Skip to content
Independent perspectives. Global stories.
BREAKING

ਗਲਤ ਗਾਇਕੀ ਦਾ ਅਸਰ

Share this story

ਪੁਰਾਤਨ ਸਮੇਂ ਤੋਂ ਹੀ ਹਰ ਪਾਸੇ ਗੀਤ-ਸੰਗੀਤ ਨੂੰ ਰੂਹ ਦੀ ਖੁਰਾਕ ਮੰਨਿਆ ਜਾ ਰਿਹਾ ਹੈ ਤੇ ਇਹ ਹੈ ਵੀ ਸੱਚ। ਸਮੁੱਚੀ ਦੁਨੀਆਂ ਵਿੱਚ ਕੁੱਲ ਲੋਕਾਈ ਦਾ ਗੀਤ-ਸੰਗੀਤ ਰੰਗ ਵੱਖ-ਵੱਖ ਹੈ। ਸੰਗੀਤ ਨਾਲ ਹਰ ਕੋਈ ਜੁੜਿਆ ਹੈ ਕੋਈ ਬਹੁਤਾ ਤੇ ਕੋਈ ਥੋੜ੍ਹਾ। ਧੰਨ ਹਨ ਉਹ ਰੂਹਾਂ ਜੋ ਸੰਗੀਤ ਨੂੰ ਸਮਰਪਣ ਹਨ ਤੇ ਉਹ ਸਮੇਂ-ਸਮੇਂ ਤੇ ਵਧੀਆਂ ਸੰਗੀਤਕ ਚੀਜ਼ਾਂ ਪੇਸ਼ ਕਰਕੇ ਸਾਡੀਆਂ ਰੂਹਾਂ ਨੂੰ ਸਰਸ਼ਾਰ ਕਰਦੀਆਂ ਹਨ।
ਪੰਜਾਬ ਦੀ ਸੰਗੀਤਕ ਵਿਰਾਸਤ ਵੀ ਬਹੁਤ ਵਿਸ਼ਾਲ ਤੇ ਮਾਣ-ਮੱਤੀ ਹੈ। ਸਾਡੇ ਗੁਰੂਆਂ-ਪੀਰਾਂ ਤੇ ਹੋਰ ਮਹਾਨ ਰਹਿਬਰਾਂ ਨੇ ਆਪਣੀ ਸਾਂਝ ਸੰਗੀਤ ਸੰਗ ਪਾ ਕੇ ਸਾਨੂੰ ਵਿਰਾਸਤ ਵਿਚੋਂ ਹੀ ਬੜੇ ਵਧੀਆ ਸੱਭਿਅਕ ਤੇ ਸੱਭਿਆਚਾਰਕ ਰੰਗ ਬਖ਼ਸ਼ੇ ਹਨ। ਜਿਨ੍ਹਾਂ ’ਤੇ ਪੰਜਾਬ ਵਾਸੀਆਂ ਨੂੰ ਸਦਾ ਹੀ ਮਾਣ ਰਹੇਗਾ। ਕਈ ਵਾਰ ਕਿਸੇ ਚੀਜ਼ ਦੀ ਤਰੱਕੀ ’ਤੇ ਤਬਦੀਲੀ ਇੰਨੀ ਵੱਧ ਤੇ ਬੇ-ਹਯਾਈ ਹੋ ਜਾਂਦੀ ਹੈ ਕਿ ਸਮੇਂ-ਸਮੇਂ ਤੇ ਕਈ ਵਾਰ ਗਲਤ ਤਰੀਕੇ ਨਾਲ ਗਲਤ ਚੀਜ਼ਾਂ ਗਲਤ ਬੰਦਿਆਂ ਦੇ ਹੱਥ ਆ ਜਾਂਦੀਆਂ ਹਨ ਤੇ ਉਹ ਗਲਤ ਵਰਤੋਂ ਕਰਦੇ ਹਨ ਤੇ ਨਤੀਜਾ ਵੀ ਗਲਤ ਹੀ ਨਿਕਲ ਜਾਂਦਾ ਹੈ। ਠੀਕ ਇਹੀ ਕੁਝ ਅੱਜ ਪੰਜਾਬ ਦੀ ਮੌਜੂਦਾ ਸਮੇਂ ਚੱਲ ਰਹੀ ਗਲਤ ਗਾਇਕੀ ਵਿਚ ਕਾਫੀ ਹੱਦ ਤੱਕ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਸਮੇਂ ਪੰਜਾਬ ਦੇ ਮਾੜੇ ਤੇ ਕਾਲੇ ਸਮੇਂ ਬਾਦ ਬੰਦ ਜਿਹੀ ਪਈ ਪੰਜਾਬੀ ਗਾਇਕੀ ਮੁੜ ਸੁਰਜੀਤ ਹੋਈ। ਟਾਂਵੇ ਟੱਲੇ ਕੁਝ ਕੁ ਗਾਇਕਾਂ ਨੇ ਵਾਜੇ-ਢੋਲਕੀਆਂ ਚੁੱਕੇ ਤੇ ਸੰਗੀਤਕ ਪੱਖ ਨੂੰ ਰੀਲਾਂ (ਕੈਸਟਾਂ) ਰਾਹੀਂ ਅੱਗੇ ਤੋਰਿਆ ਕੁਝ ਕੁ ਉਂਗਲਾਂ ਤੇ ਗਿਣੇ ਜਾਣ ਵਾਲੇ ਗਾਇਕ ਇਸ ਪਾਸੇ ਚਮਕੇ ਤੇ ਉਨ੍ਹਾਂ ਦੀ ਚਮਕ ਦੇਖ ਨਵੇਂ ਮੁੰਡੇ -ਕੁੜੀਆਂ ਇਸ ਪਾਸੇ ਆਏ। ਉਹ ਪੂਰਾ ਸੁਰਤਾਲ ਸਿੱਖ ਕੇ ਆਏ, ਉਨ੍ਹਾਂ ਦਾ ਗੀਤ-ਸੰਗੀਤ ਪੰਜਾਬ ਨਾਲ ਮੇਲ ਖਾਦਾ ਸੀ ਤੇ ਲੋਕਾਂ ਨੇ ਪਸੰਦ ਵੀ ਕੀਤਾ। ਬਸ ਇੱਥੋਂ ਹੀ ਵਪਾਰੀ ਵਰਗ ਦੀ ਅੱਖ ਸੰਗੀਤਕ ਪਾਸੇ ਪਈ ਤੇ ਫਿਰ ਕੀ ਧੜਾਧੜ ਨਵੇਂ ਗਾਇਕੀ ਤੇ ਧੜਾਧੜ ਕੈਸਟਾਂ ਆਦਿ ਸ਼ੁਰੂ ਹੋ ਗਈਆਂ। ਕਈ ਤਾਂ ਇਸ ਪਾਸੇ ਵਧੀਆਂ ਫਿੱਟ ਹੋ ਕੇ ਕੁਝ ਖੱਟ ਗਏ।
ਬਸ ਇੱਥੋ ਕੁ ਹੀ ਨਵੇਂ ਪੁਰਾਣੇ ਕਲਾਕਾਰਾਂ ਨੇ ਆਪਣੀ ਕਾਮਯਾਬੀ ਲਈ ਗਲਤ ਭਾਵ ਲੱਚਰ ਤੇ ਅਸ਼ਲੀਲ ਗਾਉਣਾ ਸ਼ੁਰੂ ਕਰ ਦਿੱਤਾ। ਦੇਖੋ ਦੇਖ ਤੇ ਬੇ-ਟੋਕ ਇਹ ਕੰਮ ਵੱਧਦਾ-ਵੱਧਦਾ ਉਥੇ ਪੁੱਜ ਗਿਆ ਜਿੱਥੋ ਹੁਣ ਮੁੜਨਾ ਮੁਸ਼ਕਿਲ ਹੈ। ਉਸ ਤੋਂ ਵੀ ਉਪਰ ਕੰਮ ਉਸ ਵੇਲੇ ਪੁੱਜ ਗਿਆ ਜਦੋਂ ਗੀਤ ਸੁਣਨ ਵਾਲਾ ਨਾ ਰਹਿ ਕੇ ਦੇਖਣ ਵਾਲਾ ਬਣ ਗਿਆ। ਗੀਤਾਂ ਦੇ ਫਿਲਮਾਂਕਣ ਨੇ ਸਭ ਪਰਦੇ ਚੱਕ ਦਿੱਤੇ ਤੇ ਪੰਜਾਬੀ ਸੱਭਿਆਚਾਰ ਦੇ ਨਾਮ ਹੇਠ ਗੰਦ ਮੰਦ ਸ਼ੁਰੂ ਹੋ ਗਿਆ। ਇਹ ਨਹੀਂ ਕਿ ਸਭ ਗਾਇਕ ਹੀ ਗਲਤ ਗਾ ਰਹੇ ਹਨ, ਬਹੁਤ ਘੱਟ ਹਨ ਜੋ ਸਹੀ ਗਾ ਰਹੇ ਹਨ ਪਰ ਉਨ੍ਹਾਂ ਨੂੰ ਲੋਕ ਪਸੰਦ ਵੀ ਘੱਟ ਕਰਦੇ ਹਨ। ਹਾਂ ਬਹੁ-ਗਿਣਤੀ ਤਾਂ ਗਲਤ ਚੀਜ਼ਾਂ ਪੇਸ਼ ਕਰ ਰਹੇ ਹਨ ਤੇ ਸਾਡੇ ਸਾਹਮਣੇ ਹੀ ਹਨ। ਇੱਥੇ ਕਸੂਰ ਸਰੋਤਾ ਵਰਗ ਦਾ ਵੱਧ ਹੈ ਜੋ ਗਲਤ ਚੀਜ਼ਾਂ ਦਾ ਬਾਈਕਾਟ ਕਰਨ ਦੀ ਥਾਂ ਸਵੀਕਾਰ ਕਰ ਰਹੇ ਹਨ ਤਾਂ ਹੀ ਬਹੁਤੇ ਗਾਇਕ ਗੰਦ-ਮੰਦ ਖੁੱਲ ਕੇ ਪੇਸ਼ ਕਰ ਰਹੇ ਹਨ। ਪੰਜਾਬ ਦਾ ਅਕਸ ਵਿਗਾੜ ਰਹੇ ਹਨ। ਸਾਡੀ ਨੌਜੁਆਨੀ ਬੇਰੁਜ਼ਗਾਰੀ, ਨਸ਼ੇ ਤੇ ਹੋਰ ਅਲਾਮਤਾਂ ਵਿਚ ਬੁਰੀ ਤਰ੍ਹਾਂ ਫਸ ਚੁੱਕੀ ਹੈ ਤੇ ਰਹਿੰਦੀ ਕਸਰ ਅੱਜ ਦੀ ਗਾਇਕੀ ਪੂਰੀ ਕਰ ਰਹੀ ਹੈ। ਪੰਜਾਬ ਦੀ ਤੇ ਵਿਦੇਸ਼ੀ ਧਰਤੀ ’ਤੇ ਰਹਿੰਦੇ ਗਾਇਕਾਂ ਨੂੰ ਜੱਟਾਂ ਦੀਆਂ ਖੁਦਕੁਸ਼ੀਆਂ, ਨਸ਼ਿਆਂ, ਬੇਰੁਜ਼ਗਾਰੀ, ਬਿਮਾਰੀ ’ਚ ਜਕੜੇ ਤੇ ਆਰਥਿਕ ਪੱਖੋਂ ਟੁੱਟੇ ਲੋਕ ਨਹੀਂ ਦਿਸ ਰਹੇ ਸਿਰਫ ਅੱਧ ਨੰਗੀਆਂ ਕੁੜੀਆਂ, ਹਥਿਆਰ, ਨਸ਼ੇ ਕੁੜੀਆਂ ਪਿੱਛੇ ਲੜਾਈ ਤੇ ਵੱਡੀਆਂ ਗੱਡੀਆਂ ਆਦਿ ਹੀ ਦਿਸਦੀਆਂ ਹਨ।
ਅਸੀਂ ਤਾਂ ਆਪਣੀਆਂ ਖੁਸ਼ੀਆਂ ਵਿਆਹ-ਸ਼ਾਦੀਆਂ ਆਦਿ ਤੇ ਵੀ ਗਲਤ ਗਾਇਕੀ ਨੂੰ ਅਪਣਾ ਲਿਆ ਹੈ। ਇਸ ਸਮੇਂ ਲੱਚਰ ਡਾਂਸ, ਦਾਰੂ ਦੇ ਦੌਰ, ਗਲਤ ਖਾਣ ਪੀਣ ਆਦਿ ਤੋਂ ਲੈ ਕੇ ਹਥਿਆਰਾਂ ਵਾਲੇ ਗੀਤ ਚਲਾ ਕੇ ਗੋਲੀਆਂ ਚਲਾ ਖੁਸ਼ੀਆਂ ’ਚ ਵੀ ਸੱਥਰ ਵਿਛਾ ਰਹੇ ਹਾਂ। ਇਨ੍ਹਾਂ ਗੀਤਾਂ ਤੇ ਹੀ ਮੁੰਡੇ-ਕੁੜੀਆਂ ਆਪਣੇ ਪਿੰਡਾਂ ’ਚ ਹੀ ਲਵ ਮੈਰਿਜ ਕਰਵਾ ਰਹੇ ਹਨ ਤੇ ਇਸ ਪਾਸੇ ਵੀ ਅਣਖ ਖਾਤਰ ਕਤਲ ਹੋ ਰਹੇ ਹਨ। ਗੀਤਾਂ ਰਾਹੀ ਨਸ਼ਿਆਂ ਦਾ ਪ੍ਰਚਾਰ ਹੋ ਰਿਹਾ ਹੈ। ਇਹ ਸਭ ਕੁਝ ਰੁਕਣ ਦੀ ਬਜਾਏ ਵੱਧ ਰਿਹਾ ਹੈ। ਪੁਰਾਣੀਆਂ ਤੇ ਨਵੀਆਂ ਸਰਕਾਰਾਂ ਨੇ ਇਸ ਪਾਸੇ ਕੱਖ ਨਹੀਂ ਦੇਖਿਆ ਬਸ ਕੁਰਸੀ ਸਲਾਮਤ ਰੱਖੀ ਜੋ ਮਰਜੀ ਹੋਈ ਜਾਵੇ।
ਲੇਖ ਨਾਲ ਦਿੱਤੀ ਫੋਟੋ ਤੱਕ ਕੇ ਵੇਖੋ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਇਹ ਦ੍ਰਿਸ਼ ਇਕੋ ਪ੍ਰਾਇਮਰੀ ਸਕੂਲ ਦਾ ਹੈ। ਬੱਚੇ ਘਰੋਂ ਖਿਡੌਣਾ ਪਿਸਤੌਲ ਲੈ ਕੇ ਆਉਂਦੇ ਹਨ ਤੇ ਸਵੇਰ ਦੀ ਸਕੂਲੀ ਸਭਾ ਵਿੱਚ ਵੀ ਡੱਬ ’ਚ ਟੰਗਕੇ ਰੱਖਦੇ ਹਨ। ਜਮਾਤ ਵਿਚ ਹਥਿਆਰਾਂ ਵਾਲੇ ਗੀਤ ਗਾ ਕੇ ਇਕ ਦੂਜੇ ਤੇ ਗੀਤਾਂ ਵਾਂਗ ਪਿਸਤੌਲ ਤਾਣ ਕੇ ਖੇਡਦੇ ਹਨ। ਇਹ ਗਲ ਬਾਲ ਮਨਾਂ ਦੀ ਹੈ ਅੱਗੋ ਵੱਡੇ ਹੋ ਕੇ ਕੀ ਬਣੇਗਾ। ਇਹ ਸਭ ਅੱਜ ਦੇ ਗੀਤਾਂ ਦੀ ਮੇਹਰਬਾਨੀ ਹੈ। ਜਦ ਹੁਣ ਹੀ ਇਹ ਖਿਡੌਣੇ ਪਿਸਤੌਲਾਂ ਨਾਲ ਖੇਡ ਰਹੇ ਹਨ ਫਿਰ ਵੱਡੇ ਹੋ ਕੇ ਕਿਉਂ ਨਹੀਂ….।
ਸੋ ਆਓ ਸਾਰੇ ਰਲ ਕੇ ਗਲਤ ਤੇ ਲੱਚਰ ਗਾਇਕੀ ਜੋ ਪੰਜਾਬ ਨੂੰ ਕ¦ਕਿਤ ਕਰ ਰਹੀ ਹੈ ਵਿਰੁੱਧ ਉ¤ਠੀਏ ਤੇ ਨਵੀਆਂ ਨਸਲਾਂ ਲਈ ਚੰਗਾ ਕੰਮ ਕਰੀਏ ਤਾਂ ਕਿ ਪੰਜਾਬ ਪੰਜਾਬ ਹੀ ਰਹਿ ਸਕੇ ਨਾ ਕਿ …।
ਬਲਬੀਰ ਸਿੰਘ ਬੱਬੀ
ਪੰਜਾਬੀ ਸਾਹਿਤ ਸਭਾ ਸਮਰਾਲਾ, (ਲੁਧਿ:)
ਸੰਪਰਕ :- 70091-07300

WRITTEN BY