ਹੋਏ ਮੁਕਾਲਿਆ ਚ ਸੈਮੀਫਾਈਨਲ ਦੀ ਦੌੜ ਵਿੱਚ ਸਾਮਿਲ ਹੋਣ ਵਾਲੀਆਂ ਟੀਮਾ ਦੇ ਮੁਕਾਬਲਿਆ ਚ ਪਹਿਲਾ ਮੈਚ ਇੰਟਰਨੈਸ਼ਨਲ ਤੇ ਓਕੇਡੀ ਦਾ ਹੋਇਆ । ਪਹਿਲੇ ਅੱਧ ਤੱਕ ਮੈਟਰੋ ਕਾਫੀ ਅੱਗੇ ਸੀ । ਪ੍ਰੰਤੂ ਆਖਰੀ ਸਮੇਂ ਚ ਸਮਾਪਤੀ 38-39 ਤੇ ਹੋਈ ਤੇ ਮੈਟਰੋ ਜੈਤੂ ਰਿਹਾ।ਇਸ ਮੈਚ ਵਿੱਚ ਵੀ ਜੱਫਿਆ ਦਾ ਹੜ੍ਹ ਵਗਦਾ ਰਿਹਾ ।
ਬਰੈਂਪਟਨ ਟੋਰਾਂਟੋ ਕਲੱਬ ਤੇ ਬਾਬਾ ਕਾਹਨ ਦਾਸ ਕਲੱਬ ਦਾ ਮੈਚ ਇਕਪਾਸੜ ਹੋ ਗਿਆ ।ਜਿਸ ਨੂੰ ਬਰੈਂਪਟਨ ਕਲੱਬ ਨੇ ਜਿੱਤ ਕੇ ਸੈਮੀਫਾਈਨਲ ਵਿੱਚ ਪ੍ਰਵੇਸ ਕੀਤਾ ।
ਸੈਮੀਫਾਈਨਲ ਦੀ ਟੱਕਰ – ਸਿਖਰ ਤੇ ਪੁੱਜੇ ਕਬੱਡੀ ਕੱਪ ਤੇ ਦਰਸ਼ਕਾ ਦੇ ਹੜ੍ਹ ਨੇ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਆਪਣੇ ਵਲੋਂ ਭਰਪੂਰ ਪਿਆਰ ਤੇ ਉਤਸਾਹ ਬਖਸਿਆ ਹੈ । ਕੈਨ ਸਿੱਖ ਕਲਚਰਲ ਸੈਂਟਰ ਦੇ ਕਬੱਡੀ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ ਮੈਟਰੋ ਤੇ ਟੋਰਾਂਟੋ ਪੰਜਾਬੀ ਦਰਮਿਆਨ ਹੋਇਆ । ਇਸ ਮੈਚ ਦੀ ਸ਼ੁਰੂਆਤ ਚੰਗੀ ਹੋਈ ।ਪ੍ਰੰਤੂ ਧਾਵੀ ਦਿਲਬਾਗ ਸਿੰਘ ਨੂੰ ਅੱਜ ਮੈਟਰੋ ਵਾਲਿਆ ਨੇ ਬਾਗੀ ਨਹੀਂ ਹੋਣ ਦਿੱਤਾ ।ਬਾਗੀ ਦੇ ਫੜੇ ਜਾਣ ਨਾਲ ਇਸ ਮੈਚ ਤੇ ਮੈਟਰੋ ਕਾਬਜ ਹੋ ਗਿਆ ।ਦੂਜਾ ਸੈਮੀਫਾਈਨਲ ਮੈਚ ਇੰਟਰਨੈਸ਼ਨਲ ਪੰਜਾਬੀ ਤੇ ਬਰੈਂਪਟਨ ਪੰਜਾਬੀ ਸਪੋਰਟਸ ਕਲੱਬ ਦਾ ਹੋਇਆ ।ਮੰਗੀ ਨੇ ਇਸ ਮੈਚ ਵਿੱਚ ਚੰਗੇ ਜੱਫੇ ਲਾਏ । ਪ੍ਰੰਤੂ ਦੁੱਲੇ ਤੇ ਮੰਨੇ ਬੱਲਨੌ ਨੂੰ ਲੱਗੇ ਜੱਫਿਆ ਨੇ ਇੰਟਰਨੈਸ਼ਨਲ ਦੀ ਜਿੱਤ ਤੇ ਗ੍ਰਹਿਣ ਲਾ ਦਿੱਤਾ । ਇਸ ਫਸਵੇ ਮੁਕਾਬਲੇ ਨੂੰ ਬਰੈਂਪਟਨ ਟੋਰਾਟੋ ਕਲੱਬ ਨੇ 38.50 ਦੇ ਮੁਕਾਬਲੇ 40 ਅੰਕ ਲੈ ਕੇ ਜਿੱਤਿਆ ।ਇਸਦੇ ਨਾਲ ਹੀ ਗੁਰਮੁੱਖ ਅਟਵਾਲ ਤੇ ਸਾਥੀਆ ਦੀ ਟੀਮ ਪਹਿਲੀ ਵਾਰ ਸੀਜਨ ਦੇ ਫਾਈਨਲ ਵਿੱਚ ਪੁੱਜੀ ।
ਫਾਈਨਲ ਦੀ ਜਿੱਤ ਨਾਲ ਮੈਟਰੋ ਪੰਜਾਬੀ ਦੀ ਜੈਤੂ ਹੈਟ੍ਰਿਕ ਵੱਜੀ-ਫਾਈਨਲ ਮੁਕਾਬਲਾ ਦੇਖਣ ਲਈ ਅੱਜ ਦਰਸ਼ਕ ਪੱਬਾਂ ਭਾਰ ਸਨ ।ਕਿਉਂਕਿ ਕਾਫੀ ਦਿਨਾਂ ਦੀ ਔੜ ਤੋਂ ਬਾਅਦ ਮੈਟਰੋ ਤੇ ਬਰੈਂਪਟਨ ਦੇ ਖਿਡਾਰੀ ਸੁਨਹਿਰੀ ਕੱਪ ਨੂੰ ਚੁੰਮਣ ਲਈ ਬੇਤਾਬ ਸਨ । ਫਾਈਨਲ ਦੀ ਪਹਿਲੀ ਰੇਡ ਕਬੱਡੀ ਦੇ ਤੂਫਾਨ ਮੇਲ ਧਾਵੀ ਸੁਲਤਾਨ ਸਮਸਪੁਰ ਨੇ ਪਾ ਕੇ ਖਾਤਾ ਖੋਲਿਆ । ਬਰੈਂਪਟਨ ਦੇ ਧਾਵੀ ਰਾਜੂ ਦੀ ਦੂਜੀ ਰੇਡ ਤੇ ਮੈਟਰੋ ਦੇ ਜਾਫੀ ਯਾਦ ਕੋਟਲੀ ਨੇ ਨਾਗਵਲ ਪਾ ਲਿਆ ।ਦੂਜੇ ਪਾਸੇ ਅਰਸ ਚੋਹਲਾ ਨੇ ਜੋਨ ਸੀਨੇ ਵਰਗੇ ਗੱਭਰੂ ਪਾਲੀ ਛੰਨਾ ਨੂੰ ਡੱਕ ਲਿਆ । ਸੰਦੀਪ ਨੰਗਲ ਅੰਬੀਆ,ਰਵੀ ਲੋਪੋਂ ਦੇ ਜੱਫਿਆ ਨੇ ਪਹਿਲੇ ਅੱਧ ਤੱਕ ਚੰਗਾ ਰੰਗ ਬੰਨ੍ਹਿਆ । ਪਹਿਲੇ ਅੱਧ ਤੱਕ ਮੈਟਰੋ ਕਲੱਬ ਦੇ 28 ਅੰਕ ਤੇ ਬਰੈਂਪਟਨ ਪੰਜਾਬੀ ਦੇ 21 ਅੰਕ ਸਨ । ਦੂਜੇ ਅੱਧ ਦੀ ਖੇਡ ਦੌਰਾਨ ਯਾਦਾ ਸੁਰਖਪੁਰ,ਜੋਧਾ ਸੁਰਖਪੁਰ, ਰਵੀ,ਸੰਦੀਪ,ਯਾਦ ਕੋਟਲੀ,ਅਰਸ ਚੋਹਲਾ ਦੇ ਜੱਫਿਆ ਨੇ ਦਰਸ਼ਕਾ ਵਿੱਚ ਕਾਫੀ ਜੋਸ ਭਰਿਆ ।ਫਾਈਨਲ ਦੀ ਆਖਰੀ ਰੇਡ ਸੁਲਤਾਨ ਸਮਸਪੁਰ ਨੇ ਪਾ ਕੇ ਜੈਤੂ ਫਤਿਹ ਬੁਲਾਈ । ਇਸ ਮੈਚ ਵਿੱਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ 53.50 ਅੰਕ ਤੇ ਬਰੈਂਪਟਨ ਟੋਰਾਂਟੋ ਕਲੱਬ ਦੇ 48 ਅੰਕ ਸਨ । ਯਾਦ ਕੋਟਲੀ ਨੇ 18 ਟੱਚ ਲੈ ਕੇ 5 ਜੱਫੇ ਲਾਏ । ਸੁਲਤਾਨ ਸਮਸਪੁਰ ਨੇ 23 ਰੇਡਾਂ ਪਾ ਕੇ 21 ਅੰਕ ਜੋੜੇ ।ਦੋਵੇਂ ਖਿਡਾਰੀ ਟੂਰਨਾਮੈਂਟ ਦੇ ਬੈਸਟ ਜਾਫੀ-ਧਾਵੀ ਬਣੇ । ਅੱਜ ਮੈਟਰੋ ਵਲੋਂ ਸੱਟ ਲੱਗਣ ਕਰਕੇ ਜੱਗਾ ਚਿੱਟੀ ਤੇ ਰਵੀ ਆਲੋਵਾਲ ਢੇਰੀਆ ਨਹੀਂ ਖੇਡੇ ।ਇਸ ਜਿੱਤ ਨਾਲ ਮੈਟਰੋ ਕਲੱਬ ਸੀਜਨ ਦੀ ਤੀਜੀ ਖਿਤਾਬੀ ਜਿੱਤ ਦਾ ਦਾਅਵੇਦਾਰ ਬਣਿਆ ।
