April 18, 2026 6:24 pm

ਲੋੜਵੰਦ ਲੜਕੀਆਂ ਲਈ ਮਸੀਹਾ ਬਣਿਆ ਮੁਫਤ ਸਿੱਖਿਆ ਦੇਣ ਵਾਲਾ ਅਲ-ਕਲਮ ਸਕਿੱਲ ਸਕੂਲ

ਮਾਲੇਰਕੋਟਲਾ : ਨਿਸ਼ਕਾਮ ਸੇਵਾ ਭਾਵਨਾ ਤਹਿਤ ਲੋੜਵੰਦਾਂ ਦੀ ਸਹਾਇਤਾ ਕਰਨ ਅਤੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਦੇ ਉਦੇਸ਼ ਨਾਲ ਹੀ ਗੈਰ ਸਰਕਾਰੀ ਸੰਸਥਾਵਾਂ ( ਐਨ.ਜੀ.ਓਜ਼ ) ਸਮਾਜ ਦੀ ਭਲਾਈ ਵਿੱਚ ਯੋਗਦਾਨ ਪਾਉਂਦੇ ਹੋਏ ਦੇਸ਼ ਦੀ ਤਰੱਕੀ ਵਿੱਚ ਸਹਾਈ ਹੋ ਰਹੀਆਂ ਹਨ , ਇਸੇ ਉਦੇਸ਼ ਨੂੰ ਮੁੱਖ ਰੱਖ ਕੇ ਚੱਲ ਰਹੀ ਇੱਥੋਂ ਦੀ ਸੰਸਥਾ ਮੌਲਾਨਾ ਆਜ਼ਾਦ ਐਜੂਕੇਸ਼ਨ ਏਡ ਫਾਉਂਡੇਸ਼ਨ ਦੇ ਸਹਿਯੋਗ ਨਾਲ ਚੱਲਣ ਵਾਲਾ ਠਅਲ ਕਲਮ ਸਕਿੱਲ ਸਕੂਲੂ ਬੀਤੇ ਦੋ ਸਾਲਾਂ ਤੋਂ ਲੋੜਵੰਦ ਅਤੇ ਗਰੀਬ ਲੜਕੀਆਂ ਲਈ ਮਸੀਹਾ ਸਾਬਤ ਹੋ ਰਿਹਾ ਹੈ। ਇਸ ਸਕੂਲ ਵਿੱਚ ਲੋੜਵੰਦ ਅਤੇ ਗਰੀਬ ਲੜਕੀਆਂ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਸਿਲਾਈ ਕਟਾਈ ਅਤੇ ਕੰਪਿਊਟਰ ਦੀ ਸਿੱਖਿਆ ਮੁਫਤ ਦੇ ਕੇ ਉਨਾਂ ਨੂੰ ਸਵੈ-ਰੋਜ਼ਗਾਰ ਦੇ ਕਾਬਲ ਬਣਾਇਆ ਜਾ ਰਿਹਾ ਹੈ । ਸੰਸਥਾ ਦੇ ਚੇਅਰਮੈਨ ਮੁਹੰਮਦ ਤਾਹਿਰ ਨੇ ਦੱਸਿਆ ਕਿ ਲੜਕੀਆਂ ਦੇ 25-25 ਦੇ ਰੋਜ਼ਾਨਾ 2 ਬੈਚ ਸਵੇਰ ਅਤੇ 2 ਬੈਚ ਸ਼ਾਮ ਨੂੰ ਲਗਾਏ ਜਾਂਦੇ ਹਨ ਅਤੇ ਪੂਰਾ ਕੋਰਸ ਚਾਰ ਮਹੀਨੇ ਵਿੱਚ ਪੂਰਾ ਕੀਤਾ ਜਾਂਦਾ ਹੈ ।ਉਨਾਂ ਦੱਸਿਆ ਕਿ ਹੁਣ ਤੱਕ 500 ਦੇ ਕਰੀਬ ਲੜਕੀਆਂ ਸਿਲਾਈ ਕਟਾਈ ਵਿੱਚ ਸਿੱਖਿਅਤ ਕੀਤੀਆਂ ਜਾ ਚੁੱਕੀਆਂ ਹਨ ਜਿਨਾਂ ਵਿੱਚੋਂ 180 ਲੜਕੀਆਂ ਦੀ ਪ੍ਰਾਈਵੇਟ ਖੇਤਰ ਵਿੱਚ ਪਲੇਸਮੈਂਟ ਵੀ ਹੋ ਚੁੱਕੀ ਹੈ ਅਤੇ ਬਾਕੀ ਲੜਕੀਆਂ ਆਪਣੇ ਆਪਣੇ ਘਰ ਵਿੱਚ ਆਪਣਾ ਰੋਜ਼ਗਾਰ ਅਰੰਭ ਕਰਕੇ 6 ਤੋਂ 7 ਹਜ਼ਾਰ ਰੁਪਏ ਮਹੀਨਾ ਕਮਾ ਰਹੀਆਂ ਹਨ। ਸਿਲਾਈ ਕਟਾਈ ਵਿੱਚ ਲੜਕੀਆਂ ਨੂੰ ਪਲਾਜ਼ੋ, ਫਰਾਕ ਅਤੇ ਲੇਡੀਜ਼ ਡਿਜ਼ਾਇਨਦਾਰ ਸੂਟਾਂ ਦੀ ਕਟਾਈ ਅਤੇ ਸਿਲਾਈ ਸਿਖਾਈ ਜਾਂਦੀ ਹੈ ਜਿਸ ਸਬੰਧੀ ਉਨਾਂ ਤੋਂ ਕਿਸੇ ਤਰਾਂ ਦੀ ਕੋਈ ਫੀਸ ਆਦਿ ਨਹੀਂ ਲਈ ਜਾਂਦੀ, ਬਿਲਕੁਲ ਮੁਫਤ ਸਿੱਖਿਅਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਲੜਕੀਆਂ ਨੂੰ ਕੰਪਿਊਟਰ ਦੀ ਟ੍ਰੇਨਿੰਗ ਵੀ ਮੁਫਤ ਦਿੱਤੀ ਜਾ ਰਹੀ ਹੈ ਅਤੇ ਹੁਣ ਤੱਕ 300 ਦੇ ਕਰੀਬ ਲੜਕੀਆਂ ਕੰਪਿਊਟਰ ਦੀ ਸਿਖਲਾਈ ਪ੍ਰਾਪਤ ਕਰ ਚੁੱਕੀਆਂ ਹਨ। ਮੁਹੰਮਦ ਤਾਹਿਰ ਨੇ ਦੱਸਿਆ ਕਿ ਜਰੂਰਤਮੰਦ ਲੜਕੀਆਂ ਲਈ ਇਸ ਤੋਂ ਇਲਾਵਾ ਸਪੋਕਨ ਇੰਗਲਿਸ਼ ਦਾ ਤਿੰਨ ਮਹੀਨੇ ਦਾ ਕੋਰਸ ਵੀ ਮੁਫਤ ਕਰਵਾਇਆ ਜਾਂਦਾ ਹੈ ਅਤੇ ਇਸ ਵਿੱਚ 100 ਦੇ ਕਰੀਬ ਲੜਕੀਆਂ ਨੂੰ ਇਹ ਕੋਰਸ ਕਰਵਾਇਆ ਜਾ ਚੁੱਕਿਆ ਹੈ।ਉਨਾਂ ਦੱਸਿਆ ਕਿ ਉਨਾਂ ਦੀ ਸੰਸਥਾ ਦਾ ਮੁੱਖ ਉਦੇਸ਼ ਦੇਸ਼ ਦੀ ਏਕਤਾ ਅਤੇ ਭਾਈਚਾਰੇ ਨੂੰ ਮਜਬੂਤੀ ਪ੍ਰਦਾਨ ਕਰਨਾ,ਸਾਖਰਤਾ ਨੂੰ ਹੋਰ ਵਧਾਉਣਾ ,ਗਰੀਬ ਅਤੇ ਲੋੜਵੰਦ ਲੜਕੀਆਂ ਨੂੰ ਰੋਜ਼ਗਾਰ ਦੇ ਕਾਬਲ ਬਨਾਉਣਾ ਅਤੇ ਸਮਾਜਕ ਬੁਰਾਈਆਂ ਨੂੰ ਦੂਰ ਕਰਨਾ ਹੈ, ਜਿਸ ਦੇ ਤਹਿਤ ਉਨਾਂ ਦੀ ਸੰਸਥਾ ਮੌਲਾਨਾ ਆਜ਼ਾਦ ਐਜੂਕੇਸ਼ਨ ਏਡ ਫਾਉਂਡੇਸ਼ਨ ਵੱਲੋਂ ਸਮੇਂ ਸਮੇਂ ਮੈਡੀਕਲ ਚੈਕ ਅਪ ਕੈਂਪ ਅਤੇ ਭਰੂਣ ਹੱਤਿਆ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਸੈਮੀਨਾਰਾਂ ਆਦਿ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ।ਇਲਾਕਾ ਨਿਵਾਸੀਆਂ ਵੱਲੋਂ ਸੰਸਥਾ ਦੇ ਇਨਾਂ ਨਿਸ਼ਕਾਮ ਅਤੇ ਮੁਫਤ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
– ਅਸ਼ੋਕ ਜੋਸ਼ੀ ,
ਐਮ.ਏ.(ਪੰਜਾਬੀ,ਹਿੰਦੀ,ਐਜੂਕੇਸ਼ਨ)
ਸੰਪਰਕ : 98151-57557

Send this to a friend