ਖੇਡ ਮੁਕਾਬਲੇ:- ਇਸ ਇਸ ਖੇਡ ਉਤਸਵ ਦੌਰਾਨ ਪੀਲ ਸਪੋਰਟਸ ਐਂਡ ਕਲਚਰਲ ਅਕੈਡਮੀ ਦੀਆਂ 5 ਤੋਂ 16 ਸਾਲ ਤੱਕ ਉਮਰ ਗੁੱਟ ਦੀਆਂ 47 ਸਾਕਰ ਟੀਮਾਂ ਨੇ ਅਕੈਡਮੀ ਦੇ ਸੰਚਾਲਕ ਕੁਲਦੀਪ ਸਿੰਘ ਗਿੱਲ ਤੇ ਨਰਿੰਦਰ ਕੌਰ ਗਿੱਲ ਦੀ ਅਗਵਾਈ ‘ਚ ਹਿੱਸਾ ਲਿਆ ਅਤੇ ਦੋ ਦਿਨ 775 ਦੇ ਕਰੀਬ ਨੰਨੇ-ਮੁੰਨੇ ਫੁੱਟਬਾਲਰਾਂ ਨੇ ਜੌਹਰ ਦਿਖਾਏ। ਦੋ ਦਿਨ ਚੱਲੇ ਲੀਗ ਮੁਕਾਬਲਿਆਂ ‘ਚ ਉਕਤ ਅਕੈਡਮੀ ਦੀਆਂ 43 ਟੀਮਾਂ ਨੇ ਹਿੱਸਾ ਲਿਆ। ਜੇਤੂਆਂ ਨੂੰ ਤਗਮੇ ਤੇ ਟਰਾਫੀਆਂ ਪ੍ਰਦਾਨ ਕੀਤੀਆਂ ਗਈਆਂ। ਅੱਠ ਚੋਟੀ ਦੀਆਂ ਕਲੱਬ ਟੀਮਾਂ ਨੇ ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸਹੋਤਾ, ਚੇਅਰਮੈਨ ਮਲਕੀਤ ਸਿੰਘ ਦਿਉਲ, ਜਨਰਲ ਸਕੱਤਰ ਗੁਰਮੁਖ ਸਿੰਘ ਅਟਵਾਲ, ਮੀਤ ਪ੍ਰਧਾਨ ਬਿੱਲਾ ਸਿੱਧੂ, ਖਜ਼ਾਨਚੀ ਸ਼ੇਰਾ ਮੰਡੇਰ, ਡਾਇਰੈਕਟਰ ਹਰਮਨ ਚਾਹਲ, ਰੇਸ਼ਮ ਬਰਾੜ, ਜਿੰਦਰ ਬੁੱਟਰ ਤੇ ਜਤਿੰਦਰ ਤੋਚੀ ਸੰਘਾ ਹੋਰਾਂ ਦੀ ਟੀਮ ਦੀ ਅਗਵਾਈ ‘ਚ ਕਾਂਟੇਦਰ ਮੁਕਾਬਲੇ ਦਿਖਾਏ। ਇਸ ਫੈਡਰੇਸ਼ਨ ਨਾਲ ਸਬੰਧਤ ਸਾਰੇ ਕਲੱਬਾਂ ਨੇ ਕੱਪ ਦੀ ਸਫਲਤਾ ਲਈ ਭਰਵਾਂ ਸਹਿਯੋਗ ਦਿੱਤਾ। ਮੈਚਾ ਦਾ ਸੰਚਾਲਨ ਰੈਫਰੀ ਸਾਬੀ ਜੰਡਿਆਲੀ, ਬਲਬੀਰ ਨਿੱਝਰ,ਸਵਰਨਾ ਵੈਲੀ,ਪੱਪੂ ਭਦੌੜ , ਨੀਟਾ ਸਰਾਏ ਤੇ ਮੰਚ ਸੰਚਾਲਨ ਗੋਗਾ ਗਹੂਨੀਆ ਨੇ ਕੀਤਾ। ਇਸ ਤਰ੍ਹਾਂ ਦੇ ਖੇਡ ਮੇਲੇ ਪ੍ਰਵਾਸੀ ਪੰਜਾਬੀਆਂ ਨੂੰ ਜਿੱਥੇ ਆਪਣੇ ਪਿੱਛੋਕੜ ਨਾਲ ਜੋੜਦੇ ਹਨ । ਉਥੇ ਹੀ ਸਾਡੀ ਵਿਰਾਸਤ ਦੀ ਵੀ ਪਹਿਚਾਣ ਬਣਦੇ ਹਨ ।ਇਹ ਖੇਡ ਮੇਲਾ ਹਰ ਪੱਖ ਤੋਂ ਪੂਰੀ ਤਰ੍ਹਾਂ ਕਾਮਯਾਬ ਰਿਹਾ ।